Articles Pollywood

ਹਮੇਸ਼ਾਂ ਲਈ ਤੁਰ ਗਿਆ ਸਦਾ ਬਹਾਰ ਗੀਤਾਂ ਦਾ ਮਸ਼ਹੂਰ ਲੇਖਕ ਤੇ ਗਾਇਕ ਕੇ ਦੀਪ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਤੇਰਾ ਬੜਾ ਕਰਾਰਾ ਪੂਦਨਾ, ਮਾਈ ਮੋਹਣੇ ਵਲਾਇਤ ਚ, ਮਾਈ ਮੋਹਣੋ ਕਨੇਡਾ ਚ, ਦੋ ਛੜਿਆਂ ਦੀ ਇਕ ਢੋਲਕੀ , ਜੋ ਕਰਨਾ ਕਰੀ ਜਾ ਚੁੱਪ ਕਰਕੇ ਆਦਿ ਹੋਰ ਬਹੁਤ ਸਾਰੇ ਸਦਾ ਬਹਾਰ ਗੀਤਾਂ ਦਾ ਲੇਖਕ ਤੇ ਗਾਇਕ, ਆਪਣੀ ਸੁਪਤਨੀ ਜਗਮੋਹਨ ਨਾਲ ਜੁਗਲਬੰਦੀ ਕਰਕੇ ਲੋਕਾਂ ਨੂੰ ਹਸਾ ਹਸਾ ਕੇ ਢਿੱਡੀਂ ਪੀੜਾ ਪਾ ਕੇ ਉਹਨਾਂ ਦਾ ਭਰਪੂਰ ਮਨੋਰੰਜਨ ਕਰਨ ਵਾਲਾ, ਆਪਣੇ ਮੂੰਹ ਚੋ ਢੋਲਕੀ, ਪਿਆਨੋ ਤੇ ਹੋਰ ਕਈ ਤਰਾਂ ਦੇ ਸਾਜ਼ਾਂ ਦੀਆ ਅਵਾਜਾਂ ਕੱਢਣ ਦੀ ਕਲਾ ਦਾ ਮਾਹਿਰ ਕੇ ਦੀਪ ਪੰਜਾਬੀ ਗੀਤ ਸੰਗੀਤ ਦੀ ਦੁਨੀਆ ਦਾ ਇਕ ਬਹੁ ਪੱਖੀ ਤੇ ਬੁਲੰਦ ਕਲਾਕਾਰ ਬੜੇ ਦੁੱਖ ਦੀ ਗੱਲ ਹੈ ਕਿ ਉਹ ਅੱਜ ਸਾਥੋਂ ਸਦਾ ਸਦਾ ਲਈ ਵਿੱਛੜ ਚੁੱਕਾ ਹੈ ।
ਉਹ ਕੇ ਦੀਪ, ਜੋ ਇੱਕੋ ਸਮੇਂ ਗੀਤਕਾਰ, ਗਾਇਕ ਤੇ ਕਮੇਡੀਅਨ ਸੀ, ਜਿਸ ਨੇ ਪੰਜਾਬੀ ਗਾਇਕੀ ਨੂੰ ਨਵਾਂ ਲਹਿਜਾ ਤੇ ਅੰਦਾਜ਼ ਦਿੱਤਾ, ਪੰਜਾਬੀ ਕਮੇਡੀ ਨੂੰ ਨਵੀਂ ਦਿੱਖ ਕੇ ਦਿਸ਼ਾ ਪ੍ਰਦਾਨ ਕੀਤੀ ਤੇ ਜਿਸ ਨੇ ਲੱਖਾਂ ਕਰੋੜਾਂ ਪੰਜਾਬੀਆਂ ਦਾ ਮਨੋਰੰਜਨ ਕਰਕੇ ਵੱਡਾ ਨਾਮਣਾ ਖੱਟਿਆ, ਦੇ ਸਦੀਵੀ ਵਿੱਛੋੜੇ ਦੀ ਖ਼ਬਰ ਸੁਣਕੇ ਬਹੁਤ ਦੁੱਖ ਤੇ ਅਫ਼ਸੋਸ ਹੋਇਆ ।
ਕੇ ਦੀਪ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲਿਆਂ ਆ ਰਿਹਾ ਸੀ, ਉਸ ਦੀ ਵਿਗੜੀ ਹੋਈ ਸਿਹਤ ਸੰਬੰਧੀ ਨਿੱਤ ਦਿਨ ਖ਼ਬਰਾਂ ਆ ਰਹੀਆਂ ਸਨ ਤੇ ਉਹਨਾ ਦੀ ਤੰਦਰੁਸਤੀ ਵਾਸਤੇ ਉਹਨਾ ਨੂੰ ਚਾਹੁਣ ਵਾਲੇ ਲੱਖਾਂ ਸ੍ਰੋਤਿਆਂ ਵੱਲੋਂ ਉਹਨਾਂ ਦੀ ਤੰਦਰੁਸਤੀ ਵਾਸਤੇ ਦੁਆਵਾ ਵੀ ਕੀਤੀਆਂ ਜਾ ਰਹੀਆ ਸਨ, ਪਰ ਕਾਸ਼ ! ਉਹਨਾ ਦੁਆਵਾਂ ਨੂੰ ਬੂਰ ਪੈਂਦਾ ਤੇ ਪੰਜਾਬੀਆ ਦਾ ਮਹਿਬੂਬ ਗਾਇਕ ਕੇ ਦੀਪ ਇਕ ਵਾਰ ਫੇਰ ਸਿਹਤਮੰਦ ਹੋ ਕੇ ਕਿਸੇ ਨਵੇਂ ਗੀਤ ਨੂੰ ਅਵਾਜ ਦੇ ਕੇ ਸ੍ਰੋਤਿਆਂ ਦੇ ਕੰਨਾ ਚ ਆਪਣੀ ਅਵਾਜ ਦਾ ਰਸ ਘੋਲਦਾ, ਪਰ ਨਹੀਂ ਅਜਿਹਾ ਨਹੀਂ ਹੋਇਆ, ਮੌਤ ਚੰਦਰੀ ਨੇ ਪੰਜਾਬੀਆ ਦਾ ਚਹੇਤਾ ਗਾਇਕ ਉਹਨਾਂ ਤੋਂ ਸਦਾ ਵਾਸਤੇ ਖੋਹ ਲਿਆ ।
ਦੁੱਖ ਇਸ ਗੱਲ ਦਾ ਹੈ ਕਿ ਕੇ ਪੀ ਦੀਪ ਵਰਗਾ ਉੱਘਾ ਕਲਾਕਾਰ ਹੁਣ ਸਰੀਰਕ ਤੌਰ ‘ਤੇ ਕਦੇ ਵੀ ਨਜ਼ਰ ਨਹੀਂ ਆਵੇਗਾ, ਪਰ ਸਕੂਨ ਇਸ ਗੱਲ ਦਾ ਵੀ ਹੈ ਕਿ ਉਹ ਪੰਜਾਬੀ ਗਾਇਕੀ, ਕਮੇਡੀ ਤੇ ਅਦਾਕਾਰੀ ਦੇ ਖੇਤਰ ਵਿੱਚ ਏਡਾ ਵੱਡਾ ਯੋਗਦਾਨ ਪਾ ਗਿਆ ਹੈ ਕਿ ਉਹ ਹਮੇਸ਼ਾ ਅਮਰ ਹੋ ਗਿਆ ਹੈ । ਉਸ ਦੇ ਗਾਏ ਤੇ ਲਿਖੇ ਹੋਏ ਗੀਤ ਤੇ ਕਮੇਡੀ ਹਮੇਸ਼ਾ ਵਾਸਤੇ ਸਾਡੇ ਕੰਨਾ ਚ ਰਸ ਘੋਲਦੇ ਰਹਿਣਗੇ । ਸਾਡੀ ਸਭਨਾ ਦੀ ਰੂਹ ਉਹਨਾਂ ਨੂੰ ਹਮੇਸ਼ਾ ਯਾਦ ਰੱਖੇਗੀ, ਹੁਣ ਕੇ ਦੀਪ ਸਾਡੀਆਂ ਯਾਦਾਂ ਚ ਵਸਦਾ ਰਹੇਗਾ ਤੇ ਜੋ ਇਨਸਾਨ ਯਾਦਾਂ ਦੀ ਚੰਗੇਰ ਚ ਵੱਸ ਦਾਂਦੇ ਹਨ, ਉਹ ਰਹਿੰਦੀ ਦੁਨੀਆ ਤੱਕ ਕਦੇ ਵੀ ਨਹੀਂ ਮਰਦੇ, ਸਗੋਂ ਹਮੇਸ਼ਾ ਵਾਸਤੇ ਅਮਰ ਹੋ ਜਾਂਦੇ ਹਨ ।
ਮੈ ਖ਼ੁਦ ਕੇ ਦੀਪ ਦੇ ਕਈ ਅਖਾੜਿਆਂ ਦਾ ਅਨੰਦ ਮਾਣਿਆਂ ਹੈ । ਛੋਟੇ ਹੁੰਦਿਆਂ ਉਸ ਦੇ ਬਹੁਤ ਸਾਰੇ ਗੀਤ ਤੇ ਕਮੇਡੀ ਰਿਕਾਰਡ ਸੁਣੇ ਹਨ । ਕੇ ਦੀਪ ਇਕ ਬਹੁਤ ਹੀ ਮਝਿਆ ਸੁਲਝਿਆ ਗਾਇਕ ਸੀ । ਆਪਣੀ ਗਾਇਕੀ ਦੇ ਬਹੁਤ ਹੀ ਮਜਾਹੀਆ ਤੇ ਤਨਜ ਭਰੇ ਅੰਦਾਜ਼ ਨਾਲ ਉਹ ਪੰਜਾਬੀ ਜਨ ਜੀਵਨ ਦੀਆ ਤਲਖ ਹਕੀਕਤਾਂ ਦਾ ਜ਼ਿਕਰ ਇਸ ਤਰਾਂ ਕਰ ਸਹਿਜ ਰੂਪ ਚ ਕਰ ਜਾਂਦਾ ਸੀ ਜਿਵੇਂ ਕਿਸੇ ਮਰੀਜ਼ ਨੂੰ ਖੰਡ ਚ ਲਪੇਟ ਕੇ ਕੁਨੀਨ ਦੀ ਗੋਲੀ ਦੇਈ ਦੀ ਹੈ । ਜਗਮੋਹਨ ਕੌਰ ਵੀ ਉਹਨਾਂ ਦਾ ਸਾਥ ਬਾਖੂਬੀ ਨਿਭਾਉਂਦੀ ਸੀ । 1970 – 1980 ਦੇ ਦਹਾਕੇ ਚ ਇਸ ਜੋੜੀ ਦੀ ਪੂਰੇ ਪੰਜਾਬ ਚ ਚੜ੍ਹਤ ਹੁੰਦੀ ਸੀ । ਇਹਨਾਂ ਦੇ ਅਖਾੜਿਆ ਚ ਹਜ਼ਾਰਾਂ ਦਾ ਇਕੱਠ ਹੋਇਆ ਕਰਦਾ ਸੀ ਤੇ ਇਸ ਗਾਇਕ ਜੋੜੀ ਦੀ ਕਲਾ ਲਹਿਜੇ ਕਾਰਨ ਲੋਕ ਉਹਨਾ ਦੇ ਅਖਾੜਿਆ ਚ ਪੂਰੀ ਤਰਾਂ ਕੀਲੇ ਜਾਂਦੇ ਸਨ । ਜਗਮੋਹਨ ਕੋਰ ਦਾ ਲੰਮੀ ਹੇਕ ਚ ਗਾਇਆ “ਮਿਰਜਾ” ਲਗਭਗ ਹਰ ਖਾੜੇ ਚ ਦੁਬਾਰਾ ਗਾਊਣ ਦੀ ਫਰਮਾਇਸ਼ ਬਣਦਾ ਤੇ ਇਸ ਜੋੜੀ ਦਾ ਦੋਗਾਣਾ “ਜਾਹ ਭੈੜਾ ਪੋਸਤੀ” ਵੀ ਬੜਾ ਮਸ਼ਹੂਰ ਰਿਹਾ ।
ਕੇ ਦੀਪ ਤੇ ਜਗਮੋਹਨ ਦੀ ਜੋੜੀ ਪੰਜਾਬੀ ਸੋਲੋ ਤੇ ਦੋਗਾਣਾ ਗਾਇਕੀ ਵਿੱਚ ਅਸਮਾਨ ਦੀ ਬੁਲੰਦੀ ਤੱਕ ਮਕਬੂਲ ਵੀ ਹੋਈ ਤੇ ਮਸ਼ਹੂਰ ਵੀ । ਇਸ ਜੋੜੀ ਨੇ ਜਿੱਥੇ ਪੰਜਾਬੀਆ ਦਾ ਭਰਪੂਰ ਮਨੋਰੰਜਨ ਕੀਤਾ ਉੱਥੇ ਪੰਜਾਬੀਆ ਨੇ ਇਹਨਾਂ ਨੂੰ ਦਿਲ ਖੋਹਲਕੇ ਪਿਆਰ ਵੀ ਦਿੱਤਾ ।
ਜਗਮੋਹਨ ਕੌਰ ਕੁੱਜ ਸਾਲ ਪਹਿਲਾ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਈ ਤੇ ਅਜ ਕੇ ਦੀਪ ਵੀ ਤੁਰ ਗਿਆ । ਇਸ ਜੋੜੀ ਦਾ ਇਸ ਸੰਸਾਰ ਤੋਂ ਸਦਾ ਵਾਸਤੇ ਤੁਰ ਜਾਣ ਨਾਲ ਮਨ ਨੂੰ ਬਹੁਤ ਦੁੱਖ ਤੇ ਅਫ਼ਸੋਸ ਹੋਇਆ । ਇਸ ਤਰਾਂ ਲੱਗ ਰਿਹਾ ਹੈ ਕਿ ਜਿਵੇਂ ਪੰਜਾਬੀ ਗਾਇਕੀ ਵਿਚ ਨਵੀਆ ਪਿਰਤਾਂ ਪਾ ਕੇ ਪੰਜਾਬੀ ਗਾਇਕੀ ਨੂੰ ਨਵੀਂ ਲੀਹੇ ਤੋਰਨ ਵਾਲੀ ਤੇ ਪੰਜਾਬੀ ਕਮੇਡੀ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੀ ਇਸ ਗਾਇਕ ਜੋੜੀ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਦੇ ਇਕ ਜੁੱਗ ਦਾ ਹੀ ਅੰਤ ਹੋ ਗਿਆ ਹੋਵੇ ।
ਮਨ ਇਸ ਗੱਲੋਂ ਵੀ ਉਦਾਸ ਹੈ ਕਿ ਬੇਸ਼ੱਕ ਪੰਜਾਬੀਆਂ ਨੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵੱਡੀਆ ਮੱਲਾਂ ਮਾਰੀਆਂ ਤੇ ਵੱਡੀਆ ਤਰੱਕੀਆਂ ਕੀਤੀਆ ਹਨ, ਪਰ ਗਾਇਕਾ, ਲੇਖਕਾਂ ਤੇ ਹੇਰ ਕਲਾਕਾਰਾਂ ਦੇ ਅਨਮੋਲ ਸ਼ਰਮਾਏ ਨੂੰ ਬੁਢੇਪੇ ਚ ਸਾਂਭਣ ਵਾਸਤੇ ਨਾ ਹੀ ਸਰਕਾਰਾਂ ਤੇ ਨਾ ਹੀ ਆਮ ਲੋਕਾਂ ਦਾ ਨੰਬਰ ਪੱਜਾਬ ਵਿੱਚ ਫਾਡੀਆਂ ਦੀ ਸ਼੍ਰੇਣੀ ਚ ਵੀ ਨਹੀਂ ਆਉਂਦਾ । ਦੁੱਖ ਹੁੰਦਾ ਹੈ ਜਦੋਂ ਕੇ ਦੀਪ, ਸ਼ਤੀਸ਼ ਕੌਲ ਤੇ ਅਜਮੇਰ ਔਲ਼ਖ ਵਰਗੇ ਵਰਸਾਟਾਈਲ ਕਲਾਕਾਰਾਂ ਵਾਸਤੇ ਵੀ ਉਹਨਾ ਦੇ ਪਰਿਵਾਰ ਵੱਲੋਂ ਸਰਕਾਰਾਂ ਨੂੰ ਮੀਡੀਏ ਰਾਹੀ ਅਪੀਲਾਂ ਕਰਕੇ ਸਹਾਇਤਾ ਦੀ ਗੁਹਾਰ ਲਗਾਉਣੀ ਪੈਂਦੀ ਹੈ । ਇਸ ਸਭ ਨੂੰ ਦੇਖ ਕੇ ਦਿਲ ਵਿੱਚ ਇਕ ਟੀਸ ਉਠਦੀ ਹੈ ਕਿ ਕੀ ਕਦੇ ਇਸ ਸਿਸਟਮ ਵਿੱਚ ਵੀ ਕੋਈ ਤਬਦੀਲੀ ਆਏਗੀ ? ਕੀ ਮੌਕੇ ਦੀਆ ਸਰਕਾਰਾਂ ਇਸ ਪੱਖੋਂ ਕੋਈ ਕਾਨੂੰਨ ਬਣਾ ਕੇ ਤੇ ਉਸ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਕੇ ਕਦੇ ਆਪਣੇ ਫਰਜ ਨਿਭਾਉਣਗੀਆਂ ? ਕੀ ਪੰਜਾਬ ਦੇ ਲੋਕ ਕਦੇ ਆਪਣੇ ਵਿਰਸੇ ਦੀ ਸਾਂਭ ਸੰਭਾਲ਼ ਵੱਲ ਪੂਰੀ ਸੁਹਿਰਦਤਾ ਨਾਲ ਧਿਆਨ ਦੇਣਗੇ ? ਮੈਨੂੰ ਇਹਨਾਂ ਸਵਾਲਾਂ ਦੇ ਉਤਰ ਦੀ ਤਲਾਸ਼ ਵੀ ਰਹੇਗੀ ਤੇ ਪੰਜਾਬੀਆਂ ਵੱਲੋਂ ਇਹਨਾ ਦੇ ਉੱਤਰਾਂ ਗੀ ਆਸ ਤੇ ਇੰਤਜ਼ਾਰ ਵੀ ਰਹੇਗੀ ।
ਕੇ ਦੀਪ ਸਾਡਾ ਸਭਨਾ ਦਾ ਚਹੇਤਾ ਸੀ, ਉਸ ਨੇ ਵਾਪਸ ਮੁੜ ਨਹੀਂ ਆਉਣਾ, ਆਪਣੀ ਕਲਾ ਦੇ ਜ਼ਰੀਏ ਉਹ ਹਮੇਸ਼ਾ ਜ਼ਿੰਦਾ ਰਹੇਗਾ, ਬੱਸ ਅੱਜ ਜੇਕਰ ਵੱਡੀ ਲੋੜ ਹੈ ਤਾਂ ਕੇ ਦੀਪ ਵਰਗੇ ਹੋਰ ਕਲਾਕਾਰਾਂ ਨੂੰ ਸਾਂਭਣ ਦੀ, ਉਹਨਾ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਹੈ, ਖ਼ਾਸ ਕਰਕੇ ਉਹਨਾ ਦੇ ਬੁਢੇਪੇ ਨੂੰ ਜੀਊਣਸੋਗ ਤੇ ਮਾਨਣਯੋਗ ਬਣਾਉਣ ਦੀ । ਜੇਕਰ ਅਸੀਂ ਇਹ ਸਭ ਕੁੱਜ ਕਰ ਸਕੇ ਜਾ ਸਰਕਾਰਾਂ ਤੇ ਕਰਵਾ ਸਕੇ ਤਾਂ ਮੇਰੀ ਸਮਂਝ ਮੁਤਾਬਿਕ ਕੇ ਦੀਪ ਵਰਗੇ ਮਹਾਨ ਕਲਾਕਾਰ ਨੂੰ ਏਹੀ ਇੱਕੋ ਇਕ ਸੱਚੀ ਸ਼ਰਧਾਂਜਲੀ ਹੋਵੇਗੀ । ਅੰਤ ਚ ਕੇ ਦੀਪ ਦੇ ਅਕਾਲ ਚਲਾਣੇ ਦਾ ਬਹੁਤ ਹੀ ਗਹਿਰਾ ਦੁੱਖ, ਅਫਸੋਸ ਤੇ ਸਦਮੇ ਦਾ ਪ੍ਰਗਟਾਵਾ ਕਰਦਿਆ ਏਹੀ ਕਹਿ ਸਕਦਾ ਹਾਂ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਾਸਤੇ ਕੇ ਦੀਪ ਵਰਗੇ ਅਨਮੋਲ ਹੀਰੇ ਦਾ ਸਦੀਵੀ ਵਿਛੋੜਾ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin