ਮੁੰਬਈ – ਬਾਲੀਵੁੱਡ ਅਦਾਕਾਰ ਪਤੀ-ਪਤਨੀ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਮਨਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਭਿਨੇਤਾ ਵਿੱਕੀ ਕੌਸ਼ਲ ਨੇ ਬੀਤੇ ਦਿਨ ਆਪਣੇ ਮੈਨੇਜਰ ਦੇ ਜ਼ਰੀਏ ਇਸ ਸਬੰਧੀ ਸਾਂਤਾਕਰੂਜ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਚ ਵਿੱਕੀ ਨੇ ਕਿਹਾ ਕਿ ਇਕ ਵਿਅਕਤੀ ਸੋਸ਼ਲ ਮੀਡੀਆ ‘ਤੇ ਉਸ ਦੀ ਪਤਨੀ ਕੈਟਰੀਨਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਧਮਕੀਆਂ ਦਾ ਇਹ ਸਿਲਸਿਲਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ।
ਕੈਟਰੀਨਾ ਅਤੇ ਵਿੱਕੀ ਦਾ ਵਿਆਹ ਪਿਛਲੇ ਸਾਲ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਵਿੱਚ ਹੋਇਆ ਸੀ। ਦੋਵੇਂ 2019 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਜਲਦ ਹੀ ਸਲਮਾਨ ਖਾਨ ਨਾਲ ਫਿਲਮ ‘ਟਾਈਗਰ 3’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਦੇ ਨਾਲ ‘ਫੋਨ ਭੂਤ’ ‘ਚ ਨਜ਼ਰ ਆਵੇਗੀ।
ਇਸ ਦੇ ਨਾਲ ਹੀ ਵਿੱਕੀ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਸਾਰਾ ਅਲੀ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ ‘ਪ੍ਰੋਡਕਸ਼ਨ ਨੰਬਰ 25’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵਿੱਕੀ ਜਲਦ ਹੀ ‘ਗੋਵਿੰਦਾ ਨਾਮ ਮੇਰਾ’, ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਅਤੇ ਨਿਰਦੇਸ਼ਕ ਲਕਸ਼ਮਣ ਉਟੇਕਰ ਦੀ ਅਗਲੀ ਅਨਟਾਈਟਲ ਫਿਲਮ ‘ਚ ਨਜ਼ਰ ਆਉਣਗੇ।
ਸਲਮਾਨ ਖਾਨ ਨੂੰ ਵੀ ਧਮਕੀਆਂ
ਕੁੱਝ ਦਿਨ ਪਹਿਲਾਂ ਹੀ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਚੁੱਕੀ ਹੈ। ਦਰਅਸਲ, ਇਹ ਸਾਰਾ ਮਾਮਲਾ 5 ਜੂਨ ਦੀ ਸਵੇਰ ਨੂੰ ਉਦੋਂ ਸਾਹਮਣੇ ਆਇਆ ਜਦੋਂ ਸਲਮਾਨ ਦੇ ਪਿਤਾ ਸਲੀਮ ਸੈਰ ‘ਤੇ ਗਏ ਸਨ। ਰਸਤੇ ‘ਚ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਅਤੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਪੱਤਰ ਦਿੱਤਾ। ਚਿੱਠੀ ‘ਚ ਲਿਖਿਆ ਗਿਆ ਸੀ ਕਿ ਸਲਮਾਨ ਖਾਨ ‘ਤੇਰਾ ਮੂਸੇਵਾਲਾ’ ਵਰਗਾ ਹਾਲ ਹੋਵੇਗਾ।