Poetry Geet Gazal

ਗੁਰਦੀਸ਼ ਕੌਰ ਗਰੇਵਾਲ, ਕੈਲਗਰੀ

ਅਸਾਂ ਕਿਸ਼ਤ ਤਾਰੀ

ਅਸਾਂ ਕਿਸ਼ਤ ਤਾਰੀ ਜਾਂ ਏਥੇ ਘਰਾਂ ਦੀ।
ਬੜੀ ਯਾਦ ਆਈ ਸੀ ਆਪਣੇ ਗਰਾਂ ਦੀ।

ਨਾ ਤੱਕਿਆ ਕਿਸੇ ਦਾ ਕੋਈ ਆਸਰਾ ਮੈਂ,
ਭਰੀ ਹੈ ਮੈਂ ਪਰਵਾਜ਼ ਅਪਣੇ ਪਰਾਂ ਦੀ।

ਅਸਾਂ ਚੁੱਪ ਕਰਕੇ, ਹੀ ਬੈਠੇ ਜੇ ਰਹਿਣਾ,
ਤਾਂ ਚੱਲਣੀ ਹੈ ਆਪੇ ਹੀ ਫਿਰ ਜਾਬਰਾਂ ਦੀ।

ਜੇ ਬਣ ਕੇ ਰਹੇ ਨਾ, ਕੋਈ ਵੀ ਕਿਸੇ ਦਾ,
ਕਿਵੇਂ ਬਾਤ ਪਾਵਾਂ ਮੈਂ ਫਿਰ ਟੱਬਰਾਂ ਦੀ?

ਕਰੀਂ ਨਾ ਤੂੰ ਸੰਗਤ ਕਦੇ ਵੀ ਉਨ੍ਹਾਂ ਦੀ,
ਨਾ ਭੈੜੀ ਬਣੀ ਤੂੰ ਕਦੇ ਉਸ ਤਰ੍ਹਾਂ ਦੀ।

ਖੜ੍ਹੀ ਨਾ ਰਹੀਂ ‘ਦੀਸ਼’ ਦਰਿਆ ਕਿਨਾਰੇ,
ਤੂੰ ਤਾਰੂ ਹੈ ਬਣਨਾ ਅਜੇ ਸਾਗਰਾਂ ਦੀ।

———————00000———————

ਸੁਣ ਨੀ ਭੈਣ ਅਜ਼ਾਦੀਏ…

ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ।
ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ।

ਤੇਰੇ ਦੀਦ ਦੀ ਖਾਤਿਰ ਅੜੀਏ, ਪਰਵਾਨੇਂ ਤਾਂ ਸ਼ਮ੍ਹਾਂ ‘ਚ ਸੜ ਗਏ।
ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ।
ਕੂਕੇ, ਬੱਬਰਾਂ, ਤੇਰੀ ਖਾਤਿਰ, ਸਭ ਕੁੱਝ ਲੇਖੇ ਲਾਇਆ।
ਸੁਣ ਨੀ……

ਗਦਰ ਲਹਿਰ ਦੇ ਨਾਇਕ ਸਾਡੇ, ਤਨ ਤੇ ਲੱਖ ਤਸੀਹੇ ਜਰ ਗਏ।
ਐਪਰ ਦੇਸ਼ ਵਾਸੀਆਂ ਦੇ ਵਿੱਚ, ਤੇਰੀ ਇਕ ਚੰਗਿਆੜੀ ਧਰ ਗਏ।
ਮਘਦੀ ਮਘਦੀ ਜੋ ਚੰਗਿਆੜੀ, ਇਕ ਦਿਨ ਰੰਗ ਦਿਖਾਇਆ।
ਸੁਣ ਨੀ…..

ਸੰਨ ਸੰਤਾਲੀ ਵਿੱਚ ਤੂੰ ਆਈ, ਆਉਂਦੇ ਸਾਰ ਹੀ ਵੰਡੀਆਂ ਪਾਈਆਂ।
ਭਾਈ ਆਪਸ ਵਿੱਚ ਲੜਾ ਕੇ, ਖੂਨ ਦੀਆਂ ਨਦੀਆਂ ਤੂੰ ਵਹਾਈਆਂ।
ਤਾਂ ਵੀ ਘੁੰਡ ਚੁਕਾਈ ਦੇ ਕੇ, ਅਸਾਂ ਨੇ ਸ਼ਗਨ ਮਨਾਇਆ
ਸੁਣ ਨੀ…..

ਲਾਈ ਲੱਗ ਤੂੰ ਨਿਕਲੀ ਅੜੀਏ, ਧਨਵਾਨਾਂ ਦੇ ਹੱਥੀਂ ਚੜ੍ਹ ਗਈ।
ਆਪਣਿਆਂ ਵੱਲ ਪਾਸਾ ਵੱਟਿਆ, ਗ਼ੈਰਾਂ ਦੀ ਬੁੱਕਲ ਵਿੱਚ ਵੜ ਗਈ।
ਸੱਤਰਾਂ ਨੂੰ ਤੂੰ ਟੱਪ ਗਈ ਏਂ, ਤੈਨੂੰ ਹੋਸ਼ ਅਜੇ ਨਾ ਆਇਆ
ਸੁਣ ਨੀ…

ਐਨਾ ਵੱਡਾ ਮੁੱਲ ਤਾਰ ਕੇ, ਸੂਰਮਿਆਂ ਤੈਨੂੰ ਪਰਨਾਇਆ।
‘ਦੀਸ਼’ ਦੇ ਵੀਰਾਂ ਦੀ ਕੁਰਬਾਨੀ, ਦਾ ਤੈਂ ਅੜੀਏ ਮੁੱਲ ਨਾ ਪਾਇਆ।
ਹੱਥ ਅਜੇ ਨਾ ਸਾਡੇ ਆਈ, ਡਾਢਾ ਸਾਨੂੰ ਤੂੰ ਤਰਸਾਇਆ।
ਸੁਣ ਨੀ……

———————00000———————

ਵੀਰਾ ਅੱਜ ਦੇ ਸ਼ੁਭ ਦਿਹਾੜੇ…

ਵੀਰਾ ਅੱਜ ਦੇ ਸ਼ੁਭ ਦਿਹਾੜੇ, ਦਿਲ ਤੋਂ ਦਿਆਂ ਦੁਆਵਾਂ।
ਰੱਖੜੀ ਦੇ ਤਿਉਹਾਰ ਤੇ ਬੀਬਾ, ਦਿਲ ਦਾ ਹਾਲ ਸੁਣਾਵਾਂ।

ਜੁੜੀਆਂ ਰਹਿਣ ਹਮੇਸ਼ਾ ਸਾਡੇ, ਪਿਆਰ ਦੀਆਂ ਇਹ ਤੰਦਾਂ।
ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ।
ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ ਸਿਰਨਾਵਾਂ
ਵੀਰਾ………

ਬਹਿੰਦੀ ਉਠਦੀ ਹਰ ਵੇਲੇ ਮੈਂ, ਸੁੱਖਾਂ ਤੇਰੀਆਂ ਮੰਗਾਂ।
ਦੁੱਖ- ਸੁੱਖ ਆਪਣੇ ਆਪੇ ਝੱਲਾਂ, ਤੈਨੂੰ ਦੱਸਦੀ ਸੰਗਾਂ।
ਤੇਰੇ ਉਤੇ ਦੁੱਖ ਮੇਰੇ ਦਾ, ਪੈ ਨਾ ਜਾਏ ਪਰਛਾਵਾਂ
ਵੀਰਾ………

ਮਾਪੇ ਸਦਾ ਨਾ ਬੈਠੇ ਰਹਿਣੇ, ਵੀਰ ਭੈਣ ਦੀਆਂ ਬਾਹਵਾਂ।
ਭੁੱਲੀ ਵਿਸਰੀ ਭੈਣ ਜੋ ਤੈਨੂੰ, ਤੱਕਦੀ ਤੇਰੀਆਂ ਰਾਹਵਾਂ।
ਵੀਰ ਮੇਰੇ ਨੂੰ ਲੱਗ ਨਾ ਜਾਵਣ, ਤੱਤੀਆਂ ਕਦੇ ਹਵਾਵਾਂ
ਵੀਰਾ………

ਹਰ ਔਰਤ ਦੀ ਇੱਜ਼ਤ ਕਰਨਾ, ਸੁੱਚਾ ਕਰਮ ਹੈ ਤੇਰਾ।
ਦੇਖ ਪਰਾਈ, ਭੈਣ ਸਮਝਣਾ, ਏਹੋ ਧਰਮ ਹੈ ਤੇਰਾ।
ਬਾਲੜੀਆਂ ਨੂੰ ਧੀਆਂ ਸਮਝੇਂ, ਵੱਡੀਆਂ ਸਮਝੇਂ ਮਾਵਾਂ
ਵੀਰਾ………

ਕਿਸੇ ਭੈਣ ਤੇ ਵੀ ਜੇ ਤੱਕਿਆ, ਭੀੜਾਂ ਨੇ ਬਣ ਆਈਆਂ।
ਬਿਨ ਰੱਖੜੀ ਤੋਂ ‘ਦੀਸ਼’ ਦੇ ਵੀਰਾਂ, ਇੱਜ਼ਤਾਂ ਲੱਖ ਬਚਾਈਆਂ।
ਤੂੰ ਮਾਲਕ ਹੈਂ ਉਸ ਵਿਰਸੇ ਦਾ, ਤੈਨੂੰ ਯਾਦ ਕਰਾਵਾਂ
ਵੀਰਾ………

———————00000———————

ਵੈਲਨਟਾਈਨ ਡੇ

ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ।
ਹਰ ਦਿਨ ਹੈ ਸੁੱਚੇ ਪਿਆਰਾਂ ਦਾ।

ਨਾ ਇਹ ਮੁਹਤਾਜ਼ ਗੁਲਾਬਾਂ ਦਾ,
ਨਾ ਇਹ ਮੁਹਤਾਜ਼ ਸ਼ਬਾਬਾਂ ਦਾ।

ਇਹ ਤਾਂ ਰਿਸ਼ਤਾ ਹੈ ਰੂਹਾਂ ਦਾ,
ਮਾਵਾਂ ਸੱਸਾਂ ਤੇ ਨੂੰਹਾਂ ਦਾ।

ਦੋ ਜਿਸਮ ਤੇ ਇੱਕੋ ਜਾਨ ਦਾ ਏ,
ਇੱਕ ਦੂਜੇ ਦੀ ਪਹਿਚਾਨ ਦਾ ਏ।

ਇਹ ਭੈਣ ਭਰਾ ਦਾ ਪਿਆਰ ਵੀ ਏ,
ਤੇ ਮਾਂ ਪਿਓ ਦਾ ਸਤਿਕਾਰ ਵੀ ਏ।

ਇਹ ਪੇਕੇ ਘਰ ਦਾ ਮਾਣ ਵੀ ਏ,
ਤੇ ਸਹੁਰੇ ਘਰ ਦੀ ਸ਼ਾਨ ਵੀ ਏ।

ਇਹ ਰਿਸ਼ਤਾ ਪੁੱਤਰ ਮਾਵਾਂ ਦਾ,
ਤੇ ਠੰਢੀਆਂ ਮਿੱਠੀਆਂ ਛਾਵਾਂ ਦਾ।

ਇਹ ਰਿਸ਼ਤਾ ਹੈ ਇਨਸਾਨਾਂ ਦਾ,
ਤੇ ਮੋਹ ਭਿੱਜੇ ਅਰਮਾਨਾਂ ਦਾ।

ਇਹ ਦਿਨ ਨਹੀਂ ਕਿਤੇ ਕਲੋਲਾਂ ਦਾ,
ਇਹ ਸ਼ੁੱਭ ਦਿਨ ਮਿੱਠੇ ਬੋਲਾਂ ਦਾ।

ਇਹ ਫੁੱਲ ਨਾਲ ਮਿਣ ਨਹੀਂ ਹੋ ਸਕਦਾ,
ਗਿਣਤੀ ਨਾਲ ਗਿਣ ਨਹੀਂ ਹੋ ਸਕਦਾ।

ਇਹ ਰਿਸ਼ਤਾ ਹੈ ਸਤਿਕਾਰਾਂ ਦਾ,
ਹੱਸਦੇ ਵੱਸਦੇ ਪਰਿਵਾਰਾਂ ਦਾ।

ਆਓ ਪਿਆਰ ਮੁਹੱਬਤ ਪਾ ਲਈਏ,
ਤੇ ਵੈਲੈਨਟਾਈਨ ਮਨਾ ਲਈਏ।

———————00000———————

ਨਵੇਂ ਸਾਲ ਤੇ ਵਿਸ਼ੇਸ਼

ਅੱਜ ਨਵਾਂ ਕੋਈ ਗੀਤ ਬਣਾਈਏ

ਅੱਜ ਨਵਾਂ ਕੋਈ ਗੀਤ ਬਣਾਈਏ।
ਰਲ਼ ਕੇ ਨੱਚੀਏ ਰਲ਼ ਕੇ ਗਾਈਏ।

ਗੀਤ ਬਣਾਈਏ ਪਿਆਰਾਂ ਵਾਲਾ,
ਸੁਹਣੇ ਜਿਹੇ ਇਕਰਾਰਾਂ ਵਾਲਾ,
ਸੁੱਚੇ ਜਿਹੇ ਕਿਰਦਾਰਾਂ ਵਾਲਾ,
ਨਫਰਤ ਦੀ ਦੀਵਾਰ ਨੂੰ ਢਾਹੀਏ।
ਅੱਜ…..

ਗੀਤ ਬਣਾਈਏ ਸੁੱਖਾਂ ਵਾਲਾ,
ਹੱਸਦੇ ਵੱਸਦੇ ਮੁੱਖਾਂ ਵਾਲਾ,
ਜਿਉਣ ਜੋਗੀਆਂ ਕੁੱਖਾਂ ਵਾਲਾ,
ਧੀਆਂ ਦਾ ਵੀ ਮਾਣ ਵਧਾਈਏ।
ਅੱਜ……

ਗੱਭਰੂ ਵੀਰ ਜਵਾਨਾਂ ਵਾਲਾ,
ਮਾਣ ਮੱਤੀਆਂ ਰਕਾਨਾਂ ਵਾਲਾ,
ਕਿਰਤੀ ਤੇ ਕਿਰਸਾਨਾਂ ਵਾਲਾ,
ਖੁਸ਼ਹਾਲੀ ਦੀ ਜੋਤ ਜਗਾਈਏ।
ਅੱਜ…..

ਗੀਤ ਬਣਾਈਏ ਖ਼ੈਰਾਂ ਵਾਲਾ,
ਛੱਡ ਵਤੀਰਾ ਗੈਰਾਂ ਵਾਲਾ,
ਮਨ ਦੇ ਖੋਟੇ ਵੈਰਾਂ ਵਾਲਾ,
ਸਾਰੇ ਜੱਗ ਦਾ ਭਲਾ ਮਨਾਈਏ।
ਅੱਜ….

ਗੀਤ ਤਾਂ ਪਰਉਪਕਾਰਾਂ ਵਾਲਾ,
ਹਰ ਇੱਕ ਦੇ ਸਤਿਕਾਰਾਂ ਵਾਲਾ,
ਮੇਲਿਆਂ ਤੇ ਤਿਉਹਾਰਾਂ ਵਾਲਾ,
ਰੋਂਦੇ ਨੂੰ ਵੀ ‘ਦੀਸ਼’ ਹਸਾਈਏ।
ਅੱਜ…..

———————00000———————

ਗੁਰਪੁਰਬ ਤੇ ਵਿਸ਼ੇਸ਼-

ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ।
ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ।

ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ?
ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ?
ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ?
ਲੱਥਣਾ……

ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ।
ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ।
‘ਪੁੱਤਰਾਂ ਦਾ ਦਾਨੀ’ ਕਿਤੇ, ਐਵੇਂ ਨਹੀਂ ਕਹਾਈਦਾ
ਲੱਥਣਾ……

ਆਪੇ ਗੁਰ ਚੇਲੇ ਵਾਲਾ, ਸਬਕ ਪੜ੍ਹਾ ਗਿਆ।
ਇੱਕ ਇੱਕ ਸਿੰਘ ਸਵਾ, ਲੱਖ ਨਾਲ ਲੜਾ ਗਿਆ।
ਪੁੱਤਾਂ ਅਤੇ ਸਿੰਘਾਂ ਵਿੱਚ, ਫਰਕ ਨਹੀਂ ਪਾਈਦਾ
ਲੱਥਣਾ…….

ਦੇਸ਼ ‘ਚੋਂ ਗੁਲਾਮੀ ਵਾਲੇ, ਸੰਗਲਾਂ ਨੂੰ ਤੋੜਿਆ।
ਓਹਦੇ ‘ਪੰਥ ਖਾਲਸੇ’ ਰਾਹ, ਜ਼ੁਲਮਾਂ ਦਾ ਮੋੜਿਆ।
ਵਾਰ ਸਰਬੰਸ ਕਿਵੇਂ, ਸ਼ੁਕਰ ਮਨਾਈਦਾ?
ਲੱਥਣਾ….

ਪੈਰਾਂ ਵਿੱਚ ਛਾਲੇ, ਪਰ ਮਨ ਵਿੱਚ ਧੀਰ ਏ।
ਚੜ੍ਹਦੀ ਕਲਾ ‘ਚ ‘ਦੀਸ਼’, ਓਸ ਦੀ ਜ਼ਮੀਰ ਏ।
ਕੰਡਿਆਂ ਦੀ ਸੇਜ ਉਤੇ, ਗੀਤ ਕਿੱਦਾਂ ਗਾਈਦਾ?
ਲੱਥਣਾ……

———————00000———————

ਗ਼ਜ਼ਲ

ਏਨੀ ਫੋਕੀ ਫੜ੍ਹ ਨਾ ਮਾਰ।
ਲੋਕੀਂ ਤੈਨੂੰ ਕਹਿਣ ਗਵਾਰ।

ਝੂਠ ਨੇ ਇਕ ਦਿਨ ਡੁਬ ਹੀ ਜਾਣਾ,
ਸੱਚ ਦਾ ਬੇੜਾ ਹੋਣਾ ਪਾਰ।

ਕਰ ਨਾ ਏਨੀ ਹੈਂਕੜਬਾਜੀ,
ਡਿੱਗੇਂਗਾ ਤੂੰ ਪੱਬਾਂ ਭਾਰ।

ਖੁਦਗਰਜ਼ੀ ਦੇ ਰਿਸ਼ਤੇ ਨਾਤੇ,
ਕਿੱਥੋਂ ਲੱਭੀਏ ਪ੍ਰੇਮ ਪਿਆਰ।

ਦੁਸ਼ਮਣ ਕੋਲੋਂ ਡਰ ਲਗਦਾ ਹੈ,
ਯਾਰਾਂ ਨੂੰ ਹੀ ਲੁੱਟਦੇ ਯਾਰ।

ਮਨ ਸਾਡੇ ਦੀ ਬਾਤ ਸੁਣੇ ਨਾ,
ਕਾਹਦੀ ਇਹ ਸਾਡੀ ਸਰਕਾਰ।

ਲੇਖਾ ਤੈਨੂੰ ਦੇਣਾ ਪੈਣਾ,
ਉੱਚਾ ਸੁੱਚਾ ਰੱਖ ਕਿਰਦਾਰ।

‘ਦੀਸ਼’ ਨਸੀਹਤ ਪਿੱਛੋਂ ਦੇਵੀਂ,
ਪਹਿਲਾਂ ਆਪਣੀ ਹਉਮੈਂ ਮਾਰ।

———————00000———————

ਧੰਨ ਮਾਤਾ ਗੁਜਰੀ (ਗੀਤ)

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ।
ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ।

ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ।
ਪੁੱਤਰ ਯਤੀਮ ਕਰ ਦਿਲ ਨਾ ਡੋਲਾਇਆ ਤੂੰ।
ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ
ਧੰਨ…

ਸਰਸਾ ਦੇ ਕੰਢੇ ਜਦ ਪੈ ਗਿਆ ਵਿਛੋੜਾ ਸੀ
ਪਿਤਾ ਦਸ਼ਮੇਸ਼ ਨਾਲ ਪੁੱਤਰਾਂ ਦਾ ਜੋੜਾ ਸੀ
ਨਿੱਕੜੇ ਮਾਸੂਮ ਤੁਰ ਪਏ ਤੇਰੇ ਨਾਲ ਨੀ
ਧੰਨ…

ਅਜੀਤ ਤੇ ਜੁਝਾਰ ਲਾੜੀ ਮੌਤ ਵਿਆਹੀ ਏ।
ਗੜ੍ਹੀ ਚਮਕੌਰ ਵਿੱਚ ਪਿੱਠ ਨਾ ਵਿਖਾਈ ਏ।
ਸੂਰਬੀਰ ਯੋਧੇ ਤੇਰੇ ਪੋਤਰੇ ਕਮਾਲ ਨੀ
ਧੰਨ…

ਛੋਟਿਆਂ ਨੇ ਸਿਦਕ ਨਿਭਾਇਆ ਸਰਹੰਦ ਏ।
ਸਿਦਕੋਂ ਨਾ ਡੋਲੇ ਭਾਵੇਂ ਡੋਲ ਗਈ ਕੰਧ ਏ।
ਕੰਬਿਆ ਜਲਾਦ ਤੱਕ ਚਿਹਰੇ ਦਾ ਜਲਾਲ ਨੀ
ਧੰਨ…

ਪੋਤਿਆਂ ਦੇ ਨਾਲ, ਸਚਖੰਡ ਚਾਲੇ ਪਾ ਲਏ।
ਵਾਰ ਸਰਬੰਸ ਤੁਸਾਂ ਸ਼ੁਕਰ ਮਨਾ ਲਏ।
‘ਦੀਸ਼’ ਕੋਲੋਂ ਹੋਏ ਨਾ ਬਿਆਨ ਸਾਰਾ ਹਾਲ ਨੀ
ਧੰਨ…

———————00000———————

2011 ਵਿੱਚ, ਬੀਜੀ (ਮਾਂ) ਦੇ ਤੁਰ ਜਾਣ ਬਾਅਦ ਲਿਖਿਆ ਗੀਤ-
‘ਮਦਰਜ਼ ਡੇ’ ਤੇ ਦੁਨੀਆਂ ਦੀਆਂ ਤਮਾਮ ਮਾਵਾਂ ਨੂੰ ਸਮਰਪਿਤ-

ਮਾਂ ਮੇਰੀ ਦਾ ਏਡਾ ਜੇਰਾ…(ਗੀਤ)

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ।

ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ।
ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ।
ਕੋਈ ਨਾ ਸਾਡੇ ਅੱਥਰੂ ਪੂੰਝੇ, ਕੋਈ ਨਾ ਹੋਰ ਵਰਾਉਂਦਾ ਨੀ
ਮਾਂ ਮੇਰੀ………..

ਉਹਦੇ ਬੋਲਾਂ ਦੇ ਵਿੱਚ ਮਿਸ਼ਰੀ, ਕਦੇ ਨਾ ਕੌੜਾ ਬੋਲੇ ਨੀ।
ਜਣੇ ਖਣੇ ਦੇ ਕੋਲ ਕਦੇ ਨਾ, ਦਿੱਲ ਦੀ ਘੂੰਡੀ ਖੋਲ੍ਹੇ ਨੀ।
ਜ਼ਿੰਦਗੀ ਦਾ ਹਰ ਪਲ ਹੀ ਉਹਦਾ, ਸਤਿ ਸੰਤੋਖ ਸਿਖਾਉਂਦਾ ਨੀ।
ਮਾਂ ਮੇਰੀ……….

ਦੁੱਖਾਂ ਵਾਲੇ ਸਮੇਂ ਬਥੇਰੇ, ਸਿਰ ਉਹਦੇ ਤੋਂ ਲੰਘੇ ਨੀ।
ਭਲਾ ਬੁਰਾ ਨਾ ਕਿਸੇ ਨੂੰ ਆਖੇ, ਖ਼ੈਰਾਂ ਸਭ ਦੀਆਂ ਮੰਗੇ ਨੀ।
‘ਨਾ ਕੋ ਵੈਰੀ ਨਾਹੀ ਬੇਗਾਨਾ’, ਏਹੀ ਪਾਠ ਪੜ੍ਹਾਉਂਦਾ ਨੀ
ਮਾਂ ਮੇਰੀ………

ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ, ਦੇਵੇ ਠੰਢੀਆਂ ਛਾਵਾਂ ਨੀ।
ਬਿਨ ਮੰਗੇ ਹੀ ਸਭ ਨੂੰ ਦੇਵੇ, ਸੱਚੇ ਦਿਲੋਂ ਦੁਆਵਾਂ ਨੀ।
ਦਰੀਆਂ, ਖੇਸ ਤੇ ਸਾਲੂ ਦਾ ਫੁੱਲ, ਉਹਦੀ ਯਾਦ ਕਰਾਉਂਦਾ ਨੀ।
ਮਾਂ ਮੇਰੀ………

ਪਿੰਡ ਆਪਣੇ ਦੇ ਵਿੱਚ ਉਸ ਤਾਂ, ਇੱਜ਼ਤ ਬੜੀ ਕਮਾਈ ਨੀ।
ਅੱਜ ਉਹਦੀ ਫੁਲਵਾੜੀ ਉੱਤੇ, ਮਿਹਨਤ ਰੰਗ ਲਿਆਈ ਨੀ।
ਸ਼ੀਸ਼ੇ ਵਰਗੇ ਨਿਰਮਲ ਮਨ ਦਾ, ‘ਦੀਸ਼’ ਨੂੰ ਮੋਹ ਸਤਾਉਂਦਾ ਨੀ।
ਮਾਂ ਮੇਰੀ…

———————00000———————

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ-
ਉਸ ਪੰਥ ਸਜਾਇਆ ਏ…

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ।
ਰੰਗ ਨਵਾਂ ਚੜ੍ਹਾਂ ਦਿੱਤਾ, ਬੁਜ਼ਦਿਲਾਂ ਲਾਚਾਰਾਂ ਤੇ।

ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ।
ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ।
ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ
ਉਸ……
ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ।
ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ।
ਉਸ ਜੋਤ ਜਗਾ ਦਿੱਤੀ, ਮੰਦਰਾਂ ਦੇ ਦੁਆਰਾਂ ਤੇ
ਉਸ……
ਸੂਲਾਂ ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ।
ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ।
ਪਤਝੜ ਗੁਲਾਮੀ ਦੀ, ਨਾ ਆਏ ਬਹਾਰਾਂ ਤੇ
ਉਸ……
ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ।
ਯੋਧਾ ਬਲਕਾਰੀ ਉਹ, ਕਵੀਆਂ ਦਾ ਪੁਜਾਰੀ ਉਹ।
ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ ਤੇ
ਉਸ……
ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ।
ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ।
ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ ਤੇ।
ਉਸ……
ਉਸ ਜ਼ਾਲਿਮ ਹਾਕਮ ਨੂੰ, ਕਹਿ ਸੱਚ ਸੁਣਾਇਆ ਏ।
ਡੁਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ।
ਧੰਨ ਧੰਨ ਗੁਰਦੀਸ਼ ਕਰੇ, ਉਸ ਦੇ ਉਪਕਾਰਾਂ ਤੇ
ਉਸ……

———————00000———————

ਸ਼ਹੀਦੀ ਦਿਹਾੜੇ ਤੇ ਵਿਸ਼ੇਸ਼-
ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ…

ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ, ਤੇਰੇ ਦੇਸ ਪੰਜਾਬ ਦਾ।
ਪੈਰਾਂ ਦੇ ਵਿੱਚ ਰੁਲ਼ ਗਿਆ ਤੇਰਾ, ਸੁਪਨਾ ਫੁੱਲ ਗੁਲਾਬ ਦਾ।

ਜਿਹੜੀ ਹੀਰ ਵਿਆਵਣ ਦੇ ਲਈ, ਤੂੰ ਜਿੰਦੜੀ ਸੀ ਵਾਰੀ।
ਅੱਜ ਉਹ ਉੱਜੜੀ ਪੁੱਜੜੀ ਫਿਰਦੀ, ਹੈ ਨੌਬਤ ਦੀ ਮਾਰੀ।
ਸਤਲੁਜ ਦੇ ਵਿੱਚ ਰੁੜ੍ਹਦੀ ਫਿਰਦੀ, ਪੁੱਛਦੀ ਹਾਲ ਚਨਾਬ ਦਾ
ਕਿਸ…

ਕਿਰਤੀਆਂ ਦੇ ਘਰ ਨੱਚਣਾ ਸੀ, ਜਿਸ ਪਾ ਪੰਜੇਬਾਂ ਪੈਰੀਂ।
ਉਸ ਨਾਰ ਨੂੰ ਧੂੁਹ ਕੇ ਲੈ ਗਿਆ, ਹੈ ਕੋਈ ਸਿਖਰ ਦੁਪਹਿਰੀਂ।
ਆਪਣੀ ਜੰਮਣ ਭੋਂ ਤੋਂ ਵਿਛੜੀ, ਕਰਦੀ ਫਿਕਰ ਦੁਆਬ ਦਾ
ਕਿਸ…

ਬਾਬੇ ਦੀ ਬਾਣੀ ਦੇ ਸੱਚੇ, ਬੋਲ ਸੁਣੇ ਨਾ ਕੋਈ।
‘ਸਰਮੁ ਧਰਮੁ ਦੋਇ ਛਪਿ ਖਲੋਏ’, ਲਾਹ ਸੁੱਟੀ ਹੈ ਲੋਈ।
ਆ ਕੇ ਹਾਲ ਤੂੰ ਵੇਖ ਤਾਂ ਕਿਧਰੇ, ਰੁਲ਼ਦੀ ਹੋਈ ਰਬਾਬ ਦਾ
ਕਿਸ…

ਤੇਰੇ ਦੇਸ ਦੇ ਗੱਭਰੂਆਂ ਦੀ, ਅੱਜਕਲ ਗਈ ਹੈ ਮੱਤ ਮਾਰੀ।
ਚਿੱਟੇ ਚੂਸ ਲਿਆ ਰੱਤ ਸਾਰਾ, ਲੱਗ ਗਈ ਨਵੀਂ ਬੀਮਾਰੀ।
ਨਵੇਂ ਯੁੱਗ ਦੇ ਨਸ਼ਿਆਂ ਛੱਡਿਆ, ਪਿੱਛੇ ਨਸ਼ਾ ਸ਼ਰਾਬ ਦਾ
ਕਿਸ…

ਮੋਟਰ ਸਾਈਕਲ ਤੇਰੀ ਫੋਟੋ, ਲਾ ਗੱਭਰੂ ਨੇ ਘੁੰਮਦੇ।
ਤੇਰੀ ਸੋਚ ਨੂੰ ਲਾਂਭੇ ਰੱਖਿਆ, ਟੋਪੀ ਪਿਸਟਲ ਚੁੰਮਦੇ।
‘ਦੀਸ਼’ ਕੋਈ ਮੁੱਲ ਪਾਏ ਤੇਰੇ, ਹੱਥ ‘ਚ ਫੜੀ ਕਿਤਾਬ ਦਾ
ਕਿਸ…

———————00000———————

ਕਿਸਾਨੀ ਅੰਦੋਲਨ ਨੂੰ ਸਮਰਪਿਤ-
ਹੱਥਾਂ ਦੀ ਤਾਕਤ 
ਹਾਕਮ ਪੁੱਛੇ ਮੀਡੀਆ ਨੂੰ-
‘ਪਤਾ ਲਗਾਓ-
ਕਿ ਕਿਸ ਦਾ ਹੈ ਹੱਥ-
ਇਸ ਅੰਦੋਲਨ ਦੇ ਪਿੱਛੇ?’
ਚੀਨ ਦਾ? ਪਾਕਿਸਤਾਨ ਦਾ?
ਐਨ ਆਰ ਆਈਜ਼ ਦਾ?
ਜਾਂ ਖਾਲਿਸਤਾਨ ਦਾ?

ਉਸ ਨੂੰ ਕੌਣ ਸਮਝਾਏ-
ਕਿ ਇਸ ਦੇ ਪਿੱਛੇ ਤਾਂ ਹੱਥ ਹੈ-
ਧਰਤੀ ਦੇ ਮੋਹ ਦਾ
ਲੋਕਾਂ ਦੇ ਰੋਹ ਦਾ
ਮਜ਼ਲੂਮਾਂ ਦੀ ਚਿੱਟੇ ਦਿਨ
ਹੁੰਦੀ ਲੁੱਟ ਖੋਹ ਦਾ
ਤੇ ਲੋਕਾਂ ਨੂੰ ਚਿੰਬੜੀਆਂ ਜੋਕਾਂ
ਪ੍ਰਤੀ ਉੱਠੇ ਵਿਦਰੋਹ ਦਾ।

ਤੇ ਇਸ ਦੀ ਅਗਵਾਈ
ਕਰਨ ਵਾਲਿਆਂ ਦੇ ਪਿੱਛੇ
ਇੱਕ ਲੰਬਾ ਇਤਿਹਾਸ ਹੈ-
ਮੁਜ਼ਾਰਿਆਂ ਤੋਂ ਮਾਲਕ ਬਨਾਉਣ ਵਾਲੇ-
ਬਾਬਾ ਬੰਦਾ ਸਿੰਘ ਬਹਾਦਰ ਦਾ!
ਤੇ ਦਿੱਲੀ ਨੂੰ ਫਤਹਿ ਕਰਨ ਵਾਲੇ-
ਸਰਦਾਰ ਬਘੇਲ ਸਿੰਘ ਦਾ!
ਤੇ ਇਹਨਾਂ ਦੇ ਸੀਸ ਤੇ ਹੱਥ ਹੈ-
ਬਾਬਰ ਨੂੰ ਜਾਬਰ ਕਹਿਣ ਵਾਲੇ-
ਬਾਬੇ ਨਾਨਕ ਦਾ!
ਜਬਰ ਦਾ ਮੁਕਾਬਲਾ
ਸਬਰ ਨਾਲ ਕਰਨ ਵਾਲੇ-
ਗੁਰੂ ਅਰਜਨ ਦਾ!
ਮਨੁੱਖੀ ਹੱਕਾਂ ਲਈ
ਸੀਸ ਕਟਾਉਣ ਵਾਲੇ-
ਗੁਰੂ ਤੇਗ ਬਹਾਦਰ ਦਾ!
ਤੇ ਜ਼ਾਲਿਮ ਨੂੰ
ਜ਼ਫਰਨਾਮਾ ਲਿਖਣ ਵਾਲੇ-
ਸਰਬੰਸ ਦਾਨੀ ਦਸ਼ਮੇਸ਼ ਪਿਤਾ ਦਾ!

ਤੇ ਇਸ ਵਿੱਚ ਸ਼ਾਮਲ ਨੇ-
ਕਿਸਾਨ ਵੀ ਵਪਾਰੀ ਵੀ
ਮਜ਼ਦੂਰ ਵੀ ਲਿਖਾਰੀ ਵੀ
ਪੇਂਡੂ ਵੀ ਤੇ ਸ਼ਹਿਰੀ ਵੀ
ਹਿੰਦੂ ਵੀ ਤੇ ਮੁਸਲਿਮ ਵੀ
ਸਿੱਖ ਵੀ ਈਸਾਈ ਵੀ!

ਇਸ ਵਿੱਚ ਸ਼ਾਮਲ ਨੇ-
ਭੈਣਾਂ ਵੀ ਤੇ ਵੀਰ ਵੀ
ਬੱਚੇ ਵੀ ਤੇ ਬਿਰਧ ਸਰੀਰ ਵੀ
ਧੀਆਂ ਵੀ ਤੇ ਮਾਵਾਂ ਵੀ
ਤੇ ਬਜ਼ੁਰਗਾ ਦੀਆਂ
ਦੁਆਵਾਂ ਵੀ!

ਇਸ ਵਿੱਚ ਦੇਸ਼ ਦੇ
ਕੋਨੇ ਕੋਨੇ ਤੋਂ ਆਏ ਨੇ ਹੱਥ-
ਪੰਜਾਬ ਤੋਂ ਅਸਾਮ ਤੱਕ-
ਤੇ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ-
ਜਦੋਂ ਇਹ ਸਾਰੇ ਹੱਥ
ਇੱਕ ਜੁੱਟ ਹੋ ਜੁੜਦੇ ਹਨ
ਤਾਂ ਇਹਨਾਂ ਵਿੱਚ ਆ ਜਾਂਦੀ ਹੈ
ਲੋਹੜੇ ਦੀ ਤਾਕਤ-
ਜੋ ਪਲਟ ਸਕਦੀ ਹੈ-
ਕਿਸੇ ਵੀ ਜ਼ਾਲਿਮ
ਹਕੂਮਤ ਦਾ ਤਖਤ।

———————00000———————

ਗੁਰਪੁਰਬ ‘ਤੇ ਵਿਸ਼ੇਸ਼-
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ।
ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ।

ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ?
ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ?
ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ?
ਲੱਥਣਾ……

ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ।
ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ।
‘ਪੁੱਤਰਾਂ ਦਾ ਦਾਨੀ’ ਕਿਤੇ, ਐਵੇਂ ਨਹੀਂ ਕਹਾਈਦਾ
ਲੱਥਣਾ……

ਆਪੇ ਗੁਰ ਚੇਲੇ ਵਾਲਾ, ਸਬਕ ਪੜ੍ਹਾ ਗਿਆ।
ਇੱਕ ਇੱਕ ਸਿੰਘ ਸਵਾ, ਲੱਖ ਨਾਲ ਲੜਾ ਗਿਆ।
ਪੁੱਤਾਂ ਅਤੇ ਸਿੰਘਾਂ ਵਿੱਚ, ਫਰਕ ਨਹੀਂ ਪਾਈਦਾ
ਲੱਥਣਾ…….

ਦੇਸ਼ ‘ਚੋਂ ਗੁਲਾਮੀ ਵਾਲੇ, ਸੰਗਲਾਂ ਨੂੰ ਤੋੜਿਆ।
ਓਹਦੇ ‘ਪੰਥ ਖਾਲਸੇ’ ਰਾਹ, ਜ਼ੁਲਮਾਂ ਦਾ ਮੋੜਿਆ।
ਵਾਰ ਸਰਬੰਸ ਕਿਵੇਂ, ਸ਼ੁਕਰ ਮਨਾਈਦਾ?
ਲੱਥਣਾ….

ਪੈਰਾਂ ਵਿੱਚ ਛਾਲੇ, ਥੱਕਾ ਟੁੱਟਿਆ ਸਰੀਰ ਏ।
ਚੜ੍ਹਦੀ ਕਲਾ ‘ਚ ‘ਦੀਸ਼’, ਓਸ ਦੀ ਜ਼ਮੀਰ ਏ।
ਕੰਡਿਆਂ ਦੀ ਸੇਜ ਉਤੇ, ਗੀਤ ਕਿੱਦਾਂ ਗਾਈਦਾ?
ਲੱਥਣਾ……

———————00000———————

ਮਾਤਾ ਗੁਜਰੀ ਜੀ ਨੂੰ ਸਮਰਪਿਤ-
ਮੈਂ ਤਾਂ ਵੀ ਨਾ ਡੋਲੀ

ਸਮੇਂ ਨੇ ਸਤਾਇਆ, ਮੈਂ ਤਾਂ ਵੀ ਨਾ ਡੋਲੀ।
ਬੜਾ ਸਿਤਮ ਢਾਇਆ, ਮੈਂ ਤਾਂ ਵੀ ਨਾ ਡੋਲੀ।

ਮੇਰੇ ਸ਼ੌਹਰ ਬਣ ਕੇ ਸਰਿਸ਼ਟੀ ਦੀ ਚਾਦਰ,
ਜਾ ਸੀਸ ਕਟਾਇਆ, ਮੈਂ ਤਾਂ ਵੀ ਨਾ ਡੋਲੀ।

ਮੇਰੀ ਮਾਂਗ ਪੂੰਝੀ ਗਈ, ਹੋਰਾਂ ਦੀ ਖਾਤਿਰ,
ਜੇ ਵਿਧਵਾ ਕਹਾਇਆ, ਮੈਂ ਤਾਂ ਵੀ ਨਾ ਡੋਲੀ।

ਮੈਂ ਲਾਲਾਂ ਨੂੰ ਬੰਨ੍ਹੇ ਨਾ, ਸ਼ਗਨਾਂ ਦੇ ਗਾਨੇ,
ਨਾ ਘੋੜੀ ਚੜ੍ਹਾਇਆ, ਮੈਂ ਤਾਂ ਵੀ ਨਾ ਡੋਲੀ।

ਰਸੋਈਏ ਤੇ ਕਰਕੇ ਭਰੋਸਾ ਮੈਂ ਤੁਰ ਪਈ,
ਦਗ਼ਾ ਉਸ ਕਮਾਇਆ, ਮੈਂ ਤਾਂ ਵੀ ਨਾ ਡੋਲੀ।

ਮੇਰੇ ਲਾਲ ਠਰਦੇ ਰਹੇ ਬੁਰਜ ਅੰਦਰ,
ਦੁਪੱਟੇ ਲੁਕਾਇਆ, ਮੈਂ ਤਾਂ ਵੀ ਨਾ ਡੋਲੀ।

ਬਿਨਾਂ ਦੋਸ਼ ਮਾਸੂਮ ਲਾਲਾਂ ਨੂੰ; ਜ਼ਾਲਿਮ,
ਨੀਹਾਂ ਵਿਚ ਚਿਣਾਇਆ, ਮੈਂ ਤਾਂ ਵੀ ਨਾ ਡੋਲੀ।

ਮੈਂ ਸਾਂ ‘ਦੀਸ਼’ ਗੁਜਰੀ, ਮੁਸੀਬਤ ‘ਚੋਂ ਗੁਜਰੀ,
ਮੈਂ ਸਭ ਕੁੱਝ ਲੁਟਾਇਆ, ਮੈਂ ਤਾਂ ਵੀ ਨਾ ਡੋਲੀ।

———————00000———————
ਕਿਸਾਨ ਅੰਦੋਲਨ ਨੂੰ ਸਮਰਪਿਤ-
ਕਾਲਾ ਇਹ ਕਨੂੰਨ (ਗੀਤ)
ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ।
ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ।ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ।
ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ।
ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ?
ਕਾਲਾ…ਕਿਰਤੀ ਕਿਸਾਨ ਆਏ, ਬੰਨ੍ਹ ਬੰਨ੍ਹ ਟੋਲੀਆਂ।
ਤੇਰੀ ਹਿੱਕ ਉੱਤੇ ਚੜ੍ਹ, ਪਾਉਣਗੇ ਇਹ ਬੋਲੀਆਂ।
ਠੰਢ ਵਿੱਚ ਤੈਂਨੂੰ ਨੀ, ਪਸੀਨਾ ਕਾਹਤੋਂ ਆ ਗਿਆ
ਕਾਲਾ…ਦੇਸ਼ ਦਿਆਂ ਲੋਕਾਂ, ਫੁਰਮਾਨ ਨਹੀਂਉਂ ਮੰਨਣੇ।
ਸਰਮਾਏਦਾਰ ਭਗਵਾਨ ਨਹੀਂਉਂ ਮੰਨਣੇ।
ਹੱਕਾਂ ਲਈ ਜੂਝਣਾ ਹੈ, ਇਨ੍ਹਾਂ ਤਾਈਂ ਆ ਗਿਆ
ਕਾਲਾ…ਸਬਰ ਦੇ ਨਾਲ ਆਪਾਂ, ਜਬਰ ਨੂੰ ਢਾਉਣਾ ਏਂ।
ਸਾਰੇ ਹਾਂ ਕਿਸਾਨ ਭਾਈ, ਨਾਅਰਾ ਇਹੋ ਲਾਉਣਾ ਏਂ।
ਸਾਡੇ ਵਿੱਚ ਵੰਡੀਆਂ, ਸ਼ੈਤਾਨ ਕਿਹੜਾ ਪਾ ਗਿਆ
ਕਾਲਾ…ਭਾਗੋ ਦੀਆਂ ਵਾਰਸ ਵੀ, ਡੱਟੀਆਂ ਮੈਦਾਨ ਵਿੱਚ।
ਮੋਢੇ ਨਾਲ ਮੋਢਾ ਜੋੜ, ਵੀਰਾਂ ਦੀ ਕਮਾਨ ਵਿੱਚ।
ਮਾਵਾਂ, ਧੀਆਂ, ਭੈਣਾਂ ਨੂੰ ਵੀ ਰੋਹ ਬੜਾ ਆ ਗਿਆ
ਕਾਲਾ…’ਦੀਸ਼’ ਨਾਲ ਬੈਠ, ਤੈਨੂੰ ਲੰਗਰ ਛਕਾ ਦੇਈਏ।
ਬਾਬੇ ਵਾਲੀ ਬਾਣੀ ਦਾ ਕੋਈ ਬੋਲ ਸੁਣਾ ਦੇਈਏ।
‘ਭਲਾ ਸਰਬੱਤ’ ਜਿਹੜਾ ਮੰਗਣਾ ਸਿਖਾ ਗਿਆ
ਕਾਲਾ…
———————00000———————

ਗੁਰਪੁਰਬ ‘ਤੇ ਵਿਸ਼ੇਸ਼-
ਧੰਨ ਨਾਨਕ ਤੇਰੀ ਵੱਡੀ ਕਮਾਈ

ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ।
‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ।
ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ।
ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ।

ਮੱਸਿਆ ਦੀ ਇਸ ਕਾਲੀ ਰਾਤੇ, ਸਤਿ, ਸੰਤੋਖ ਨਾ ਕਿਤੇ ਸਚਾਈ।
ਪੁੰਨਿਆਂ ਦਾ ਚੰਨ ਬਣ ਤਦ ਆਇਉਂ, ਧੰਨ ਨਾਨਕ ਤੇਰੀ ਵੱਡੀ ਕਮਾਈ।

‘ਜ਼ਾਹਰ ਪੀਰ ਜਗਤ ਗੁਰ ਬਾਬਾ’ ਕਲਯੁੱਗ ਦੇ ਵਿੱਚ ਤਾਰਨ ਆਇਆ।
ਕਰਮ ਕਾਂਡਾਂ ‘ਚੋਂ ਕੱਢ ਲੋਕਾਈ, ਇੱਕ ਓਂਕਾਰ ਦਾ ਸਬਕ ਪੜ੍ਹਾਇਆ।
ਵੀਹ ਰੁਪਏ ਦਾ ਲੰਗਰ ਲਾ ਕੇ, ਸੱਚਾ ਸੌਦਾ ਕਰ ਦਿਖਲਾਇਆ।
ਲਾਲੋ ਦੀ ਰੁੱਖੀ ਦੇ ਵਿਚੋਂ, ਸੁੱਚੀ ਕਿਰਤ ਦਾ ਦੁੱਧ ਵਗਾਇਆ।

ਤੇਰਾਂ ਤੇਰਾਂ ਤੋਲਦਿਆਂ ਹੀ, ਨਿਰੰਕਾਰ ਨਾਲ ਸੁਰਤ ਮਿਲਾਈ।
ਕਾਜ਼ੀ, ਪੰਡਤ ਪੈ ਗਏ ਪੈਰੀਂ, ਧੰਨ ਨਾਨਕ ਤੇਰੀ ਵੱਡੀ ਕਮਾਈ।

ਬਾਣੀ ਵਾਲੇ ਬਾਣ ਜੋ ਤੇਰੇ, ਸਾਡਾ ਰਾਹ ਰੁਸ਼ਨਾਈ ਜਾਂਦੇ।
ਉਨੀਂ ਰਾਗਾਂ ਦੇ ਵਿਚ ਸਾਨੂੰ, ਜੀਵਨ ਜਾਚ ਸਿਖਾਈ ਜਾਂਦੇ।
ਕਾਦਰ ਦੀ ਕੁਦਰਤ ਦੀ ਸੋਝੀ, ਨਾਲੋ ਨਾਲ ਕਰਾਈ ਜਾਂਦੇ।
‘ਨਾਮ ਜਪਣ’ ਤੇ ‘ਵੰਡ ਛਕਣ’ ਦਾ, ਸੁੱਚਾ ਪਾਠ ਪੜ੍ਹਾਈ ਜਾਂਦੇ।

ਮਰਦਾਨੇ ਵੀ ਸਾਥ ਨਿਭਾਇਆ, ਰਾਗਾਂ ਵਿੱਚ ਰਬਾਬ ਵਜਾਈ।
ਧੁਰ ਦਰਗਾਹੋਂ ਆਈ ਬਾਣੀ, ਧੰਨ ਨਾਨਕ ਤੇਰੀ ਵੱਡੀ ਕਮਾਈ।

ਜਿਸ ਔਰਤ ਨੂੰ ਜੁੱਤੀ ਕਹਿ ਕੇ, ਮਰਦਾਂ ਪੈਰਾਂ ਵਿੱਚ ਬਿਠਾਇਆ।
‘ਸੋ ਕਿਉ ਮੰਦਾ ਆਖੀਐ’ ਕਹਿ ਕੇ, ਉਸ ਨਾਰੀ ਨੂੰ ਹੈ ਵਡਿਆਇਆ।
ਆਪਣੇ ਹੱਥੀਂ ਹਲ ਚਲਾ ਕੇ, ਕਿਰਤ ਕਰਨ ਦਾ ਵੱਲ ਸਿਖਾਇਆ।
ਸੇਵਕ ਦੀ ਸੇਵਾ ਤੋਂ ਤੁੱਠ ਕੇ, ਉਸ ਨੂੰ ਆਪਣਾ ਅੰਗ ਬਣਾਇਆ।

ਬਾਬਰ ਨੂੰ ਵੀ ਜਾਬਰ ਕਹਿ ਕੇ, ਜ਼ੁਲਮ ਜਬਰ ਨੂੰ ਤੂੰ ਠੱਲ੍ਹ ਪਾਈ।
ਤੇਰੇ ਜਿਹਾ ਦਲੇਰ ਨਾ ਕੋਈ, ਧੰਨ ਨਾਨਕ ਤੇਰੀ ਵੱਡੀ ਕਮਾਈ।

ਹਿੰਦੂ ਮੁਸਲਿਮ ਦੋਹਾਂ ਦੇ ਵਿੱਚ, ਤੈਨੂੰ ਫਰਕ ਰਤਾ ਨਾ ਕੋਈ।
ਦੋਹਾਂ ਨੂੰ ਹੀ ਬਾਣੀ ਆਖੇ, ਸ਼ੁਭ ਅਮਲਾਂ ਦੇ ਬਾਝੋਂ ਰੋਈ।
ਜਾਤ ਪਾਤ ਦਾ ਭੇਦ ਮਿਟਾ ਕੇ, ਸ੍ਰਿਸ਼ਟੀ ਇੱਕੋ ਸੂਤ ਪਰੋਈ।
ਸਤਿ- ਸੰਗਤ ਦਾ ਫੜ ਕੇ ਚੱਪੂ, ਭਵ ਸਾਗਰ ਨੂੰ ਤਰ ਲਏ ਕੋਈ।

ਕੌਡੇ ਵਰਗੇ ਰਾਖਸ਼ ਤਾਰੇ, ਜੋਗੀਆਂ ਸੰਗ ਵੀ ਗੋਸ਼ਟਿ ਰਚਾਈ।
ਸਿੱਧਾਂ ਨੇ ਵੀ ਕਹਿ ਦਿੱਤਾ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ।

ਨਾ ਉੱਚਾ ਨਾ ਨੀਵਾਂ ਕੋਈ, ਨਾਨਕ- ਬਾਣੀ ਦਏ ਦੁਹਾਈ।
‘ਸਭਨਾ ਜੀਆ ਕਾ ਇੱਕ ਦਾਤਾ’ ਸਭ ਵਿੱਚ ਇੱਕੋ ਜੋਤਿ ਟਿਕਾਈ।
ਪਵਣ ਗੁਰੂ ਤੇ ਪਿਤਾ ਹੈ ਪਾਣੀ, ਧਰਤੀ ਮਾਂ ਦੇ ਹਾਂ ਕਰਜ਼ਾਈ।
ਜਪੁਜੀ ਸਾਹਿਬ ਦੀ ਬਾਣੀ ਆਖੇ, ਚੱਲਣਾ ਪੈਣਾ ਹੁਕਮ ਰਜ਼ਾਈ।

ਸੱਚ ਦਾ ਸੂਰਜ ਚੜ੍ਹ ਕੇ ਆਇਆ, ਚਾਰੇ ਚੱਕ ਕੀਤੀ ਰੁਸ਼ਨਾਈ।
‘ਦੀਸ਼’ ਨਹੀਂ ਕੁੱਲ ਆਲਮ ਆਖੇ, ਧੰਨ ਨਾਨਕ ਤੇਰੀ ਵੱਡੀ ਕਮਾਈ।

———————00000———————

ਕਿਸਾਨੀ ਸੰਘਰਸ਼ ਨੂੰ ਸਮਰਪਿਤ-
ਜਗਾਉਣੀ ਪੈਣੀ ਏਂ (ਗੀਤ)

ਸੁੱਤੀ ਪਈ ਸਰਕਾਰ, ਜਗਾਉਣੀ ਪੈਣੀ eਂੇ।
ਸੁਣੇ ਨਾ ਕੂਕ ਪੁਕਾਰ, ਜਗਾਉਣੀ ਪੈਣੀ ਏਂ।

ਕਿਰਤੀ ਅਤੇ ਕਿਸਾਨ, ਇਕੱਠੇ ਹੋਏ ਨੇ।
ਹੱਕਾਂ ਦੇ ਲਈ ਜੂਝਣ, ਉੱਠ ਖਲੋਏ ਨੇ।
ਲੈਂਦੀ ਨਹੀਂ ਇਹ ਸਾਰ, ਜਗਾਉਣੀ ਪੈਣੀ ਏਂ
ਸੁੱਤੀ…

ਠੰਢ ਦੇ ਵਿੱਚ ਬੁਛਾੜਾਂ ਪਿੰਡੇ ਝੱਲਣਗੇ।
ਤੁਰੇ ਵਹੀਰਾਂ ਘੱਤ, ਕੋਈ ਪਿੜ ਮੱਲਣਗੇ।
ਮੰਨਦੇ ਨਹੀਂ ਹੁਣ ਹਾਰ, ਜਗਾਉਣੀ ਪੈਣੀ ਏਂ
ਸੁੱਤੀ…

ਜੱਗ ਦਾ ਅੰਨ ਦਾਤਾ ਇਹ ਭੁੱਖਾ ਮਰਦਾ ਏ।
ਤੇਰੇ ਕੋਲੋਂ ਦਿੱਲੀਏ, ਕੁੱਝ ਨਾ ਸਰਦਾ ਏ।
ਅਕ੍ਰਿਤਘਰਾਂ ਦੀ ਡਾਰ, ਜਗਾਉਣੀ ਪੈਣੀ ਏਂ
ਸੁੱਤੀ…

ਛੱਡ ਕੇ ਸ਼ੋਸ਼ੇਬਾਜ਼ੀ, ਇਹ ਭਰਮਾਉਂਦੀ ਏ।
ਸ਼ਾਡੇ ਸਬਰ ਨੂੰ ਹਰ ਵਾਰੀ ਅਜ਼ਮਾਉਂਦੀ ਏ।
ਧਨਵਾਨਾਂ ਦੀ ਯਾਰ, ਜਗਾਉਣੀ ਪੈਂਣੀ ਏਂ
ਸੁੱਤੀ…

‘ਦੀਸ਼’ ਦੇ ਸਾਥੀ ਬਣ ਕੇ, ਅਲਖ ਜਗਾ ਦੇਈਏ।
ਇਹਦੇ ਕੰਨੀਂ ਜਾ ਕੇ ਢੋਲ ਵਜਾ ਦੇਈਏ।
ਕਰਨਾ ਪਊ ਇਕਰਾਰ, ਜਗਾਉਣੀ ਪੈਣੀ ਏਂ
ਸੁੱਤੀ…

———————00000———————

ਹਿੰਦ ਦੀ ਚਾਦਰ
ਤੇਗ ਬਹਾਦਰ ਹਿੰਦ ਦੀ ਚਾਦਰ, ਆਣ ਸ਼ਹਾਦਤ ਪਾਈ ਏ।
ਦਿੱਲੀ ਦਾ ਵੀ ਦਿੱਲ ਸੀ ਕੰਬਿਆ, ਝੁੱਲ ਹਨ੍ਹੇਰੀ ਆਈ ਏ।

ਵਿੱਚ ਬਕਾਲੇ ਭਗਤੀ ਕਰਦੇ, ਨੌਂਵੀਂ ਨਾਨਕ ਜੋਤ ਬਣੇ।
ਮੱਖਣ ਸ਼ਾਹ ਲੁਬਾਣੇ ਲਈ, ਮਸੀਹਾ ਤੇ ਡੰਡਉਤ ਬਣੇ।
‘ਗੁਰੂ ਲਾਧੋ ਰੇ’ ‘ਗੁਰੂ ਲਾਧੋ ਰੇ’, ਦੀ ਪਾਈ ਉਸ ਦੁਹਾਈ ਏ
ਤੇਗ………

ਅਨੰਦਪੁਰੀ ਦਾ ਨਗਰ ਵਸਾਇਆ, ਰੌਣਕ ਲਾਈ ਭਾਰੀ ਸੀ।
ਜਿੱਥੇ ਬਹਿ ਦਸ਼ਮੇਸ਼ ਪਿਤਾ ਨੇ, ਕਰਨੀ ਜੰਗ ਤਿਆਰੀ ਸੀ।
ਰੱਖਿਆ ਕਰਨੀ ਮਜ਼ਲੂਮਾਂ ਦੀ, ਅਸਾਂ ਨੂੰ ਤੂੰ ਸਿਖਲਾਈ ਏ
ਤੇਗ……….

ਦੇਖੋ ਮੇਰੇ ਸੱਚੇ ਸਤਿਗੁਰ, ਕੌਤਕ ਨਵੇਂ ਰਚਾ ਗਏ ਨੇ।
ਕਤਲ ਹੋਣ ਲਈ ਕਾਤਿਲ ਦੇ ਕੋਲ, ਆਪੇ ਹੀ ਚਾਲੇ ਪਾ ਲਏ ਨੇ।
ਦੁਨੀਆਂ ਦੇ ਵਿੱਚ ਕੁਰਬਾਨੀ ਦੀ, ਨਵੀਂ ਮਿਸਾਲ ਬਣਾਈ ਏ
ਤੇਗ………

ਕਈ ਰਾਜਾਂ ਤੋਂ ਦਿੱਲੀ ਤੀਕਰ, ਮਹਿਕ ਖਿੰਡਾਈ ਸਿੱਖੀ ਦੀ।
ਖੂਹੇ ਤਾਲ ਲਵਾਏ ਜਿੱਥੇ, ਪਾਣੀ ਦੀ ਥੁੜ੍ਹ ਦਿੱਖੀ ਦੀ।
ਨਾ ਭੈਅ ਦੇਣਾ, ਨਾ ਭੈਅ ਮੰਨਣਾ, ਸਭ ਨੂੰ ਸੋਝੀ ਪਾਈ ਏ
ਤੇਗ………

ਨੌਵੇਂ ਸਤਿਗੁਰ ਤੇਗ ਬਹਾਦਰ, ਸਿੱਖ ਤੇਰੇ ਅਖਵਾਂਦੇ ਹਾਂ।
ਹਉਮੈਂ ਵਾਲੀ ਅੱਗ ਦੇ ਅੰਦਰ, ਸੜਦੇ ਬਲਦੇ ਜਾਂਦੇ ਹਾਂ।
ਬਖਸ਼ੀਂ ਭੁੱਲਾਂ ਦਾਤਾ, ‘ਦੀਸ਼’ ਨੇ ਬਾਂਹ ਤੈਂਨੂੰ ਪਕੜਾਈ ਏ
ਤੇਗ……..

———————00000———————

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ।
ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ।

ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ।
ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ।
ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ
ਬੰਦੀ ਛੋੜ……

ਸੁੱਚਿਆਂ ਵਿਚਾਰਾਂ ਨਾਲ, ਅੰਦਰ ਸਜਾਈਏ ਜੀ।
ਲੋੜਵੰਦਾਂ ਦੀ ਵੀ ਲੋੜ, ਪੂਰੀ ਕਰ ਆਈਏ ਜੀ।
ਦਾਤਾਂ ਜਿਹੜਾ ਦੇਵੇ, ਓਹਦਾ ਸ਼ੁਕਰ ਮਨਾ ਲਿਆ
ਬੰਦੀ ਛੋੜ…….

ਫੂਕੀਏ ਪਟਾਖੇ ਕਾਹਨੂੰ, ਖਰਚੇ ਨੂੰ ਜਰੀਏ।
ਸੰਦਲੀ ਹੈ ਪੌਣ, ਇਹਨੂੰ ਗੰਧਲੀ ਨਾ ਕਰੀਏ।
ਛੱਡ ਜ਼ਹਿਰੀ ਗੈਸਾਂ, ਪ੍ਰਦੂਸ਼ਣ ਵਧਾ ਲਿਆ
ਬੰਦੀ ਛੋੜ…….

ਬੀਜ ਨਾਸ ਨਫ਼ਰਤਾਂ ਦੇ, ਦਿਲਾਂ ਵਿੱਚੋਂ ਕਰੀਏ।
ਲੱਗੇ ਹੋਏ ਫੱਟਾਂ ਉਤੇ, ਮੱਲ੍ਹਮਾਂ ਤਾਂ ਧਰੀਏ।
ਕਰ ਪਛਤਾਵਾ ਜੇ ਹੈ, ਮਨ ਸਮਝਾ ਲਿਆ
ਬੰਦੀ ਛੋੜ…..

ਮੱਸਿਆ ਦੀ ਰਾਤ ‘ਦੀਸ਼’, ਮਨ ਰੁਸ਼ਨਾ ਲਈਏ।
ਗਿਆਨ ਵਾਲਾ ਦੀਪ ਇਕ, ਅੰਦਰ ਜਗਾ ਲਈਏ।
ਵਿਸ਼ੇ ਤੇ ਵਿਕਾਰ ਲਾਹ ਜੇ, ਮਨ ਚਮਕਾ ਲਿਆ
ਬੰਦੀ ਛੋੜ…..

———————00000———————

ਅਕ੍ਰਿਤਘਣ
ਔਰਤ ਦੀ
ਕੁੱਖ ਤੋਂ ਜਨਮ ਲੈ ਕੇ-
ਔਰਤ ਦਾ
ਨਿਰਾਦਰ ਕਰਨ ਵਾਲੇ
ਔਰਤ ਨੂੰ
ਨੁਮਾਇਸ਼ ਦੀ ਵਸਤੂ ਸਮਝਣ ਵਾਲੇ
ਔਰਤ ਨੂੰ
ਪੁਰਜਾ ਪਟੋਲਾ ਕਹਿਣ ਵਾਲੇ
ਔਰਤ ਦਾ
ਮਾਸ ਨੋਚਣ ਵਾਲੇ
ਔਰਤ ਦੇ ਅੰਗ ਕੱਟਣ ਵਾਲੇ
ਇਹ ਵਹਿਸ਼ੀ ਦਰਿੰਦੇ
ਇਹ ਭੇੜੀਏ ਬਘਿਆੜ
ਮਨੁੱਖਾ ਜੂਨ ਨੂੰ
ਕਲੰਕਿਤ ਕਰਨ ਵਾਲੇ-
ਇਹ ਲੋਕ-
ਅਕ੍ਰਿਤਘਣ ਨਹੀਂ ਤਾਂ-
ਹੋਰ ਕੀ ਨੇ???

———————00000———————

ਪਿਤਾ ਦਿਵਸ ਤੇ ਵਿਸ਼ੇਸ਼:-
ਧੀ ਵਲੋਂ ਦਰਦਾਂ ਭਰਿਆ ਗੀਤ

ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ।
ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ।

ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ।
ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ।
ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ।
ਅੱਜ………

ਸਿਰ ਉੱਤੇ ਹੱਥ ਧਰ, ਸੀਨੇ ਨਾਲ ਲਾਂਵਦਾ।
ਅਸੀਸ ਉਹਦੀ ਸੁਣ ਸੀ, ਕਲੇਜਾ ਠਰ ਜਾਂਵਦਾ।
ਦੁੱਖ ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀ।
ਅੱਜ……..

ਪੇਕਿਆਂ ਦੇ ਮਹਿਲ ਹੁਣ, ਦਿੱਲ ਨੂੰ ਨਾ ਭਾਂਵਦੇ।
ਹੁਸਨ, ਜਵਾਨੀ, ਮਾਪੇ, ਮੁੜ ਨਹੀਉਂ ਆਂਵਦੇ।
ਮਾਪਿਆਂ ਦੀ ਦੇਣ ਕਦੇ, ਭੁੱਲੇ ਨਾ ਭੁਲਾਏੇ ਨੀ।
ਅੱਜ……..

ਪੁੱਤਾਂ ਸਾਂਭ ਲੈਣੀਆਂ, ਜ਼ਮੀਨਾਂ ਜਾਇਦਾਦਾਂ ਨੀ।
ਧੀਆਂ ਕੋਲ ਰਹਿਣਗੀਆਂ, ਮਿੱਠੀਆਂ ਤਾਂ ਯਾਦਾਂ ਨੀ।
‘ਦੀਸ਼’ ਨੇ ਤਾਂ ਮਾਪੇ ਸਦਾ, ਦਿੱਲ ‘ਚ ਵਸਾਏ ਨੀ।
ਅੱਜ……..

———————00000———————

ਧਰਤੀ ਮਾਂ ਦੀ ਪੁਕਾਰ

ਮੈਂ ਧਰਤੀ ਮਾਂ ਕਰਾਂ ਪੁਕਾਰ।
ਮੇਰੀ ਵੀ ਹੁਣ ਲੈ ਲਓ ਸਾਰ।

ਨਾ ਸ਼ੁਧ ਹਵਾ ਨਾ ਸ਼ੁਧ ਪਾਣੀ,
ਕੀ ਕਰੇ ਧਰਤੀ ਮਾਂ ਰਾਣੀ।

ਸ਼ੋਰ ਸ਼ਰਾਬਾ ਵੀ ਕੰਨ ਪਾੜੇ,
ਧੂੰਆਂ ਮੇਰੇ ਦਿਲ ਨੂੰ ਸਾੜੇ।

ਜੀਵ ਜੰਤੂ ਵੀ ਮੁੱਕਣ ਲੱਗੇ,
ਫੁੱਲ ਬੂਟੇ ਵੀ ਸੁੱਕਣ ਲੱਗੇ।

ਪਾਣੀ ਹੈ ਜ਼ਹਿਰੀਲਾ ਹੋਇਆ,
ਜਿਉੂਣ ਦਾ ਹੱਕ ਤੁਸਾਂ ਹੈ ਖੋਹਿਆ।

ਕੂੜਾ ਏਨਾ ਸੁੱਟੀ ਜਾਵੋ,
ਸਾਹ ਮੇਰਾ ਤਾਂ ਘੁੱਟੀ ਜਾਵੋ।

ਹੋਈ ਜਾਣ ‘ਓਜ਼ੋਨ’ ‘ਚ ਛੇਕ,
ਸੂਰਜ ਦਾ ਹੁਣ ਸਾੜੂ ਸੇਕ।

ਜੇ ਪ੍ਰਦੂਸ਼ਣ ਵਧਦਾ ਜਾਊ,
ਇੱਕ ਦਿਨ ਪਰਲੋ ਆ ਹੀ ਜਾਊ।

ਹਰ ਬੰਦਾ ਜੇ ਰੁੱਖ ਲਗਾਏ,
ਸਭ ਤੋਂ ਵੱਡਾ ਪੁੰਨ ਕਮਾਏ।

ਅਜੇ ਵੀ ਸੰਭਲੋ ਮੇਰੇ ਲੋਕੋ,
ਜਬਰੀ ਮੇਰਾ ਸਾਹ ਨਾ ਰੋਕੋ।

———————00000———————

ਸੁਣ ਨੀ ਭੈਣ ਅਜ਼ਾਦੀਏ…

ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ।
ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ।

ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ।
ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ।
ਕੂਕੇ, ਬੱਬਰਾਂ, ਤੇਰੀ ਖਾਤਿਰ, ਸਭ ਕੁੱਝ ਲੇਖੇ ਲਾਇਆ।
ਸੁਣ ਨੀ……

ਗਦਰ ਲਹਿਰ ਦੇ ਨਾਇਕ ਸਾਡੇ, ਤਨ ਤੇ ਲੱਖ ਤਸੀਹੇ ਜਰ ਗਏ।
ਐਪਰ ਦੇਸ਼ ਵਾਸੀਆਂ ਦੇ ਵਿੱਚ, ਤੇਰੀ ਇਕ ਚੰਗਿਆੜੀ ਧਰ ਗਏ।
ਮਘਦੀ ਮਘਦੀ ਜੋ ਚੰਗਿਆੜੀ, ਇਕ ਦਿਨ ਰੰਗ ਦਿਖਾਇਆ।
ਸੁਣ ਨੀ…..

ਸੰਨ ਸੰਤਾਲੀ ਵਿੱਚ ਤੂੰ ਆਈ, ਆਉਂਦੇ ਸਾਰ ਹੀ ਵੰਡੀਆਂ ਪਾਈਆਂ।
ਭਾਈ ਆਪਸ ਵਿੱਚ ਲੜਾ ਕੇ, ਖੂਨ ਦੀਆਂ ਨਦੀਆਂ ਤੂੰ ਵਹਾਈਆਂ।
ਤਾਂ ਵੀ ਘੁੰਡ ਚੁਕਾਈ ਦੇ ਕੇ, ਅਸਾਂ ਨੇ ਸ਼ਗਨ ਮਨਾਇਆ
ਸੁਣ ਨੀ…..

ਲਾਈ ਲੱਗ ਤੂੰ ਨਿਕਲੀ ਅੜੀਏ, ਹੱਥ ਸਰਮਾਏਦਾਰਾਂ ਚੜ੍ਹ ਗਈ।
ਪਿੱਠ ਮੋੜਕੇ ਆਪਣਿਆਂ ਵੱਲ, ਗੈਰਾਂ ਦੀ ਬੁੱਕਲ ਵਿੱਚ ਵੜ ਗਈ।
ਸੱਤਰਾਂ ਦੀ ਹੋਈ ਅੜੀਏ, ਤੈਨੂੰ ਹੋਸ਼ ਅਜੇ ਨਾ ਆਇਆ
ਸੁਣ ਨੀ…

ਐਨਾ ਵੱਡਾ ਮੁੱਲ ਤਾਰ ਕੇ, ਸੂਰਮਿਆਂ ਤੈਨੂੰ ਪਰਨਾਇਆ।
‘ਦੀਸ਼’ ਦੇ ਵੀਰਾਂ ਦੀ ਕੁਰਬਾਨੀ, ਦਾ ਤੈਂ ਅੜੀਏ ਮੁੱਲ ਨਾ ਪਾਇਆ।
ਹੱਥ ਅਜੇ ਨਾ ਸਾਡੇ ਆਈ, ਡਾਢਾ ਸਾਨੂੰ ਤੂੰ ਤਰਸਾਇਆ।
ਸੁਣ ਨੀ……

———————00000———————

ਮਾਤਾ ਗੁਜਰੀ ਜੀ ਨੂੰ ਸਮਰਪਿਤ

ਸੀ ਜ਼ੁਲਮਾਂ ਸਤਾਇਆ, ਮੈਂ ਤਾਂ ਵੀ ਨਾ ਡੋਲੀ।
ਬੜਾ ਸਿਤਮ ਢਾਇਆ, ਮੈਂ ਤਾਂ ਵੀ ਨਾ ਡੋਲੀ।

ਜੇ ਸ਼ੌਹਰ ਮੇਰੇ ਹਿੰਦ ਦੀ ਬਣ ਕੇ ਚਾਦਰ,
ਜਾ ਸੀਸ ਕਟਾਇਆ, ਮੈਂ ਤਾਂ ਵੀ ਨਾ ਡੋਲੀ।

ਮੇਰੀ ਮਾਂਗ ਪੂੰਝੀ ਗਈ, ਹੋਰਾਂ ਦੀ ਖਾਤਿਰ,
ਜੇ ਵਿਧਵਾ ਕਹਾਇਆ, ਮੈਂ ਤਾਂ ਵੀ ਨਾ ਡੋਲੀ।

ਮੈਂ ਲਾਲਾਂ ਨੂੰ ਬੰਨ੍ਹੇ ਨਾ, ਸ਼ਗਨਾਂ ਦੇ ਗਾਨੇ,
ਨਾ ਘੋੜੀ ਚੜ੍ਹਾਇਆ, ਮੈਂ ਤਾਂ ਵੀ ਨਾ ਡੋਲੀ।

ਰਸੋਈਏ ਤੇ ਕਰਕੇ ਭਰੋਸਾ ਮੈਂ ਤੁਰ ਪਈ,
ਦਗ਼ਾ ਉਸ ਕਮਾਇਆ, ਮੈਂ ਤਾਂ ਵੀ ਨਾ ਡੋਲੀ।

ਮੇਰੇ ਲਾਲ ਠਰਦੇ ਰਹੇ ਬੁਰਜ ਅੰਦਰ,
ਦੁਪੱਟੇ ‘ਚ ਲੁਕਾਇਆ, ਮੈਂ ਤਾਂ ਵੀ ਨਾ ਡੋਲੀ।

ਬਿਨਾਂ ਦੋਸ਼ ਮਾਸੂਮ ਲਾਲਾਂ ਨੂੰ; ਜ਼ਾਲਿਮ,
ਨੀਹਾਂ ‘ਚ ਚਿਣਾਇਆ, ਮੈਂ ਤਾਂ ਵੀ ਨਾ ਡੋਲੀ।

ਮੈਂ ਹਾਂ ਮਾਤ ਗੁਜਰੀ, ਮੁਸੀਬਤ ‘ਚੋਂ ਗੁਜਰੀ,
ਮੈਂ ਸਭ ਕੁੱਝ ਲੁਟਾਇਆ, ਮੈਂ ਤਾਂ ਵੀ ਨਾ ਡੋਲੀ।

———————00000———————

ਗੜ੍ਹੀ ਚਮਕੌਰ ਦੀ . . .

ਕੱਚੀ ਗੜ੍ਹੀ ਚਮਕੌਰ ਦੀ ਮੈਂ, ਉਦੋਂ ਬੋਲ ਨਾ ਸਕੀ।
ਗੋਬਿੰਦ ਸਿੰਘ ਮੈਂਨੂੰ ਕਰ ਗਿਆ, ਕੱਚੀ ਤੋਂ ਪੱਕੀ।

ਸਿੰਘ ਮਸਾਂ ਹੀ ਚਾਲੀ ਸਨ, ਤੇ ਫੌਜ ਸੀ ਲੱਖਾਂ।
ਢੇਰ ਲਾਸ਼ਾਂ ਦੇ ਲੱਗ ਗਏ, ਮੈਂ ਰੁਲ਼ ਕਈ ਕੱਖਾਂ।
ਯੁੱਧ ਅਸਾਵਾਂ ਦੇਖਦੀ, ਰਹੀ ਹੱਕੀ ਬੱਕੀ।
ਕੱਚੀ . . .

ਮੇਰੀ ਛਾਤੀ ਉੱਤੇ ਸਿਰ ਧਰ, ਸਿੰਘ ਸੂਰਮੇ ਸੁੱਤੇ।
ਅਜੀਤ ਤੇ ਜੁਝਾਰ ਦੋ, ਸਨ ਜੋਬਨ ਰੁੱਤੇ।
ਸਾਂਭਦੀ ਮਰਜੀਵੜੇ, ਮੈਂ ਅਜੇ ਨਾ ਥੱਕੀ।
ਕੱਚੀ . . .

‘ਕੱਲੇ ‘ਕੱਲੇ ਸਿੰਘ ਨੇ, ਵੈਰੀ ਸੁਰਤ ਭੁਲਾਈ।
ਗੋਬਿੰਦ ਦੇ ਜੈਕਾਰਿਆਂ, ਮੇਰੀ ਧਰਤ ਗੂੰਜਾਈ।
ਰੂਹ ਮੇਰੀ ਧੰਨ ਧੰਨ ਕਰੇ, ਸਿੰਘਾਂ ਨੂੰ ਤੱਕੀ।
ਕੱਚੀ . . .

ਕਿਸੇ ਨਾ ਲੋਥਾਂ ਚੁੱਕੀਆਂ, ਮੈਂ ਦਬ ਕੇ ਰਹਿ ਗਈ।
ਧੰਨ ਹੈ ਬੀਬੀ ਸ਼ਰਨ ਕੌਰ, ਜੋ ਸੇਵਾ ਲੈ ਗਈ।
ਚੁੱਕਦੀ ਹੋਈ ਸ਼ਹੀਦਾਂ ਨੂੰ ਰਾਤੀਂ ਨਾ ਥੱਕੀ।
ਕੱਚੀ . . .

ਸੁਣੋ ਸ਼ਹੀਦਾਂ ਦੇ ਵਾਰਸੋ, ਸੰਦੇਸ਼ ਸੁਣਾਵਾਂ।
ਕਿਦਰੇ ਭੁੱਲ ਨਾ ਜਾਵਣਾ, ਮੇਰਾ ਸਿਰਨਾਵਾਂ।
‘ਦੀਸ਼’ ਬੈਠੀ ਇਤਿਹਾਸ, ਨੂੰ ਮੈਂ ਸੀਨੇ ਡੱਕੀ।
ਕੱਚੀ . . .

(ਪੁਸਤਕ- ਜਿਨੀ ਨਾਮੁ ਧਿਆਇਆ)

———————00000———————

Related posts

ਰਾਜਪਾਲ ਕੌਰ ‘ਭਰੀ’

admin

ਚੇਤਨ ਬਿਰਧਨੋ

admin

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin