Articles

ਸੋਸ਼ਲ ਮੀਡੀਆ ਬੱਚਿਆਂ ਵਿਚ ਮਾਨਸਿਕ ਅਲਾਮਤਾਂ ਫੈਲਾ ਰਿਹਾ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਸਮਾਜ ਵਿਚ ਅਨੇਕ ਕਿਸਮ ਦੀਆਂ ਬਿਮਾਰੀਆਂ ਅਤੇ ਅਲਾਮਤਾਂ ਫੈਲੀਆਂ ਹੋਈਆਂ ਹਨ। ਬਿਮਾਰੀਆਂ ਅਤੇ ਅਲਾਮਤਾਂ ਨਾਲ ਦੋ-ਚਾਰ ਹੁੰਦਿਆਂ ਪਰਿਵਾਰ ਦਾ ਧਿਆਨ ਆਪਣੇ ਬੱਚਿਆਂ ‘ਤੇ ਨਹੀਂ ਜਾਂਦਾ। ਬੱਚੇ ਜਿੱਥੇ ਦੇਸ਼ ਦਾ ਭਵਿੱਖ ਹੁੰਦੇ ਹਨ, ਉੱਥੇ ਹੀ ਘਰ ਦੀ ਨੀਂਹ ਵੀ ਹੁੰਦੇ ਹਨ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਬੱਚਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਰੋਗੀ ਹੋ ਰਹੇ ਹਨ। ਇੱਕ ਸੰਸਥਾ ਅਨੁਸਾਰ ਭਾਰਤ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ ਕਰੋੜਾਂ ਵਿਚ ਹੈ।

ਜਿਸ ਵਿਚ ਨਾਬਾਲਗ ਬੱਚੇ ਵੀ ਸ਼ਾਮਲ ਹਨ। ਬਹੁਤੇ ਬੱਚਿਆਂ ਦੀ ਉਮਰ ਸਿਰਫ਼ 11 ਸਾਲ ਤੋਂ 17 ਸਾਲ ਤੱਕ ਦੀ ਹੈ। ਬਾਲ ਅਵਸਥਾ ਤੋਂ ਲੈ ਕੇ ਬਾਲਗ ਹੋਣ ਤੱਕ ਬੱਚਿਆਂ ਅੰਦਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਨਿਰੰਤਰ ਆਉਂਦੀਆਂ ਰਹਿੰਦੀਆਂ ਹਨ। ਮਾਪਿਆਂ ਨੂੰ ਬੱਚਿਆਂ ਦੇ ਮਾਨਸਿਕ ਰੋਗੀ ਹੋਣ ਦਾ ਪਤਾ ਨਹੀਂ ਲੱਗਦਾ। ਜਦੋਂ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ, ਉਸ ਵੇਲੇ ਬਿਮਾਰੀ ਕਾਫੀ ਹੱਦ ਤੱਕ ਵਧ ਚੁੱਕੀ ਹੁੰਦੀ ਹੈ।
ਆਉਣ ਵਾਲੇ ਦਸ ਸਾਲਾਂ ‘ਚ ਦੁਨੀਆਂ ਭਰ ਵਿਚ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵਿਚੋਂ ਇੱਕ ਤਿਹਾਈ ਭਾਰਤ ਤੋਂ ਹੀ ਹੋ ਸਕਦੇ ਹਨ। ਬਾਲਗ ਪੀੜਤਾਂ ਨੂੰ ਕਿਸੇ ਸਾਧਨ ਰਾਹੀਂ ਮਾਨਸਿਕ ਤਣਾਅ ਦਾ ਇਲਾਜ਼ ਮਿਲ ਜਾਂਦਾ ਹੈ ਜਾਂ ਉਹ ਖੁਦ ਹੀ ਇਸ ਤੋਂ ਨਿੱਕਲਣ ਦੀ ਹਰ ਸੰਭਵ ਕੋਸ਼ਿਸ਼ ਕਰਕੇ ਸਫਲ ਰਸਤਾ ਬਣਾ ਲੈਂਦਾ ਹੈ। ਪਰ ਚਿੰਤਾ ਦਾ ਵਿਸ਼ਾ ਬੱਚਿਆਂ ਅੰਦਰ ਮਾਨਸਿਕ ਰੋਗ ਦੇ ਕਾਰਨ ਅਤੇ ਇਲਾਜ ਲੱਭਣ ਦਾ ਹੈ। ਜੇਕਰ ਮਨੋਦਸ਼ਾ ਵਿਗੜਨ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਮੁੱਢਲਾ ਕਾਰਨ ਇਹ ਸਾਹਮਣੇ ਆਉਂਦਾ ਹੈ ਕਿ ਲੋਕ ਵੱਡੀ ਗਿਣਤੀ ‘ਚ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਛੱਡ ਕੇ ਨਵੇਂ ਸ਼ਹਿਰਾਂ ਵਿਚ ਵੱਸ ਰਹੇ ਹਨ।
ਇਸ ਸਭ ਦਾ ਅਸਰ ਜਿੱਥੇ ਵਡੇਰੇ ਤੇ ਸਿਆਣੇ ਲੋਕਾਂ ਦੇ ਦਿਲ-ਦਿਮਾਗ ਨੂੰ ਪ੍ਰਭਾਵਿਤ ਕਰ ਰਿਹਾ ਹੈ, ਉੱਥੇ ਹੀ ਇਸ ਨਾਲ ਬੱਚਿਆਂ ਵਿਚ ਡਿਪਰੈਸ਼ਨ ਵਰਗੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ। ਸਿਹਤ ਜਾਣਕਾਰ ਇਹ ਅੰਦਾਜ਼ਾ ਲਾਉਂਦੇ ਹਨ ਕਿ ਭਾਰਤ ਵਿਚ ਵੱਡੇ ਪੱਧਰ ‘ਤੇ ਤਬਦੀਲੀਆਂ ਹੋ ਰਹੀਆਂ ਹਨ। ਸ਼ਹਿਰ ਫੈਲ ਰਹੇ ਹਨ, ਆਧੁਨਿਕ ਸਹੂਲਤਾਂ ਵਧ ਰਹੀਆਂ ਹਨ। ਮਨੋਵਿਗਿਆਨਕ ਅਤੇ ਦਿੱਲੀ ਸਥਿਤ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਇਲਾਇਡ ਸਾਇੰਸ ਦੇ ਨਿਰਦੇਸ਼ਕ ਡਾ. ਨਿਮਿਸ਼ ਦੇਸਾਈ ਮੁਤਾਬਕ ਭਾਰਤ ਵਿਚ ਪਰਿਵਾਰ ਦਾ ਟੁੱਟਣਾ, ਖੁਦਮੁਖ਼ਤਿਆਰੀ ‘ਤੇ ਜ਼ੋਰ ਅਤੇ ਤਕਨਾਲੋਜੀ ਵਰਗੇ ਮੁੱਦੇ ਲੋਕਾਂ ਨੂੰ ਡਿਪਰੈਸ਼ਨ ਵੱਲ ਧੱਕ ਰਹੇ ਹਨ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਚੰਗਾ ਵਿਕਾਸ ਜ਼ਰੂਰੀ ਹੈ ਜਾਂ ਚੰਗੀ ਮਾਨਸਿਕ ਸਿਹਤ ਜ਼ਰੂਰੀ ਹੈ? ਸੋਸ਼ਲ ਮੀਡੀਆ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਵਿਕਾਰਾਂ ਵੱਲ ਲਿਜਾਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ। ਨਾਬਾਲਗ ਉਮਰ ਵਿਚ ਬੱਚਿਆਂ ਨੇ ਜ਼ਿੰਦਗੀ ਦੀ 70 ਪ੍ਰਤੀਸ਼ਤ ਸਿੱਖਿਆ ਹਾਸਲ ਕਰਨੀ ਹੁੰਦੀ ਹੈ। ਉਸ ਪ੍ਰਾਪਤ ਸਿੱਖਿਆ ਵਿਚ ਬੋਲਚਾਲ ਦੀ ਸਿੱਖਿਆ, ਸਮਾਜ ਵਿਚ ਵਿਚਰਣ ਦੀ ਸਿੱਖਿਆ ਤੇ ਕਿਤਾਬੀ ਗਿਆਨ ਆਦਿ ਹੈ। ਪਰ ਅਜੋਕੇ ਦੌਰ ਵਿਚ 2-3 ਸਾਲ ਦੀ ਉਮਰ ‘ਚ ਬੱਚਿਆਂ ਨੂੰ ਖੇਡਣ ਲਈ ਖਿਡੌਣਿਆਂ ਦੀ ਥਾਂ ‘ਤੇ ਉਨ੍ਹਾਂ ਦੇ ਹੱਥ ਵਿਚ ਮੋਬਾਇਲ ਫੋਨ ਦੇ ਦਿੱਤਾ ਜਾਂਦਾ ਹੈ। ਸਰੀਰਕ ਖੇਡਾਂ ਦੀ ਬਜਾਏ ਉਸ ਨੂੰ ਫੋਨ ਦੀ ਆਦਤ ਪੈ ਜਾਂਦੀ ਹੈ।
ਅੱਜ-ਕੱਲ੍ਹ ਬੱਚਿਆਂ ‘ਤੇ ਕਈ ਤਰ੍ਹਾਂ ਦੇ ਪਰਫਾਰਮੈਂਸ ਦਾ ਦਬਾਅ ਹੈ। ਜਿੱਥੇ ਮਾਪੇ ਬੱਚਿਆਂ ਤੋਂ ਲਿਖਣ-ਪੜ੍ਹਨ ਤੋਂ ਇਲਾਵਾ ਹੋਰ ਗਤੀਵਿਧੀਆਂ ਜਿਵੇਂ ਸੰਗੀਤ, ਡਾਂਸ, ਖੇਡਾਂ, ਅਦਾਕਾਰੀ ਆਦਿ ਵਿਚ ਵਧੀਆ ਹੋਣ ਦੀ ਉਮੀਦ ਕਰਦੇ ਹਨ, ਉੱਥੇ ਦੂਜੇ ਪਾਸੇ ਬੱਚਿਆਂ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਨਵੇਂ ਸਟੇਟਸ ਨੂੰ ਅੱਪਡੇਟ ਕਰਨ ਦਾ ਦਬਾਅ ਅੱਗੇ ਉਨ੍ਹਾਂ ਨੂੰ ਆਪਣੀ ਮੌਜੂਦਗੀ ਦਾ ਸਵਾਲ ਬਣਾ ਦਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਵੀ ਅੱਲ੍ਹੜਾਂ ਜਾਂ ਨੌਜਵਾਨਾਂ ਨੂੰ ਤਣਾਅ ਵੱਲ ਲੈ ਕੇ ਜਾਣ ਦਾ ਕਾਰਨ ਬਣ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ 40 ਸਕਿੰਟਾਂ ਵਿਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ। ਜਿਸ ਦਾ ਮਤਲਬ ਹੈ ਕਿ ਇੱਕ ਸਾਲ ਵਿਚ 8 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਸੰਗਠਨ ਅਨੁਸਾਰ, 15 ਤੋਂ 29 ਸਾਲ ਦੀ ਉਮਰ ਵਰਗ ਦੇ ਨੌਜਵਾਨ ਖੁਦਕੁਸ਼ੀ ਕਰਦੇ ਹਨ। ਬੱਚਿਆਂ ਅਤੇ ਮਾਪਿਆਂ ਦੀ ਆਪਸ ਵਿਚ ਵਧ ਰਹੀ ਦੂਰੀ ਕਾਰਨ ਬੱਚੇ ਮਾਨਸਿਕ ਰੋਗੀ ਹੋ ਰਹੇ ਹਨ। ਤੇਜ਼ ਰਫਤਾਰੀ ਯੁੱਗ ਕਾਰਨ ਮਾਪੇ ਬੱਚਿਆਂ ਨਾਲ ਸਮਾਂ ਬਤੀਤ ਨਹੀਂ ਕਰ ਪਾਉਂਦੇ। ਜਿਸ ਕਾਰਨ ਬੱਚੇ ਚਿੜਚਿੜੇ, ਆਲਸੀ, ਸੋਸ਼ਲ ਮੀਡੀਏ ਜਾਂ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਨਾਲ ਉਹ ਮਾਨਸਿਕ ਸਿਹਤ ਪੱਖੋਂ ਵਿਗੜ ਜਾਂਦੇ ਹਨ।
ਇਸ ਤੋਂ ਇਲਾਵਾ ਮਾੜਾ ਸੰਗੀਤ, ਅਸ਼ਲੀਲ ਫਿਲਮਾਂ ਆਦਿ ਕਾਰਨ ਵੀ ਉਕਤ ਬਿਮਾਰੀ ਵਿਚ ਵਾਧਾ ਕਰਦੇ ਹਨ। ਛੋਟੀ ਉਮਰ ਦੇ ਬੱਚਿਆਂ ਦਾ ਘੋਰ-ਨਿਰਾਸ਼ਾ ਅਤੇ ਤਣਾਅ ਦੇ ਸ਼ਿਕਾਰ ਹੋਣ ‘ਤੇ ਮਾਹਿਰ ਮਨੋਵਿਗਿਆਨੀ ਵੀ ਇੰਨੇ ਫ਼ਿਕਰਮੰਦ ਵਿਖਾਈ ਨਹੀਂ ਦੇ ਰਹੇ, ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ। ਮਾਨਸਿਕ ਰੋਗ ਬੱਚਿਆਂ ਵਿਚ ਆਮ ਵਾਂਗ ਹੋ ਗਿਆ ਹੈ। ਬੱਚਿਆਂ ਦੇ ਮਾਪੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਜਦੋਂ ਇਹ ਬਿਮਾਰੀ ਇਲਾਜ ਸੀਮਾ ਤੋਂ ਬਾਹਰ ਹੋ ਜਾਂਦੀ ਹੈ ਤਾਂ ਮਾਪੇ ਧਿਆਨ ਦਿੰਦੇ ਹਨ। ਪਰ ਅਫ਼ਸੋਸ ਉਸ ਵੇਲੇ ਇਲਾਜ ਅਸੰਭਵ ਹੋ ਜਾਂਦਾ ਹੈ।
ਅਜੋਕੇ ਸਮੇਂ ਵਿਚ ਬੱਚਿਆਂ ਵਿਚ ਪੈਦਾ ਹੋ ਰਹੀ ਮਾਨਸਿਕ ਤਣਾਅ ਦੀ ਬਿਮਾਰੀ ਤੋਂ ਉਨ੍ਹਾਂ ਨੂੰ ਬਚਾਉਣ ਲਈ ਉਚੇਚਾ ਧਿਆਨ ਦੇਣ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਕੱਢ ਕੇ ਬੱਚਿਆਂ ਨੂੰ ਸਰੀਰਕ ਤੌਰ ‘ਤੇ ਮਜ਼ਬੂਤ ਕਰਨ। ਮੋਬਾਇਲ ਫੋਨਾਂ ਦੀ ਥਾਂ ‘ਤੇ ਉਨ੍ਹਾਂ ਰਿਵਾਇਤੀ ਖੇਡਾਂ ਵਿਚ ਪਾਉਣ।
ਉਨ੍ਹਾਂ ਦੇ ਖਾਣ-ਪੀਣ ਨੂੰ ਪੌਸ਼ਟਿਕ ਬਣਾਇਆ ਜਾਵੇ। ਪੜ੍ਹਾਈ ਜਾਂ ਹੋਰ ਕਿਸੇ ਕਿਸਮ ਦੇ ਦਬਾਅ ਤੋਂ ਬੱਚਿਆਂ ਨੂੰ ਮੁਕਤ ਰੱਖਿਆ ਜਾਵੇ। ਜਦੋਂ ਵੀ ਬੱਚੇ ਅੰਦਰ ਮਾਨਸਿਕ ਤਣਾਅ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ ਤੇ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾਵੇ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਸਿੱਖ ਚਿੰਨ੍ਹਾਂ ‘ਤੇ ਸਪੱਸ਼ਟ ਦਿਸ਼ਾ-ਨਿਰਦੇਸ਼ ਲਾਗੂ ਕਰਾਉਣ ਲਈ ਜਨਹਿੱਤ ਪਟੀਸ਼ਨ ਦਾਇਰ !

admin

ਹਾਈਕੋਰਟ ਵਲੋਂ ਲੈਂਡ ਪੂਲਿੰਗ ਪਾਲਿਸੀ ‘ਤੇ 4 ਹਫ਼ਤੇ ਦੀ ਰੋਕ, ਅਗਲੀ ਸੁਣਵਾਈ 10 ਸਤੰਬਰ ਨੂੰ !

admin