Story

ਕਿਸਾਨ ਅੰਦੋਲਨ ਤੇ ਅਮਲੀ।

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਪਿੰਡ ਦੀ ਸੱਥ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਗਰਮਾ ਗਰਮ ਬਹਿਸ ਚੱਲ ਰਹੀ ਸੀ। ਸਾਰੇ ਕਿਸਾਨ ਸਰਕਾਰ ਦੇ ਵਿਰੁੱਧ ਰੱਜ ਕੇ ਭੜਾਸ ਕੱਢ ਰਹੇ ਸਨ। ਤੇਜਾ ਅਮਲੀ ਆਪਣੀਆਂ ਸਾਫੇ ਵਿੱਚੋਂ ਬਾਹਰ ਨਿਕਲੀਆਂ ਜਟੂਰੀਆਂ ਅੰਦਰ ਕਰਦਾ ਹੋਇਆ ਬੋਲਿਆ, “ਯਾਰ ਮੈਂ ਤਾਂ ਸੁਣਿਆਂ ਇਹ ਕਾਨੂੰਨ ਈ ਬੜਾ ਵਧੀਆ ਆ। ਕਿਸਾਨ ਜਿੱਥੇ ਚਾਹੇ ਚਾਹੇ ਆਪਣੀ ਫਸਲ ਵੇਚ ਸਕਦਾ ਆ। ਤੁਸੀਂ ਹੋਰ ਕੀ ਭਾਲਦੇ ਉ?”  “ਕੀ ਬਕੀ ਜਾਨਾ ਉਏ ਅਮਲੀਆ? ਇਥੇ ਸਾਰੇ ਪੰਜਾਬ ਦੇ ਕਿਸਾਨ ਰੇਲ ਦੀਆਂ ਪਟੜੀਆਂ ‘ਤੇ ਬੈਠੇ ਧੁੱਪੇ ਸੜਨ ਡਹੇ ਨੇ ਤੇ ਤੂੰ ਸਾਲਿਆ ਸਰਕਾਰ ਦੀਆਂ ਸਿਫਤਾਂ ਕਰੀ ਜਾਨਾਂ। ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ?”  “ਗੱਲ ਸੁਣ ਲਉ ਮੇਰੀ ਵੱਡਿਉ ਸਿਆਣਿਉਂ ਕੰਨ ਖੋਲ੍ਹ ਕੇ। ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਫਿਰ ਯੂ.ਪੀ. ਤੇ ਰਾਜਸਥਾਨ ਦੇ ਡੋਡਿਆਂ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਆਪਣੀ ਅਫੀਮ ਤੇ ਭੁੱਕੀ ਪੰਜਾਬ ਲਿਆ ਕੇ ਵੇਚ ਸਕਣਗੇ। ਬਾਬੇ ਟਿੱਬੇ ਵਾਲੇ ਦੀ ਕ੍ਰਿਪਾ ਨਾਲ ਸਾਨੂੰ ਵੀ ਕਿਤੇ ਪਿਉਰ ਮਾਲ ਦਾ ਸੇਵਨ ਕਰਨ ਦਾ ਮੌਕਾ ਮਿਲੂਗਾ। ਆਪਣੇ ਪਿੰਡ ਵਾਲਾ ਕਾਲੂ ਬਲੈਕੀਆ ਤਾਂ ਸਾਲਾ ਭੁੱਕੀ ਦੇ ਨਾਮ ‘ਤੇ ਮੁਰਗੀਆ ਦੀ ਫੀਡ ਈ ਵੇਚੀ ਜਾਂਦੈ ਕੈਮੀਕਲ ਮਿਲਾ ਕੇ। ਅਸੀਂ ਧਾਡੇ ਕਣਕ ਝੋਨੇ ਤੋਂ ਟਿੰਡੀਆਂ ਲੈਣੀਆਂ ਆਂ?” ਤੇਜੇ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਤੇ ਕਈ ਕਲਪਨਾ ਵਿੱਚ ਹੀ ਭੂਰੇ ਰੰਗ ਦੀ ਰਾਜਸਥਾਨੀ ਅਫੀਮ ਨੂੰ ਡੁੰਗਣ ਦੀ ਉਮੀਦ ਵਿੱਚ ਬੁੱਲਾਂ ‘ਤੇ ਜੀਭ ਫੇਰਨ ਲੱਗ ਪਏ।

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਾਂ ਦੀ ਮਮਤਾ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin