
ਦੇਸ਼ ਦੀ ਕੇਂਦਰੀ ਸਰਕਾਰ ਵਲੋਂ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਮਿਲੇ ਅਧਿਕਾਰਾਂ ਦੀਆਂ ਹੱਦਾਂ ਉਲ਼ੰਘ ਕੇ ਖੇਤੀ ਸਬੰਧੀ ਬਣਾਏ ਕਿਸਾਨ ਮਾਰੂ ਕੁੱਝ ਕਾਲੇ ਕਾਨੂੰਨਾਂ ਦੇ ਵਿਰੋਧ ਵਜੋਂ ਪੰਜਾਬ ਵਿੱਚੋਂ ਉੱਠੇ ਕਿਸਾਨ ਅੰਦੋਲਨ ਨੂੰ ਇਸਦੇ ਗੁਆਂਢੀ ਰਾਜਾਂ ਤੋਂ ਇੱਕ ਦਮ ਹਮਾਇਤ ਮਿਲੀ ਅਤੇ ਛੇਤੀ ਹੀ ਸਾਰੇ ਰਾਜਾਂ ਸਮੇਤ ਬਹੁ-ਗਿਣਤੀ ਵਰਗ ਇਸ ਦੇ ਸਮਰਥਨ ਵਿੱਚ ਆ ਡਟੇ । ਸਮੁੱਚੇ ਦੇਸ਼ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਾਦ ਇਸ ਦੀ ਗੱਲ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ । ਇੱਕ ਸਮਾਂ ਅਜਿਹਾ ਵੀ ਆਇਆ ਕਿ ਇਸ ਅੰਦੋਲਨ ਉੱਪਰ ਪੂਰੇ ਵਿਸ਼ਵ ਦੀਆਂ ਨਿਗਾਹਾਂ ਟਿਕ ਗਈਆਂ ਸਨ । ਅਨੇਕ ਦੇਸ਼ਾਂ ਦੀਆਂ ਸ਼ਾਸਕੀ ਸੰਸਥਾਵਾਂ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦਾ ਜਿਕਰ ਹੋਇਆ ਅਤੇ ਹਰ ਥਾਂ ਇਸਦੇ ਹੱਕੀ ਸੰਘਰਸ਼ ਹੋਣ ਉਪਰ ਮੋਹਰ ਲਗਾਈ ਗਈ । ਦੁਨੀਆਂ ਪੱਧਰ ਤੇ ਇਸ ਅੰਦੋਲਨ ਦੇ ਸੰਚਾਲਨ ਦੀ ਵਿਧੀ ਅਤੇ ਤਾਕਤ ਨੂੰ ਸਲਾਹਿਆ ਗਿਆ । ਵਿਸ਼ਵ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਬਹੁਤ ਸਾਰੀਆਂ ਹਸਤੀਆਂ ਨੇ ਇਸ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ । ਇਸ ਅੰਦੋਲਨ ਦੀਆਂ ਮੰਗਾਂ ਦੇ ਜਾਇਜ ਹੋਣ ਕਾਰਨ ਇਹ ਹਮਾਇਤ ਆਪ ਮੁਹਾਰੇ ਹੋ ਰਹੀ ਸੀ । ਮਾਨਵਤਾ ਦੀ ਭਲਾਈ ਪ੍ਰਤੀ ਚਿੰਤਤ ਅਤੇ ਸਰਗਰਮ ਸਖਸ਼ੀਅਤਾਂ ਨੇ ਆਪਣਾ ਫ਼ਰਜ ਸਮਝਦੇ ਹੋਏ ਇਸ ਅੰਦੋਲਨ ਦੇ ਪੱਖ ਵਿੱਚ ਆਵਾਜ ਉਠਾਈ । ਇਸ ਮੋੜ ਤੇ ਆਪ ਮੁਹਾਰੇ ਮਿਲ ਰਹੀ ਇਸ ਹਮਾਇਤ ਨੂੰ ਸਤਿਕਾਰਨ, ਸਾਂਭਣ ਅਤੇ ਹੋਰ ਅੱਗੇ ਵਧਾਉਣ ਲਈ ਯਤਨਾਂ ਦੀ ਲੋੜ ਸੀ । ਕਿਸੇ ਵੀ ਰਹਿਮਤ ਅਤੇ ਬਖਸ਼ਿਸ਼ ਨੂੰ ਬਰਕਰਾਰ ਰੱਖਣ ਲਈ ਅਤੇ ਆਪਣੀ ਪਾਤਰਤਾ ਬਣਾਈ ਰੱਖਣ ਲਈ ਮਿਹਨਤ ਤੇ ਯਤਨਾਂ ਰੂਪ ਵਿੱਚ ਤਪੱਸਿਆ ਦੀ ਲੋੜ ਹੁੰਦੀ ਹੈ ਬਿਲਕੁਲ ਓਸੇ ਤਰ੍ਹਾਂ ਇਸ ਹਮਾਇਤ ਨੂੰ ਕਾਇਮ ਰੱਖਣ ਅਤੇ ਬਟੋਰਨ ਲਈ, ਇਸ ਨੂੰ ਸੰਭਾਲਣ ਤੇ ਅੱਗੇ ਵਧਾਉਣ ਲਈ ਹਮਾਇਤੀ ਹਸਤੀਆਂ ਨਾਲ ਰਾਬਤਾ ਅਤੇ ਨੇੜਤਾ ਬਣਾਉਣ ਦੀ ਬਹੁਤ ਜਰੂਰਤ ਸੀ । ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਆਪਣੇ ਆਪ ਨੂੰ ਤਜਰਬੇਕਾਰ, ਸੁਪਰੀਮ ਅਤੇ ਸਮਰੱਥ ਮੰਨਦੀ ਕਿਸਾਨ ਅਗਵਾਈ ਇਸ ਥਾਪੜੇ ਦਾ ਪੂਰਾ ਮੁੱਲ ਨਹੀਂ ਬਟੋਰ ਸਕੀ । ਇਸ ਸੁਨਹਿਰੇ ਅਵਸਰ ਦਾ ਲਾਹਾ ਲ਼ੈਂਦਿਆਂ, ਸੰਪਰਕ ਬਣਾ ਕੇ ਅਤੇ ਇਸ ਹਮਾਇਤ ਨੂੰ ਉਭਾਰ ਕੇ ਅੰਦੋਲਨ ਦੀ ਤਾਕਤ ਨੂੰ ਵਧਾਇਆ ਜਾਣਾ ਚਾਹੀਦਾ ਸੀ ਪਰ ਇਸ ਸਬੰਧੀ ਯਤਨਾਂ ਦੀ ਘਾਟ ਰਹੀ । ਮੌਕੇ ਦੀ ਕਿਸਾਨ ਅਗਵਾਈ ਦੀ ਅਣਗਹਿਲੀ ਤੇ ਨਾਕਾਮੀ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੂੰ ਆਪਣੀਆਂ ਭਾੜੇ ਦੀਆਂ ਹਸਤੀਆਂ ਰਾਹੀਂ ਇਸ ਹਮਾਇਤ ਨੂੰ ਟੱਕਰ ਦੇਣ ਦਾ ਮੌਕਾ ਮਿਲ ਗਿਆ । ਇਸੇ ਢਿੱਲ ਕਾਰਨ ਹੀ ਸਰਕਾਰ ਨੂੰ ਮੁੱਖ ਵਿਦੇਸ਼ੀ ਹਮਾਇਤੀ ਹਸਤੀਆਂ ਨੂੰ ਕਾਨੂੰਨੀ ਕਾਰਵਾਈਆਂ ਨਾਲ ਡਰਾ ਲੈਣ ਦਾ ਹੌਸਲਾ ਮਿਲਿਆ ਜਿਸ ਦੇ ਨਤੀਜੇ ਵਜੋਂ ਇਸ ਸਿਲਸਿਲੇ ਦੇ ਅੱਗੇ ਵਧਣ ਵਿੱਚ ਅੜਿੱਕਾ ਪੈ ਗਿਆ । ਇਸੇ ਤਰ੍ਹਾਂ ਕਈ ਮੁਲਕਾਂ ਦੀਆਂ ਪਾਰਲੀਮੈਂਟਾਂ ਵਿਚ ਭਾਰਤ ਦੇ ਕਿਸਾਨ ਅੰਦੋਲਨ ਦੀ ਸਾਰਥਕਤਾ ਬਾਰੇ ਹੋਈ ਚਰਚਾ ਨੂੰ ਸ੍ਵੈ-ਸਿਫ਼ਤੀ ਦੇ ਵਕਤੀ ਦਮਗਜ਼ੇ ਵਜੋਂ ਵਰਤਣ ਦੀ ਥਾਂ ਜੇਕਰ ਇਸ ਚਰਚਾ ਲਈ ਧੰਨਵਾਦੀ ਸੁਨੇਹਿਆਂ ਰਾਹੀਂ ਲਗਾਤਾਰਤਾ ਬਣਾਈ ਜਾਂਦੀ ਤਾਂ ਅੰਦੋਲਨ ਦਾ ਦਬਦਬਾ ਅਤੇ ਪ੍ਰਭਾਵ ਹੋਰ ਵਧ ਸਕਦਾ ਸੀ । ਵਾਤਾਵਰਨ ਕਾਰਜ-ਕਰਤਾ ਦੇ ਤੌਰਤੇ ਵਿਸ਼ਵ ਪੱਧਰ ਤੇ ਚਰਚਿਤ ਲੜਕੀ ਗਰੈਟਾ ਥਨਬਰਗ, ਰੁਤਬਾ ਹਾਸਿਲ ਕਰ ਚੁੱਕੀ ਗਾਇਕਾ ਰਿਆਨਾ ਅਤੇ ਹੋਰ ਅੰਤਰ-ਰਾਸ਼ਟਰੀ ਪ੍ਰਸਿੱਧੀ ਰੱਖਦੀਆਂ ਮਸ਼ਹੂਰ ਹਸਤੀਆਂ ਦੇ ਇਸ ਅੰਦੋਲਨ ਦੇ ਪੱਖ ਵਿੱਚ ਟਵੀਟ ਕਰਨ ਤੋਂ ਉਪਜੇ ਉਛਾਲ਼ ਸਦਕਾ ਭਾਰਤ ਦਾ ਕਿਸਾਨ ਅੰਦੋਲਨ ਨੂੰ ਅਣ-ਕਿਆਸਿਆ ਬਲ ਮਿਲਿਆ । ਇਹਨਾਂ ਟਵੀਟਾਂ ਸਦਕਾ ਦੇਸ਼ ਦਾ ਕਿਸਾਨ ਅੰਦੋਲਨ ਪਲਾਂ ਵਿੱਚ ਹੀ ਸੋਸ਼ਲ ਮੀਡੀਆ ਦੀ ਵਰਲਡ ਟ੍ਰੈਂਡਿੰਗ ਵਿੱਚ ਛਾ ਗਿਆ । ਇਹ ਇਸ ਅੰਦੋਲਨ ਦੇ ਦੁਨਿਆਵੀ ਪੱਧਰ ਦੀ ਸਿਖਰ ਸੀ ਜਿਸਨੇ ਸਰਕਾਰ ਨੂੰ ਚੁਣੌਤੀ ਦਿੱਤੀ ਅਤੇ ਸਰਕਾਰ ਦੀ ਨੀਂਦ ਹਰਾਮ ਕੀਤੀ । ਇਸ ਵਰਤਾਰੇ ਦੌਰਾਨ ਕਿਸਾਨ ਅਗਵਾਈ ਮੰਦਭਾਗੀ ਆਪਸੀ ਖਿੱਚੋਤਾਣ ਵਿੱਚ ਉਲ਼ਝੀ ਰਹੀ ਅਤੇ ਇਸ ਵਰਤਾਰੇ ਦਾ ਲਾਭ ਲੈਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ । ਇਸ ਮੁਕਾਮ ਤੇ ਵਿਦੇਸ਼ਾਂ ਤੋਂ ਮਿਲ ਰਹੀ ਹਮਾਇਤ ਨਾਲ ਰਾਬਤਾ ਬਣਾ ਕੇ ਰੱਖਣਾ ਬਹੁਤ ਜਰੂਰੀ ਸੀ ਤਾਂ ਕਿ ਲਗਾਤਾਰਤਾ ਬਣੀ ਰਹਿ ਸਕਦੀ । ਕਿਸਾਨ ਅੰਦੋਲਨ ਦੀ ਤੀਬਰਤਾ ਨੂੰ ਕਾਇਮ ਰੱਖਣ ਕਈ ਕਿਸਾਨ ਆਗੂਆਂ ਨੂੰ ਵਿਦੇਸ਼ਾਂ ਤੋਂ ਹਮਾਇਤ ਹਾਸਿਲ ਕਰਨ ਅਤੇ ਸੋਸ਼ਲ ਮੀਡੀਆ ਤੇ ਸਰਗਰਮੀ ਬਣਾਈ ਰੱਖਣ ਲਈ ਨਵੇਂ ਸਿਰੇ ਤੋਂ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਸਰਕਾਰ ਉੱਪਰ ਬਾਹਰੀ ਦਬਾਓ ਬਣਿਆ ਰਹੇ ।