Articles

ਦਾਜ ਵਿਰੋਧੀ ਮਹਿਲਾ ਕਾਨੂੰਨ- ਵਰਦਾਨ ਜਾਂ ਸਰਾਪ !

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਸਾਡੇ ਸਮਾਜ ਚ ਦਾਜ ਦਾ ਕੋਹੜ ਰੂਪੀ ਕੀੜਾ, ਹਰੇਕ ਧਰਮ, ਜਾਤੀ ਤੇ ਖੇਤਰ ਦੇ ਧੁਰ ਅੰਦਰ ਤੱਕ ਸਦੀਆਂ ਤੋਂ ਪਨਪ ਰਿਹਾ ਏ। ਅੱਜ ਵੀ ਜਿਆਦਾਤਰ ਵਿਆਹ ਰੂਪੀ ਲੁਕਵਿਆਂ ਸੌਦਿਆਂ ਦੇ ਖੁੱਲੇ ਭੇਦ, ਜਗਜਾਹਰ ਹੀ ਹੁੰਦੇ ਨੇਂ। ਮੁੰਡੇ ਵਾਲਿਆਂ ਦੀਆਂ ਇੱਛਾਵਾਂ ਤੇ ਲੋਭ ਤੇ ਨਾਲ ਹੀ ਕੁੜੀ ਵਾਲਿਆਂ ਵਿੱਚ ਵੀ ਦਿਖਾਵੇ ਦੀ ਵੱਧਦੀ ਪ੍ਰਵਿਰਤੀ ਨੇਂ, ਬੀਮਾਰੀ ਨੂੰ ਮਹਾਂਮਾਰੀ ਬਣਾਉਣ ਚ ਪੂਰਾ ਯੋਗਦਾਨ ਪਾਇਆ ਏ । ਸਾਡੇ ਦੇਸ਼ ਚ, ਵਾਧੂ ਜਮੀਨ ਜਾਂ ਕਾਰੋਬਾਰ, ਪਿਓ ਦੇ ਪੈਸੇ ਤੇ ਪ੍ਰਾਪਰਟੀ, ਸਰਕਾਰੀ ਨੌਕਰੀ ਜਾਂ ਰੁਤਬਾ ਹੀ, ਮੁੰਡੇ ਤੇ ਕੁੜੀ ਦੀ ਚੋਣ ਦਾ ਪ੍ਰਾਇਮਰੀ ਪੈਮਾਨਾ ਏ, ਮੁੰਡੇ-ਕੁੜੀ ਦੀ ਯੋਗਤਾ, ਕਾਬਲੀਅਤ, ਚਰਿੱਤਰ, ਪਸੰਦ, ਕੋਈ ਸਰੀਰਕ ਜਾਂ ਮਾਨਸਿਕ ਕਮੀ, ਜਾਂ ਮੁੰਡੇ-ਕੁੜੀ ਦੇ ਮੇਲ ਸੰਬੰਧੀ ਗੱਲਾਂ ਨੂੰ, ਹਮੇਸ਼ਾਂ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਹੈ। ਬਾਕੀ ਅੱਜਕਲ੍ਹ ਇਕ ਹੋਰ ਨਵੀਂ ਤਰਾਂ ਦੇ ਹਾਈਬਰੇਡ ਦਾਜ ਵਿਰੋਧੀ ਹੌਂਦ ਚ ਆਏ ਨੇਂ, ਇਹ ਮਹਾਂਪੁਰਖ ਜਿਆਦਾਤਰ ਸਰਕਾਰੀ ਨੌਕਰੀ ਲੱਗੇ ਹੁੰਦੇ ਨੇਂ, ਇਹਨਾਂ ਦਾ ਕਹਿਣਾ ਹੁੰਦਾ ਏ, ਅਸੀਂ ਦਾਜ ਦਾ ਇਕ ਰੁਪਈਆ ਨੀਂ ਲੈਣਾ, ਬਸ ਕੁੜੀ ਪੱਕੀ ਸਰਕਾਰੀ ਨੌਕਰੀ ਆਲੀ ਚਾਹੀਦੀ ਏ। ਸੌਦੇ ਵਰਗੀਆਂ ਹੋਈਆਂ ਇਹਨਾਂ ਸ਼ਾਦੀਆਂ ਤੋਂ ਬਾਅਦ, ਅਕਸਰ ਈ ਦੋਵੇਂ ਧਿਰਾਂ ਚ, ਆਹ ਸੋਚ ਰਹਿ ਹੀ ਜਾਂਦੀ ਏ, ਜਿਵੇਂ ਉਸ ਨੂੰ ਠੱਗ ਲਿਆ ਗਿਆ ਹੋਵੇ। ਕੁੜੀ ਦਾ ਪਿਓ ਆਮ ਈ, ਵੱਡੇ ਘਰ ਚ ਕੁੜੀ ਵਿਆਹੁਣ ਦੀ ਇੱਛਾ ਚ, ਹੱਦੋਂ ਵੱਧ ਖਰਚ ਕਰ, ਲਗਭਗ ਕੰਗਾਲ ਈ ਹੋ ਜਾਂਦਾ ਏ। ਇੰਨੇ ਤਾਮ-ਝਾਮ ਤੇ ਰੱਜਵਾਂ ਖਰਚ ਕਰ ਵਿਆਹ ਕਰਨ ਤੋਂ ਬਾਅਦ, ਅਕਸਰ ਈ ਮੁੰਡੇ ਦੇ ਨਸ਼ੇੜੀ ਜਾਂ ਚਰਿੱਤਰਹੀਣ ਹੋਣ ਤੇ ਜਾਂ ਘਟੀਆ ਪਰਿਵਾਰ ਕਾਰਨ, ਬਹੁਤ ਸਾਰੀਆਂ, ਬੇਕਸੂਰ, ਸਿਆਣੀਆਂ ਤੇ ਕਾਬਲ ਭੈਣਾਂ ਦੀ ਜਿੰਦਗੀ ਬਰਬਾਦ ਹੋ ਜਾਂਦੀ ਏ। ਉਪਰੋਂ ਇਹਨਾਂ ਦੇ ਸ਼ਰੀਫ ਮਾਪੇ, ਘਰ ਵਸਦਾ ਰੱਖਣ ਲਈ, ਇਹਨਾਂ ਨੂੰ ਈ ਜੁਲਮ ਸਹਿਣ ਦੀ ਹੀ ਤਾਕੀਦ ਕਰਦੇ ਰਹਿੰਦੇ ਨੇਂ, ਹਾਲਾਂਕਿ ਇੰਨਾਂ ਵਿੱਚੋਂ ਕੁੱਝ ਕੁ ਤਾਂ ਵਿਦਰੋਹ ਕਰਕੇ ਦਾਜ ਕਾਨੂੰਨਾਂ ਰਾਹੀਂ, ਆਪਣੇ ਰਸਤੇ ਆਪ ਬਣਾਉਣ ਚ ਸਫਲ ਵੀ ਹੁੰਦੀਆਂ ਨੇਂ ਪਰ ਜਿਆਦਾਤਰ ਭੈਣਾਂ, ਉਹੀ ਨਰਕਰੂਪੀ ਜਿੰਦਗੀ, ਚੁੱਪਚਾਪ ਬਿਤਾ ਦਿੰਦੀਆਂ ਨੇਂ, ਅਸਲ ਚ ਤਾਂ ਦਾਜ ਦਾ ਸਖਤ ਕਾਨੂੰਨ ਇੰਨਾਂ ਮਜ਼ਲੂਮ ਤੇ ਅਬਲਾ ਭੈਣਾਂ ਦੇ ਕਲਿਆਣ ਲਈ ਹੀ ਬਣਿਆ ਸੀ ਪਰ ਕੀ ਵਾਸਤਵ ਚ, ਇਸ ਕਾਨੂੰਨ ਦਾ ਸਹੀ ਉਪਯੋਗ ਹੋ ਰਿਹਾ ਏ ?

ਤੁਸੀਂ ਹੈਰਾਨ ਰਹਿ ਜਾਵੋਗੇ ਕਿ 75% ਤੋਂ ਵੱਧ ਦਾਜ ਦੇ ਕੇਸ, ਝੂਠੇ ਪਾਏ ਜਾਂਦੇ ਹਨ। ਸਾਡੇ ਦੇਸ਼ ਵਿੱਚ, ਕਿਸੇ ਵੀ ਰਾਜ ਜਾਂ ਧਰਮ ਵਿੱਚ, ਔਰਤ ਨੂੰ ਦਾਜ ਲਈ ਤੰਗ ਕਰਨ ਲਈ ਕਾਨੂੰਨ ਦੀ ਧਾਰਾ, 498ਏ ਦਾ ਸਖਤ ਕਾਨੂੰਨ ਏ, ਜਿਸ ਰਾਹੀਂ ਇਕ ਵਿਆਹੁਤਾ ਔਰਤ ਕਦੇ ਵੀ, ਆਪਣੇ ਸਹੁਰਿਆਂ ਦੇ ਪੂਰੇ ਪਰਿਵਾਰ ਤੇ ਇਸ ਕਾਨੂੰਨ ਰਾਹੀਂ ਸ਼ਿਕੰਜ਼ਾ ਕਸ ਸਕਦੀ ਏ। ਆਮਤੌਰ ਤੇ ਛੋਟੀਆਂ-ਮੋਟੀਆਂ ਗੱਲਾਂ ਤੇ ਜਾਂ ਮਾਂ-ਬਾਪ ਤੋਂ ਅਲੱਗ ਹੋ ਕੇ ਰਹਿਣ ਹਿੱਤ, ਜਿੱਥੇ ਕਈ ਔਰਤਾਂ, ਇਸ ਕਾਨੂੰਨ ਨੂੰ ਹਥਿਆਰ ਬਣਾ ਲੈਂਦੀਆਂ ਨਾਂ, ਉਥੇ ਹੀ ਕਈ ਕੇਸਾਂ ਚ ਚਰਿੱਤਰਹੀਣਤਾ ਜਾਂ ਪੁਰਾਣੇ ਪਿਆਰ ਦੀ ਚਾਹਤ ਚ, ਬੇਕਸੂਰ ਸਹੁਰਿਆਂ ਦੇ ਪੂਰੇ ਪਰਿਵਾਰ ਨੂੰ, ਇੱਥੋਂ ਤੱਕ ਕਿ ਬਜ਼ੁਰਗਾਂ ਤੇ ਔਰਤਾਂ ਨੂੰ ਵੀ ਜੇਲਾਂ ਚ ਡੱਕ ਦਿੱਤਾ ਜਾਂਦਾ ਏ, ਜੋ ਨਮੋਸ਼ੀ ਕਾਰਨ ਜਿੰਦਾ ਲਾਸ਼ ਈ ਬਣ ਜਾਂਦੇ ਨੇਂ। ਤੁਸੀਂ ਹੈਰਾਨ ਹੋ ਜਾਵੋਗੇ ਕਿ ਆਪਣੇ ਦੇਸ਼ ਚ ਹਰ ਸਾਲ, ਅਣਗਿਣਤ ਬੇਕਸੂਰ ਮਰਦ ਤੇ ਉਹਨਾਂ ਦੇ ਪਰਿਵਾਰਕ ਮੈਂਬਰ, ਝੂਠੇ ਦਾਜ ਤੇ ਘਰੇਲੂ ਹਿੰਸਾ ਕੇਸਾਂ ਰਾਹੀਂ, ਡਿਪ੍ਰੈਸ਼ਨ ਚ ਆ ਕੇ ਆਤਮਹੱਤਿਆ ਕਰ ਜਾਂਦੇ ਨੇਂ। ਹਾਲਾਂਕਿ ਇੰਨਾਂ ਕਾਨੂੰਨਾਂ ਨੂੰ ਮਹਿਲਾ ਕਾਨੂੰਨ ਕਿਹਾ ਜਾਂਦਾ ਏ ਪਰ ਸੱਸ, ਨਨਾਣ ਜਾਂ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ, ਜਿੰਨਾਂ ਤੇ ਪਰਚਾ ਕਰ ਜੇਲ੍ਹ ਚ ਡੱਕ ਦਿੱਤਾ ਜਾਂਦਾ ਏ, ਕੀ ਉਹ ਔਰਤਾਂ ਨਹੀਂ ਹਨ ? ਬਾਕੀ ਝੂਠੇ ਕੇਸਾਂ ਦੀ ਵੱਧਦੀ ਗਿਣਤੀ ਕਾਰਨ ਕਾਨੂੰਨ ਚ ਕੁਝ ਸੁਧਾਰ ਕਰਦੇ ਹੋਏ, ਹੁਣ ਜਾਂਚ ਅਧਿਕਾਰੀ ਸਿੱਧੀ ਗਿਰਫਤਾਰੀ ਤਾਂ ਨਹੀਂ ਕਰ ਸਕਦੇ ਪਰ ਇਸ ਦਾ ਇਕ ਹੋਰ ਸ਼ਰਮਨਾਕ ਤੌੜ ਵੀ ਕੱਢ ਲਿਆ ਗਿਆ ਏ, ਬਜ਼ੁਰਗ ਪਿਓ ਸਮਾਨ ਸਹੁਰੇ ਜਾਂ ਭਰਾਵਾਂ ਵਰਗੇ ਦਿਓਰ ਤੇ ਬਲਾਤਕਾਰ (376) ਤੇ ਪਤਿ ਤੇ 377 ਦੇ ਝੂਠੇ ਗੰਦੇ ਕੇਸ ਪਾਏ ਜਾਂਦੇ ਨੇਂ ਤਾਂ ਜੋ ਉਹਨਾਂ  ਦੀ ਜਮਾਨਤ ਨਾਂ ਹੋ ਸਕੇ, ਬਾਕੀ ਜੇ ਸਹੁਰੇ ਪਰਿਵਾਰ ਚ ਪਤਿ, ਦਿਓਰ ਜਾਂ ਸਹੁਰਾ ਸਰਕਾਰੀ ਮੁਲਾਜ਼ਮ ਹੋਣ ਤਾਂ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਏ। ਸਹੁਰੇ ਪਰਿਵਾਰ ਦੀ ਇੱਜ਼ਤ, ਰੁਤਬਾ, ਸ਼ਰਾਫਤ ਤੇ ਪੈਸਾ, ਥਾਣੇ ਵਿੱਚ ਹੁੰਦੀ ਪੰਚਾਇਤਾਂ ਤੇ, ਕਚਿਹਰੀਆਂ ਚ ਪੈਂਦੀ ਤਰੀਕਾਂ ਰਾਹੀਂ, ਲੋਕਾਂ ਦੇ ਮੁਸ਼ਕੜੇ ਹਾਸੇ ਚ, ਜ਼ਲਾਲਤ ਦੇ ਸਮੁੰਦਰ ਚ ਡੁੱਬ ਜਾਂਦੀ ਏ। ਪੂਰਾ ਪਰਿਵਾਰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ, ਪਰਿਵਾਰ ਦੇ ਕਈ ਮੈਂਬਰ, ਇਜ਼ੱਤ , ਕਈ ਕੀਮਤੀ ਸਾਲ ਤੇ ਅਥਾਹ ਧੰਨ ਵਾਰਨ ਪਿਛੋਂ  ਜੇਕਰ ਕੇਸ ਜਿੱਤ ਵੀ ਜਾਂਦਾ ਏ ਤਾਂ ਉਸਨੂੰ ਮਿਲਦਾ ਏ ਸਿਰਫ ਤਲਾਕ, ਤੇ ਉਸ ਲਈ ਵੀ ਕੀਮਤ ਚੁਕਾਉਣੀ ਪੈਂਦੀ ਏ, ਜਦਕਿ ਝੂਠਾ ਕੇਸ ਕਰ ਪੂਰੇ ਪਰਿਵਾਰ ਨੂੰ ਬਰਬਾਦ ਕਰਨ ਵਾਲੀ ਔਰਤ ਦੇ ਖਿਲਾਫ ਕੋਈ ਖਾਸ ਕਾਰਵਾਈ ਜਾਂ ਵੱਡਾ ਕੇਸ ਨਹੀਂ ਬਣਦਾ। ਭਾਵੁਕ ਕਰਨ ਵਾਲੀ ਗੱਲ ਏ ਕਿ, ਜਿਹੜੇ ਬੇਕਸੂਰ ਲੋਕ ਇਹਨਾਂ ਕੇਸਾਂ ਚ ਫੱਸਦੇ ਨੇਂ, ਉਹ ਵਾਰ-ਤਿਓਹਾਰ ਤੇ ਜਸ਼ਨ ਮਨਾਉਣਾ ਤਾਂ ਦੂਰ, ਕਿਸੇ ਵੀ ਸਰਵਜਨਕ ਪ੍ਰੋਗਰਾਮ ਤੱਕ ਜਾਣ ਤੋਂ ਗੁਰੇਜ਼ ਕਰਦੇ, ਇਕੱਲੇ ਪੈ ਜਾਂਦੇ ਨੇਂ, ਪਰ ਕੀ ਇਸ ਸਭ ਤੋਂ ਬਾਅਦ ਝੂਠਾ ਕੇਸ ਕਰਨ ਵਾਲੀ ਨੂੰਹ ਖੁਸ਼ ਹੁੰਦੀ ਏ, ਜੀ ਨਹੀਂ, ਬਰਬਾਦੀ ਤੇ ਬਦਨਾਮੀ ਦੋਵੇਂ ਧਿਰਾਂ ਦਾ ਬਰਾਬਰ ਸ਼ਿੰਗਾਰ ਬਣਦੀ ਏ।

ਮੇਰਾ ਨਿਜੀ ਤੌਰ ਤੇ ਮੰਨਣਾ ਏ ਕਿ, ਜੇਕਰ ਕੋਈ ਵੀ ਇਨਸਾਨ ਜਾਂ ਪੂਰਾ ਪਰਿਵਾਰ, ਇਕ ਅਬਲਾ ਔਰਤ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦਾ ਏ ਤਾਂ ਉਸਨੂੰ ਉਮਰਕੈਦ ਤੋਂ ਘੱਟ ਸਜਾ ਹੋਣੀ ਈ ਨਹੀਂ ਚਾਹੀਦੀ, ਪਰ ਜੇਕਰ ਕੋਈ ਔਰਤ ਇਸ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਝੂਠਾ ਪਰਚਾ ਦਰਜ ਕਰਵਾਉਂਦੀ ਏ ਤਾਂ ਉਸਨੂੰ ਵੀ ਸਖਤ ਤੋਂ ਸਖਤ ਸਜਾ ਦੇਣ ਦਾ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਏ। ਹਰੇਕ ਮਰਦ ਜਾਲਮ ਨ੍ਹੀਂ ਹੁੰਦਾ ਤੇ ਔਰਤ ਹਮੇਸ਼ਾ ਅਬਲਾ ਨਹੀਂ ਹੁੰਦੀ। ਅਸਲ ਚ ਜਿਆਦਾਤਰ ਦਾਜ ਕੇਸਾਂ ਦੀ ਮੰਜਲ ਤਲਾਕ ਈ ਹੁੰਦਾ ਏ, ਪਰ ਆਪਣੇ ਦੇਸ਼ ਵਿੱਚ ਤਲਾਕ ਲੈਣ ਲਈ ਕੋਈ ਸੁਖਾਲਾ ਤਰੀਕਾ ਨਹੀਂ ਏ। ਹਰੇਕ ਪਤੀ-ਪਤਨੀ ਨੂੰ ਤੇ ਪੂਰੇ ਪਰਿਵਾਰ ਨੂੰ, ਜਿੱਥੋਂ ਤੱਕ ਸੰਭਵ ਹੋਵੇ, ਰਿਸ਼ਤਾ ਬਚਾਉਣ ਲਈ, ਹਰ ਤਰਾਂ ਦੇ ਸਮਝੌਤੇ ਕਰਦਿਆਂ, ਪੂਰੀ ਵਾਹ ਲਾ ਦੇਣੀ ਚਾਹੀਦੀ ਏ, ਪਰ ਜੇਕਰ ਨਾਲ ਰਹਿਣਾ ਸੰਭਵ ਈ ਨਹੀਂ ਏ ਤਾਂ, ਦਾਜ ਦੇ ਝੂਠੇ ਕੇਸ ਕਰ ਦੋਵਾਂ ਧਿਰਾਂ ਦੀ ਸਾਲਾਂਬੱਧੀ ਬਰਬਾਦੀ ਨਾਲੋਂ, ਸਹਿਮਤੀ ਨਾਲ ਤਲਾਕ ਲੈ ਲੈਣਾ ਈ, ਸਭ ਤੋਂ ਵਧੀਆ ਉਪਾਅ ਏ।

Related posts

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin