Articles Punjab

ਕਿਸਦੀ ਜਿੱਤ, ਕਿਸਦੀ ਹਾਰ ਤੇ ਕੌਣ ਹੋਵੇਗਾ ਦਰਕਿਨਾਰ: ਪੰਜਾਬ ਚੋਣਾਂ 2022 ਦੇ ਨਤੀਜੇ ਥੋੜ੍ਹੀ ਦੇਰ ਵਿੱਚ !

ਪੰਜਾਬ ਵਿਧਾਨ ਦੀਆਂ ਚੋਣਾਂ 20 ਫਰਵਰੀ 2022 ਨੂੰ ਪਈਆਂ ਵੋਟਾਂ ਦੇ ਨਤੀਜੇ ਅੱਜ ਥੋੜ੍ਹੀ ਦੇਰ ਦੇ ਵਿੱਚ ਆ ਰਹੇ ਹਨ ਜਿਸ ਕਰਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ। ਅੱਜ ਦੇ ਚੋਣ ਨਤੀਜਿਆਂ ਦੇ ਵਿੱਚ ਜਿਥੇ ਚੋਣ ਮੈਦਾਨ ਵਿੱਚ ਉਤਰੇ 1304 ਉਮੀਦਵਾਰਾਂ ‘ਚੋ ਸਿਰਫ਼ 117 ਉਮੀਦਵਾਰਾਂ ਦੀ ਜਿੱਤ ਹੋਵੇਗੀ ਉਥੇ 1187 ਉਮੀਦਵਾਰਾਂ ਦੀ ਹਾਰ ਅਤੇ ਕਈ ਉਮੀਦਵਾਰ ਰਾਜਨੀਤੀ ਤੋਂ ਹਮੇਸ਼ਾਂ ਦੇ ਲਈ ਦਰ-ਕਿਨਾਰ ਵੀ ਹੋ ਜਾਣਗੇ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਕਈ ਦਿੱਗਜਾਂ ਲਈ ਬਹੁਤ ਅਹਿਮ ਹਨ। ਇਸ ਵਾਰ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣਾਂ ਆਖਰੀ ਸਾਬਤ ਹੋ ਸਕਦੀਆਂ ਹਨ। ਉਹ ਜਿੱਤ ਦੇ ਨਾਲ ਆਪਣੇ ਸ਼ਾਨਦਾਰ ਸਿਆਸੀ ਕਰੀਅਰ ਦਾ ਅੰਤ ਕਰਨਾ ਚਾਹੁੰਦੇ ਹਨ ਪਰ ਜਨਤਾ ਤੈਅ ਕਰੇਗੀ ਕਿ ਇਹ ਸਫਲ ਹੋਵੇਗੀ ਜਾਂ ਅਸਫਲ। ਇਸਦੇ ਨਾਲ-ਨਾਲ ਨਵਜੋਤ ਸਿੱਧੂ ਜਿਹਨਾਂ ਦੀ ਸਾਖ ਇਸ ਵੇਲੇ ਦਾਅ ‘ਤੇ ਲੱਗੀ ਹੋਈ ਹੈ, ਦਾ ਸਿਆਸੀ ਭਵਿੱਖ ਵੀ ਅੱਜ ਦੇ ਨਤੀਜੇ ਤੈਅ ਕਰਨਗੇ।

ਅੱਜ ਪੰਜਾਬ ਸਮੇਤ 5 ਰਾਜਾਂ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਰਾਤ ਕਰੀਬ 10 ਵਜੇ ਤੱਕ ਪੰਜਾਬ ਦੀ ਸਿਆਸੀ ਤਸਵੀਰ ਸਪੱਸ਼ਟ ਹੋ ਜਵੇਗੀ। ਪੰਜਾਬ ਵਿੱਚ ਨਵੀਂ ਸਰਕਾਰ ਕਿਸਦੀ ਬਣੇਗੀ ਇਸ ਦਾ ਫੈਸਲਾ ਅੱਜ ਰਾਤ 10 ਵਜੇ ਤੱਕ ਹੋ ਜਾਣ ਦੀ ਸੰਭਾਵਨਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਜੇਕਰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਸਰਕਾਰ ਬਨਾਉਣ ਦੇ ਲਈ ਲੋੜੀਂਦਾ ਬਹੁਮਤ ਸਾਬਤ ਕਰਨ ਦੇ ਲਈ ਕੁੱਝ ਹਫ਼ਤਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਬਹੁਮਤ ਦੇ ਲਈ 59 ਸੀਟਾਂ ਦੀ ਲੋੜ ਹੈ। ਸਿਆਸੀ ਸੂਤਰਾਂ ਦੀ ਮੰਨੀਏ ਤਾਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਤ ਨਾ ਮਿਲਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਭਾਜਪਾ ਬਾਕੀ ਪਾਰਟੀਆਂ ਨਾਲ ਮਿਲਕੇ ਸਰਕਾਰ ਬਨਾਉਣ ਦੇ ਲਈ ਪੂਰੀ ਵਾਹ ਲਾਵੇਗੀ। ਅਜਿਹਾ ਨਾ ਹੋਣ ਦੀ ਸੂਰਤ ਦੇ ਵਿੱਚ 2024 ਦੇ ਵਿੱਚ ਹੋਣ ਵਾਲੀਆਂ ਚੋਣਾਂ ਤੱਕ ਪੰਜਾਬ ਦੇ ਵਿੱਚ ਰਾਸਟਰਪਤੀ ਰਾਜ ਲਗਾਏ ਜਾਣ ਦਾ ਖਦਸ਼ਾ ਹੈ ਕਿਉਂਕਿ ਭਾਜਪਾ ਦਾ ਅਸਲ ਨਿਸ਼ਾਨਾ 2024 ਦੀਆਂ ਪਾਰਲੀਮੈਂਟ ਚੋਣਾਂ ਹੈ ਜਿਸ ਲਈ ਭਾਜਪਾ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ।

ਪੰਜਾਬ ਦੇ ਵਿੱਚ ਪਿਛਲੇ 25 ਸਾਲਾਂ ਦੌਰਾਨ ਇੱਥੇ ਅਕਾਲੀ ਦਲ ਅਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਇਸ ਵਾਰ ਭਾਜਪਾ-ਅਕਾਲੀ ਗਠਜੋੜ ਟੁੱਟਣ ਅਤੇ ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਵੱਖ ਹੋਣ ਕਾਰਨ ਸਮੀਕਰਨ ਬਦਲ ਗਏ ਹਨ। ਸੂਬੇ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਇੱਥੇ ਅੱਜ ਤੋਂ 53 ਸਾਲ ਪਹਿਲਾਂ ਭਾਵ 1969 ਵਿੱਚ ਆਖਰੀ ਮਿਲੀਜੁਲੀ ਵਿਧਾਨ ਸਭਾ ਦੀ ਸਥਿਤੀ ਬਣੀ ਸੀ ਜਦੋਂ 104 ਮੈਂਬਰੀ ਵਿਧਾਨ ਸਭਾ ਵਿੱਚ ਅਕਾਲੀ ਦਲ ਨੇ 43 ਅਤੇ ਕਾਂਗਰਸ ਨੇ 38 ਸੀਟਾਂ ਜਿੱਤੀਆਂ ਸਨ, ਜਦੋਂ ਕਿ 4 ਸੀਟਾਂ ਆਜ਼ਾਦ ਅਤੇ 17 ਹੋਰ ਪਾਰਟੀਆਂ ਨੂੰ ਮਿਲੀਆਂ ਸਨ।

ਪੰਜਾਬ ਵਿੱਚ ਇਸ ਵਾਰ ਹੰਗ ਪਾਰਲੀਮੈਂਟ ਦੀ ਸੰਭਾਵਨਾ

ਤਾਜ਼ਾ ਐਗਜ਼ਿਟ ਪੋਲ ਪੰਜਾਬ ਵਿੱਚ ਉਲਟਫੇਰ ਵੱਲ ਇਸ਼ਾਰਾ ਕਰ ਰਹੇ ਹਨ। ਐਗਜ਼ਿਟ ਪੋਲ ‘ਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ ‘ਤੇ ਰਹਿ ਸਕਦਾ ਹੈ। ਤੀਜੇ ਨੰਬਰ ‘ਤੇ ਕਾਂਗਰਸ ਲਈ ਭਾਜਪਾ ਦੇ ਦੋਹਰੇ ਅੰਕੜੇ ਤੱਕ ਵੀ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਅੱਜ ਵੋਟਾਂ ਦੀ ਗਿਣਤੀ ‘ਚ ਇਹ ਸਪੱਸ਼ਟ ਹੋ ਜਾਵੇਗਾ ਕਿ ਐਗਜ਼ਿਟ ਪੋਲ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਜਸ਼ਨ ਮਨਾਏਗੀ ਜਾਂ ਕਾਂਗਰਸ ਮੁੜ ਸੱਤਾ ‘ਤੇ ਕਾਬਜ਼ ਹੋਵੇਗੀ ਜਾਂ ਭਾਜਪਾ ਗਠਜੋੜ ਦੀ ਨਵੀਂ ਸਰਕਾਰ ਬਣੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ। ‘ਆਪ’ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਐਗਜ਼ਿਟ ਪੋਲ ਨੂੰ ਰੱਦ ਕਰ ਦਿੱਤਾ ਹੈ। ਪਿਛਲੀ ਵਾਰ 2017 ਵਿੱਚ ਵੀ ਐਗਜ਼ਿਟ ਪੋਲ ਗਲਤ ਸਾਬਤ ਹੋਏ ਸਨ। ਅਜਿਹੇ ‘ਚ ਚੋਣ ਨਤੀਜੇ ਦਿਲਚਸਪ ਹੋ ਸਕਦੇ ਹਨ।

ਸਿਆਸੀ ਨੇਤਾਵਾਂ ਦੇ ਵਲੋਂ ਅਰਦਾਸ ਜੋਦੜੀਆਂ

ਇਸੇ ਦੌਰਾਨ ਸਿਆਸੀ ਨੇਤਾਵਾਂ ਦੇ ਵਲੋਂ ਆਪਣੀ ਜਿੱਤ ਦੇ ਲਈ ਅਰਦਾਸ ਜੋਦੜੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ੍ਹ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਚੰਨੀ ਚਮਕੌਰ ਸਾਹਿਬ ਤੋਂ ਹੀ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਅੰਮ੍ਰਿਤਸਰ ਵਿਖੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਖਾਸ ਗੱਲ ਇਹ ਹੈ ਕਿ ਮਾਨ ਦੇ ਘਰ ਸਵੇਰ ਤੋਂ ਹੀ ਜਲੇਬੀਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਘਰ ਨੂੰ ਵੀ ਸਜਾਇਆ ਜਾ ਰਿਹਾ ਹੈ।

ਕਾਂਗਰਸ ਵਲੋਂ ਜੇਤੂ ਉਮੀਵਾਰਾਂ ਨੂੰ ਅਣਦੱਸੀ ਥਾਂ ਰੱਖਣ ਦੀ ਤਿਆਰੀ

ਪੰਜਾਬ ‘ਚ ਵਿਧਾਇਕਾਂ ਦੀ ਹੇਰਾਫੇਰੀ ਨੂੰ ਰੋਕਣ ਲਈ ਕਾਂਗਰਸ ਨੇ ਅਜੇ ਮਾਕਨ ਨੂੰ ਪੰਜਾਬ ਭੇਜਿਆ ਹੈ। ਕਾਂਗਰਸ ਦੀ ਕੋਸ਼ਿਸ਼ ਹੈ ਕਿ ਜੋ ਵੀ ਉਮੀਦਵਾਰ ਜਿੱਤੇ, ਉਸ ਨੂੰ ਕਿਸੇ ਵੀ ਤਰ੍ਹਾਂ ਵਿਰੋਧੀਆਂ ਦੇ ਹੱਥਾਂ ‘ਚ ਨਾ ਜਾਣ ਦਿੱਤਾ ਜਾਵੇ। ਇਸ ਲਈ ਉਨ੍ਹਾਂ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਜਿੱਤ ਸਪੱਸ਼ਟ ਹੈ। ਇਸ ਤੋਂ ਬਾਅਦ ਉਨ੍ਹਾਂ ਉਮੀਦਵਾਰਾਂ ‘ਤੇ ਬ੍ਰੇਨਸਟਾਰਮ ਕੀਤਾ ਜਾਵੇਗਾ, ਜੋ ਨਜ਼ਦੀਕੀ ਮੁਕਾਬਲੇ ‘ਚ ਹਨ ਜਾਂ ਜਿਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਹੈ। ਕਾਂਗਰਸ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿੰਨੀਆਂ ਸੀਟਾਂ ਜਿੱਤ ਰਹੀ ਹੈ ਪਰ ਕਾਂਗਰਸ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਯੋਜਨਾ ਬਣਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਜੋ ਵੀ ਉਮੀਦਵਾਰ ਜਿੱਤੇਗਾ ਉਸ ਨੂੰ ਤੁਰੰਤ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਸਥਾਨ ਭੇਜਿਆ ਜਾ ਸਕਦਾ ਹੈ।

ਜਿੱਤ ਦਾ ਜਸ਼ਨ ਨਹੀਂ ਮਨਾ ਸਕਣਗੇ ਉਮੀਦਵਾਰ

ਅੱਜ ਪੰਜਾਬ ਦੇ ਵਿੱਚ ਜਿਹੜੇ ਵੀ ਉਮੀਦਵਾਰ ਜਿੱਤਣਗੇ ਉਹਨਾਂ ਨੂੰ ਜਿੱਤ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਮੀਦਵਾਰ ਜਿੱਤ ਦੇ ਬਾਅਦ ਜੇਤੂ ਰੈਲੀ ਵੀ ਨਹੀਂ ਕੱਢ ਸਕੇਗਾ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ, ਉਹ ਖ਼ੁਦ ਜਾਂ ਉਸ ਦਾ ਨੁਮਾਇੰਦਾ ਸਿਰਫ਼ ਦੋ ਲੋਕਾਂ ਨਾਲ ਜਿੱਤ ਦਾ ਸਰਟੀਫਿਕੇਟ ਲੈਣ ਜਾ ਸਕੇਗਾ। ਡਾ. ਐੱਸ ਕਰੁਣਾ ਰਾਜੂ ਨੇ ਹੋਰ ਦੱਸਿਆ ਕਿ ਵੋਟਰ ਹੈਲਪਲਾਈਨ ਮੋਬਾਈਲ ਐਪ ’ਤੇ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵੋਟਾਂ ਦੇ ਗਿਣਤੀ ਕੇਂਦਰਾਂ ’ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਮੁਤਾਬਕ ਵੱਧ ਤੋਂ ਵੱਧ 14 ਕਾਊਂਟਿੰਗ ਟੇਬਲ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਲੇਟ ਪੇਪਰਾਂ ਦੀਆਂ ਵੋਟਾਂ ਦੀ ਗਿਣਤੀ ਲਈ ਵੱਖਰੇ ਟੇਬਲ ਲਗਾਏ ਗਏ ਹਨ। ਹਰ ਰਾਊਂਡ ਦੀ ਗਿਣਤੀ ਪੂਰੀ ਹੋਣ ’ਤੇ ਨਤੀਜਾ ਅਪਡੇਟ ਕੀਤਾ ਜਾਵੇਗਾ। ਹਰ ਇਕ ਘੰਟੇ ਬਾਅਦ ਨਤੀਜਿਆਂ ਨੂੰ ਅਪਡੇਟ ਕੀਤਾ ਜਾਵੇਗਾ। ਅੱਜ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਤੱਕ ਪੰਜਾਬ ’ਚ ਡਰਾਈ ਡੇਅ ਰਹੇਗਾ। ਸਮੂਹ ਜ਼ਿਲਿ੍ਹਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਆਪੋ-ਆਪਣੇ ਜ਼ਿਲਿ੍ਹਆਂ ’ਚ ਧਾਰਾ 144 ਲਾਗੂ ਕੀਤੀ ਹੈ। ਵੋਟਾਂ ਦੀ ਗਿਣਤੀ ਦੇ ਕੇਂਦਰਾਂ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾਈ ਗਈ ਹੈ। ਕੋਈ ਵੀ ਅਜਿਹਾ ਡਿਵਾਈਸ ਜਿਹੜਾ ਆਵਾਜ਼ ਜਾਂ ਵੀਡੀਓ ਰਿਕਾਰਡਿੰਗ ਕਰ ਸਕਦਾ ਹੈ, ਨੂੰ ਗਿਣਤੀ ਕੇਂਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਕਮਿਸ਼ਨ ਵਲੋਂ ਤਾਇਨਾਤ ਅਧਿਕਾਰੀਆਂ ’ਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ। ਪੱਤਰਕਾਰਾਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ। ਸੂਬੇ ਦੇ 117 ਸਰਕਲਾਂ ਲਈ 66 ਥਾਵਾਂ ‘ਤੇ ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਦੇ ਨਾਲ ਹੀ ਗਿਣਤੀ ਵਾਲੀਆਂ ਥਾਵਾਂ ‘ਤੇ ਤਿੰਨ ਪੱਧਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਅਰਧ ਸੈਨਿਕ ਬਲਾਂ ਦੀਆਂ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, 7500 ਕਰਮਚਾਰੀਆਂ ਦੀ ਗਿਣਤੀ ਲਈ ਡਿਊਟੀ ਲਗਾਈ ਗਈ ਹੈ।

ਪੰਜਾਬ ਵਿੱਚ ਨਵੀਂ ਸਰਕਾਰ ਕਿਸਦੀ ਬਣੇਗੀ ਇਸ ਦਾ ਫੈਸਲਾ ਅੱਜ ਰਾਤ 10 ਵਜੇ ਤੱਕ ਹੋ ਜਾਣ ਦੀ ਸੰਭਾਵਨਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਜੇਕਰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਸਰਕਾਰ ਬਨਾਉਣ ਦੇ ਲਈ ਲੋੜੀਂਦਾ ਬਹੁਮਤ ਸਾਬਤ ਕਰਨ ਦੇ ਲਈ ਕੁੱਝ ਹੋਰ ਹਫ਼ਤਿਆਂ ਦਾ ਸਮਾਂ ਵੀ ਲੱਗ ਸਕਦਾ ਹੈ।

Related posts

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin