
ਦੇਸ਼ ਦਾ ਅੰਨ ਦਾਤਾ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਕਿਸਾਨ, ਮਜਦੂਰ ਕਿਸੇ ਸਮੇਂ ਦੇਸ਼ ਨੂੰ ਭੁੱਖਮਰੀ ਜਹੀ ਮੁਸੀਬਤ ਚੋ ਕੱਢਣ ਵਾਲਾ, ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਕਾਰਨ ਖੁਦ ਮੁਸੀਬਤ ਚ ਹੈ। ਸਾਨੂੰ ਸਭ ਨੂੰ ਇਹ ਸਮਜ਼ ਲੈਣਾ ਚਾਹੀਦਾ ਹੈ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਹ ਕਿਸਾਨ, ਮਜ਼ਦੂਰ ਹੀ ਤਾਂ ਨੇ ਜੋ ਦੇਸ਼ ਦੀ ਦਸ਼ਾ ਤੇ ਦਿਸ਼ਾ ਬਦਲ ਸਕਦੇ ਹਨ, ਪ੍ਰੰਤੂ ਸਰਕਾਰ ਨੇ ਤਾ ਇਨ੍ਹਾਂ ਹਰੀ ਕ੍ਰਾਂਤੀ (Green Revolution) ਲਿਆਉਣ ਵਾਲਿਆਂ ਨੂੰ ਸੜਕਾ ਤੇ ਲਿਆ ਬਿਠਾਇਆ। ਦੇਸ਼ ਦੇ ਆਗੂ ਇਹ ਕਿਉ ਭੁੱਲੀ ਬੈਠੇ ਹਨ ਕਿ ਇਹ ਓਹੀ ਹਨ ਜਿਨ੍ਹਾਂ ਦੇਸ਼ ਵਿਚਲਾ ਅਨਾਜ ਦਾ ਸੰਕਟ ਦੂਰ ਕੀਤਾ, ਇਹ ਗੱਲ 1960-65 ਦੀ ਹੈ ਜਦੋਂ ਭਾਰਤ ਬਾਹਰਲੇ ਮੁਲਕਾ ਤੋਂ ਅਨਾਜ ਮੰਗਵਾਉਂਦਾ ਸੀ ਜਿਨ੍ਹਾਂ ਵਿਚ ਖਾਸ ਕਰ ਅਮਰੀਕਾ ਹੁੰਦਾ ਸੀ। ਦੇਸ਼ ਅੰਦਰ ਅਨਾਜ ਦੀ ਕਮੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਖੇਤੀ ਮਾਹਿਰਾਂ ਨੇ ਦੇਸ਼ ਵਿਚ ਅਨਾਜ ਦੀ ਪੈਦਾਵਾਰ ਵਧਾਉਣ ਲਈ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਸੂਬੇ ਚੁਣੇ ਕਿਉ ਕਿ ਇਹ ਉਹ ਸੂਬੇ ਸਨ ਜਿੱਥੇ ਕਿਸਾਨ ਖੇਤੀ ਸਬੰਧੀ ਬਹੁਤ ਉਤਸ਼ਾਹੀ ਸਨ ਅਤੇ ਜਿੱਥੇ ਖੇਤੀ ਦੂਜੇ ਸੂਬਿਆਂ ਤੋਂ ਵੱਧ ਵਿਕਸਿਤ ਸੀ ਤੇ ਸਿੰਜਾਈ ਦੀਆਂ ਸਹੂਲਤਾਂ ਕਾਫੀ ਹੱਦ ਤੱਕ ਬਿਹਤਰ ਸਨ। ਕਿਸਾਨ, ਮਜਦੂਰਾਂ ਦੀ ਮਿਹਨਤ ਰੰਗ ਲਿਆਈ, ਕਣਕ ਤੇ ਝੋਨੇ ਦੀ ਪੈਦਾਵਾਰ ਕਰ ਦੇਸ਼ ਵਿਚ ਅਨਾਜ ਦੀ ਕਮੀ ਨੂੰ ਦੂਰ ਕੀਤਾ। ਦੇਸ਼ ਚ ਭੁੱਖਮਰੀ ਘਟੀ ਤੇ ਦੇਸ਼ ਦੀ ਜਨਤਾ ਨੂੰ ਅਨਾਜ ਮਿਲਣ ਲੱਗਾ। ਇਸ ਨੂੰ ਹੀ ਹਰੀ ਕ੍ਰਾਂਤੀ (Green Revolution) ਕਿਹਾ ਗਿਆ ਇਹ ਕਿਸਾਨ, ਮਜ਼ਦੂਰ ਹੀ ਤਾਂ ਸੀ ਜਿਸ ਦੀ ਮਿਹਨਤ ਸਦਕਾ ਦੇਸ਼, ਦੁਨੀਆਂ ਚ ਮੁਲਕ ਦਾ ਮਾਣ-ਸਨਮਾਨ ਵਧਿਆ।