ਗ਼ਜ਼ਲ
ਜਿਉਣ ਲਈ ਕੁਝ ਖ਼ੁਦ ਨੂੰ ,ਇੰਝ ਬਹਿਲਾਉਂਦੇ ਰਹਿਣੇ ਹਾਂ ।
ਮਨ ਦੇ ਪਾਣੀ ਉੱਤੇ ਲੀਕਾਂ,ਵਾਹੁੰਦੇਂ ਰਹਿਣੇ ਹਾਂ।
ਵਿੱਚ ਹਵਾ ਦੇ ਉੱਡਣਾ ਅਕਸਰ, ਫ਼ਿਤਰਤ ਇਹਨਾਂ ਦੀ,
ਰੰਗਾਂ ਦੀ ਅਸਲੀਅਤ ਕੀ,ਸਮਝਾਉਂਦੇ ਰਹਿਣੇ ਹਾਂ।
ਮਹਿਲਾਂ ਵਿੱਚ ਉਦਾਸੀ ਕੁੱਲੀ, ਹੱਸਦੀ ਵੇਖੀ ਜਦ,
ਅੰਦਰ ਉਸਰੇ ਤਖ਼ਤ ਹਜ਼ਾਰੇ ,ਢਾਉਂਦੇ ਰਹਿਣੇ ਹਾਂ।
ਕੋਇਲ ਦੇ ਗੀਤਾਂ ਵਿਚ ਜਦ ਦੀ, ਵੇਦਨ ਵੇਖੀ ਹੈ।
ਹਾਸੇ ਹੱਸਦੇ ਹੋਏ ਵੀ,ਕੁਰਲਾਉਂਦੇ ਰਹਿਣੇ ਹਾਂ।
ਆਪ ਮੁਹਾਰੇ ਅੰਤਰਮਨ ਵਿੱਚ, ਹੁੰਦੀ ਜਦ ਜੁੰਬਿਸ਼
ਵੱਤਰ ਦਿਲ ਤੇ ਕਲਮਾਂ ਦਾ ਹਲ਼,ਵਾਹੁੰਦੇਂ ਰਹਿਣੇ ਹਾਂ।
ਉਹ ਪੱਛਮ ਦਾ ਜਾਇਆ ਬੋਲੇ, ਸ਼ੁੱਧ ਪੰਜਾਬੀ ਜਦ,
ਆਪੇ ਤੋਂ ਜਗਤਾਰ ਬੜਾ, ਸ਼ਰਮਾਉਂਦੇ ਰਹਿਣੇ ਹਾਂ ।
———————00000———————
ਗ਼ਜ਼ਲ
ਨੇਤਰਾਂ ਚੋਂ ਵਗਣ ਲੱਗਾ ਨੀਰ ਸੀ।
ਹੰਝੂਆਂ ਵਿਚ ਓਸ ਦੀ ਤਸਵੀਰ ਸੀ।
ਚਿਤਵਿਆ ਜੋ ਲਾਸ਼ ਬਣਕੇ ਲਟਕਿਆ,
ਵੇਖ ਕੇਹੀ ਖਾਬ ਦੀ ਤਾਬੀਰ ਸੀ।
ਢੋਅ ਰਹੇ ਹਾਂ ਹਰ ਸ਼ਬਦ ਦੇ ਬੋਝ ਨੂੰ
ਨਾਮ ਸਾਡੇ ਲਿਖ ਗਿਆ ਤਹਿਰੀਰ ਸੀ
ਭਟਕਿਆ ਨੂੰ ਰਸਤਿਆਂ ਤੇ ਤੋਰਨਾ,
ਜੁਗਨੂੰਆ ਦੀ ਅਸਲ ਇਹ ਤਦਬੀਰ ਸੀ।
ਦਾਤ ਮਨ ਕੇ ਕਰ ਲਏ ਤਸਲੀਮ ਉਸ,
ਦਰਦ ਤਾਂ ਹੁਣ ਓਸ ਦੀ ਤਕਦੀਰ ਸੀ।
ਕੈਨਵਸ ਤੇ ਰੰਗ ਕਰਦੇ ਮਸ਼ਵਰੇ,
ਜੋ ਮੁਸੱਵਰ ਕਰ ਗਿਆ ਤਕਸੀਰ ਸੀ।
ਵੇਦਨਾ ਨੇ ਜਿਸਮ ਐਦਾਂ ਲੁੱਟਿਆ,
ਰਾਖਿਆਂ ਜਿਉ ਲੁੱਟਿਆ ਕਸ਼ਮੀਰ ਸੀ।
———————00000———————
ਗ਼ਜ਼ਲ
ਦੁਨੀਆਂ ਤਾਂ ਗ਼ਮਗੀਨ ਮਿਲੀ ਹੈ।
ਸੱਜਣ ਤੋਂ ਤਸਕੀਨ ਮਿਲੀ ਹੈ।
ਖੁਦਗਰਜ਼ਾਂ ਦੀ ਨਗਰੀ ਅੰਦਰ,
ਕਵਿਤਾ ਨੂੰ ਤੌਹੀਨ ਮਿਲੀ ਹੈ।
ਖੇਤਾਂ ਦੇ ਵਿੱਚ ਹੱਸਣ ਪੌਣਾਂ,
ਕਿੰਨੀ ਰੁੱਤ ਹੁਸੀਨ ਮਿਲੀ ਹੈ।
ਤਾਜ਼ਾਂ ਤਖਤਾਂ ਨਾਲੋਂ ਸੋਹਣੀ,
ਦਿਲ ਦੇ ਵਿੱਚ ਜਮੀਨ ਮਿਲੀ ਹੈ।
ਸ਼ਬਦਾਂ ਦੀ ਸ਼ਮਸ਼ੀਰ ਚਲਾਵੇ,
ਉਸਨੂੰ ਸੂਝ ਜ਼ਹੀਨ ਮਿਲੀ ਹੈ।
ਦਰਦ ਕਦੋ ਮਹਿਤਾਜ ਬਣੇ ਦਸ,
ਇਹ ਵੀ ਰਮਜ਼ ਮਹੀਨ ਮਿਲੀ ਹੈ।
ਕਿੰਨੀ ਦਿਲ ਦੀ ਯਾਰ ਅਮੀਰੀ,
ਪੱਖੋ ਹੋ ਮਸਕੀਨ ਮਿਲੀ ਹੈ ।
– ਜਗਤਾਰ ਪੱਖੋ