
ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਸ ਨੇ ਗੁਰੂ ਪੀਰ,ਯੋਧੇ ਪੈਦਾ ਕੀਤੇ। ਮਹਾਰਾਜਾ ਰਣਜੀਤ ਸਿੰਘ ਵਰਗੇ ਅਜਿਹੇ ਰਾਜੇ ਸਿਆਸਤਦਾਨ, ਆਗੂ ਪੈਦਾ ਕੀਤੇ ਜਿੰਨਾ ਦੇ ਤੇਜ਼ ਅੱਗੇ ਦੁਸ਼ਮਣ ਦੀ ਬਹਾਦੁਰੀ ਹਨੇਰੇ ਵਾਂਗ ਉੱਡਦੀ ਰਹੀ ਹੈ। ਜਿਸਦੇ ਸਾਹਮਣੇ ਵੈਰੀ ਦੇ ਹਥਿਆਰ ਮਿਆਨੋ ਬਾਹਰ ਨਹੀਂ ਸਨ ਨਿਕਲਦੇ ਅਤੇ ਜਿੰਨਾ ਦੇ ਨਾਅਰਿਆਂ ਨਾਲ ਖੈਬਰ ਤੱਕ ਦੀਆਂ ਪਹਾੜੀਆਂ ਕੰਬ ਜਾਂਦੀਆਂ ਰਹੀਆਂ। ਪੰਜ ਦਰਿਆਵਾਂ ਦੀ ਧਰਤੀ ਉੱਪਰ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ ਅਤੇ ਆਗੂ ਧੌਣਾਂ ਅਕੜਾ ਕੇ ਚੱਲਦੇ ਹੁੰਦੇ ਸਨ। ਅਜਿਹੇ ਸਿਆਸਤਦਾਨ ਹੋਏ ਕਿ ਅੰਗਰੇਜ਼ ਵੀ ਉਹਨਾਂ ਦੀਆਂ ਨੀਤੀਆਂ ਤੋਂ ਹੈਰਾਨ ਸਨ। ਪਰ ਉਹ ਪੰਜਾਬ ਅੱਜ ਵਰਗਾ ਪੰਜਾਬ ਨਹੀ ਸੀ। ਸਿੱਖਾਂ ਨੇ ਆਪਣਾ ਲਹੂ ਡੋਲ੍ਹ ਕੇ ਆਪਣਾ ਰਾਜ ਕਾਇਮ ਕੀਤਾ ਸੀ ਅਤੇ ਹਿੰਦੂ ਮੁਸਲਮਾਨ ਸਿੱਖ ਸਭ ਨੂੰ ਸਾਂਝੀਵਾਲ ਬਣਾਇਆ ਸੀ। ਉਹ ਇੱਕ ਅਜਿਹਾ ਪੰਜਾਬ ਸੀ ਜਿੱਥੇ ਸਰਦਾਰ ਹਰੀ ਸਿੰਘ ਨਲੂਏ, ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਆਗੂ ਸਨ, ਜੋ ਦੀਨ ਈਮਾਨ ਦੇ ਪੱਕੇ ਅਤੇ ਕਹਿਣੀ ਤੇ ਕਰਨੀ ਦੇ ਪੂਰੇ ਸਨ।