
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਬੰਧੀ ਜਾਨਣ ਲਈ ਇਸਦੇ ਪਿਛੋਕੜ ਵੱਲ ਝਾਤੀ ਮਾਰਨੀ ਜ਼ਰੂਰੀ ਜਾਪਦੀ ਹੈ । ਗੁਰੂ ਨਾਨਕ ਸਾਹਿਬ ਜੀ ਨੇ ਵਹਿਮਾਂ-ਭਰਮਾਂ,ਅੰਧ ਵਿਸ਼ਵਾਸਾਂ ਪਾਖੰਡਾਂ, ਜਾਤ-ਪਾਤ, ਊਚ ਨੀਚ, ਧਾਰਮਿਕ ਪਾਖੰਡ ਅਤੇ ਜ਼ਾਲਮ ਰਾਜਨੀਤਕ ਆਗੂਆਂ ਦੇ ਖਿਲਾਫ ਇਕ ਜ਼ੋਰ ਦਾਰ ਆਵਾਜ ਉਠਾਈ, ਜੋ ਕਿ ਇਕ ਲਹਿਰ ਦਾ ਰੂਪ ਧਾਰਨ ਕਰ ਗਈ । ਇਸ ਕਾਮਯਾਬੀ ਲਈ ਆਪ ਜੀ ਨੇ ਕੋਈ ਕਰਾਮਾਤ ਦਿਖਾਉਣ ਦੀ ਥਾਂ ਨਿਰੋਲ ਨਾਮ-ਬਾਣੀ ਅਤੇ ਸੰਗਤ ਦਾ ਆਸਰਾ ਲਿਆ । ਜਿਵੇਂ ਜਿਵੇਂ ਇਹ ਲਹਿਰ ਜੋਰ ਫੜਦੀ ਗਈ, ਇਸ ਦੇ ਨਾਲ ਹੀ ਇਸਦੇ ਵਿਰੋਧੀ ਵੀ ਪੈਦਾ ਹੋ ਗਏ । ਵਿਰੋਧੀਆਂ ਨੇ ਗੁਰੂ ਜੀ ਨੂੰ ਭੂਤਨਾ, ਬੇਤਾਲਾ ਤੇ ਕੁਰਾਹੀਆ ਤੱਕ ਵੀ ਕਿਹਾ ਪਰ ਗੁਰੂ ਜੀ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਨਿਸ਼ਾਨੇ ਵੱਲ ਨੂੰ ਅੱਗੇ ਵਧਦੇ ਗਏ । ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਉਹਨੂੰ ਪਾਪ ਦੀ ਜੰਞ ਦਾ ਆਗੂ ਕਿਹਾ । ਆਪ ਜੀ ਨੇ ਜ਼ਾਲਮ ਰਾਜਿਆਂ ਲਈ ਸ਼ੀਹ ਅਤੇ ਮੁਕੱਦਮਾਂ ਲਈ ਕੁੱਤੇ ਸ਼ਬਦ ਵਰਤੇ । ਉਸ ਸਮੇਂ ਦੇ ਪਾਖੰਡੀ ਆਗੂਆਂ ਨੂੰ ਬੜੀ ਨਿਰਭੈਤਾ ਨਾਲ ਕਿਹਾ :