ਜਾਪਾਨੀ ਕਾਵਿ-ਵਿਧਾ ਹਾਇਕੂ ਹੁਣ ਪੰਜਾਬੀ ਭਾਸ਼ਾ ਵਿੱਚ ਆਪਣਾ ਥਾਂ ਬਣਾ ਰਹੀ ਹੈ। ਪੰਜਾਬੀ ਟ੍ਰਿਬਿਊਨ ਵਰਗੇ ਕਾਫੀ ਨਾਮੀ ਅਖ਼ਬਾਰ ਅਤੇ ਭਾਸ਼ਾ ਵਿਭਾਗ ਦੇ ਸਾਹਿਤਿਕ ਪਰਚੇ ਜਨ-ਸਾਹਿਤ ਸਮੇਤ ਕਾਫੀ ਪਰਚੇ ਵੀ ਹਾਇਕੂ ਛਾਪਣ ਲੱਗੇ ਹਨ। ਨਿਰੋਲ ਹਾਇਕੂ ਵਿਧਾ ਨੂੰ ਸਮਰਪਿਤ ਕੁਝ ਪਰਚੇ ਵੀ ਨਿਕਲਣ ਲੱਗੇ ਹਨ। ਇਹ ਸਬ ਹਾਇਕੂ ਦੇ ਚੰਗੇਰੇ ਭਵਿੱਖ ਦੀਆਂ ਝਲਕੀਆਂ ਹਨ। ਪਰਮਜੀਤ ਰਾਮਗੜ੍ਹੀਆ ਦਾ ਨਾਂ ਹਾਇਕੂ ਜਗਤ ਵਿੱਚ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ, ਸਗੋਂ ਜੇ ਇਹ ਕਿਹਾ ਜਾਵੇ ਕਿ ਪਰਮਜੀਤ ਦੀ ਸਾਹਿਤਿਕ ਖੇਤਰ ਵਿੱਚ ਹਾਇਕੂ ਕਰਕੇ ਪਹਿਚਾਣ ਹੈ, ਤਦ ਵੀ ਬਹੁਤਾ ਗਲਤ ਨਹੀ।ਵਟਸਐੇਪ ਤੇ ਫੇਸਬੁੱਕ ਉਪਰ ਅੰਤਰਰਾਸ਼ਟਰੀ ਹਾਇਕੂ ਗਰੁੱਪ “ਪੰਜਾਬੀ ਹਾਇਕੂ ਰਿਸ਼ਮਾਂ” ਤੋਂ ਸ਼ੁਰੂ ਕਰਕੇ ਬਲਾਗ ਅਤੇ ਈ-ਪੇਪਰ ਰਾਹੀਂ ਹੁੰਦੇ ਹੋਏ ਨਿਰੋਲ ਹਾਇਕੂ ਪੁਸਤਕਾਂ ਲਿਖਣ ਅਤੇ ਸੰਪਾਦਿਤ ਕਰਨ ਵਾਲਾ ਵਿਅਕਤੀ ਇਸ ਵਿਧਾ ਲਈ ਕਿੰਨਾ ਸਮਰਪਿਤ ਹੈ, ਅੰਦਾਜਾ ਲਗਾਇਆ ਜਾ ਸਕਦਾ ਹੈ। ਉਸ ਦੇ ਪ੍ਰਸੰਸਾਯੋਗ ਕਾਰਜਾਂ ਦੀ ਲੰਮੀ ਲੜੀ ਵਿੱਚੋਂ ਇੱਕ ਮਹੱਤਵਪੂਰਨ ਕਾਰਜ ਹੋਰ ਲੇਖਕਾਂ ਨੂੰ ਇਸ ਵਿਧਾ ਨਾਲ ਜੋੜਨਾ, ਲਿਖਣ ਲਈ ਪ੍ਰੇਰਿਤ ਕਰਨਾ ਅਤੇ ਇਸ ਵਿਧਾ ਦੀ ਬਣਤਰ ਪ੍ਰਤੀ ਉਹਨਾਂ ਦੀ ਰਹਿਨੁਮਾਈ ਕਰਨਾ ਵੀ ਹੈ।
“ਪੰਜਾਬੀ ਹਾਇਕੂ ਸ਼ਾਇਰੀ” ਲੇਖਕ ਦਾ ਮੌਲਿਕ ਹਾਇਕੂ ਸੰਗ੍ਰਹਿ ਹੈ। ਜਿਸ ਵਿੱਚ ਵੱਖ ਵੱਖ ਵਿਸ਼ਿਆਂ ਤੇ ਲਿਖੇ ਲੱਗਭੱਗ 1000 ਦੇ ਕਰੀਬ ਹਾਇਕੂ ਹਨ। ਪੁਸਤਕ ਦੇ ਮੁੱਖ ਪੰਨੇ ਤੇ ਸਮਰਪਣ ਵਜੋਂ ਲਿਖੇ ਸ਼ਬਦ ਧਿਆਨ ਮੰਗਦੇ ਹਨ -“ਸਮਰਪਿਤ ਉਹਨਾਂ ਹਾਇਕੂ ਪਿਆਰਿਆਂ ਨੂੰ ਜਿਨ੍ਹਾਂ ਨੇ ਹਾਇਕੂ ਵਿਧਾ ਨੂੰ ਨਿੱਠ ਕੇ ਪੜ੍ਹਿਆ,ਲਿਖਿਆ ਤੇ ਇਸਦੇ ਪ੍ਰਚਾਰ ਤੇ ਪਸਾਰ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ”। ਇਹ ਸ਼ਬਦ ਲੇਖਕ ਦੇ ਇਸ ਵਿਧਾ ਦੀ ਤਰੱਕੀ ਲਈ ਸੰਜੀਦਗੀ ਦਰਸਾਉਂਦੇ ਹਨ। ਪੁਸਤਕ ਦੀ ਭੂਮਿਕਾ ਵਿੱਚ ਹਾਇਕੂ ਬਾਰੇ ਦਿੱਤੀ ਗਈ ਜਾਣਕਾਰੀ ਮਹੱਤਵਪੂਰਨ ਹੈ ਕਿਉਂਕਿ ਬਹੁਗਿਣਤੀ ਪਾਠਕ ਇਸ ਵਿਧਾ ਦੀਆਂ ਬਾਰੀਕੀਆਂ ਤੋਂ ਵਾਕਫ ਨਹੀਂ ਹਨ।
ਪੁਸਤਕ ਵਿੱਚ ਕੁੱਲ 7 ਵਿਸ਼ਿਆਂ ਛੋਹਿਆ ਗਿਆ ਹੈ : ਧਾਰਮਿਕ, ਰਾਜਨੀਤਿਕ, ਕੁਦਰਤੀ, ਰਿਸ਼ਤੇ-ਨਾਤੇ, ਨੈਤਿਕ ਕਦਰਾਂ ਕੀਮਤਾਂ, ਕਰੋਨਾ ਕਰੋਪੀ, ਅਤੇ ਕੁਝ ਰਲੇ ਮਿਲੇ ਵਿਸ਼ਿਆਂ ਤੇ ਹਾਇਕੂ ਹਨ।
ਲੇਖਕ ਦਾ ਜੀਵਨ-ਨਜ਼ਰੀਆ ਉਸ ਦੀ ਸਮਾਜ, ਧਰਮ, ਲੋਕਾਈ ਅਤੇ ਵੱਖ ਵੱਕ ਵਿਸ਼ਿਆਂ ਪ੍ਰਤੀ ਪਹੁੰਚ ਉਸਦੀ ਲਿਖਤ ਵਿਚੋਂ ਪ੍ਰਗਟ ਹੋਇਆ ਕਰਦੀ ਹੈ। ਪੁਸਤਕ ਨੂੰ ਪੜਦਿਆਂ ਪਾਠਕ ਜਿੱਥੇ ਉਸਦੀ ਲਿਖਣ ਸ਼ੈਲੀ ਦਾ ਕਾਇਲ ਹੁੰਦਾ ਹੈ, ਉੱਥੇ ਵੱਖ ਵੱਖ ਵਿਸ਼ਿਆਂ ਪ੍ਰਤੀ ਉਸਦੀ ਪਕੜ ਮਾਨਵੀਂ ਕਦਰਾਂ ਕੀਮਤਾਂ ਪ੍ਰਤੀ ਉਸਦੀ ਸੰਵੇਦਨਾ ਅਤੇ ਗਲਤ ਕੀਮਤਾਂ ਪ੍ਰਤੀ ਸੁਚੇਤ ਲਲਕਾਰ ਪਾਠਕ ਨੂੰ ਉਂਗਲੀ ਫੜ ਕੇ ਆਪਣੇ ਨਾਲ ਤੋਰ ਲੈਂਦੀ ਹੈ। ਉਸਦੀ ਕਲਮ ਨੇ ਉਸਦੀ ਰੂਹ ਨੂੰ ਹੀ ਕਾਗਜ ਤੇ ਪ੍ਰਗਟਾਇਆ ਹੈ :-
ਕੋਰੀ ਜਿੰਦਗੀ
ਕਲਮ ਤੇ ਕਾਗਜ਼
ਰੂਹ ਦੇ ਹਾਣੀ।
ਕੁਦਰਤ ਦੇ ਦ੍ਰਿਸ਼ਾਂ ਨੂੰ ਰੂਪਮਾਨ ਕਰਦੇ ਹੋਏ ਹਾਇਕੂ ਉਸਦਾ ਦ੍ਰਿਸ਼-ਵਰਣਨ, ਸ਼ਬਦ-ਚੋਣ ਅਤੇ ਪ੍ਰਗਟਾਅ ਦਾ ਵਧੀਆ ਨਮੂਨਾ ਪੇਸ਼ ਕਰਦੇ ਹਨ :-
ਛੁਪਿਆ ਚੰਨ
ਬੱਦਲਾਂ ਦੇ ਓਹਲੇ
ਤੱਕਾਂ ਜੁਗਨੂੰ।
ਰਾਤ ਹਨੇਰੀ
ਬੱਦਲ ਗਰਜਣ
ਜਿੰਦ ਇਕੱਲੀ।
ਸਾਗਰ-ਛੱਲ
ਅੰਬਰ ਵੱਲ ਉੱਠੀ
ਪਹੁ-ਫੁਟਾਲੇ।
ਸੂਹੀ ਸਵੇਰ
ਗੁਲਾਬ ਦੇ ਮੁੱਖ ‘ਤੇ
ਤਰੇਲ-ਬੂੰਦਾਂ।ਧਾਰਮਿਕ ਅਤੇ ਰਾਜਨੀਤਿਕ ਵਿਸ਼ੇ ਤੇ ਲਿਖਣਾ ਬੜਾ ਜੌਖਿਮ ਭਰਿਆ ਹੁੰਦਾ ਹੈ ਕਿਉਂਕਿ ਸੱਚ ਲਿਖਿਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੈ ਅਤੇ ਝੂਠ ਲਿਖਣਾ ਇੱਕ ਸੁਹਿਰਦ ਲੇਖਕ ਦੀ ਆਤਮਾ ਨੂੰ ਗਵਾਰਾ ਨਹੀਂ ਹੁੰਦਾ। ਬਹੁਤ ਘੱਟ ਸ਼ਬਦਾਂ ਵਿੱਚ ਉੱਚ ਫਲਸਫਾ ਦੱਸਣਾ ਅਤੇ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਣੀ ਸੌਖੀ ਨਹੀਂ ਹੁੰਦੀ ਸ਼ੁਰ ਦੇਖੋ-ਸਾਧ ਬੂਥਨੇ
ਖਲਕਤ ਲੁੱਟਣ
ਹੱਥ ਤਸਬੀ।ਕੂੜ ਦੀ ਕੈਂਚੀ
ਨੇਤਾ ਕੱਟਣ ਜੇਬਾਂ
ਕੂੜ ਬੋਲ ਕੇ।ਬਣਕੇ ਨੇਤਾ
ਕਿੰਝ ਡੱਸਣ ਆਏ
ਸੱਪ ਦੋ-ਮੂੰਹੇ।ਇਹਨਾਂ ਹਾਇਕੂਆਂ ਅੰਦਰ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਦਰਸਾਇਆ ਗਿਆ ਹੈ। ਰਿਸ਼ਤਿਆਂ ਅੰਦਰ ਪਿਆਰ, ਨਿੱਘ, ਤਾਂਘ, ਬਿਰਹਾ ਅਤੇ ਮਿਲਾਪ ਦਾ ਜਿਕਰ ਹੈ, ਤਾਂ ਨਾਲ ਹੀ ਇੰਨ੍ਹਾਂ ਰਿਸ਼ਤਿਆਂ ਵਿੱਚ ਘਟਦਾ ਪਿਆਰ, ਮਾਇਆ ਉੱਤੇ ਸਵਾਰਥ ਦਾ ਬੋਲਬਾਲਾ, ਭਰੂਣ-ਹੱਤਿਆ, ਬਜੁਰਗਾਂ ਦੀ ਬੇਕਦਰੀ, ਬੱਚਿਆਂ ਦੇ ਪਰਵਾਸ ਜਾਣ ਅਤੇ ਮਾਇਆ ਅਤੇ ਪਦਾਰਥਾਂ ਵਿੱਚ ਖਚਿਤ ਹੋਣ ਦੇ ਸਮਾਜਿਕ ਦੁਖਾਂਤ ਹਾਇਕੂਆਂ ਰਾਹੀਂ ਬਾਖੂਬੀ ਪ੍ਰਗਟ ਕੀਤੇ ਗਏ ਹਨ।ਕੁੱਖ ਦੇ ਵੈਰੀ
ਕੰਜਕਾਂ ਨੇ ਲੱਭਦੇ
ਕੇਹਾ ਜ਼ਮਾਨਾ।
ਮਕਾਨ ਪੱਕੇ
ਦਿਲਾਂ ਵਿੱਚ ਦੂਰੀਆਂ
ਰਿਸਤੇ ਕੱਚੇ।
ਇਸ ਤਰਾਂ ਪੰਜਾਬੀ ਹਾਇਕੂ ਸ਼ਾਇਰੀ ਇੱਕ ਅਜਿਹਾ ਗੁਲਦਸਤਾ ਬਣ ਜਾਂਦੀ ਹੈ ਜਿਸ ਵਿੱਚ ਵੱਖ ਵੱਖ ਰੰਗਾਂ ਦੇ ਅਤੇ ਵੱਖ ਵੱਖ ਆਕ੍ਰਿਤੀਆਂ ਦੇ ਫੁੱਲਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਹਾਇਕੂ ਦੇ ਖੇਤਰ ਵਿੱਚ ਲੇਖਕ ਤੋਂ ਹੋਰ ਵੱਡੀਆਂ ਆਸਾਂ ਹਨ।