ਸਚਿਨ ਤੇਂਦੁਲਕਰ ਵਿਸ਼ਵ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਵਿਚ ਇਕਲੌਤਾ ਰਿਟਾਇਰਡ ਭਾਰਤੀ ਖਿਡਾਰੀ ਹੈ। ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਨੇ 24 ਸਾਲ ਤੱਕ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਾਲ ਸਿਰਫ਼ 22 ਗਜ਼ ਦੇ ਛੋਟੇ ਜਿਹੇ ਘਰ ਦੇ ਵਿੱਚ ਬਿਤਾਏ, ਪਰ ਅੱਜ ਉਸ ਕੋਲ 6000 ਵਰਗ ਫੁੱਟ ਦੇ ਇੱਕ ਬੰਗਲੇ ਸਮੇਤ ਦੇਸ਼ ਵਿਦੇਸ਼ ਦੇ ਵਿੱਚ ਕਈ ਘਰ ਹਨ। ਸਚਿਨ ਤੇਂਦੁਲਕਰ ਦੀ ਪਹਿਲੀ ਕਾਰ ਮਾਰੂਤੀ 800 ਸੀ ਪਰ ਅੱਜ ਉਸ ਕੋਲ 13 ਕਰੋੜ ਦੀਆਂ 7 ਕਾਰਾਂ ਹਨ। 2001 ਵਿੱਚ, ਉਹ ਇੱਕ ਬ੍ਰਾਂਡ ਨਾਲ 100 ਕਰੋੜ ਰੁਪਏ ਦਾ ਬਿਜ਼ਨਸ ਕਰਨ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣਿਆ ਸੀ।
ਸਚਿਨ ਕੋਲ 100 ਕਰੋੜ ਦਾ ਬੰਗਲਾ
ਸਚਿਨ ਤੇਂਦੁਲਕਰ ਦਾ ਮੁੰਬਈ ਦੇ ਬਾਂਦਰਾ ‘ਚ ਆਲੀਸ਼ਾਨ ਬੰਗਲਾ ਹੈ। ੜੋਗੁੲ ਦੀ ਰਿਪੋਰਟ ਦੀ ਮੰਨੀਏ ਤਾਂ ਅੱਜ ਦੇ ਹਿਸਾਬ ਨਾਲ ਇਸ ਦੀ ਕੀਮਤ ਕਰੀਬ 100 ਕਰੋੜ ਹੈ। ਸਚਿਨ ਨੇ ਇਹ ਬੰਗਲਾ 2007 ‘ਚ 39 ਕਰੋੜ ਰੁਪਏ ‘ਚ ਖਰੀਦਿਆ ਸੀ। ਇਹ ਬੰਗਲਾ 1920 ਵਿੱਚ ਬਣਾਇਆ ਗਿਆ ਸੀ, ਜਿਸਦਾ ਮਾਲਕ ਇੱਕ ਪਾਰਸੀ ਪਰਿਵਾਰ ਸੀ। ਸਚਿਨ ਨੇ ਬੰਗਲਾ ਖਰੀਦ ਕੇ ਦੁਬਾਰਾ ਬਣਵਾਇਆ, ਜਿਸ ਨੂੰ ਪੂਰਾ ਹੋਣ ‘ਚ 4 ਸਾਲ ਲੱਗੇ। 6 ਹਜ਼ਾਰ ਵਰਗ ਫੁੱਟ ‘ਚ ਫੈਲਿਆ ਇਹ ਬੰਗਲਾ ਤਿੰਨ ਮੰਜ਼ਿਲਾ ਹੈ। ਜਿਸ ਵਿੱਚ ਹੇਠਲੇ ਬੇਸਮੈਂਟ ਵਿੱਚ 40 ਤੋਂ 50 ਕਾਰਾਂ ਪਾਰਕ ਕਰਨ ਦੀ ਥਾਂ ਹੈ। ਬੰਗਲੇ ਦੀ ਪਹਿਲੀ ਮੰਜ਼ਿਲ ਨੂੰ ਉਨ੍ਹਾਂ ਦੀ ਪਤਨੀ ਅੰਜਲੀ ਅਤੇ ਬੱਚਿਆਂ ਅਰਜੁਨ-ਸਾਰਾ ਨੇ ਮਿਲ ਕੇ ਡਿਜ਼ਾਈਨ ਕੀਤਾ ਹੈ। ਸਚਿਨ ਦੇ ਇਸ ਬੰਗਲੇ ਦੀ ਸਭ ਤੋਂ ਖੂਬਸੂਰਤ ਜਗ੍ਹਾ ਇਸ ਦੀ ਛੱਤ ਹੈ, ਜਿਸ ‘ਚ ਸਵੀਮਿੰਗ ਪੂਲ ਦੇ ਨਾਲ-ਨਾਲ ਜਿਮ ਵੀ ਹੈ। ਇਸ ਬੰਗਲੇ ਨਾਲ ਜੁੜੀ ਸਭ ਤੋਂ ਖਾਸ ਅਤੇ ਦਿਲਚਸਪ ਗੱਲ ਇਹ ਹੈ ਕਿ ਸਚਿਨ ਨੇ ਇਸ ਬੰਗਲੇ ਲਈ 100 ਕਰੋੜ ਰੁਪਏ ਦਾ ਬੀਮਾ ਕਰਵਾਇਆ ਹੈ। ਇਸ ਤੋਂ ਇਲਾਵਾ ਸਚਿਨ ਦਾ ਬਾਂਦਰਾ ਦੇ ਕੁਰਲਾ ਕੰਪਲੈਕਸ ‘ਚ ਇਕ ਫਲੈਟ ਵੀ ਹੈ, ਜਿਸ ਦੀ ਕੀਮਤ ਕਰੀਬ 6 ਤੋਂ 8 ਕਰੋੜ ਰੁਪਏ ਹੈ। ਕੇਰਲ ਵਿੱਚ ਉਸ ਦਾ ਇੱਕ ਵਾਟਰ ਫੇਸਿੰਗ ਹਾਊਸ ਵੀ ਹੈ। ਇਸ ਦੀ ਕੀਮਤ ਕਰੀਬ 78 ਕਰੋੜ ਰੁਪਏ ਹੈ।
ਸਚਿਨ ਦੇ ਲੰਡਨ ਦੇ ਫਲੈਟ ਤੋਂ ਦਿਸਦਾ ਲਾਰਡਸ ਸਟੇਡੀਅਮ
ਸਚਿਨ ਤੇਂਦੁਲਕਰ ਦੇ ਬਾਂਦਰਾ ਦੇ ਬੰਗਲੇ ਦੀ ਕੀਮਤ 100 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸਚਿਨ ਦਾ ਲੰਡਨ ਦੇ ਲਾਰਡਸ ਕ੍ਰਿਕਟ ਸਟੇਡੀਅਮ ਦੇ ਕੋਲ ਸੇਂਟ ਜੌਨਸ ਵੁੱਡ ਵਿੱਚ ਵੀ ਇੱਕ ਘਰ ਹੈ। ਸਚਿਨ ਅਕਸਰ ਇੱਥੇ ਛੁੱਟੀਆਂ ਮਨਾਉਣ ਜਾਂਦੇ ਹਨ। ਸਚਿਨ ਨੇ ਇਹ ਫਲੈਟ ਕਰੀਬ 47 ਕਰੋੜ ਰੁਪਏ ‘ਚ ਖਰੀਦਿਆ ਸੀ। ਸੇਂਟ ਜੌਨਜ਼ ਵੁੱਡ ਲੰਡਨ ਦੇ ਸਭ ਤੋਂ ਮਹਿੰਗੇ ਖੇਤਰਾਂ ਵਿੱਚੋਂ ਇੱਕ ਹੈ। ਸਚਿਨ ਤੋਂ ਇਲਾਵਾ ਮਸ਼ਹੂਰ ਇੰਗਲਿਸ਼ ਫੁੱਟਬਾਲਰ ਗੈਰੀ ਲਿਨੇਕਰ, ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਵਰਗੇ ਲੋਕ ਵੀ ਇੱਥੇ ਰਹਿੰਦੇ ਹਨ। ਲੰਡਨ ਦੇ ਇਸ ਫਲੈਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲਾਰਡਜ਼ ਸਟੇਡੀਅਮ, ਜਿਸ ਨੂੰ ਕ੍ਰਿਕਟ ਦਾ ਮੱਕਾ ਕਿਹਾ ਜਾਂਦਾ ਹੈ, ਇਸ ਦੀ ਬਾਲਕੋਨੀ ਤੋਂ ਸਾਫ ਦਿਖਾਈ ਦਿੰਦਾ ਹੈ।
ਸਚਿਨ ਮਹਿੰਗੀਆਂ ਘੜੀਆਂ ਦੇ ਸ਼ੌਕੀਨ
ਸਚਿਨ ਤੇਂਦੁਲਕਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ੳਸਨੂੰ ਗਿਣਤੀ ਪਸੰਦ ਨਹੀਂ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਦਾ ਸ਼ੌਕੀਨ ਹੈ ਜਿਸ ਵਿੱਚ ਕਾਰਾਂ, ਕੱਪੜੇ, ਜੁੱਤੇ, ਪਰਫਿਊਮ ਅਤੇ ਘੜੀਆਂ ਵੀ ਸ਼ਾਮਲ ਹਨ। ਪਰ ਉਹ ਕਦੇ ਨੰਬਰਾਂ ‘ਤੇ ਨਹੀਂ ਜਾਂਦਾ। ਸਚਿਨ ਦੀ ਪਹਿਲੀ ਘੜੀ ਕੈਸੀਓ ਕੰਪਨੀ ਦੀ ਸੀ। ਇਸ ਵੇਲੇ ਉਸ ਕੋਲ ਲਗਜ਼ਰੀ ਘੜੀਆਂ ਵਿੱਚ ਫ੍ਰੈਂਕ ਮੂਲਰ, ਪਨੇਰਾਈ, ਗਿਰਾਰਡ-ਪੇਰੇਗੌਕਸ ਰੋਲੇਕਸ ਅਤੇ ਔਡੇਮਾਰਸ ਪਿਗੁਏਟ ਸ਼ਾਮਿਲ ਹਨ। ਇਨ੍ਹਾਂ ‘ਚੋਂ ਸਚਿਨ ਦਾ ਪਸੰਦੀਦਾ ਬ੍ਰਾਂਡ ਏ ਪੀ ਯਾਨੀ ਔਡੇਮਾਰਸ ਪਿਗੁਏਟ ਹੈ। ਸਚਿਨ ਕੋਲ 2 ਕਰੋੜ ਰੁਪਏ ਮੁੱਲ ਦੀ ਏ ਪੀ ਦੀ ਔਡੇਮਾਰਸ ਪਿਗੁਏਟ ਕਾਰਬੇਨ ਕਾਨਸੈਪਟ ਟਰਬਿਲੋਨ ਘੜੀ ਵੀ ਹੈ।
ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਜਦੋਂ ਸਚਿਨ ਭਾਰਤ ਲਈ ਖੇਡਦਾ ਸੀ, ਉਹ ਹਮੇਸ਼ਾ ਆਪਣੀ ਘੜੀ ਨੂੰ 7-8 ਮਿੰਟ ਅੱਗੇ ਰੱਖਦਾ ਸੀ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਸਚਿਨ ਹਮੇਸ਼ਾ ਕਿਸੇ ਵੀ ਥਾਂ ‘ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣਨਾ ਚਾਹੁੰਦਾ ਸੀ, ਚਾਹੇ ਉਹ ਨੈੱਟ ਅਭਿਆਸ, ਮੈਚ, ਕੋਈ ਵੀ ਈਵੈਂਟ, ਟੀਮ ਮੀਟਿੰਗ ਜਾਂ ਕੁੱਝ ਵੀ ਹੋਵੇ। ਉਸ ਦੀ ਇਹ ਆਦਤ ਅਜੇ ਵੀ ਕਾਇਮ ਹੈ, ਇਸ ਲਈ ਅੱਜ ਵੀ ਸਚਿਨ ਦੀਆਂ ਸਾਰੀਆਂ ਘੜੀਆਂ ਵਿੱਚ ਸਮਾਂ 7-8 ਮਿੰਟ ਅੱਗੇ ਹੁੰਦਾ ਹੈ।
ਸਚਿਨ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਬ੍ਰਾਂਡਾਂ ਦਾ ਪਸੰਦੀਦਾ
ਸਚਿਨ ਤੇਂਦੁਲਕਰ ਦੀ ਕੁੱਲ ਜਾਇਦਾਦ 1271 ਕਰੋੜ ਰੁਪਏ ਹੈ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਸ ਦੀ ਕਮਾਈ ਜਾਰੀ ਹੈ। ਉਹ ਹਰ ਸਾਲ ਵੱਖ-ਵੱਖ ਬ੍ਰਾਂਡਾਂ ਦੀ ਮਸ਼ਹੂਰੀ ਕਰਕੇ ਲਗਭਗ 18 ਕਰੋੜ ਤੋਂ ਜਿਆਦਾ ਰੁਪਏ ਕਮਾ ਲੈਂਦਾ ਹੈ। ਸਚਿਨ ਨੇ ਬੂਸਟ, ਪੈਪਸੀ, ਐਮਆਰਐਫ, ਐਡੀਡਾਸ, ਬ੍ਰਿਟੈਨਿਆ, ਟੋਸ਼ੀਬਾ, ਕੈਸਟ੍ਰੋਲ ਇੰਡੀਆ, ਕੋਕਾ-ਕੋਲਾ ਵਰਗੀਆਂ ਕਈ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਹਨ। ਸਚਿਨ ਪਹਿਲੇ ਭਾਰਤੀ ਕ੍ਰਿਕਟਰ ਵੀ ਹਨ ਜਿਨ੍ਹਾਂ ਨੇ ਟਾਇਰ ਕੰਪਨੀ ਐਮਆਰਐਫ ਨਾਲ 100 ਕਰੋੜ ਰੁਪਏ ਦਾ ਬ੍ਰਾਂਡ ਸੌਦਾ ਕੀਤਾ ਹੈ। 2014 ਵਿੱਚ ਸਚਿਨ ਤੇਂਦੁਲਕਰ ਨੇ ਆਪਣੀ ਸਵੈ-ਜੀਵਨੀ, “ਪਲੇਇੰਗ ਇਟ ਮਾਈ ਵੇ” ਲਾਂਚ ਕੀਤੀ ਜੋ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਬਣ ਗਈ।
ਸਚਿਨ ਕੋਲ ਲਗਜ਼ਰੀ ਕਾਰਾਂ ਦੀ ਕੁਲੈਕਸ਼ਨ
ਸਚਿਨ ਤੇਂਦੁਲਕਰ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਕੁੱਲ 13 ਕਰੋੜ ਰੁਪਏ ਦੀਆਂ 7 ਕਾਰਾਂ ਹਨ। ਇਸ ਤੋਂ ਇਲਾਵਾ ਉਸ ਕੋਲ ਅਜੇ ਵੀ ਆਪਣੀ ਪਹਿਲੀ ਕਾਰ ਮਾਰੂਤੀ 800 ਵੀ ਹੈ। ਸਚਿਨ ਨੇ ਇਹ ਕਾਰ 1989 ਵਿੱਚ ਖਰੀਦੀ ਸੀ। ਸਚਿਨ ਦੀ ਕਾਰ ਕਲੈਕਸ਼ਨ ‘ਚ ਸਭ ਤੋਂ ਖਾਸ ਬੀ ਐਮ ਡਬਲਯੂ ਆਈ-8 ਹੈ। ਇਹ ਹਾਈਬ੍ਰਿਡ ਸਪੋਰਟਸ ਕਾਰ ਹੈ। ਕਾਰ 1।5-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ ਜੋ ਵੱਧ ਤੋਂ ਵੱਧ 231 ਪੀ ਐਸ ਦੀ ਪਾਵਰ ਪੈਦਾ ਕਰਦੀ ਹੈ। ਵੈਸੇ, ਸਚਿਨ ਬੀ ਐਮ ਡਬਲਯੂ ਦੇ ਬ੍ਰਾਂਡ ਅੰਬੈਸਡਰ ਵੀ ਹਨ ਅਤੇ ਉਸਨੂੰ ਬੀ ਐਮ ਡਬਲਯੂ ਸੀਰੀਜ਼ ਦੀਆਂ ਲਗਭਗ ਸਾਰੀਆਂ ਕਾਰਾਂ ਬਹੁਤ ਪਸੰਦ ਹਨ। ਇਸ ਤੋਂ ਇਲਾਵਾ ਸਚਿਨ ਦੀ ਸਭ ਤੋਂ ਚਰਚਿਤ ਕਾਰ ਫਰਾਰੀ 360 ਮੋਡੇਨਾ ਹੈ। ਸਚਿਨ ਦੀ ਫੇਰਾਰੀ ਕਾਰ ਦੀ ਦੇਸ਼ ਦੇ ਹਰ ਕੋਨੇ ਵਿੱਚ ਚਰਚਾ ਹੁੰਦੀ ਸੀ। ਇੱਥੋਂ ਤੱਕ ਕਿ ਸਚਿਨ ਤੇਂਦੁਲਕਰ ਦੀ ਫਰਾਰੀ ਕਾਰ ‘ਤੇ ਇੱਕ ਫਿਲਮ ਵੀ ਬਣੀ ਹੈ। ਇਹ ਕਾਰ ਸਚਿਨ ਨੂੰ ਫਿਏਟ ਨੇ ਫਾਰਮੂਲਾ 1 ਦੇ ਮਹਾਨ ਰੇਸਰ ਮਾਈਕਲ ਸ਼ੂਮਾਕਰ ਵੱਲੋਂ ਤੋਹਫੇ ਵਜੋਂ ਦਿੱਤੀ ਗਈ ਸੀ।
ਸਚਿਨ ਤੇਂਦੁਲਕਰ ਜਿਥੇ ਇੱਕ ਸਫ਼ਲ ਕ੍ਰਿਕਟ ਖਿਡਾਰੀ ਰਿਹਾ ਹੈ ਉਥੇ ਹੀ ਉਹ ਇੱਕ ਸਫ਼ਲ ਕਾਰੋਬਾਰੀ ਵੀ ਹੈ। ਸਚਿਨ ਬਹੁਤ ਸਾਰੇ ਕਾਰੋਬਾਰਾਂ ਨੂੰ ਵੀ ਸੰਭਾਲ ਰਿਹਾ ਹੈ ਅਤੇ ਇਹ ਕਾਰੋਬਾਰ ਵੀ ਕਰੋੜਾਂ ਦੀ ਕਮਾਈ ਕਰਦੇ ਹਨ।
ਸਪੋਰਟਸ ਫ੍ਰੈਂਚਾਈਜ਼ੀ
ਸਚਿਨ ਨੇ ਭਾਵੇਂ ਦੇਸ਼ ਲਈ ਕ੍ਰਿਕਟ ਖੇਡਣਾ ਛੱਡ ਦਿੱਤਾ ਹੈ ਪਰ ਉਹ ਖੇਡ ਤੋਂ ਦੂਰ ਨਹੀਂ ਰਹਿ ਸਕਦਾ। 2014 ਵਿੱਚ ਇੰਡੀਅਨ ਸੁਪਰ ਲੀਗ (ਆਈਐਸਐਲ) ਫ੍ਰੈਂਚਾਈਜ਼ੀ ਕਬੱਡੀ ਵਿੱਚ ਕੇਰਲਾ ਬਲਾਸਟਰਜ਼ ਐਫਸੀ, ਬੈਡਮਿੰਟਨ ਪ੍ਰੀਮੀਅਰ ਲੀਗ ਟੀਮ ਬੈਂਗਲੁਰੂ ਬਲਾਸਟਰਜ਼ ਅਤੇ ਕਬੱਡੀ ਦੇ ਵਿੱਚ ਮਾਸਟਰ ਬਲਾਸਟਰਜ਼ ਦੇ ਸਹਿ-ਮਾਲਕ ਬਣੇ ਹਨ। ਸਤੰਬਰ 2018 ਵਿੱਚ ਤੇਂਦੁਲਕਰ ਨੇ 4 ਸਾਲ ਦੇ ਸਹਿਯੋਗ ਤੋਂ ਬਾਅਦ ਆਈਐਸਐਲ ਵਿੱਚ ਆਪਣੀ ਹਿੱਸੇਦਾਰੀ ਵੇਚ ਦਿੱਤੀ ਸੀ।
ਟਰੂ ਬਲੂ
ਕੱਪੜਿਆਂ ਦਾ ਬ੍ਰਾਂਡ ਟਰੂ ਬਲੂ ਤੇਂਦੁਲਕਰ ਅਤੇ ਅਰਵਿੰਦ ਫੈਸ਼ਨ ਬ੍ਰਾਂਡਸ ਲਿਮਟਿਡ ਵਿਚਕਾਰ ਇੱਕ ਜਾਇੰਟ ਵੈਂਚਰ ਹੈ ਜੋ ਮਈ 2016 ਵਿੱਚ ਲਾਂਚ ਕੀਤਾ ਗਿਆ ਸੀ। ਸਚਿਨ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਆਪਣੇ ਬੇਟੇ ਅਰਜੁਨ ਤੋਂ ਫੈਸ਼ਨ ਟਿਪਸ ਲੈਂਦੇ ਹਨ। 2019 ਵਿੱਚ ਸਚਿਨ ਨੇ ਇਸ ਬ੍ਰਾਂਡ ਨੂੰ ਅਮਰੀਕਾ ਅਤੇ ਯੂਕੇ ਦੇ ਬਾਜ਼ਾਰਾਂ ਵਿੱਚ ਵੀ ਲਾਂਚ ਕੀਤਾ ਸੀ। ਹਾਲਾਂਕਿ, ਇਹ ਬ੍ਰਾਂਡ ਫਿਲਹਾਲ ਸਿਰਫ ਪੁਰਸ਼ਾਂ ਦੇ ਕੱਪੜਿਆਂ ਲਈ ਹੈ। ਸਚਿਨ ਜਲਦੀ ਹੀ ਇਸ ਬ੍ਰਾਂਡ ਨੂੰ ਔਰਤਾਂ ਦੇ ਕੱਪੜਿਆਂ ਦੇ ਬਾਜ਼ਾਰ ‘ਚ ਲੈ ਕੇ ਜਾਣਗੇ ਅਤੇ ਅਗਲੇ 5 ਸਾਲਾਂ ‘ਚ ਇਸ ਦੀ ਆਮਦਨ 200 ਤੋਂ 300 ਕਰੋੜ ਤੱਕ ਲੈ ਜਾਣ ਦੀ ਯੋਜਨਾ ਹੈ।