ਪੰਜਾਬ ਦੀ ਚੰਨੀ ਸਰਕਾਰ ਨੇ ਅੱਧੀ ਰਾਤ ਨੂੰ ਅਕਾਲੀ ਦਲ ਦੇ ਧੜੱਲੇਦਾਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਇਹ ਕੇਸ ਪੰਜਾਬ ਸਰਕਾਰ ਵਲੋਂ ਨਵੇਂ ਲਗਾਏ ਗਏ ਕਾਰਜਕਾਰੀ ਡੀ ਜੀ ਪੀ ਸਿਧਾਰਥ ਚੱਟੋਪਾਧਿਆਏ ਦੇ ਹੁਕਮਾਂ ‘ਤੇ ਦਰਜ ਕੀਤਾ ਗਿਆ ਹੈ। ਡੀ ਜੀ ਪੀ ਨੇ ਬੀ ਓ ਆਈ (ਬਿਓਰੋ ਆਫ ਇਨਸਵੈਸਟੀਗੇਸ਼ਨ) ਨੂੰ ਪੱਤਰ ਲਿਖ ਕੇ ਇਹ ਕਾਰਵਾਈ ਕਰਨ ਲਈ ਕਿਹਾ ਸੀ। ਡੀ ਜੀ ਪੀ ਨੇ ਐੱਸ ਆਈ ਟੀ ਦੇ ਗਠਨ ਲਈ ਵੀ ਕਿਹਾ ਸੀ। ਦਰਅਸਲ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਪਟਵਾਲੀਆ ਨੇ ਇਕ ਦਸੰਬਰ ਨੂੰ ਇਸ ਮਾਮਲੇ ਵਿਚ ਆਪਣਾ ਓਪੀਨੀਅਨ ਦਿੱਤਾ ਸੀ। ਪੰਜਾਬ ਸਰਕਾਰ ਦੇ ਵਲੋਂ ਪਿਛਲੇ ਇਕ ਮਹੀਨੇ ਤੋਂ ਹੀ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਵਿਉਂਤਾਂ ਘੜੀਆਂ ਜਾ ਰਹੀਆਂ ਸਨ ਜਿਹਨਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬੀਤੀ ਅੱਧੀ ਰਾਤ ਨੂੰ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰ ਕੀਤਾ ਦਿੱਤਾ ਗਿਆ। ਇਹ ਕੇਸ ਮੋਹਾਲੀ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਵਲੋਂ ਸਟੇਟ ਕ੍ਰਾਈਮ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਹੈ। ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਨੂੰ ਲੈ ਕੇ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ। ਇਹ ਕੇਸ ਐੱਨ ਡੀ ਪੀ ਐੱਸ ਐਕਟ ਦੀ ਧਾਰਾ 25/27ਏ/29 ਦੇ ਤਹਿਤ ਦਰਜ ਕੀਤਾ ਗਿਆ ਹੈ। ਮਜੀਠੀਆ ਨੂੰ ਫੜਨ ਲਈ ਏ ਆਈ ਜੀ ਬਲਰਾਜ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ ਅਤੇ ਇਸ ਦੇ ਦੋ ਹੋਰ ਮੈਂਬਰ ਡੀ ਐੱਸ ਪੀ ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਹਨ| ਮਜੀਠੀਆ ਖਿਲਾਫ 49 ਸਫਿਆਂ ਦੀ ਐੱਫ ਆਈ ਆਰ ਦਰਜ ਕੀਤੀ ਗਈ ਹੈ| ਦੋਸ਼ ਹਨ ਕਿ ਉਨ੍ਹਾ ਆਪਣੀ ਪ੍ਰਾਪਰਟੀ ਤੇ ਗੱਡੀਆਂ ਰਾਹੀਂ ਡਰੱਗ ਸਮੱਗਲਿੰਗ ਵਿਚ ਮਦਦ ਕੀਤੀ| ਨਸ਼ੇ ਵੰਡਣ ਤੇ ਵੇਚਣ ਦੇ ਕੰਮ ਨੂੰ ਫਾਈਨੈਂਸ ਕੀਤਾ| ਡਰੱਗ ਸਮੱਗਲਿੰਗ ਦੀ ਪੂਰੀ ਸਾਜ਼ਿਸ਼ ਰਚੀ| ਮਜੀਠੀਆ ਦੇ ਅੰਮਿੑਤਸਰ ਸਥਿਤ ਘਰ ਵਿਚ ਵਿਦੇਸ਼ ਤੋਂ ਆਉਣ ਵਾਲੇ ਐੱਨ ਆਰ ਆਈ ਰਹਿੰਦੇ ਸਨ, ਜਿਥੇ ਉਨ੍ਹਾਂ ਨੂੰ ਇਨੋਵਾ ਤੇ ਗੰਨਮੈਨ ਦਿੱਤੇ ਜਾਂਦੇ ਸਨ| ਚੰਡੀਗੜ੍ਹ ਦੇ ਸੈਕਟਰ 39 ਸਥਿਤ ਸਰਕਾਰੀ ਘਰ ਵਿਚ ਵੀ ਨਸ਼ਾ ਸਮੱਗਲਰ ਠਹਿਰਦੇ ਰਹੇ| ਇਹ ਕੇਸ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਫੜੇ ਗਏ ਮੁਲਜ਼ਮਾਂ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ| ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਬਹੁਤ ਚਿਰ ਤੋਂ ਮਜੀਠੀਆ ‘ਤੇ ਦੋਸ਼ ਲੱਗਦੇ ਆ ਰਹੇ ਹਨ | ਨਸ਼ਾ ਤਸਕਰੀ ਮਾਮਲੇ ‘ਚ ਸਜ਼ਾ ਭੁਗਤ ਰਹੇ ਪੰਜਾਬ ਪੁਲਸ ਦੇ ਬਰਖ਼ਾਸਤ ਡੀ ਐੱਸ ਪੀ ਅਤੇ ਪਹਿਲਵਾਨ ਜਗਦੀਸ਼ ਭੋਲਾ ਨੇ ਵੀ ਕੇਸ ਦੀ ਸੁਣਵਾਈ ਦੌਰਾਨ ਕਈ ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਨਸ਼ਿਆਂ ਵਿਰੁੱਧ ਬਣੀ ਸਿੱਟ ਦੇ ਇਕ ਸੀਨੀਅਰ ਮੈਂਬਰ ਨੇ ਵੀ ਆਪਣੀ ਰਿਪੋਰਟ ‘ਚ ਸਿਆਸੀ ਆਗੂ ਦਾ ਵੇਰਵਾ ਦਰਜ ਕੀਤਾ ਹੈ| ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਦੀ ਰਿਪੋਰਟ ਦੇ ਆਧਾਰ ‘ਤੇ ਮਜੀਠੀਆ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਹ ਰਿਪੋਰਟ 2018 ਵਿੱਚ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਮਜੀਠੀਆ ਦੇ ਨਾਂ ਦਾ ਵੀ ਦਾਅਵਾ ਕੀਤਾ ਗਿਆ ਹੈ ਅਤੇ ਜਿਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਦਾਅਵਾ ਕਰਦੇ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਦੇ ਵਲੋਂ ਬਿਕਰਮ ਮਜੀਠੀਆ ਨੂੰ ਘੇਰਨ ਦੇ ਲਈ ਜਾਲ ਬੁਣਿਆ ਜਾ ਰਿਹਾ ਸੀ ਇਸ ਸਬੰਧੀ ਅਕਾਲੀ ਲੀਡਰਾਂ ਵਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਕਾਂਗਰਸ ਸਰਕਾਰ ਅਕਾਲੀ ਆਗੂਆਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਚਾਹੁੰਦੀ ਹੈ। ਇਸਦੀ ਭਿਣਕ ਅਕਾਲੀ ਆਗੂਆਂ ਨੂੰ ਵੀ ਸੀ ਅਤੇ ਇਸ ਵੇਲੇ ਮਜੀਠੀਆ ਪੰਜਾਬ ਪੁਲਸ ਦੀ ਸੁਰੱਖਿਆ ਛੱਡ ਕੇ ਕੇਂਦਰੀ ਬਲਾਂ ਦੇ ਜਵਾਨਾਂ ਨਾਲ ਪੰਜਾਬ ਵਿਚੋਂ ਬਾਹਰ ਜਾ ਚੁੱਕੇ ਹਨ| ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾ ਕੋਲ ਗ੍ਰਹਿ ਮੰਤਰਾਲਾ ਹੈ, ਨੇ ਕਿਹਾ ਹੈ ਕਿ ਜੇ ਨਸ਼ਾ ਵੇਚਣ ਵਾਲੇ ਫੜੇ ਜਾ ਸਕਦੇ ਹਨ ਤਾਂ ਮਜੀਠੀਆ ਵੀ ਫੜਿਆ ਜਾਵੇਗਾ|
ਇਸ ਮਾਮਲੇ ‘ਚ ਹਾਈਕੋਰਟ ‘ਚ ਪੇਸ਼ ਕੀਤੀ ਗਈ ਸੀਲਬੰਦ ਐਸਟੀਐਫ ਦੀ ਰਿਪੋਰਟ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੋਈ ਹੈ। ਖਾਸ ਕਰਕੇ ਕਾਂਗਰਸ ਦੇ ਅੰਦਰ ਹੀ ਸਿੱਧੂ ਅਤੇ ਚੰਨੀ ਸਰਕਾਰ ਵਿਚਾਲੇ ਜੰਗ ਛਿੜੀ ਹੋਈ ਹੈ। ਇਸ ਤੋਂ ਬਾਅਦ ਸਿੱਧੂ ਦੇ ਦਬਾਅ ਹੇਠ ਪਹਿਲਾ ਐਡਵੋਕੇਟ ਜਨਰਲ ਬਦਲਿਆ ਗਿਆ। ਏਪੀਐਸ ਦਿਓਲ ਦੀ ਥਾਂ ਲੈ ਕੇ ਏਜੀ ਬਣੇ ਡੀਐਸ ਪਟਵਾਲੀਆ ਨੇ ਹਾਈ ਕੋਰਟ ਵਿੱਚ ਕਿਹਾ ਕਿ ਐਸਟੀਐਫ ਦੀ ਰਿਪੋਰਟ ਖੋਲ੍ਹਣ ’ਤੇ ਕੋਈ ਰੋਕ ਨਹੀਂ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਈ ਕਿ ਉਨ੍ਹਾਂ ਨੇ ਅਜੇ ਤੱਕ ਇਸ ‘ਤੇ ਕਾਰਵਾਈ ਕਿਉਂ ਨਹੀਂ ਕੀਤੀ।
ਪੰਜਾਬ ‘ਚ ਕੁਝ ਦਿਨ ਪਹਿਲਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਧਿਕਾਰੀਆਂ ਦੇ ਲਗਾਤਾਰ ਛੁੱਟੀ ‘ਤੇ ਜਾਣ ‘ਤੇ ਸਵਾਲ ਉੱਠ ਰਹੇ ਸਨ। ਹਾਲ ਹੀ ‘ਚ ਇਹ ਮਾਮਲਾ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਏਡੀਜੀਪੀ ਐਸਕੇ ਅਸਥਾਨਾ ਅਚਾਨਕ ਮੈਡੀਕਲ ਛੁੱਟੀ ‘ਤੇ ਚਲੇ ਗਏ। ਜਦੋਂ ਇਸ ਮਾਮਲੇ ਨੂੰ ਲੈਕੇ ਕਾਰਵਾਈ ਕਰਨ ਲਈ ਉਹਨਾਂ ਉਪਰ ਦਬਾਅ ਪਾਇਆ ਗਿਆ ਤਾਂ ਉਹ ਹਸਪਤਾਲ ਦਾਖਲ ਹੋ ਗਏ। ਜਿਸ ਤੋਂ ਬਾਅਦ ਉਹਨਾਂ ਵਲੋਂ ਡੀਜੀਪੀ ਨੂੰ ਲਿਖੇ ਪੱਤਰ ਦੇ ਕੁਝ ਹਿੱਸੇ ਵੀ ਲੀਕ ਹੋ ਗਏ ਸਨ। ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਮਜੀਠੀਆ ‘ਤੇ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਮਜੀਠੀਆ ਨੂੰ ਗਿੑਫ਼ਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਨ| ਸਿੱਧੂ ਮੀਡੀਆ ਵਿੱਚ ਇਹ ਦਾਅਵਾ ਕਰ ਚੁੱਕੇ ਹਨ ਕਿ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਂਅ ਹੈ| ਹਾਲ ਹੀ ‘ਚ ਪੰਜਾਬ ਦੇ ਕਾਰਜਕਾਰੀ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਂਭੇ ਕਰਕੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਸਿਧਾਰਥ ਚੱਟੋਪਾਧਿਆਏ ਨੂੰ ਕਾਰਜਕਾਰੀ ਡੀ ਜੀ ਪੀ ਨਿਯੁਕਤ ਕੀਤਾ ਗਿਆ ਹੈ| ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਜੇ ਪਹਿਲਾਂ ਹੀ ਕਿਸੇ ਇਮਾਨਦਾਰ ਅਫਸਰ ਨੂੰ ਲਗਾਇਆ ਹੁੰਦਾ ਤਾਂ ਇਹ ਕਾਰਵਾਈ ਕਦੋਂ ਦੀ ਹੋ ਜਾਣੀ ਸੀ| ਸਿੱਧੂ ਨੇ ਕਿਹਾ ਹੈ ਕਿ ਇਮਾਨਦਾਰ ਅਫਸਰਾਂ ਦੇ ਹੱਥ ਵਿਚ ਕਮਾਨ ਦੇਣ ਤੋਂ ਬਾਅਦ ਨਤੀਜਾ ਸਾਹਮਣੇ ਆਇਆ ਹੈ| ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਵਾਰ ਨਾਲ ਮਿਲੇ ਹੋਏ ਸਨ, ਇਸ ਲਈ ਕਾਰਵਾਈ ਨਹੀਂ ਹੋਈ|
ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਮਹਿਜ਼ ਸਿਆਸੀ ਸਟੰਟ ਦੱਸਦਿਆਂ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਗੱਲ ਕਹੀ ਹੈ| ਅਕਾਲੀ ਦਲ ਦੇ ਕਾਨੂੰਨੀ ਮਾਹਰਾਂ ਦੀ ਵਿਸ਼ੇਸ਼ ਟੀਮ ਵੱਲੋਂ ਪੰਜਾਬ ਸਰਕਾਰ ਦੀ ਇਸ ਤਾਜ਼ਾ ਕਾਰਵਾਈ ਨੂੰ ਝੂਠਾ ਸਾਬਤ ਕਰਨ ਲਈ ਹਾਈ ਕੋਰਟ ‘ਚ ਜਾਣ ਲਈ ਤਿਆਰੀ ਕੀਤੀ ਜਾ ਰਹੀ ਹੈ ਅਤੇ ਐੱਫ ਆਈ ਆਰ ਦੀ ਕਾਪੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ|
ਵਰਨਣਯੋਗ ਹੈ ਕਿ ਪੰਜਾਬ ਵਿੱਚ 6,000 ਕਰੋੜ ਰੁਪਏ ਦੇ ਚਰਚਿਤ ਸਿੰਥੈਟਿਕ ਡਰੱਗ ਮਾਮਲੇ ਵਿੱਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 2012 ਵਿੱਚ ਐਫ ਆਈ ਆਰ ਦਰਜ ਕਰਨ ਦਾ ਮਾਮਲਾ ਸ਼ੁਰੂ ਹੋਇਆ ਸੀ। ਪਹਿਲੀ ਐਫ ਆਈ ਆਰ ਫਤਿਹਗੜ੍ਹ ਸਾਹਿਬ ਵਿੱਚ ਦਰਜ ਕੀਤੀ ਗਈ ਸੀ ਅਤੇ ਸ਼ੁਰੂਆਤੀ ਪੜਾਅ ਵਿੱਚ ਇਹ ਕੇਸ ਵੀ ਹੋਰ ਆਮ ਕੇਸਾਂ ਵਾਂਗ ਜਾਪਦਾ ਸੀ। ਇਸ ਨੂੰ ਲੈ ਕੇ ਉਦੋਂ ਸਿਆਸੀ ਖਲਬਲੀ ਮੱਚ ਗਈ ਜਦੋਂ 2014 ਵਿੱਚ ਇਸ ਕੇਸ ਵਿੱਚ ਪੇਸ਼ ਹੋਏ ਅਤੇ ਪੰਜਾਬ ਪੁਲੀਸ ਦੇ ਡੀ ਐਸ ਪੀ ਦੇ ਅਹੁਦੇ ਤੋਂ ਬਰਖ਼ਾਸਤ ਹੋਏ ਇਸ ਕੇਸ ਦੇ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੇ ਤਤਕਾਲੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ। ਉਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ ਅਤੇ ਬਾਦਲ ਪਰਿਵਾਰ ਨਾਲ ਸਬੰਧਾਂ ਕਾਰਨ ਮਜੀਠੀਆ ਸਭ ਤੋਂ ਤਾਕਤਵਰ ਮੰਤਰੀਆਂ ਵਿੱਚ ਗਿਣੇ ਜਾਂਦੇ ਸਨ। ਡਰੱਗ ਮਾਮਲੇ ‘ਚ ਮਜੀਠੀਆ ਦਾ ਨਾਂ ਆਉਣ ਨਾਲ ਪੰਜਾਬ ਦੀ ਪੂਰੀ ਸਿਆਸਤ ਗਰਮਾ ਗਈ ਸੀ। ਅੰਤਰਰਾਸ਼ਟਰੀ ਪਹਿਲਵਾਨ ਭੋਲਾ ਨੇ ਅਦਾਲਤ ਦੇ ਬਾਹਰ ਮੀਡੀਆ ਦੇ ਸਾਹਮਣੇ ਮਜੀਠੀਆ ਦਾ ਨਾਂ ਤਾਂ ਲਿਆ ਪਰ ਕੋਰਟ ਦੇ ਅੰਦਰ ਉਸ ਦਾ ਜ਼ਿਕਰ ਨਹੀਂ ਕੀਤਾ। ਸਿੰਥੈਟਿਕ ਡਰੱਗ ਤਸਕਰੀ ਦੇ ਮਾਮਲੇ ਵਿੱਚ ਫਤਿਹਗੜ੍ਹ ਸਾਹਿਬ ਅਤੇ ਬਨੂੜ ਥਾਣਿਆਂ ਵਿੱਚ ਪਹਿਲੇ ਦੋ ਕੇਸ ਦਰਜ ਹੋਏ ਸਨ। ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ 5 ਹੋਰ ਕੇਸ ਦਰਜ ਕੀਤੇ ਗਏ। ਇਨ੍ਹਾਂ ‘ਚੋਂ 4 ਮਾਮਲਿਆਂ ‘ਚ ਜਗਦੀਸ਼ ਭੋਲਾ ਨੂੰ ਬਰੀ ਕਰ ਦਿੱਤਾ ਗਿਆ ਸੀ ਜਦਕਿ ਜਗਦੀਸ਼ ਭੋਲਾ ਨੂੰ 3 ਹੋਰ ਮਾਮਲਿਆਂ ‘ਚ 10, 12 ਅਤੇ 2 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਮਾਮਲਿਆਂ ਵਿੱਚ ਭੋਲਾ ਤੋਂ ਇਲਾਵਾ 18 ਹੋਰਾਂ ਨੂੰ ਵੀ 6 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੀ ਕੈਦ ਹੋਈ ਹੈ। ਜਦੋਂ ਵਿਰੋਧੀ ਧਿਰ ਵਿੱਚ ਬੈਠੀ ਕਾਂਗਰਸ ਪਾਰਟੀ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਸੀ ਐਮ ਸੁਖਬੀਰ ਬਾਦਲ ਨੇ ਗ੍ਰਹਿ ਮੰਤਰਾਲਾ ਦੇਖਦਿਆਂ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ। ਮਜੀਠੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੁੱਛਗਿੱਛ ਕੀਤੀ ਸੀ, ਜਿਸ ਨੇ ਡਰੱਗ ਮਾਮਲੇ ਵਿੱਚ ਮਨੀ ਲਾਂਡਰਿੰਗ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਸੀ। ਇਸ ਵਿੱਚ ਵੀ ਉਸ ਨੂੰ ਕਲੀਨ ਚਿੱਟ ਦੇਣ ਦੀ ਗੱਲ ਚੱਲੀ ਸੀ। ਇਹ ਰਸਮੀ ਤੌਰ ‘ਤੇ ਕਦੇ ਕਿਸੇ ਨੇ ਨਹੀਂ ਕਿਹਾ। ਇਸ ਕੇਸ ਦੇ ਸਮੇਂ ਸੁਮੇਧ ਸਿੰਘ ਸੈਣੀ ਪੰਜਾਬ ਦੇ ਡੀ ਜੀ ਪੀ ਸਨ। ਸੈਣੀ ਨੇ ਮਜੀਠੀਆ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਿਸੇ ਵੀ ਕੱਟੜ ਅਪਰਾਧੀ ਦੇ ਇਸ਼ਾਰੇ ‘ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸੈਣੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਵਿੱਚ 51 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 71 ਵਾਹਨ, 13 ਹਥਿਆਰ ਅਤੇ ਵੱਡੀ ਮਾਤਰਾ ਵਿੱਚ ਸਿੰਥੈਟਿਕ ਡਰੱਗ ਬਰਾਮਦ ਕੀਤੀ ਗਈ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਤੋਂ ਬਾਅਦ ਪੰਜਾਬ ਦਾ ਸਿਆਸੀ ਤਾਪਮਾਨ ਵਧ ਗਿਆ ਹੈ। ਚੋਣਾਂ ਜ਼ਾਬਤਾ ਲੱਗਣ ਤੋਂ ਕੁੱਝ ਹਫ਼ਤੇ ਪਹਿਲਾਂ ਕਾਂਗਰਸ ਵੱਲੋਂ ਇਸ ਤਰ੍ਹਾਂ ਐਫ ਆਈ ਆਰ ਦਰਜ ਕਰਨਾ ਸੁਭਾਵਿਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਇਸ ਨੂੰ ਨਸ਼ਿਆਂ ਦਾ ਮੁੱਦਾ ਬਣਾ ਕੇ ਚੋਣ ਪ੍ਰਚਾਰ ਜ਼ਰੂਰ ਕਰੇਗੀ ਅਤੇ ਅਕਾਲੀ ਇਸ ਨੂੰ ਬਦਲਾਖੋਰੀ ਦੀ ਰਾਜਨੀਤੀ ਦਾ ਨਾਮ ਦੇ ਰਹੇ ਹਨ ਅਤੇ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਕੇਸ ਰਾਹੀਂ ਕਾਂਗਰਸ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ। ਬੇਸ਼ੱਕ ਮਜੀਠੀਆ ਦੇ ਖਿਲਾਫ਼ ਇਹ ਮਹਿਜ਼ ਕਾਨੂੰਨੀ ਕਾਰਵਾਈ ਹੈ ਪਰ ਇਸ ਦੇ ਡੂੰਘੇ ਸਿਆਸੀ ਅਰਥ ਕੱਢੇ ਜਾ ਰਹੇ ਹਨ। ਸਾਬਕਾ ਰਾਜ ਮੰਤਰੀ ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਬਾਦਲ ਦੇ ਸਾਲੇ ਹਨ। ਬਿਕਰਮ ਮਜੀਠੀਆ ਅਕਾਲੀ ਦਲ ਦਾ ਵੱਡਾ ਚਿਹਰਾ ਹੈ। ਅਕਾਲੀ ਦਲ ‘ਚ ਸੁਖਬੀਰ ਤੋਂ ਬਾਅਦ ਮਜੀਠੀਆ ਦਾ ਸਥਾਨ ਨੰਬਰ-2 ਹੈ। ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਹੋਣ ‘ਤੇ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋ ਸਕਦਾ ਹੈ। ਅਜਿਹੇ ‘ਚ ਪ੍ਰਚਾਰ ਦੌਰਾਨ ਬਾਦਲ ਪਰਿਵਾਰ ਨੂੰ ਮਜੀਠੀਆ ‘ਤੇ ਦਰਜ ਕੇਸ ਬਾਰੇ ਸਪੱਸ਼ਟੀਕਰਨ ਦੇਣਾ ਪਵੇਗਾ। ਪਾਰਟੀ ਦਾ ਧਿਆਨ ਚੋਣ ਪ੍ਰਚਾਰ ਦੇ ਨਾਲ-ਨਾਲ ਆਪਣੇ ਨੇਤਾ ਨੂੰ ਬਚਾਉਣ ਵੱਲ ਵੀ ਹੋਵੇਗਾ। ਕਾਂਗਰਸ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਪੂਰੇ ਬਾਦਲ ਪਰਿਵਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਸੀ। ਅਸਲ ਵਿੱਚ ਚੋਣਾਂ ਵਿੱਚ ਸਿਆਸੀ ਅਕਸ ਸਭ ਤੋਂ ਅਹਿਮ ਹੁੰਦਾ ਹੈ। ਸਿੱਧੂ-ਚੰਨੀ ਜੋੜੀ ਨੇ ਮਜੀਠੀਆ ਨੂੰ ਡਰੱਗਜ਼ ਮਾਮਲੇ ‘ਚ ਦੋਸ਼ੀ ਬਣਾ ਕੇ ਅਕਾਲੀ ਦਲ ਦੀ ਸਾਖ ‘ਤੇ ਸਿੱਧਾ ਹਮਲਾ ਕੀਤਾ ਹੈ। ਹਾਲਾਂਕਿ, ਇਹ ਹਮਲਾ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ? ਇਹ ਸਰਕਾਰ ਦੀ ਅਗਲੀ ਕਾਰਵਾਈ ‘ਤੇ ਨਿਰਭਰ ਕਰੇਗਾ। ਜੇਕਰ ਇਹ ਕੇਸ ਦਰਜ ਕਰਵਾਉਣ ਦਾ ਢੌਂਗ ਹੀ ਸਾਬਤ ਹੁੰਦਾ ਹੈ ਤਾਂ ਇਹ ਦਾਅ ਕਾਂਗਰਸ ‘ਤੇ ਵੀ ਉਲਟਾ ਪੈ ਸਕਦਾ ਹੈ।
ਪੰਜਾਬ ਸਰਕਾਰ ਬਦਲਾਖੋਰੀ ਦੇ ਤਹਿਤ ਕਾਰਵਾਈ ਕਰ ਰਹੀ – ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੇ ਤਹਿਤ ਕਾਰਵਾਈ ਕਰ ਰਹੀ ਹੈ| ਪੰਜਾਬ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਲਈ ਤਿੰਨ ਡੀ ਜੀ ਪੀ ਬਦਲੇ ਹਨ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮਿੑਤਸਰ ਵਿਚ ਕਿਹਾ ਕਿ ਸਾਡੇ ਇਕ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਝੁਠਾ ਕੇਸ ਦਰਜ ਕਰਨ ਦੀ ਵੰਗਾਰ ਪ੍ਰਵਾਨ ਹੈ| ਮਜੀਠੀਆ ਖਿਲਾਫ ਦਰਜ ਹੋਏ ਕੇਸ ਨੂੰ ਬੇਸ਼ਰਮੀ ਨਾਲ ਦਰਜ ਕੀਤਾ ਗਿਆ ਝੂਠਾ ਕੇਸ ਕਰਾਰ ਦਿੰਦਿਆਂ ਸੁਖਬੀਰ ਨੇ ਸੂਬੇ ਦੇ ਕਾਂਗਰਸੀ ਸ਼ਾਸਕਾਂ ਨੁੰ ਚੁਣੌਤੀ ਦਿੱਤੀ ਕਿ ਉਹ ਜੋ ਮਰਜ਼ੀ ਕਰ ਲੈਣ ਖਾਲਸਾ ਪੰਥ ਦੇ ਹੌਸਲੇ ਬੁਲੰਦ ਰਹਿਣੇ ਹਨ| ਇਹਨਾਂ ਸ਼ਾਸਕਾਂ ਨੁੰ ਇਸ ਤੋਂ ਪਹਿਲਾਂ ਦੇ ਵੱਡੇ ਕਾਂਗਰਸੀ ਆਗੂਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਹਨਾਂ ਸਿੱਖਾਂ ਅਤੇ ਅਕਾਲੀਆਂ ਦੀ ਦਲੇਰੀ ਤੇ ਹੌਸਲੇ ਦਾ ਗਿਆਨ ਹਾਸਲ ਕਰ ਲਿਆ ਸੀ| ਜੋ ਕੋਈ ਵੀ ਅਕਾਲੀ ਦਲ ਵਿਚ ਸ਼ਾਮਲ ਹੁੰਦਾ ਹੈ, ਉਹ ਜਬਰ ਤੇ ਦਮਨ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੁੰਦਾ ਹੈ| ਇਹਨਾਂ ਗਿੱਠਮੁਠੀਆਂ ਤੋਂ ਡਰਨ ਵਾਲੇ ਨਹੀਂ ਹਾਂ| ਇਹਨਾਂ ਆਪ ਝੂਠ ਬੋਲ ਕੇ ਤੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਆਪਣਾ ਮਾੜਾ ਸਮਾਂ ਸਹੇੜਿਆ ਹੈ| ਅਕਾਲੀ ਦਲ ਇਹਨਾਂ ਖਿਲਾਫ ਨਿਆਂਇਕ ਅਤੇ ਲੋਕਾਂ ਦੀ ਕਚਹਿਰੀ ਵਿਚ ਨਿਬੜੇਗਾ| ਉਹਨਾ ਕਿਹਾ ਕਿ ਜਿਸ ਕੇਸ ਵਿਚ ਮਜੀਠੀਆ ਨੂੰ ਝੁਠਾ ਫਸਾਇਆ ਗਿਆ ਹੈ, ਉਸ ਦਾ ਨਿਪਟਾਰਾ ਸਮਰੱਥ ਅਦਾਲਤਾਂ ਨੇ ਲੰਮਾ ਸਮਾਂ ਪਹਿਲਾਂ ਕਰ ਦਿੱਤਾ ਸੀ ਤੇ ਦੋਸ਼ੀ ਆਪਣੀਆਂ ਸਜ਼ਾਵਾਂ ਭੁਗਤ ਰਹੇ ਹਨ| ਉਹਨਾ ਕਿਹਾ ਕਿ ਕਾਂਗਰਸ ਸਰਕਾਰ ਤੇ ਇਸ ਦੇ ਚੁਣੇ ਹੋਏ ਹੱਥਠੋਕਿਆਂ ਨੇ ਸਾਰੇ ਕਾਨੂੰਨੀ ਤੇ ਪ੍ਰਸ਼ਾਸਕੀ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ, ਤਾਂ ਜੋ ਅੱਜ ਪੰਜਾਬ ਨੂੰ ਦਰਪੇਸ਼ ਸਭ ਤੋਂ ਸੰਵੇਦਨਸ਼ੀਲ ਮਾਮਲਿਆਂ ਵਿਚੋਂ ਇਕ ‘ਤੇ ਰਾਜਨੀਤੀ ਕੀਤੀ ਜਾ ਸਕੇ| ਉਹਨਾ ਕਿਹਾ ਕਿ ਜੋ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਤੇ ਕਾਨੂੰਨ ਤੋੜ-ਮਰੋੜ ਕੇ ਆਪਣੇ ਸਿਆਸੀ ਆਕਾਵਾਂ ਨੁੰ ਖੁਸ਼ ਕਰ ਰਹੇ ਹਨ, ਉੁਹ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ| ਉਹਨਾ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਚਟੋਪਾਧਿਆਏ ਨੁੰ ਸਿਰਫ ਇਸ ਕਰ ਕੇ ਡੀ ਜੀ ਪੀ ਲਗਾਇਆ ਗਿਆ, ਕਿਉਂਕਿ ਉਹਨਾ ਕਾਂਗਰਸ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਏਜੰਡਾ ਅੱਗੇ ਤੋਰਨ ਦਾ ਵਾਅਦਾ ਕੀਤਾ| ਉਹਨਾ ਕਿਹਾ ਕਿ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਕਈ ਅਫਸਰਾਂ ਨੂੰ ਲਾਲਚ ਵੀ ਦਿੱਤੇ ਗਏ ਤੇ ਕਈਆਂ ਦੀ ਬਾਂਹ ਵੀ ਮਰੋੜੀ ਗਈ, ਪਰ ਇਹਨਾਂ ਵਿਚੋਂ ਬਹੁਤੇ ਜਵਾਬ ਦੇ ਗਏ ਤੇ ਹੁਣ ਡੀ ਜੀ ਪੀ ਨੇ ਆਪਣੇ ਤਕਰੀਬਨ ਬੰਦ ਰਹਿਣ ਵਾਲੇ ਤੇ ਬਹੁਤ ਘੱਟ ਵਰਤੇ ਜਾਣ ਵਾਲੇ ਪੁਲਸ ਥਾਣੇ ਨੂੰ ਗੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਵਾਸਤੇ ਵਰਤਿਆ| ਅਖੀਰ ਵਿਚ ਚਟੋਪਾਧਿਆਏ ਦਾ ਸਾਹਮਣਾ ਆਪਣੇ ਕਾਨੂੰਨ ਮੰਨਣ ਵਾਲੇ ਅਫਸਰਾਂ ਨਾਲ ਹੀ ਹੈ| ਉਹਨਾ ਕਿਹਾ ਕਿ ਮੌਜੂਦਾ ਸ਼ਾਸਕਾਂ ਨੂੰ ਕਦੇ ਵੀ ਬੇਅਦਬੀ ਕੇਸ ਹੱਲ ਕਰਨ ਵਿਚ ਦਿਲਚਸਪੀ ਨਹੀਂ ਰਹੀ| ਉਹਨਾ ਕਿਹਾ ਕਿ ਇਸ ਦਾ ਮਕਸਦ ਸਿਰਫ ਖਾਲਸਾ ਪੰਥ ਅਤੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਮੇਤ ਇਸ ਦੇ ਸੰਗਠਨਾਂ ਤੇ ਸੰਸਥਾਵਾਂ ਨੂੰ ਬਦਨਾਮ ਕਰਨਾ ਰਿਹਾ ਹੈ| ਇਹੀ ਕਾਰਨ ਹੈ ਕਿ ਸ਼ਾਸਕਾਂ ਨੇ ਅਸਲ ਦੋਸ਼ੀਆਂ ਨੂੰ ਖੁੱਲ੍ਹੇ ਛੱਡੀ ਰੱਖਿਆ| ਉਹਨਾ ਕਿਹਾ ਕਿ ਸਰਕਾਰ ਨਸ਼ਿਆਂ ਤੇ ਬੇਅਦਬੀ ਦੋਵਾਂ ਮਾਮਲਿਆਂ ਦੇ ਅਸਲ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ, ਕਿਉਂਕਿ ਇਸ ਦਾ ਇਕਲੌਤਾ ਮਕਸਦ ਆਪਣੇ ਸਿਆਸੀ ਵਿਰੋਧੀਆਂ ਸਿਰ ਦੋਸ਼ ਮੜ੍ਹਨਾ ਹੈ|
ਮਜੀਠੀਆ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਦਾ – ਸਿਮਰਨਜੀਤ ਮਾਨ
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ‘ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ। ਇਸ ਦੌਰਾਨ ਮਾਨ ਨੇ ਬਿਕਰਮ ਸਿੰਘ ਮਜੀਠੀਆ ‘ਤੇ ਦਰਜ ਐੱਫ ਆਈ ਆਰ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ‘ਤੇ ਦਾਅਵਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਡਰੱਗ ਮਾਮਲੇ ‘ਚ ਕੋਈ ਨਹੀਂ ਫੜ ਸਕਦਾ ਕਿਉਂਕਿ ਉਸ ਦੇ ਪਿੱਛੇ ਬਹੁਤ ਵੱਡੀ ਹਕੂਮਤ ਹੈ।
ਚੰਨੀ ਸਰਕਾਰ ਕੋਲ ਕੋਈ ਮੁੱਦਾ ਨਹੀਂ – ਵਲਟੋਹਾ
ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਅਜਿਹਾ ਨਵਾਂ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦੇ 4 ਏਡੀਜੀਪੀਜ਼ ਨੇ ਮਜੀਠੀਆ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਚੰਨੀ ਸਰਕਾਰ ਨੇ ਡੀਜੀਪੀ ਬਦਲ ਦਿੱਤਾ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ।
ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ – ਕੈਪਟਨ ਅਮਰਿੰਦਰ ਸਿੰਘ
ਚੰਨੀ ਸਰਕਾਰ ਵੱਲੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ਼ ਦਰਜ਼ ਕੀਤੇ ਗਏ ਕੇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਦੀ ਪਿੱਠ ‘ਤੇ ਆ ਗਏ ਹਨ। ਉਨ੍ਹਾਂ ਨੇ ਇਸ ਕੇਸ ਨੂੰ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਦੱਸਦਿਆ ਇਸ ਪਰਚੇ ਨੂੰ ਗਲਤ ਦੱਸਿਆ ਹੈ। ਅਮਰਿੰਦਰ ਸਿੰਘ ਅੱਜ ਆਪਣੇ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਪੁੱਜੇ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਡਰੱਗਜ਼ ਮਾਮਲੇ ‘ਤੇ ਅਧਾਰਤ ਕੇਸ ਦੇ ਹਰ ਪਹਿਲੂ ਨੂੰ ਉਹ ਡੂੰਘਾਈ ਨਾਲ ਜਾਣਦੇ ਹਨ। ਕੈਪਟਨ ਦਾ ਕਹਿਣਾ ਸੀ ਕਿ ਬਿਨਾਂ ਕਿਸੇ ਗਵਾਹੀ ਤੇ ਬਿਨਾ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ‘ਚ ਇਹ ਕੇਸ ਅਜੇ ਖੁੱਲਿਆ ਹੀ ਨਹੀਂ। ਚੰਨੀ ਸਰਕਾਰ ਵੱਲੋਂ ਬਾਂਹ ਮਰੋੜ ਕੇ ਸਿਰਫ਼ ਦੁਸ਼ਮਣੀਆਂ ਹੀ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤਾਂ ਤੋਂ ਕਿਸੇ ਨੂੰ ਵੀ ਫੜ੍ਹ ਦੇ ਅੰਦਰ ਕਰ ਦੇਵੋ, ਕੀ ਇਸ ਦੇਸ਼ ‘ਚ ਕੋਈ ਕਾਨੂੰਨ ਨਹੀਂ ਹੈ?
ਕਾਂਗਰਸ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਸਿੱਖ ਪੰਥ ਤੇ ਪੰਜਾਬ ਵਿਰੋਧੀ – ਦਮਦਮੀ ਟਕਸਾਲ
ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਪੰਥ ਦੀ ਸਿਆਸੀ ਜਮਾਤ ਅਤੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਉਨ੍ਹਾ ਮਜੀਠੀਆ ਵਿਰੁੱਧ ਦਰਜ ਕੇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ| ਉਨ੍ਹਾ ਕਿਹਾ ਕਿ ਦਮਦਮੀ ਟਕਸਾਲ ਸਿੱਖ ਪੰਥ ਦੀ ਸਿਆਸੀ ਜਮਾਤ ਦਾ ਧਾਰਮਿਕ ਅਤੇ ਰਾਜਸੀ ਨੁਕਸਾਨ ਨਹੀਂ ਹੋਣ ਦੇਵੇਗੀ| ਉਨ੍ਹਾ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਸਿੱਖ ਪੰਥ ਅਤੇ ਪੰਜਾਬ ਵਿਰੋਧੀ ਰਹੀਆਂ ਹਨ| ਉਨ੍ਹਾ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਇਸ ਨੂੰ ਮੂੰਹ-ਤੋੜਵਾਂ ਜਵਾਬ ਦੇਣਗੇ|
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ – ਦਾਦੂਵਾਲ
ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਟਵੀਟ ਕੀਤਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊ, ਇਕ ਦਿਨ ਤਾਂ ਬਲੀ ਚੜ੍ਹਨਾ ਹੀ ਪੈਣਾ| ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ| ਡਰੱਗ ਕੇਸ ਵਿਚ ਮਜੀਠੀਆ ‘ਤੇ ਆਖਰ ਪਰਚਾ ਦਰਜ| ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ|