ਮੁੰਬਈ – ਬਾਲੀਵੁੱਡ ਕੁਈਨ ਕੰਗਨਾ ਰਣੌਤ ਨੇ ਕੱਲ੍ਹ ਆਪਣਾ 35ਵਾਂ ਜਨਮਦਿਨ ਮਨਾਇਆ ਹੈ। ਆਪਣੇ ਜਨਮਦਿਨ ਮੌਕੇ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ’ਤੇ ਕਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੰਗਨਾ ਰਣੌਤ ਦੇ ਜਨਮਦਿਨ ਮੌਕੇ ’ਤੇ ਦਿ ਫੈਮਿਲੀ ਮੈਨ ਅਦਾਕਾਰਾ ਅਤੇ ਸਾਊਥ ਦੀ ਵੱਡੀ ਸਟਾਰ ਸਮੰਥਾ ਰੂਥ ਪ੍ਰਭੂ ਨੇ ਵੀ ਸੋਸ਼ਲ ਮੀਡੀਆ ’ਤੇ ਉਸ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਕਿਹਾ। ਸਮੰਥਾ ਨੇ ਆਪਣੇ ਇੰਸਟਾਗ੍ਰਾਮ ’ਤੇ ਕੰਗਨਾ ਦੀ ਵੈਸਸ਼ੋ ਦੇਵੀ ਮੰਦਰ ਦੇ ਦਰਸ਼ਨ ਕਰਨ ਦੀ ਤਸਵੀਰ ਸ਼ੇਅਰ ਕੀਤੀ ਹੈ।
ਬਾਲੀਵੁੱਡ ਸਿਤਾਰਿਆਂ ਵੱਲੋਂ ਵਧਾਈਆਂ
ਕੰਗਨਾ ਰਣੌਤ ਦੀ ਖ਼ੂਬਸੂਰਤ ਤੇ ਮਸਕਰਾਉਂਦੀ ਹੋਈ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਸਾਊਥ ਸੁਪਰਸਟਾਰ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਲਿਖਿਆ, ‘ਬਹੁਤ ਹੀ ਖ਼ੂਬਸੂਰਤ, ਕੰਗਨਾ ਰਣੌਤ ਨੂੰ ਜਨਮਦਿਨ ਮੁਬਾਰਕ, ਉਹ ਹੁਨਰ ਦਾ ਖ਼ਜ਼ਾਨਾ ਹੈ ਅਤੇ ਆਪਣੀ ਹਰ ਪਰਫਾਰਮੈਂਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਸਮੰਥਾ ਰੂਥ ਪ੍ਰਭੂ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ ਨੇ ਵੀ ਕੰਗਨਾ ਨੂੰ ਜਨਮਦਿਨ ਦੀਆਂ ਸੁੱਭ ਕਾਮਨਾਵਾਂ ਦਿੱਤੀਆਂ। ਕਰੀਨਾ ਕਪੂਰ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ’ਤੇ ਕੰਗਨਾ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਰੀਨਾ ਨੇ ਕੈਪਸ਼ਨ ’ਚ ਲਿਖਿਆ, ‘ਡੀਅਰ ਕੰਗਨਾ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ, ਤੁਹਾਨੂੰ ਬਹੁਤ ਸਾਰਾ ਪਿਆਰ।’ ਕੰਗਨਾ ਨੇ ਆਪਣੀ ਇੰਸਟਾ ਸਟੋਰੀ ’ਤੇ ਕਰੀਨਾ ਅਤੇ ਸਮੰਥਾ ਦੀ ਪੋਸਟ ਸ਼ੇਅਰ ਕੀਤੀ ਹੈ।
ਭੈਣ ਰੰਗੋਲੀ ਨਾਲ ਕੀਤੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ
ਆਪਣੇ ਇੰਸਟਾਗ੍ਰਾਮ ’ਤੇ ਕਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦਿਆਂ ਕੰਗਨਾ ਨੇ ਕੈਪਸ਼ਨ ’ਚ ਲਿਖਿਆ, ‘ਅੱਜ ਆਪਣੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਮੈਂ ਭਗਵਤੀ ਸ੍ਰੀ ਵੈਸ਼ਨੋ ਦੇਵੀ ਜੀ ਦਾ ਆਸ਼ੀਰਵਾਦ ਲੈਣ ਲਈ ਆਪਣੀ ਭੈਣ ਰੰਗੋਲੀ ਅਤੇ ਮਾਤਾ-ਪਿਤਾ ਨਾਲ ਮੰਦਰ ਗਈ ਸੀ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਲਈ ਧੰਨਵਾਦ।’ ਇਨ੍ਹਾਂ ਤਸਵੀਰਾਂ ’ਚ ਉਹ ਨੀਲੇ ਰੰਗ ਦਾ ਸੂਟ, ਮੈਰੂਨ ਸਲਵਾਰ ਅਤੇ ਪੀਲੀ ਚੁੰਨੀ ਪਹਿਨੀ ਹੋਈ ਨਜ਼ਰ ਆ ਰਹੀ ਹੈ। ਉਸ ਦੀ ਭੈਣ ਰੰਗੋਲੀ ਨੇ ਵੀ ਉਸ ਨਾਲ ਖ਼ੂਬ ਪੋਜ ਦਿੱਤੇ। ਉਨ੍ਹਾਂ ਦੇ ਜਨਮਦਿਨ ਮੌਕੇ ’ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ।
ਰਿਆਲਿਟੀ ਸ਼ੋਅ ਦੀ ਮੇਜ਼ਬਾਨੀ
ਕੰਗਨਾ ਰਣੌਤ ਸਾਲ 2022 ਵਿਚ ਕਈ ਵੱਡੇ ਪ੍ਰਾਜੈਕਟਾਂ ਵਿੱਚ ਨਜਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਪਲੇਟਫਾਰਮ ’ਤੇ ਪ੍ਰਸਾਰਿਤ ਹੋਣ ਵਾਲੇ ਵਿਵਾਦਿਤ ਰਿਆਲਿਟੀ ਸੋਅ ‘ਲਾਕਅਪ’ ਨੂੰ ਲੈ ਕੇ ਚਰਚਾ ’ਚ ਹੈ। ਉਨ੍ਹਾਂ ਦੇ ਇਸ ਸ਼ੋਅ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਗਨਾ ਧਾਕੜ, ਤੇਜਸ ਵਰਗੀਆਂ ਫਿਲਮਾਂ ’ਚ ਨਜ਼ਰ ਆਉਣ ਵਾਲੀ ਹੈ।