Articles

ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਪੰਜਾਬ ਦੀ ਸੰਸਕਿ੍ਤੀ ਭਾਰਤ ਵਿੱਚ ਮੱਹਤਵਪੂਰਨ ਸਥਾਨ ਰੱਖਦੀ ਹੈ। ਇਹ ਉਹ ਰਾਜ ਹੈ ਜੋ ਸਮੇਂ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦਾ ਰਿਹਾ ਹੈ। ਇਸ ਦੀ ਜਰਖੇਜ਼ ਧਰਤੀ, ਸ਼ਾਹੀ ਤੇ ਨਿਰਾਲਾਪਣ ਹਮੇਸ਼ਾ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਪੰਜਾਬ ਦੀ ਰੂਹ ਏਥੋਂ ਦੇ ਪਿੰਡ, ਉਹ ਪਿੰਡ ਜਿੰਨਾਂ ਵਿੱਚ ਅੰਮਿ੍ਤ ਵੇਲੇ ਪਾਠੀ ਸਿੰਘਾਂ ਦੀ ਜਪੁਜੀ ਸਾਹਿਬ ਦੀ ਅਵਾਜ਼ ਸੁਸਤੀ ਚੋਂ ਸੁਰਤੀ ਖੋਲ੍ਹਦੀ ਹੈ, ਜਿੱਥੇ ਸ਼ਾਹ ਵੇਲਾ ਰਹਿਰਾਸ ਦਾ ਪਾਠ ਪੜਾਉਂਦਾ ਤੱਪਦੇ ਹਿਰਦਿਆਂ ਨੂੰ ਠਾਰਦਾ ਹੈ। ਉਹ ਪਿੰਡ ਜਿੰਨਾਂ ਦੀ ਸਿੱਲੀ ਜਿਹੀ ਖੂਸ਼ਬੂ ਤਨ, ਮਨ ਨੂੰ ਮਹਿਕਾ ਦਿੰਦੀ ਏ, ਜਿੱਥੇ ਕਦੇ ਬਾਬੇ ਪਿੰਡ ਦੇ ਰੇਡੀਓ ਤੇ ਟੈਲੀਵਿਜ਼ਨ ਹੋਇਆ ਕਰਦੇ ਸਨ ਤੇ ਗੱਲਾਂ ਗੱਲਾਂ ‘ਚ ਨੇੜੇ ਤੇੜੇ ਦੇ ਦੋ ਤਿੰਨ ਪਿੰਡਾਂ ਦੀਆਂ ਖਬਰਾਂ ਇਕੱਠੀਆਂ ਕਰ ਲਿਆ ਕਰਦੇ ਸਨ, ਉਹ ਪਿੰਡ ਜਿੱਥੇ ਪਿੱਤਲ ਦੀ ਬਾਲਟੀ ਚੁੱਕੀ ਪਸ਼ੂਆਂ ਦੀਆਂ ਧਾਰਾਂ ਕੱਢਣ ਜਾਂਦੀ ਬੀਬੀ ਸਾਰੇ ਮਾਲ ਡੰਗਰ ਦੇ ਪਿੰਡੇ ਤੇ ਏਵੇ ਹੱਥ ਫੇਰਦੀ ਜਿਵੇਂ ਜੇਠੇ ਪੁੱਤ ਨੂੰ ਪਿਆਰ ਦਿੰਦੀ ਹੋਵੇ, ਉਹ ਪਿੰਡ ਜਿੱਥੇ ਫਸਲ ਵਾੜੀ ਇੱਕ ਦੂਸਰੇ ਦਾ ਨਾਲ ਹੱਤ ਪਲੱਥੀ ਪਾ ਸਾਂਭ ਲੈਣੀ, ਉਹ ਪਿੰਡ ਜੋ ਫੁਕਰਪੁਣੇ ਤੋਂ ਕੋਹਾਂ ਦੂਰ ਹੋਇਆ ਕਰਦੇ ਤੇ ਇਤਫ਼ਾਕ ਏਨਾਂ ਕਿ ਕਦੇ ਪਿੰਡ ਦਾ ਕੋਈ ਝਗੜਾ ਥਾਣੇ ਨਾ ਜਾਣ ਦੇਣਾ ਆਪਸ ਵਿੱਚ ਬੈਠ ਸਾਰੀ ਗੱਲ ਸੁਲਝਾ ਲੈਣੀ। ਜਿੱਥੇ ਇੱਕ ਘਰ ਕੋਈ ਭਾਂਡਾ ਬਨਣਾ ਤਾਂ ਲਾਗਲੇ ਗਵਾਂਢੀਆਂ ਨੂੰ ਸਵਾਦ ਵਖਾਉਣ ਲਈ ਬੀਬੀਆ ਚਾਂਈ ਚਾਂਈ ਜਾਂਦੀਆਂ। ਇਹ ਉਹਨਾਂ ਪਿੰਡਾਂ ਦੀ ਗੱਲ ਏ ਜਿੰਨਾਂ ਦੀ ਆਉਭਗਤ  ਦੇਸ਼ ਦੁਨੀਆਂ ਵਿੱਚ ਮਸ਼ਹੂਰ ਏ, ਏ ਉਹ ਪਿੰਡਾਂ ਦੀ ਕਹਾਣੀ ਜਿੱਥੇ ਛੇ ਛੇ ਫੁੱਟੀਆਂ ਮੁਟਿਆਰਾਂ ਜਦੋਂ ਤੀਆਂ ਦੇ ਪਿੜ ਵਿੱਚ ਕਿੱਕਲੀ ਪਾਉਂਦੀਆਂ ਤਾਂ ਧਰਤ ਤੇ ਅੰਬਰ ਵੀ ਝੂਮਣ ਲੱਗਦੇ। ਜਿੰਨਾਂ ਪਿੰਡਾਂ ਵਿੱਚ ਪਿੰਡ ਦੀਆਂ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਸਨ। ਇੱਜ਼ਤਾ, ਅਣਖਾ ਨਾਲ ਲਬਰੇਜ਼ ਹਸਤੀਆਂ ਤੇ ਗੱਠੇ ਹੋਏ ਜੁੱਸੇ ਇਹ ਉਹ ਪਿੰਡ ਜਿੰਨਾਂ ਤੋਂ ਪੰਜਾਬ ਬਣਿਆ, ਏ ਉਹਨਾਂ ਪਿੰਡਾਂ ਦੀ ਦਾਸਤਾਂ ਜੋ ਪੰਜਾਬ ਦਾ ਤਾਜ ਏ….. ਜਿੰਨਾਂ ਵਿੱਚ ਤਰੱਕੀ ਤਾਂ ਭਾਵੇਂ ਘੱਟ ਸੀ ਪਰ ਦਿਲ ਬੜੇ ਅਮੀਰ ਸਨ, ਨਾ ਤਾਂ ਜਿਆਦਾ ਬਿਮਾਰੀਆਂ ਸੀ, ਨਾ ਖਵਾਹਿਸ਼ਾਂ ਸਿੱਧਾ ਸਾਦਾ ਜਿਹਾ ਜੀਵਨ, ਜਿੰਨੀ ਮਿਲ ਗਈ ਓਨੀ ਵਿੱਚ ਸਬਰ, ਬਾਹਲੇ ਲਾਲਚ ਪਿੱਛੇ ਹੁਰਰ ਹੁਰਰ ਨਹੀਂ ਸੀ ਕਰਦੇ ਫਿਰਦੇ ਉਹ ਪਿੰਡਾਂ ਦੇ ਲੋਕ!

ਪਰ ਹੁਣ ਤਾਂ ਅਸੀਂ ਤਰੱਕੀ ਕਰ ਲਈ ਹੈ, ਹੁਣ ਸਾਡੇ ਕੋਲ ਸਹੂਲਤਾਂ ਬਹੁਤ ਜ਼ਿਆਦਾ ਹਨ ਪਰ ਪ੍ਰਸੰਨਤਾ ਬਹੁਤ ਘੱਟ। ਅੱਜ ਪਿੰਡ ਵੀ ਹਨ, ਪਿੰਡ ਦੀਆਂ ਗਲੀਆਂ ਵੀ ਪਰ ਉਹ ਗਲੀਆਂ ਦੀ ਰੌਣਕ ਕਿਧਰੇ ਨਜ਼ਰ ਨਹੀਂ ਆਉਂਦੀ! ਹੁਣ ਸਾਡੇ ਘਰ ਵੀ ਛੋਟੇ ਨਹੀਂ ਰਹੇ, ਬਹੁਤ ਵੱਡੀਆਂ ਵੱਡੀਆਂ ਕੋਠੀਆਂ ਨੇ ਪਰ ਅਫਸੋਸ ਉਹਨਾਂ ਕੋਠੀਆਂ ਦੇ ਦਰਾਂ ਨੂੰ ਜਿੰਦੇ ਲੱਗੇ ਹੋਏ ਨੇ, ਕਿਸੇ ਵਿਰਲੇ ਜਿਹੇ ਘਰ ਕੋਈ ਬਜ਼ੁਰਗ ਕੁਰਸੀ ਡਾਹ ਬੈਠਾ ਨਜ਼ਰੀ ਪੈਂਦਾ ਹੈ। ਅੱਜ ਪਿੰਡਾਂ ਦੇ ਜਾਏ ਪਿੰਡਾਂ ਵਿੱਚ ਰਹਿ ਕੇ ਖੁਸ਼ ਨਹੀਂ ਹਨ। ਸ਼ਹਿਰੀ ਕਰਨ ਦਾ ਵਿਕਾਸ ਹੋਣ ਕਾਰਣ ਬਹੁਤ ਲੋਕ ਸ਼ਹਿਰਾਂ ਵਿੱਚ ਜਾ ਵਸੇ, ਕੁਝ ਵਿਦੇਸ਼ਾਂ ਵਿੱਚ ਜਾ ਵਸੇ, ਕੁਝ ਪੰਜਾਬ ਛੱਡ ਕਿਸੇ ਹੋਰ ਰਾਜ ਵਿੱਚ ਰਹਿ ਰਹੇ ਹਨ। ਪਿੰਡਾਂ ਦੀਆਂ ਉਹ ਰੌਣਕਾਂ ਖਤਮ ਹੋ ਰਹੀਆਂ ਹਨ।
ਸਮੇਂ ਦੇ ਨਾਲ ਪਰਿਵਰਤਨ ਆਉਣਾ ਸੁਭਾਵਿਕ ਹੈ, ਤਰੱਕੀ ਤੇ ਵਿਕਾਸ ਬਹੁਤ ਜਰੂਰੀ ਹੈ ਪਰ ਜੇਕਰ ਅਸੀਂ ਕਹੀਏ ਕਿ ਪਿੰਡਾਂ ਦੀ ਹੋਂਦ ਨੂੰ ਖਤਮ ਕਰਕੇ, ਸ਼ਹਿਰਾਂ ਦਾ ਵਿਕਾਸ ਜਾਂ ਸ਼ਹਿਰਾਂ ਵਿੱਚ ਰਹਿਣਾ ਹੀ ਤਰੱਕੀ ਜਾਂ ਵਿਕਾਸ ਦੀ ਨਿਸ਼ਾਨੀ ਹੈ ਤਾਂ ਅਸੀਂ ਗਲਤ ਹਾਂ। ਬਹੁਤਾਤ ਲੋਕਾਂ ਦਾ ਮੰਨਣਾ ਹੈ ਕਿ ਚੰਗੀ ਨੌਕਰੀ ਦੀ ਭਾਲ ਅਤੇ ਬੱਚਿਆਂ ਦੀ ਵਧੀਆ ਪੜਾਈ ਲਈ ਉਹਨਾਂ ਨੂੰ ਪਿੰਡਾਂ ਨੂੰ ਛੱਡ ਸ਼ਹਿਰਾਂ ਵਿੱਚ ਜਾਂ ਵਿਦੇਸ਼ਾਂ ਵਿੱਚ ਜਾਣਾ ਪੈ ਰਿਹਾ ਹੈ ਤਾਂ, ਏਥੇ ਇੱਕ ਸਵਾਲ ਉੱਠਦਾ ਹੈ ਕਿ ਜੇਕਰ ਸ਼ਹਿਰਾਂ ਵਿੱਚ ਤਰੱਕੀ ਹੋ ਸਕਦੀ ਹੈ ਤਾਂ ਪਿੰਡਾਂ ਵਿੱਚ ਕਿਉਂ ਨਹੀਂ। ਜਿਹੜੀ ਉੱਚ ਕੋਟੀ ਦੀ ਵਿਦਿਆ ਲਈ ਤੁਸੀਂ ਆਪਣੇ ਬੱਚਿਆਂ ਤੋਂ ਉਹਨਾਂ ਦਾ ਪਿਛੋਕੜ ਖੋਹ ਰਹੇ ਹੋ ਉਸ ਵਿਦਿਆ ਦਾ ਪਿੰਡਾਂ ਵਿੱਚ ਪ੍ਬੰਧ ਕਿਉਂ ਨਹੀਂ ਹੋ ਸਕਦਾ ? ਸਰਕਾਰਾਂ ਪਿੰਡਾਂ ਵਿੱਚ ਉਹ ਰੁਜ਼ਗਾਰ ਦੇ ਸਾਧਨ ਕਿਉਂ ਨਹੀਂ ਪੈਦਾ ਕਰ ਰਹੀਆਂ ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡ ਕੇ ਨਾ ਜਾਣਾ ਪਵੇ।
ਕਿਉਂ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਹਨ  ਅਤੇ ਜੇ ਕਿਧਰੇ ਪਿੰਡਾਂ ਵਿੱਚ ਲੋਕ ਰਹਿ ਰਹੇ ਹਨ ਉਹ ਪਿੰਡ ਸ਼ਹਿਰਾਂ ਵਿੱਚ ਤਬਦੀਲ ਕੀਤੇ ਜਾ ਰਹੇ ਹਨ,  ਜਦੋਂ ਦਾ ਸ਼ਹਿਰਾਂ ਨੂੰ ਤਰੱਕੀ ਦਾ ਸਬੂਤ ਸਮਝੇ ਜਾਣ ਦਾ ਭੁਲੇਖਾ ਪਿਆ ਹੈ  ਉਦੋਂ ਦਾ ਪੰਜਾਬੀਆਂ ਦਾ ਜੀਵਨ ਹੋਰ ਮੁਸ਼ਕਿਲਾਂ ਤੇ ਬੇਲੋੜੇ ਖਰਚਿਆਂ ਦੇ ਕਾਰਨ ਵਾਧੂ ਦੀਆਂ ਚਿੰਤਾਵਾਂ ਵਿੱਚ ਫਸ ਗਿਆ ਹੈ। ਉਦਹਾਰਣ ਦੇ ਤੌਰ ਤੇ ਪਿੰਡਾਂ ਵਿੱਚ ਖਾਣ ਪੀਣ ਲਈ ਘਰ ਦਾ ਅਨਾਜ਼, ਘਰ ਦਾ ਦੁੱਧ, ਦਹੀ ਤੇ ਹੋਰ ਪਦਾਰਥ, ਪਾਣੀ ਆਦਿ ਦੀਆਂ ਸਹੂਲਤਾਂ ਜੋ ਸ਼ਹਿਰਾਂ ਵਿੱਚ ਮੁੱਲ ਖਰੀਦਣੀਆ ਪੈ ਰਹੀਆਂ ਹਨ। ਆਪਣੇ ਆਸ ਪਾਸ ਦੇ ਲੋਕਾਂ ਵੱਲ ਵੇਖ ਬੱਚਿਆਂ ਨੂੰ ਆਪਣੀ ਹੈਸੀਅਤ ਤੋਂ ਵੱਡੇ ਸਕੂਲ ਵਿੱਚ ਪੜਾਉਣਾ, ਤੇ ਹੋਰ ਵੇਖੋ ਵੇਖੀ ਖਰਚਿਆਂ ਦਾ ਵਧਾਉਣਾ ਜਿੱਥੇ ਆਰਥਿਕ ਖੁਸ਼ਹਾਲੀ ਨੂੰ ਡਾਹ ਲਾਉਂਦਾ ਹੈ ਉੱਥੇ ਮਾਨਸਿਕ ਤੌਰ ਤੇ ਵੀ ਕਮਜ਼ੋਰ ਤੇ ਬਿਮਾਰ ਕਰ ਰਿਹਾ ਹੈ।
ਸ਼ਹਿਰਾਂ ਦੇ ਵਿਕਾਸ ਲਈ ਪਿੰਡਾਂ ਦੇ ਰਾਹਾਂ ਵਿੱਚ ਆਉਂਦੇ ਸਾਰੇ ਰੁੱਖ ਪੁੱਟ ਦਿੱਤੇ ਜਾਂਦੇ ਹਨ, ਖੇਤੀ ਵਾਲੀ ਜ਼ਮੀਨ ਨੂੰ ਪੱਥਰਾਂ ਹੇਠਾਂ ਦੱਬ ਦਿੱਤਾ ਜਾਂਦਾ ਹੈ। ਪੰਜਾਬ ਦੇ ਪਿੰਡਾਂ ਦੀ ਉਹ ਜਮੀਨ ਜੋ ਸ਼ਹਿਰਾਂ ਦੇ ਅਧੀਨ ਲਿਆਂਦੀ ਜਾ ਰਹੀ ਹੈ, ਕੀ ਉਸ ਵਰਗੀ ਜਮੀਨ ਕਿਧਰੇ ਹੋਰ ਮਿਲ ਸਕਦੀ ਹੈ। ਜੇਕਰ ਅਸੀਂ ਪਿੰਡਾਂ ਨੂੰ ਖਤਮ ਕਰ ਫੋਕੀ ਤਰੱਕੀ ਦੇ ਨਾਮ ਹੇਠਾਂ ਸ਼ਹਿਰ ਬਣਾਈ ਗਏ ਤਾਂ ਖੇਤੀਯੋਗ ਜਮੀਨ ਕਿੱਥੋ ਆਵੇਗੀ।
ਇਹ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿੰਨਾਂ ਨੂੰ ਵਿਚਾਰਨਾ ਬਹੁਤ ਜਰੂਰੀ ਹੈ, ਪਿੰਡਾਂ ਦਾ ਹੋ ਰਿਹਾ ਸ਼ਹਿਰੀ ਕਰਨ ਜਿੱਥੇ ਸਾਡੇ ਆਪਸੀ ਭਾਈਚਾਰੇ, ਸਦਭਾਵਨਾ, ਇਕੱਠ, ਸੱਭਿਆਚਾਰ, ਰੀਤੀ ਰਿਵਾਜ਼ਾਂ ਨੂੰ ਖਤਮ ਕਰ ਰਿਹਾ ਹੈ ਉੱਥੇ ਸਾਡੇ ਦੇਸ਼ ਦੇ ਪ੍ਮੁੱਖ ਕਿੱਤੇ ਖੇਤੀਬਾੜੀ ਦੇ ਲਈ ਜਮੀਨ ਨੂੰ ਵੀ ਹੜੱਪ ਰਿਹਾ ਹੈ। ਜੇਕਰ ਇਹ ਚੱਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਕੋਲ ਖੇਤੀ ਕਰਨ ਲਈ ਨਾ ਤਾਂ ਜਮੀਨ ਹੋਵੇਗੀ ਅਤੇ ਨਾ ਹੀ ਪਿੰਡਾਂ ਦੀ ਉਹ ਨੁਹਾਰ ਜਿਸ ਵਿੱਚ ਪੰਜਾਬ ਦੀ ਰੂਹ ਵੱਸਦੀ ਹੈ, ਜਿੰਨਾਂ ਪਿੰਡਾਂ ਕਰਕੇ ਪੰਜਾਬ ਪੰਜਾਬ ਬਣਦਾ ਹੈ, ਤੇ ਜਿੰਨਾਂ ਪਿੰਡਾਂ ਨੂੰ ਵੇਖ ਅਸੀਂ ਕਿਸੇ ਸ਼ਹਿਰੀ ਜਾਂ ਵਿਦੇਸ਼ੀ ਨੂੰ ਕਿਹਾ ਕਰਦੇ ਸੀ, ਜੇ ਧਰਤੀ ਤੇ ਸਵਰਗ ਵੇਖਣਾ ਤਾਂ ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ।

Related posts

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

admin

ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਬਹੁਤ ਅਹਿਮੀਅਤ !

admin

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ

admin