
ਜ਼ਿੰਦਗੀ ਵਿੱਚ ਅਸੀਂ ਜੋ ਕੁਝ ਕਰਦੇ ਹਾਂ, ਉਸ ਦਾ ਇੱਕੋ-ਇੱਕ ਮਨੋਰਥ ਖੁਸ਼ੀ ਨੂੰ ਹਾਸਲ ਕਰਨਾ ਹੀ ਹੁੰਦਾ ਹੈ। ਜ਼ਿੰਦਗੀ ਵਿੱਚ ਪਿਆਰ, ਦੋਸਤੀ, ਰਿਸ਼ਤੇ, ਸਫਲਤਾ, ਪੈਸਾ ਆਦਿ ਜੋ ਕੁਝ ਵੀ ਮਹੱਤਵਪੂਰਨ ਹੈ, ਸਭ ਖੁਸ਼ੀਆਂ ਨੂੰ ਇਕੱਤਰ ਕਰਨ ਦੇ ਸਾਧਨ ਹਨ। ਮਨੁੱਖ ਦੀ ਫਿਤਰਤ ਹੈ ਕਿ ਉਸ ਕੋਲ ਜੋ ਹੁੰਦਾ ਹੈ, ਉਹ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ ਸਗੋਂ ਜੋ ਉਸਦੇ ਕੋਲ ਨਹੀਂ ਹੁੰਦਾ, ਉਸਦੀ ਲਾਲਸਾ ਉਸ ਨੂੰ ਹਰ ਪਲ ਰਹਿੰਦੀ ਹੈ। ਇਸੇ ਲਾਲਸਾ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਵਿੱਚ ਉਸ ਦੀ ਸਾਰੀ ਉਮਰ ਬੀਤ ਜਾਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਇੱਕੋ ਵਾਰ ਮਿਲੀ ਹੈ ਅਤੇ ਇਸਦੀ ਮਿਆਦ ਬਹੁਤ ਹੀ ਸੀਮਤ ਹੈ। ਇਸ ਦੁਨੀਆਂ ਵਿੱਚ ਕਈਆਂ ਨੂੰ ਤਾਂ ਸੰਸਾਰਕ ਸੁੱਖ ਜੰਮਦਿਆਂ ਹੀ ਮਿਲ ਜਾਂਦੇ ਹਨ ਅਤੇ ਕਈਆਂ ਨੂੰ ਦੋ ਵੱਕਤ ਦੀ ਰੋਟੀ ਦਾ ਵੀ ਫਿਕਰ ਹੁੰਦਾ ਹੈ। ਹਰ ਕਿਸੇ ਦੀ ਪੈਸਾ ਕਮਾਉਣ ਦੀ ਵੱਖਰੀ ਵੱਖਰੀ ਸੀਮਾ ਹੁੰਦੀ ਹੈ। ਮਨੁੱਖ ਆਪਣੀ ਆਮਦਨ ਦੇ ਵਸੀਲਿਆਂ ਮੁਤਾਬਕ ਆਪਣਾ ਘਰ-ਬਾਰ, ਵਹੀਕਲ ਅਤੇ ਹੋਰ ਸੁੱਖ ਸਹੂਲਤਾਂ ਜੁਟਾਉਂਦਾ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਖੁਦ ਨੂੰ ਮਿਲੀਆਂ ਸੁੱਖ ਸਹੂਲਤਾਂ ਦਾ ਲੁਤਫ਼ ਲੈਣ ਦੀ ਬਜਾਏ ਦੂਸਰੇ ਲੋਕਾਂ ਦੀ ਐਸ਼ੋ ਅਰਾਮ ਵਾਲੀ ਜਿੰਦਗੀ ਨੂੰ ਵੇਖਕੇ ਨਿਰਾਸ਼ ਹੁੰਦੇ ਰਹਿੰਦੇ ਹਨ। ਅਸੀਂ ਹਮੇਸ਼ਾ ਆਪਣੇ ਤੋਂ ਅਮੀਰ ਵੱਲ ਵੇਖਦੇ ਹਾਂ ਪਰ ਜੇਕਰ ਵੇਖੀਏ ਤਾਂ ਸਾਡੇ ਤੋਂ ਘੱਟ ਪੈਸਾ ਜਾਂ ਥੋੜੀਆਂ ਸੁੱਖ ਸਹੂਲਤਾਂ ਵਾਲੇ ਲੋਕ ਵੀ ਆਪਣਾ ਜੀਵਨ ਨਿਰਬਾਹ ਕਰਦੇ ਹੀ ਹਨ।