Articles

ਫਿਲਿਸਤੀਨ ਦੇ 20 ਲੱਖ ਮੁਸਲਮਾਨ 200 ਕਰੋੜ ਮੁਸਲਮਾਨਾਂ ‘ਤੇ ਭਾਰੀ

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਅੱਜ ਸਾਰੇ ਵਿਸ਼ਵ ਵਿੱਚ ਫਲਸਤੀਨ-ਇਜ਼ਰਾਈਲ ਯੁੱਧ ਦੀ ਚਰਚਾ ਚੱਲ ਰਹੀ ਹੈ । ਲੰਬੇ ਸਮੇਂ ਤੋਂ ਇਜ਼ਰਾਈਲ ਮੁਸਲਮਾਨਾਂ ਦੇ ਮੁਕੱਦਸ ਸਥਾਨ “ਮਸਜਿਦ ਅਲ ਅਕਸਾ” ਨੂੰ ਸ਼ਹੀਦ ਕਰਕੇ ਫਲਸਤੀਨ ਉੱਤੇ ਮੁਕੰਮਲ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ । ਇਸੇ ਲਈ ਫਲਸਤੀਨ ਦੀ ਜ਼ਮੀਨ ‘ਤੇ ਲਗਾਤਾਰ ਕਬਜ਼ਾ ਕਰਕੇ ਉਸਨੂੰ 100 ਪ੍ਰਤੀਸ਼ਤ ਕਬਜ਼ੇ ਤੋਂ ਸਿਰਫ 15 ਪ੍ਰਤੀਸ਼ਤ ਜ਼ਮੀਨ ਦੇ ਦੋ ਟੁੱਕੜਿਆਂ ਵਿੱਚ  ਧਕੇਲ ਦਿੱਤਾ ਹੈ, ਅੱਜ 20 ਲੱਖ ਨਿਹੱਥੇ ਫਲਸਤੀਨੀ ਮੁਸਲਮਾਨ ਦੁਨੀਆ ਦੇ 200 ਕਰੋੜ ਮੁਸਲਮਾਨਾਂ ਤੋਂ ਮਜ਼ਬੂਤ ਅਤੇ ਹੌਸਲਾਮੰਦ ਨਜ਼ਰ ਆ ਰਹੇ ਹਨ ਜੋ ਆਧੁਨਿਕ ਹਥਿਆਰਬੰਦ ਫੌਜਾਂ ਨਾਲ ਮਸਜਿਦ ਅਲ ਅਕਸਾ ਅਤੇ ਆਪਣੇ ਹੱਕਾਂ ਲਈ ਕਈ ਦਹਾਕਿਆਂ ਤੋਂ ਲੜਦੇ ਆ ਰਹੇ ਹਨ ਜਿਹਨਾਂ ਨੂੰ ਦਿਲੋਂ ਸਲਾਮ ਕਰਨਾ ਬਣਦਾ ਹੈ ।

“ਹਮਾਰੀ ਜ਼ੁਬਾਨੇਂ, ਤੁਮਹਾਰੇ ਜ਼ਜਬੋਂ ਕੇ ਆਗੇ ਲਾ-ਕਲਾਮ ਹੈਂ,

ਫਿਲਿਸਤੀਨ ਕੇ ਅਬਾਬੀਲੋ, ਤੁਮ ਪਰ ਲਾਖੋਂ ਸਲਾਮ ਹੈਂ”

ਯੁੱਧ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਜਾਰੀ ਹੈ ਜਿਸ ਦੇ ਮੱਦੇਨਜ਼ਰ ਉਸ ਦੌਰ ਨੂੰ ਯਾਦ ਕਰਨਾ ਵੀ ਜਰੂਰੀ ਹੈ ਜਦੋਂ ਹਿਟਲਰ ਯਹੂਦੀਆਂ ਨੂੰ ਚੁਣ-ਚੁਣ ਕੇ ਮਾਰ ਰਿਹਾ ਸੀ ਅਤੇ ਯਹੂਦੀਆਂ ਨੂੰ ਦੁਨੀਆ ਭਰ ਵਿੱਚ ਕਿਤੇ ਸਿਰ ਛੁਪਾਉਣ ਲਈ ਜਗ੍ਹਾ ਨਹੀਂ ਮਿਲ ਰਹੀ ਸੀ । ਹਿਟਲਰ ਜਦੋਂ ਯਹੂਦੀਆਂ ਨੂੰ ਮਾਰ ਰਿਹਾ ਸੀ ਤਾਂ ਉਸ ਨੇ ਕੁਝ ਨੂੰ ਜਿੰਦਾ ਛੱਡ ਦਿੱਤਾ ਤਾਂ ਕਿ ਭਵਿੱਖ ਵਿੱਚ ਦੁਨੀਆ ਜਾਣ ਸਕੇ ਕਿ ਯਹੂਦੀਆਂ ਨੂੰ ਕਿਉਂ ਮਾਰਿਆ ਗਿਆ । ਇਸ ਤੋਂ ਪਹਿਲਾਂ 1349 ਵਿੱਚ ਯਹੂਦੀਆਂ ਨੂੰ ਹੰਗਰੀ ਵਿੱਚੋਂ ਕੱਢਿਆ ਸੀ, 1394 ਵਿੱਚ ਫਰਾਂਸ ਵਿੱਚੋਂ, 1421 ਵਿੱਚ ਆਸਟਰੀਆ, 1492 ਸਪੇਨ, 1497 ਪੁਰਤਗਾਲ, 1510 ਵਿੱਚ ਨੇਪਲਸ, 1597 ਵਿੱਚ ਮਿਲਾਨ ਵਿੱਚੋਂ, 1941 ਜਰਮਨੀ ਵਿੱਚੋਂ ਕੱਢਿਆ ਗਿਆ ਸੀ । 1947 ਵਿੱਚ ਯਹੂਦੀਆਂ ਦਾ ਭਰਿਆ ਸਮੁੰਦਰੀ ਜਹਾਜ਼ ਜਿਸ ਤੇ ਲਿਖਿਆ ਸੀ “ਫਲਸਤੀਨੀ ਮੁਸਲਮਾਨੋਂ! ਤੁਸੀਂ ਹੀ ਸਾਡੀ ਆਖਰੀ ਉਮੀਦ ਹੋ, ਪਨਾਹ ਦਿਓ”। ਅਜਿਹੇ ਹਾਲਾਤਾਂ ਵਿੱਚ ਫਲਸਤੀਨ ਹੀ ਇੱਕ ਅਜਿਹਾ ਦੇਸ਼ ਸੀ ਜਿਸ ਨੇ ਹਿਟਲਰ ਦੁਆਰਾ ਖੜਕਾਏ ਹੋਏ ਭੁੱਖੇ, ਨੰਗੇ ਯਹੂਦੀਆਂ ਨੂੰ ਸਿਰਫ ਪਨਾਹ ਹੀ ਨਹੀਂ ਦਿੱਤੀ ਬਲਿਕ ਆਪਣੇ ਅੱਛੇ ਅਖਲਾਕ ਦਾ ਮੁਜ਼ਾਹਰਾ ਕਰਦੇ ਹੋਏ ਰੋਟੀ-ਰੋਜ਼ੀ ਦਾ ਵੀ ਸਹਾਰਾ ਦਿੱਤਾ । ਇਸ ਤੋਂ ਪਹਿਲਾਂ 1492 ਵਿੱਚ ਉਸਮਾਨੀਆ ਖਿਲਾਫਤ ਦੀ ਨੌਸੈਨਾ ਨੇ ਯਹੂਦੀਆਂ ਨੂੰ ਸਪੈਨਿਸ਼ ਜਾਂਚ ਤੋਂ ਬਚਾਇਆ, ਫਲਸਤੀਨੀਆਂ ਨੇ ਯਹੂਦੀਆਂ ਨੂੰ ਸ਼ਰਨ ਦਿੱਤੀ ਅਤੇ ਉਹਨਾਂ ਨੇ ਫਲਸਤੀਨੀਆਂ ਨੂੰ ਹੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ । ਜ਼ਿਕਰਯੋਗ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਬੇਪਨਾਹ ਮੁਹੱਬਤ ਕਰਦਾ ਹੈ ਪਰੰਤੂ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਉਸ ਨੂੰ ਨਹੀਂ ਦਿੰਦਾ ।

ਇਜ਼ਰਾਈਲ ਨੇ 1948, 1967, 2000 ਅਤੇ ਅੱਜ 2023 ਵਿੱਚ ਅਹਿਸਾਨ ਫਰਾਮੋਸ਼ੀ ਦਾ ਸਬੂਤ ਦਿੰਦਿਆਂ ਫਲਸਤੀਨੀਆਂ ‘ਤੇ ਧੱਕੇਸ਼ਾਹੀ ਕਰ ਉਹਨਾਂ ਦੇ ਬੱਚਿਆਂ, ਔਰਤਾਂ ਅਤੇ ਆਮ ਨਾਗਰਿਕਾਂ ਨੂੰ ਮਾਰ ਮੁਕਾਇਆ ਅਤੇ ਜ਼ਮੀਨ ਹੜੱਪ ਲਈ । ਫਲਸਤੀਨ-ਇਜ਼ਰਾਈਲ ਯੁੱਧ ‘ਚ ਹਜ਼ਾਰਾਂ ਦੀ ਗਿਣਤੀ ਜਿਸ ਵਿੱਚ 700 ਤੋਂ ਵੱਧ ਬੱਚੇ, ਔਰਤਾਂ, ਬਜ਼ੁਰਗ ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਣਗਿਣਤ ਲੋਕ ਜ਼ਖਮੀ ਅਤੇ ਲਾਪਤਾ ਹੋ ਚੁੱਕੇ ਹਨ, ਬਾਕੀ ਬਚੇ 22-23 ਲੱਖ ਲੋਕ ਰੋਟੀ, ਪਾਣੀ, ਦੁੱਧ ਅਤੇ ਜ਼ਰੂਰਤ ਦੀਆਂ ਚੀਜ਼ਾਂ ਨੂੰ ਤਰਸ ਰਹੇ ਹਨ, ਇਜ਼ਰਾਈਲ ਦੀ ਬੰਬਾਰੀ ਨੇ ਗਾਜ਼ਾ ਪੱਟੀ ਦੇ ਇਲਾਕੇ ਦੇ ਹਸਪਤਾਲ, ਸਕੂਲ, ਰਿਹਾਇਸ਼ੀ ਇਮਾਰਤਾਂ ਨੂੰ ਲਗਭਗ ਖੰਡਰ ਬਣਾ ਦਿੱਤਾ ਗਿਆ ਹੈ। ਮਿਸਰ ਦੇ ਰਸਤੇ ਸੈਂਕੜੇ ਟਰੱਕਾਂ ਰਾਹੀਂ ਰਾਹਤ ਸਮੱਗਰੀ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਇਜ਼ਰਾਈਲ ਦੇ ਘੁਮੰਡੀ ਰਵੱਈਏ ਕਾਰਣ ਅਸਫਲ ਰਹੀ ਜੋ ਅਜੇ ਤੱਕ ਸੀਮਾ ਉੱਤੇ ਹੀ ਰੁੱਕੀ ਹੈ। ਫਲਸਤੀਨ ਦੇ ਨਿਹੱਥੇ ਲੋਕਾਂ ‘ਤੇ ਹਵਾਈ ਹਮਲੇੇ ਕਰਕੇ ਦੁਨੀਆ ਭਰ ਵਿੱਚ ਇਜ਼ਰਾਈਲ ਅਤੇ ਯਹੂਦੀਆਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ । ਸ਼ੋਸ਼ਲ ਮੀਡੀਆ ਨੇ ਦਹਾਕਿਆਂ ਤੋਂ ਇਜ਼ਰਾਈਲ ਦੀਆਂ ਅੱਤਵਾਦੀ ਗਤੀਵਿਧੀਆਂ ਦੀਆਂ ਢਕੀਆਂ-ਛੁੱਪੀਆਂ ਚਾਲਾਂ ਤੋਂ ਪਰਦਾ ਚੁੱਕ ਦਿੱਤਾ ਹੈ, ਅਨੇਕਾਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਜ਼ਰਾਈਲ ਦੀ ਫੌਜ ਫਲਸਤੀਨੀ ਬੱਚਿਆਂ, ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਤਸ਼ੱਦਦ ਕਰ ਮਾਰ ਰਹੀ ਹੈ, ਇਜ਼ਰਾਈਲ ਕੌਮਾਂਤਰੀ ਯੁੱਧ ਨਿਯਮਾਂ ਨੂੰ ਛਿੱਕੇ ਟੰਗਕੇ ਮਨਮਾਨੀ ਕਰ ਰਿਹਾ ਹੈ। ਅੱਜ ਇਜ਼ਰਾਈਲ ਅਤੇ ਅਮਰੀਕਾ ਵਿਸ਼ਵ ਦੇ ਸਾਹਮਣੇ ਬਿਲਕੁਲ ਨੰਗੇ ਖੜੇ ਨਜ਼ਰ ਆ ਰਹੇ ਹਨ । ਇਜ਼ਰਾਈਲ ਨੇ ਅੱਤਵਾਦ ਦੀ ਸਹੀ ਪ੍ਰੀਭਾਸ਼ਾ ਦੁਨੀਆ ਨੂੰ ਸਿਖਾ ਦਿੱਤੀ ਹੈ । ਭਾਵੇਂ ਕਿ ਪੱਛਮੀ ਮੀਡੀਆ ਅਤੇ ਗਲੋਬਲ ਘੜੰਮ ਚੌਧਰੀ ਇਸ ਤੇ ਪਰਦਾ ਪਾਉਣ ਲਈ ‘ਹਮਾਸ’ ਨਾਮੀ ਸੰਗਠਨ ਦਾ ਹਵਾਲਾ ਦੇ ਰਹੇ ਹਨ ਪਰੰਤੂ ਦੁਨੀਆ ਤੋਂ ਕੁਝ ਛੁਪਿਆ ਹੋਇਆ ਨਹੀਂ ਹੈ । ਯਹੂਦੀਆਂ ਸਮੇਤ ਕਰੋੜਾਂ ਲੋਕ ਵੱਖ-ਵੱਖ ਦੇਸ਼ਾਂ ਵਿੱਚ ਇਜ਼ਰਾਈਲ ਦੀਆਂ ਗੈਰ-ਮਾਨਵੀ ਕਾਰਵਾਈਆਂ ਖਿਲਾਫ ਰੋਸ ਮੁਜ਼ਾਹਰੇ ਕਰ ਹਰੇ ਹਨ । ਯੂ.ਐਨ.ਓ., ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ, ਗਲੋਬਲ ਘੜੰਮ ਚੌਧਰੀ ਅੱਜ ਸਿਰਫ ਭਾਸ਼ਨ ਦੇਣ ਤੱਕ ਹੀ ਸੀਮਤ ਰਹਿ ਗਏ ਹਨ । ਲੱਖਾਂ ਮੁਸਲਮਾਨਾਂ ਦੀ ਸ਼ਰੇਆਮ ਨਸਲਕੁਸ਼ੀ ਹੁੰਦੀ ਦੇਖ ਕੋਈ ਸਖਤ ਕਦਮ ਨਹੀਂ ਚੁੱਕਿਆ ਜਾ ਰਿਹਾ । ਦਸ ਦਿਨਾਂ ਤੋਂ ਤੁਰਕੀ ਸਮੇਤ 57 ਮੁਸਲਿਮ ਮੁਲਕ ਵੀ ਮੂਕ ਦਰਸ਼ਕ ਬਣਕੇ ਆਪਣੇ ਭਰਾਵਾਂ ਨੂੰ ਭੁੱਖੇ-ਪਿਆਸੇ, ਜ਼ਖਮੀ ਹਾਲਤ ਵਿੱਚ ਤੜਫ-ਤੜਫਕੇ ਮਰਦੇ ਦੇਖ ਰਹੇ ਹਨ ਅਤੇ ਆਪਣੇ ਮੀਡੀਆ ਨੂੰ ਸਿਰਫ ਬਿਆਨ ਮਾਤਰ ਦੇ ਕੇ ਸਾਂਤੀ ਦੀ ਅਪੀਲ ਕਰ ਰਹੇ ਹਨ । ਸਿਰਫ ਈਰਾਨ, ਲਿਬਨਾਨ ਅਤੇ ਮਿਸਰ ਫਲਸਤੀਨ ਦੀ ਮਦਦ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ ਪਰੰਤੂ ਕੌਮਾਂਤਰੀ ਕਾਨੂੰਨਾਂ ਦੇ ਦਬਾਅ ਕਾਰਣ ਉਹ ਵੀ ਬੇਬੱਸ ਨਜ਼ਰ ਆ ਰਹੇ ਹਨ । ਇਸ ਸਬੰਧ ‘ਚ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਹੀ ਆਪਸ ਵਿੱਚ ਸਕੇ ਨਜ਼ਰ ਨਹੀਂ ਆ ਰਹੇ । ਪ੍ਰਧਾਨ ਮੰਤਰੀ ਮੋਦੀ ਨੇ ਯੁੱਧ ਸ਼ੁਰੂ ਹੋਣ ਤੋਂ ਫੋਰਨ ਬਾਦ ਬਿਆਨ ਦਿੱਤਾ ਕਿ ਅਸੀਂ ਇਜ਼ਰਾਈਲ ਦੇ ਨਾਲ ਹਾਂ, ਭੇਡਾਂ ਨੇ ਵੀ ਸ਼ੋਸ਼ਲ ਮੀਡੀਆ ‘ਤੇ ਇਜ਼ਰਾਈਲ ਦੇ ਹੱਕ ‘ਚ  ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ । ਪਰੰਤੂ ਬਾਦ ਵਿੱਚ ਵਿਦੇਸ਼ ਨੀਤੀ ਦੀ ਪ੍ਰੋੜਤਾ ਕਰਦਿਆਂ ਮੰਤਰਾਲੇ ਦਾ ਬਿਆਨ ਆਇਆ ਕਿ ਭਾਰਤ ਫਲਸਤੀਨ ਦੇ ਅਜ਼ਾਦ ਰਾਜ ਦਾ ਸਮਰਥਨ ਕਰਦਾ ਹੈ ਜਿਸ ਨੇ ਵਿਸ਼ਵ ਗੁਰੁ ਬਣ ਰਹੇ ਭਾਰਤ ਦੇ ਸਟੈਂਡ ਨੂੰ ਕੱਖੋਂ ਹੌਲਾ ਕਰ ਦਿੱਤਾ ।

ਜਿਵੇਂ-ਜਿਵੇਂ ਯੁੱਧ ਲੰਬਾ ਹੁੰਦਾ ਜਾ ਰਿਹਾ ਹੈ ਇਜ਼ਰਾਈਲ ਅਤੇ ਅਮਰੀਕਾ ਦਾ ਅਸਲ ਚਿਹਰਾ ਹੋਰ ਵੀ ਨੰਗਾ ਹੁੰਦਾ ਜਾ ਰਿਹਾ ਹੈ । ਦੁਨੀਆ ਭਰ ਵਿੱਚ ਇਜ਼ਰਾਈਲ ਦੇ ਵਿਰੁੱਧ ਵੱਡੇ ਪ੍ਰਦਰਸ਼ਨ ਹੋ ਰਹੇ ਹਨ ਇੱਥੋਂ ਤੱਕ ਇਜ਼ਰਾਈਲ, ਕੈਨੇਡਾ, ਅਮਰੀਕਾ, ਇੰਗਲੈਂਡ ਸਮੇਤ ਵੱਡੀ ਗਿਣਤੀ ‘ਚ ਯਹੂਦੀ ਲੋਕ ਵੀ ਫਲਸਤੀਨ ਦੇ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਵਿਰੋਧਤਾ ਕਰ ਰਹੇ ਹਨ । ਜੇਕਰ ਇਜ਼ਰਾਈਲ ਆਪਣੀ ਜਿੱਦ ਤੋਂ ਬਾਜ ਨਾ ਆਇਆ ਅਤੇ ਫਲਸਤੀਨ ਦੇ ਮੁਸਲਮਾਨਾਂ ‘ਤੇ ਹਮਲੇ ਬੰਦ ਨਾ ਕੀਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਲ੍ਹਾ ਦਾ ਅਜ਼ਾਬ ਇਸ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੋਂ ਖਤਮ ਕਰ ਦੇਵੇਗਾ । ਜਦੋਂ ਜ਼ਾਲਿਮ ਦਾ ਜ਼ੁਲਮ ਹੱਦ ਤੋਂ ਟੱਪ ਜਾਵੇ ਤਾਂ ਅੱਲ੍ਹਾ ਪਾਕ ਕਮਜ਼ੋਰ ਦੀ ਮਦਦ ਜ਼ਰੂਰ ਕਰਦੇ ਨੇ । ਕੁਰਆਨ ਪਾਕ ਦੀ ਸੁਰਤ ‘ਫੀਲ’ ਵਿੱਚ ਦਰਜ ਹੈ ਕਿ ਜਦੋਂ ‘ਬੈਤੁੱਲ੍ਹਾ’ ਅੱਲ੍ਹਾ ਦੇ ਘਰ ਉੱਤੇ ਹਮਲਾ ਕਰਨ ਲਈ ਸਮੇਂ ਦਾ ਸਭ ਤੋਂ ਤਾਕਤਵਾਰ ਬਾਦਸ਼ਾਹ ਅਬਰਾਹਮ ਵੱਡੀ ਫੌਜ, ਘੋੜੇ, ਹਾਥੀ ਲੈ ਕੇ ਆਇਆ ਤਾਂ ਅੱਲ੍ਹਾ ਪਾਕ ਨੇ ਛੋਟੇ ਪਰਿੰਦੇ ਅਬਾਬੀਲ ਤੋਂ ਇਸ ਵਿਸ਼ਾਲ ਲਸ਼ਕਰ ਨੂੰ ਸ਼ਿਕਸਤ ਦਿਲਵਾਈ! ਬੇਸ਼ੱਕ ਅੱਲ੍ਹਾ ਹਰ ਚੀਜ਼ ‘ਤੇ ਕਾਦਿਰ ਹੈ । ਯਹੂਦੀ ਇਜ਼ਰਾਈਲ ਦਾ ਜ਼ੁਲਮ ਵੀ ਅੱਜ ਹੱਦਾਂ ਟੱਪ ਚੁੱਕਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਦੀ ਤਬਾਹੀ ਦੀ ਸ਼ਕਲ ਕੀ ਹੋਵੇਗੀ ।

ਕੀ ਹੈ ਫਿਲਿਸਤੀਨ-ਇਜ਼ਰਾਈਲ ਮਾਮਲਾ?

ਫਿਲਿਸਤੀਨ-ਇਜ਼ਰਾਈਲ ਮਾਮਲਾ ਵੀ ਭਾਰਤ ਦੇ ਬਟਵਾਰੇ ਸਮੇਂ ਦਾ ਹੀ ਬਰਤਾਨਵੀ ਹਕੂਮਤ ਦੁਆਰਾ ਬੀਜੇ ਹੋਏ ਕੰਡੇ ਹਨ ਯਾਨੀ ਬਰਤਾਨੀਆ ਸਰਕਾਰ ਦੁਆਰਾ ਖੇਡਿਆ ਗਿਆ ਆਈਪੀਐਲ (IPL) ਹੈ । (I for India) ਆਈ ਫਾਰ ਇੰਡੀਆ ਅਤੇ (P for Pakistan) ਪੀ ਫਾਰ ਪਾਕਿਸਤਾਨ (ਇਸੇ ਤਰ੍ਹਾਂ ਆਈ ਫਾਰ ਇਜ਼ਰਾਈਲ (I for Isreal) ਅਤੇ ਪੀ ਫਾਰ ਫਿਲਿਸਤੀਨ (P for Palestine) । ਬਰਤਾਨੀਆ ਨੇ ਸ਼ੁਰੂ ਤੋਂ ਹੀ ਸਾਰੀ ਦੁਨੀਆ ਨੂੰ ਆਪਣੀ ਬਸਤੀ ਸਮਝਿਆ ਹੈ । ਜਿਵੇਂ ਭਾਰਤ ਦੇ ਬਟਵਾਰੇ ਸਮੇਂ ਪਾਕਿਸਤਾਨ ਅਤੇ ਭਾਰਤ ਬਣਾਕੇ ਦੋ ਟੁੱਕੜੇ ਕਰ ਦਿੱਤੇ ਅਤੇ ਬੰਗਲਾਦੇਸ਼ ਵਾਲਾ ਹਿੱਸਾ ਜੋ ਭਾਰਤ ਦੇ ਦੂਜੇ ਪਾਸੇ ਸੀ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਕਿ ਵਿਵਾਦ ਹਮੇਸ਼ਾ ਬਣਿਆ ਰਹੇ । ਇਸੇ ਤਰ੍ਹਾਂ ਕਸ਼ਮੀਰ ਦਾ ਮਾਮਲਾ ਵਿਵਾਦਿਤ ਕਰਕੇ ਛੱਡ ਦਿੱਤਾ ਕਿ ਇਹਨਾਂ ਖਿਤਿਆਂ ਵਿੱਚ ਸ਼ਾਂਤੀ ਨਾ ਹੋ ਸਕੇ । ਬਿਲਕੁਲ ਇਸੇ ਤਰ੍ਹਾਂ ਬਰਤਾਨਵੀ ਹਕੂਮਤ ਦੇ ਦਬਾਅ ਹੇਠ ਸੰਯੁਕਤ ਰਾਸ਼ਟਰ ਨੇ 1947 ਵਿੱਚ ਮਤ 181 ਰਾਹੀਂ ਜਿਸ ਨੂੰ ਵੰਡ ਯੋਜਨਾ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਫਲਸਤੀਨ ਦੇ ਬ੍ਰਿਟਿਸ਼ ਫਤਵੇ ਨੂੰ ਅਰਬ ਅਤੇ ਯਹੂਦੀ ਰਾਜਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਸੀ । 14 ਮਈ 1948 ਨੂੰ ਇਜ਼ਰਾਈਲ ਰਾਜ ਬਣਾਇਆ ਗਿਆ ਸੀ, ਜਿਸ ਨੇ ਪਹਿਲੀ ਅਰਬ-ਇਜ਼ਰਾਈਲੀ ਜੰਗ ਸ਼ੁਰੂ ਕੀਤੀ ਸੀ ।

Related posts

ਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ 

admin

ਭਾਰਤ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਗੁਣਵੱਤਾ ਵਿੱਚ ਗਿਰਾਵਟ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin