Articles

ਮਾਈ ਦੇ ਬਲਿਹਾਰੇ ਭਾਈ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਸਾਡੇ ਨਾਲ਼ ਸਕੇ-ਸੋਧਰੇ ਰਿਸ਼ਤੇਦਾਰਾਂ ਵਾਂਗ ਮਿਲ਼ਦੇ ਵਰਤਦੇ ਪੰਜਾਬ ਰਹਿੰਦੇ ਜਾਣੂਆਂ ਦੇ ਘਰੇ ਵਿਆਹ ਸਮਾਗਮ ਹੋ ਰਿਹਾ ਸੀ। ਅਸੀਂ ਵਿਦੇਸ਼ ਵਿੱਚ ਬੈਠੇ ‘ਲਾਈਵ’ ਤਕਨੀਕ ਰਾਹੀਂ ਉਸਦਾ ਅਨੰਦ ਮਾਣ ਰਹੇ ਸਾਂ। ਉਸ ਟੱਬਰ ਦੇ ਸਾਰੇ ਅੰਗਾਂ-ਸਾਕਾਂ ਨਾਲ਼ ਵੀ ਗੂੜ੍ਹੀ ਜਾਣ ਪਛਾਣ ਹੋਣ ਕਰਕੇ ਅਸੀਂ ਸਾਰਾ ਪ੍ਰਵਾਰ ਟੀ.ਵੀ ਸਕਰੀਨ ’ਤੇ ਉਨ੍ਹਾਂ ਨੂੰ ਘੁੰਮਦਿਆਂ ਫਿਰਦਿਆਂ ਦੇਖ ਦੇਖ, ਸਾਰਿਆਂ ਦੇ ਨਾਂ ਲੈ ਲੈ ਕੇ ਇੱਕ ਦੂਜੇ ਨੂੰ ਦੱਸ ਰਹੇ ਸਾਂ ਕਿ ‘ਔਹ ਫਲਾਣਾ ਐ …ਔਹ ਢਿਮਕਾ ਐ!’ ਜਾਣੋ ਸਾਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅਸੀਂ ਦੂਰ ਪ੍ਰਦੇਸ ’ਚ ਨਾ ਹੋ ਕੇ ਪੰਜਾਬ ਵਿੱਚ ਹੋ ਰਹੇ ਉਸ ਵਿਆਹ ਵਿੱਚ ਹੀ ਸ਼ਾਮਲ ਹੋਈਏ!

ਪ੍ਰਾਹੁਣਿਆਂ ਦੇ ਚਾਹ-ਪਾਣੀ ਛਕਦਿਆਂ ਅਤੇ ਮਗਰੋਂ ਭੋਗ ਉਪਰੰਤ ਸ਼ਬਦ ਕੀਰਤਨ ਸੁਣਦਿਆਂ ਨੂੰ, ਅਸੀਂ ਹੋਰ ਤਾਂ ਸਭ ਨੂੰ ਨਾਲ਼ੋ ਨਾਲ਼ ਸਿਆਣਦੇ ਪਛਾਣਦੇ ਰਹੇ ਪਰ ਇੱਕ ਬਜੁਰਗ ਮਾਤਾ ਜੋ ਪ੍ਰਵਾਰ ਦੇ ਮੁਖੀਏ ਕੋਲ਼ ਕੁਰਸੀ ਉੱਤੇ ਬੈਠੀ ਸੀ, ਸਿਰਫ ਉਹ ਹੀ ਸਾਡੇ ਪਛਾਣ ’ਚ ਨਾ ਆਈ। ਅਸੀਂ ਸਾਰੇ ਜਣੇ ਇਹ ਦੇਖ ਦੇਖ ਵੀ ਹੈਰਾਨ ਹੋ ਰਹੇ ਸਾਂ ਕਿ ਉਸ ਮਾਤਾ ਨੂੰ, ਪ੍ਰਵਾਰ ਦੇ ਮੁੰਡੇ ਕੁੜੀਆਂ ਅਤੇ ਹੋਰ ਨਿਆਣੇ ਝੁਕ-ਝੁਕ ਸਤਿਕਾਰ ਦੇ ਰਹੇ ਸਨ। ਕੋਈ ਉਸਨੂੰ ਬੈਠੀ ਨੂੰ ਖਾਣ ਪੀਣ ਦੀਆਂ ਚੀਜਾਂ ਲਿਆ ਲਿਆ ਕੇ ਦੇ ਰਿਹਾ ਸੀ ਤੇ ਕੋਈ ਚਾਹ ਦੇ ਗਿਲਾਸ। ਗੱਲ ਕੀ ਉਸ ਮਾਈ ਬਾਰੇ ਜਾਨਣ ਲਈ ਸਾਡੇ ਸਾਰਿਆਂ ’ਚ ਉਤਸੁਕਤਾ ਜਿਹੀ ਹੋ ਗਈ ਕਿ ਇਹਦਾ ਉਸ ਪ੍ਰਵਾਰ ਨਾਲ਼ ਕੀ ਰਿਸ਼ਤਾ ਹੋਵੇ ਗਾ ਤੇ ਕਦੋਂ ਜੁੜਿਆ ਹੋਵੇਗਾ ?

ਗੱਲ ਤਾਂ ਭਾਵੇਂ ਇਹ ਮਾਮੂਲੀ ਸੀ ਪਰ ਮੈਂ ਦੂਜੇ ਤੀਜੇ ਦਿਨ ਉਸ ਪ੍ਰਵਾਰ ਦੇ ਮੁਖੀਏ ਨੂੰ ਫੋਨ ’ਤੇ ਵਿਆਹ ਦੀਆਂ ਵਧਾਈਆਂ ਦੇਣ ਵੇਲੇ ਉਸ ਮਾਤਾ ਬਾਰੇ ਪੁੱਛ ਲਿਆ ਕਿ ਉਹ ਕੌਣ ਸੀ ? ਮੇਰਾ ਸਵਾਲ ਸੁਣ ਕੇ ਜੋਰ ਦੀ ਹੱਸਦਿਆਂ ਉਹ ਕਹਿੰਦਾ ਕਿ ਵਿਆਹ ਵਿੱਚ ਵੀ ਸਾਨੂੰ ਕਈ ਜਣੇ ਇਹੋ ਸਵਾਲ ਪੁੱਛਦੇ ਰਹੇ ਭਰਾਵਾ ! ਆਪ ਕੁੱਝ ਦੱਸਣ ਦੀ ਬਜਾਏ ਉਸਨੇ ਆਪਣੇ ਮੁੰਡੇ ਨੂੰ ਫੋਨ ਫੜਾਉਂਦਿਆਂ ਮੈਨੂੰ ਕਿਹਾ ਕਿ ਲੈ ਆਪਣੇ ਪੁਲ਼ਸੀਏ ਭਤੀਜੇ ਤੋਂ ਹੀ ਪੁੱਛ ਲੈ ਉਸ ਮਾਈ ਬਾਰੇ ! ਇਹ ਗੱਲ ਸੁਣਕੇ ਉਸ ਮਾਤਾ ਪ੍ਰਤੀ ਮੇਰੀ ਜਗਿਆਸਾ ਹੋਰ ਵਧ ਗਈ ! ਵਰ੍ਹਿਆਂ ਤੋਂ ਪੁਲੀਸ ’ਚ ਨੌਕਰੀ ਕਰਦੇ ਉਸ ਮੁੰਡੇ ਨੇ ਮਾਤਾ ਬਾਰੇ ਵੇਰਵਾ ਇੰਜ ਸੁਣਾਇਆ:-

ਪੁਲੀਸ ਵਿੱਚ ਨੌਕਰੀ ਕਰਦਿਆਂ ਇਹ ਨੌਜਵਾਨ ਨਵੇਂ ਬਣਾਏ ਜਾ ਰਹੇ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਵਾਸਤੇ ਪਿੰਡਾਂ ਸ਼ਹਿਰਾਂ ਵਿੱਚ ਜਾਂਦਾ ਹੁੰਦਾ ਸੀ।ਰੁਟੀਨ ਅਨੁਸਾਰ ਇਹ ਰਾਹੋਂ ਲਾਗੇ ਪਿੰਡ ਛੋਕਰਾਂ ਗਿਆ ਜਿੱਥੇ ਉਹ ਇਸ ਮਾਤਾ ਦੇ ਘਰੇ ਪਹੁੰਚਿਆ। ਪੁਲ਼ਸੀਆ ਅੰਦਾਜ਼ ਵਿੱਚ ਇਹ ਮਾਤਾ ਨੂੰ ਕਹਿਣ ਲੱਗਾ ਕਿ ਮਾਈ ਤੈਂ ਏਸ ਉਮਰ ਵਿੱਚ ਪਾਸਪੋਰਟ ਬਣਾ ਕੇ ਕਿੱਥੇ ਸੈਰ ਕਰਨ ਜਾਣਾ ਐਂ ? ਮਾਤਾ ਕਹਿੰਦੀ ਵੇ ਪੁੱਤ ਮਸਾਂ-ਮਸਾਂ ਤਾਂ ਸ੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਐ … ਮੈਂ ਸੋਚਿਆ ਕਿ ਜਿਊਂਦੇ ਜੀਅ ਮੈਂ ਵੀ ਸਿਰ ਨਿਵਾ ਆਵਾਂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ!

ਕਾਗਜ ਪੱਤਰਾਂ ਉੱਤੇ ਦਸਤਖਤ ਵਗੈਰਾ ਕਰਵਾ ਕੇ ਜਦ ਇਹ ਪੁਲ਼ਸੀਆ ਮਾਤਾ ਕੋਲੋਂ ਉੱਠਿਆ ਤਾਂ ਮਾਈ ਨੇ ਖੀਸੇ ’ਚੋਂ ਕੁੱਝ ਨੋਟ੍ ਉਹਦੇ ਵੱਲ ਵਧਾਉਂਦਿਆਂ ਕਿਹਾ- “ਲੈ ਪੁੱਤ,ਜਿਹਨੂੰ ਤੁਸੀਂ ‘ਚਾਹ-ਪਾਣੀ’ ਕਹਿੰਦੇ ਹੁੰਨੇ ਆਂ ?”

ਨੋਟ ਮੋੜਦਿਆਂ ਪੁਲ਼ਸੀਆ ਬੋਲਿਆ- “ਮਾਤਾ ਜੀ, ਉਹ ਹੋਰ ਹੋਣਗੇ ਰਿਸ਼ਵਤਾਂ ਖਾਣ ਵਾਲ਼ੇ। ਆਪਾਂ ਤਾਂ ਕਾਨੂੰਨ ਅਨੁਸਾਰ ਸਰਕਾਰ ਦੀ ਇਮਾਨਦਾਰੀ ਨਾਲ਼ ਨੌਕਰੀ ਕਰਦੇ ਹਾਂ !”

ਇਹ ਗੱਲ ਸੁਣਕੇ ਮਾਈ ਨੇ ਕੋਲ਼ੋਂ ਉੱਠੇ ਇਸ ਪੁਲ਼ਸੀਏ ਨੂੰ ਬਾਹੋਂ ਫੜ ਕੇ ਮੁੜ ਆਪਣੇ ਕੋਲ ਬਹਾ ਲਿਆ। ਬੜੇ ਮੋਹ ਅਤੇ ਅਪਣੱਤ ਨਾਲ਼ ਉਹਦੀ ਪਿੱਠ ਪਲ਼ੋਸਦਿਆਂ ਮਾਤਾ ਉਹਨੂੰ ਕਹਿਣ ਲੱਗੀ,

“ਪੁੱਤ ਮੇਰਿਆ ! ਬਹੁਤ ਖੁਸ਼ੀ ਦੀ ਗੱਲ ਹੈ ਕਿ ਤੂੰ ਸਰਕਾਰ ਦੀ ਨੌਕਰੀ ਇਮਾਨਦਾਰੀ ਨਾਲ ਕਰ ਰਿਹਾ ਐਂ, ਤੇਰੇ ਸ਼ਾਬਾਸ਼ੇ ! ਪਰ ਸੋਹਣਿਆਂ ਤੇਰੇ ਸਿਰ ਉੱਤੇ ਦਸਤਾਰ ਹੈ ਤੇ ਕੇਸਾਂ ਦਾ ਜੂੜਾ ਵੀ ਦਿਸਦਾ ਹੈ ਪਰ ਤੂੰ ਆਪਣੀ ਦਾਹੜੀ ਕਿਉਂ ਕਤਰਦਾ ਐਂ ? ਕਿੰਨਾਂ ਚੰਗਾ ਹੋਵੇ ਜੇ ਤੂੰ ਆਪਣੇ ਸਤਿਗੁਰੂ ਵਾਸਤੇ ਵੀ ਇਮਾਨਦਾਰ ਹੋ ਜਾਵੇਂ!”

“ਲਉ ਚਾਚਾ ਜੀ ….” ਉਪਰੋਕਤ ਜਾਣਕਾਰੀ ਦੇਣ ਉਪਰੰਤ ਮੁੰਡਾ ਮੈਨੂੰ ਮੁਖਾਤਿਬ ਹੋਇਆ-

‘ਕਬੀਰ ਸਤਿਗੁਰ ਸੂਰਮੇਂ ਬਾਹਿਆ ਬਾਣ ਜੋ ਏਕ’ ਵਾਲ਼ੀ ਗੱਲ ਹੋ ਗਈ ! ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ, ਮਾਤਾ ਦੇ ਚਰਨ ਪਰਸਦਿਆਂ ਉਸ ਦਿਨ ਵਾਅ੍ਹਦਾ ਕਰ ਲਿਆ ਸੀ ਕਿ ਮੈਂ ਮੁੜ ਕੇ ਕੇਸਾਂ ਨੂੰ ਕੈਂਚੀ ਨਹੀਂ ਲਾਵਾਂ ਗਾ ! ਹੁਣ ਅਸੀਂ ਵੀ ਮਾਤਾ ਦੇ ਘਰੇ ਹਰ ਕਾਰਜ ’ਤੇ ਜਾਂਦੇ ਆਉਂਦੇ ਹਾਂ ਤੇ ਉਹ ਵੀ ਸਾਡੇ ਨਾਲ਼ ਮਿਲ਼ਦੇ ਵਰਤਦੇ ਆ ਰਹੇ ਨੇ !

ਫਿਰ ਇੱਕ ਦਿਨ ਉਸਨੇ ਪੋਤਿਆਂ-ਦੋਹਤਿਆਂ ਵਾਲ਼ੇ ਭਰੇ-ਭਕੁੰਨੇ ਪ੍ਰਵਾਰ ਵਾਲ਼ੀ ਉਸ ਸਤਿਕਾਰਿਤ ਮਾਤਾ ਦੀ ਮੇਰੇ ਨਾਲ਼ ਵੀ ਫੋਨ ’ਤੇ ਗੱਲ ਕਰਵਾਈ !

‘ਹਮਨਸ਼ੀਨੀਂ ਆਰਿਫੋਂ ਸੇ ਮਿਲਤੀ ਹੀ ਜ਼ਿੰਦਗੀ ਅਬਦ

ਸੋਹਬਤੇਂ ਨਾਦਾਨ ਗ਼ੋਇਆ ਮੌਤ ਕਾ ਪੈਗਾਮ ਹੈ !’

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin