ਕਿਸੇ ਦੇ ਅੱਗੇ ਹੱਥ ਨਾ ਅੱਡਦੇ।
ਬਸ ਇੱਕ ਸੱਚੇ ਰੱਬ ਤੋਂ ਡਰਦੇ।
ਰਹਿੰਦੇ ਸਭ ਤੋਂ ਬੇਪ੍ਰਵਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਤਨ-ਮਨ ਲਾ ਕੇ ਕੰਮ ਕਰਨ ਜੋ।
ਦੁੱਕੀ-ਤਿੱਕੀ ਤੋਂ ਨਾ ਡਰਨ ਜੋ।
ਚੰਗੇ ਬੰਦੇ ਤੋਂ ਲੈਣ ਸਲਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਚੋਰੀ-ਯਾਰੀ ਤੋਂ ਰਹਿੰਦੇ ਦੂਰ।
ਕੰਮ ਦੇ ਵਿੱਚ ਰਹਿੰਦੇ ਮਗ਼ਰੂਰ।
ਸਾਫ਼-ਸਪਸ਼ਟ ਉਹ ਰੱਖਣ ਨਿਗਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਝੂਠ-ਫ਼ਰੇਬ ਤੋਂ ਪਰੇ ਜੋ ਰਹਿੰਦੇ।
ਨਸ਼ੇਖੋਰਾਂ ਦੇ ਕੋਲ ਨਾ ਬਹਿੰਦੇ।
ਕਦੇ ਨਾ ਝੂਠੇ ਬਣਨ ਗਵਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਕਰਨੀ ਕਿਰਤ ਤੇ ਵੰਡ ਕੇ ਛਕਣਾ।
ਸੱਚੇ ਬੰਦੇ ਦੇ ਹੱਕ ‘ਚ ਡਟਣਾ।
ਝੂਠੇ ਦੇ ਸਿਰ ਪਾਉਣ ਸੁਆਹ।
ਅਸਲ ਹੁੰਦੇ ਓਹੀ ਬਾਦਸ਼ਾਹ।
———————00000———————
ਕੀਨੇ ਕੀਤਾ ਐਨਾਂ ਕਹਿਰ ਹੈ।
ਚੜ੍ਹਿਆ ਏਹਨੂੰ ਕੋਈ ਜ਼ਹਿਰ ਹੈ।
ਛਾਈ ਹੈ ਕੈਸੀ ਤਨਹਾਈ
ਬੁਝਿਆ ਦਿੱਸੇ ਕੁੱਲ ਸ਼ਹਿਰ ਹੈ।
ਰੁੱਖ ਰਿਹਾ ਨਾ ਧਰਤੀ ਉੱਤੇ
ਨਾ ਪਾਣੀ ਪਰ ਨਾਮ ਨਹਿਰ ਹੈ।
ਜੀਅ ਨਾ ਕੋਈ ਤੁਰਦਾ ਦੀਂਹਦਾ
ਲੱਗੇ ਸਭ ਕੁਝ ਗਿਆ ਠਹਿਰ ਹੈ।
ਕਿੰਨਾ ਸ਼ਾਂਤ ਹੋ ਗਿਆ ਸਾਗਰ
ਉੱਠ ਰਹੀ ਨਾ ਕੋਈ ਲਹਿਰ ਹੈ।
ਚਾਰੇ ਪਾਸੇ ਘੁੱਪ ਹਨੇਰਾ
ਦਹਿਸ਼ਤਜ਼ਦਾ ਹਰਿਕ ਪਹਿਰ ਹੈ।
ਕੈਸੀ ਉਸਨੇ ਗ਼ਜ਼ਲ ਲਿਖੀ ਹੈ
ਬਿਨਾਂ ਕਾਫ਼ੀਆ ਬਿਨਾਂ ਬਹਿਰ ਹੈ।
———————00000———————
ਨੇਕੀ ਦੀ ਰਾਹ ਚੱਲ ਓ ਬੰਦਿਆ।
ਸੱਚਾ ਪਿੜ ਫਿਰ ਮੱਲ ਓ ਬੰਦਿਆ।
ਇਹ ਰਸਤਾ ਭਾਵੇਂ ਮੁਸ਼ਕਿਲ ਹੈ।
ਇਸਤੇ ਚੱਲਣੋਂ ਡਰਦਾ ਦਿਲ ਹੈ।
ਰਾਹ ਇਹ ਨਹੀਂ ਹੈ ਕੋਈ ਸੁਖਾਵਾਂ।
ਚੱਲਦਾ ਇਸਤੇ ਟਾਵਾਂ ਟਾਵਾਂ।
ਨੇਕੀ ਕਰੀਏ ਤੇ ਭੁੱਲ ਜਾਈਏ।
ਕਦੇ ਵੀ ਇਹਦਾ ਫ਼ਲ ਨਾ ਚਾਹੀਏ।
ਨੇਕੀ ਅਤੇ ਦਿਆਨਤਦਾਰੀ।
ਕਿਵੇਂ ਚੱਲੇਗੀ ਦੁਨੀਆਂਦਾਰੀ।
ਨੇਕੀ ਦਾ ਫ਼ਲ ਹੋਵੇ ਮਿੱਠਾ।
ਕਿਸੇ ਕਿਸੇ ਨੇ ਚਖ਼ ਕੇ ਡਿੱਠਾ।
ਆਪਾਂ ਵੀ ਨੇਕੀ ਅਪਣਾਈਏ।
ਮਨ-ਇੱਛਿਤ ਫ਼ਲ ਰੱਬ ਤੋਂ ਪਾਈਏ।
ਜਿਨ੍ਹਾਂ ਮੱਤ ਪ੍ਰਭੂ ਨੂੰ ਟੇਕੀ।
ਉਹਦੇ ਪੱਲੇ ਆਵੇ ਨੇਕੀ।
———————00000———————
ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ
ਚੌਥਾ ਤਖ਼ਤ ਹੈ ਸਿੱਖ ਧਰਮ ਦਾ,
ਦਮਦਮਾ ਸਾਹਿਬ ਕਹਿੰਦੇ।
ਸਭ ਧਰਮਾਂ-ਵਰਣਾਂ ਦੇ ਲੋਕੀਂ,
ਮਿਲਜੁਲ ਏਥੇ ਰਹਿੰਦੇ।
ਜੋੜਮੇਲਾ ਵਿਸਾਖੀ ਦਾ
ਇਸ ਥਾਂ ਲੱਗਦਾ ਹੈ ਭਾਰੀ,
ਰੱਬ ਦੀ ਕਿਰਪਾ ਹੋਵੇ ਉਨ੍ਹਾਂ ਤੇ,
ਜੋ ਸਿਮਰਨ ਵਿੱਚ ਬਹਿੰਦੇ।
ਦਸਮ ਪਿਤਾ ਨੇ ਗੁਰੂ ਗ੍ਰੰਥ ਦੀ,
ਬੀੜ ਤਿਆਰ ਕਰਾਈ।
ਮੁੱਢ ਤੋਂ ਅੰਤ ਤੱਕ ਉਨ੍ਹਾਂ ਨੇ,
ਕਥਾ ਸੀ ਆਪ ਸੁਣਾਈ।
ਲਿਖਣਸਰ ਦੇ ਜਲ ਵਿੱਚ
ਸਿਆਹੀ-ਕਲਮਾਂ ਰੋੜ੍ਹ ਵਹਾਈਆਂ,
ਸ਼ਰਧਾ ਤੇ ਵਿਸ਼ਵਾਸ ਕਰੇ ਜੋ,
ਉਹਨੂੰ ਮਿਲੇ ਵਡਾਈ।
ਹਰ ਆਯੂ ਦੇ ਲੋਕੀਂ ਏਥੇ,
ਆ ਕੇ ਪੈਂਤੀ ਲਿਖਦੇ।
ਬੱਚੇ-ਬੁੱਢੇ ਤੇ ਨਰ-ਨਾਰੀ,
ਸਾਰੇ ਗੁਰਮੁਖੀ ਸਿਖਦੇ।
ਕੁਝ ਰੇਤੇ ਤੇ ਕਈ ਸਲੇਟ ਤੇ
ਕਰਦੇ ਸੁੰਦਰ ਲਿਖਾਈ,
ਵੱਡੇ ਛੋਟੇ ਦਾ ਫ਼ਰਕ ਨਾ ਕੋਈ,
ਰੱਬ ਦਾ ਰੂਪ ਨੇ ਦਿਖਦੇ।
———————00000———————
ਵਿਸ਼ਵ ਕਵਿਤਾ ਦਿਵਸ ‘ਤੇ:
ਕਰ ਭਲਾ ਹੋ ਭਲਾ
ਕਰੀਏ ਜੇਕਰ ਭਲਾ ਕਿਸੇ ਦਾ, ਭਲਾ ਸਾਡਾ ਵੀ ਹੁੰਦਾ।
ਜੋ ਵੀ ਕਿਸੇ ਦਾ ਬੁਰਾ ਚਿਤਵਦਾ, ਪਿੱਛੋਂ ਹੈ ਪਛਤਾਉਂਦਾ।
ਗੁਰੂ ਬਾਬਿਆਂ ਦੱਸਿਆ ਸਾਨੂੰ, ਚੜ੍ਹਦੀ ਕਲਾ ‘ਚ ਰਹਿਣਾ।
ਭਲਾ ਸਰਬੱਤ ਦਾ ਮੰਗਣਾ, ਇਹ ਹੈ ਮਾਨਵਤਾ ਦਾ ਗਹਿਣਾ।
ਪਰਉਪਕਾਰ,ਨਿਮਰਤਾ ਵਰਗੇ, ਗੁਣਾਂ ਨੂੰ ਬੰਨ੍ਹੀਏ ਪੱਲੇ।
ਹਰ ਕੋਈ ਸਤਿਕਾਰ ਬਖ਼ਸ਼ਦਾ, ਹੁੰਦੀ ਹਰ ਥਾਂ ਬੱਲੇ।
ਹਿਰਦੇ ਕਿਸੇ ਦੇ ਚੋਟ ਨਾ ਮਾਰੋ, ਸਮਝੋ ਸਭ ਨੂੰ ਹਾਣੀ।
ਮਾਨਵਤਾ ਦਾ ਧਰਮ ਵੱਡਾ ਹੈ, ਗੱਲ ਇਹ ਸੱਚੀ ਜਾਣੀ।
ਮਾਣ ਨਾ ਕਰੀਏ ਉੱਚ ਜਾਤ ਦਾ, ਦੁਖੀ ਦਾ ਦਰਦ ਵੰਡਾਈਏ।
‘ਨਵ ਸੰਗੀਤ’ ਦੀ ਹੈ ਇਹ ਇੱਛਾ : ਵੰਡ ਕੇ ਰਲਮਿਲ ਖਾਈਏ।
———————00000———————