ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਆਲੀਆ ਰਣਬੀਰ ਦਾ ਵਿਆਹ ਪਿਛਲੇ ਸਮੇਂ ਤੋਂ ਸੁਰਖ਼ੀਆਂ ਵਿੱਚ ਬਣਿਆ ਹੋਇਆ ਸੀ ਤੇ ਹੁਣ ਫ਼ਾਈਨਲੀ ਇਹ ਦੋਵੇਂ ਪਤੀ ਪਤਨੀ ਬਣ ਗਏ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਵੀਰਵਾਰ 14 ਅਪ੍ਰੈਲ ਸ਼ਾਮ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਨੇ ਰਣਬੀਰ ਦੇ ਵਾਸਤੂ ਅਪਾਰਟਮੈਂਟ ‘ਚ ਸੱਤ ਫੇਰੇ ਲਏ। ਇਸ ਜੋੜੇ ਨੇ ਆਪਣਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ। ਵਿਆਹ ‘ਚ ਸਿਰਫ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਰਣਬੀਰ-ਆਲੀਆ ਨੇ ਆਪਣੇ ਵਿਆਹ ‘ਚ ਮਹਿਮਾਨਾਂ ਨੂੰ ਨਾਨ-ਡਿਸਕਲੋਜ਼ਰ ਫਾਰਮ ਭਰਵਾਉਣ ਲਈ ਕਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਕੋਈ ਵੀ ਫੋਟੋ ਸੋਸ਼ਲ ਮੀਡੀਆ ‘ਤੇ ਨਹੀਂ ਆਈ। ਹੁਣ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਖੀਰ ਹੁਣ ਉਹ ਪਲ ਵੀ ਆ ਗਿਆ, ਜਿਸ ਦਾ ਰਣਬੀਰ ਤੇ ਆਲੀਆ ਦੇ ਫ਼ੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਆਲੀਆ ਭੱਟ ਤੇ ਰਣਬੀਰ ਕਪੂਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਬਾਅਦ ਨਵਵਿਆਹੇ ਜੋੜੇ ਰਣਬੀਰ ਤੇ ਆਲੀਆ ਦੀ ਤਸਵੀਰ ਸਾਹਮਣੇ ਆ ਗਈ ਹੈ। ਆਲੀਆ ਨੇ ਵਿਆਹ ਦੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਪਤੀ-ਪਤਨੀ ਵਜੋਂ ਫੈਨਜ਼ ਦੋਹਾਂ ਨੂੰ ਇਕੱਠਿਆਂ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਵਿਆਹ ਤੋਂ ਬਾਅਦ ਆਲੀਆ ਭੱਟ ਅਤੇ ਰਣਬੀਰ ਕਪੂਰ ਦੋਵਾਂ ਨੇ ਕੁਝ ਮਿੰਟਾਂ ਲਈ ਮੀਡੀਆ ਨਾਲ ਗੱਲਬਾਤ ਕੀਤੀ।
ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਦੇ ਮੌਕੇ ਕਰਨ ਜੌਹਰ ਅਤੇ ਅਯਾਨ ਮੁਖਰਜੀ ਕਾਫੀ ਭਾਵੁਕ ਹੋ ਗਏ। ਕਰਨ ਜੌਹਰ ਜਿਵੇਂ ਹੀ ‘ਵਾਸਤੂ’ ਬਿਲਡਿੰਗ ‘ਚ ਪਹੁੰਚਿਆ, ਉਹ ਸਭ ਤੋਂ ਪਹਿਲਾਂ ਆਲੀਆ ਨੂੰ ਮਿਲਿਆ ਅਤੇ ਉਸ ਨੂੰ ਦੁਲਹਨ ਦੀ ਜੋੜੀ ‘ਚ ਦੇਖ ਕੇ ਭਾਵੁਕ ਹੋ ਗਿਆ। ਇਸ ਦੇ ਨਾਲ ਹੀ ਅਯਾਨ ਮੁਖਰਜੀ ਵੀ ਆਲੀਆ ਅਤੇ ਰਣਬੀਰ ਨੂੰ ਇਕੱਠੇ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਸਕੇ। ਦਰਅਸਲ, ਆਲੀਆ ਕਰਨ ਨੂੰ ਆਪਣਾ ਮੈਂਟਰ ਮੰਨਦੀ ਹੈ। ਇਸ ਦੇ ਨਾਲ ਹੀ ਕਰਨ ਵੀ ਆਲੀਆ ਨੂੰ ਆਪਣੀ ਬੇਟੀ ਦੀ ਤਰ੍ਹਾਂ ਮੰਨਦੇ ਹਨ। ਇਸ ਲਈ ਦੁਲਹਨ ਦੇ ਜੋੜੇ ‘ਚ ਉਨ੍ਹਾਂ ਨੂੰ ਸਜ਼ਾ ਦਿੰਦੇ ਦੇਖ ਕੇ ਕਰਨ ਵੀ ਭਾਵੁਕ ਹੋ ਗਏ। ਕਰਨ ਨੂੰ ਹਰ ਕਦਮ ‘ਤੇ ਆਲੀਆ ਦਾ ਮਾਰਗਦਰਸ਼ਨ ਅਤੇ ਸਮਰਥਨ ਕਰਦੇ ਦੇਖਿਆ ਗਿਆ ਹੈ। ਦੂਜੇ ਪਾਸੇ ਅਯਾਨ ਰਣਬੀਰ ਦਾ ਚੰਗਾ ਦੋਸਤ ਹੈ ਅਤੇ ਇਸ ਕਾਰਨ ਉਹ ਵੀ ਆਲੀਆ ਨੂੰ ਕਾਫੀ ਮੰਨਦਾ ਹੈ। ਖਬਰਾਂ ਮੁਤਾਬਕ ਵਿਆਹ ਤੋਂ ਪਹਿਲਾਂ ਕਰਨ ਅਤੇ ਅਯਾਨ ਇਕ ਕਮਰੇ ‘ਚ ਗਏ ਅਤੇ ਰਣਬੀਰ ਅਤੇ ਆਲੀਆ ਨਾਲ ਵੱਖ-ਵੱਖ ਗੱਲਾਂ ਕੀਤੀਆਂ। ਇਸ ਤੋਂ ਬਾਅਦ ਕਰਨ ਨੇ ਆਲੀਆ ਦੇ ਪਿਤਾ ਮਹੇਸ਼ ਭੱਟ ਨਾਲ ਵੀ ਮੁਲਾਕਾਤ ਕੀਤੀ।
ਰਣਬੀਰ ਅਤੇ ਆਲੀਆ ਦੀ ਮਹਿੰਦੀ ਸੈਰੇਮਨੀ ਦੀ ਗੱਲ ਕਰੀਏ ਤਾਂ ਕਰਨ ਜੌਹਰ ਆਲੀਆ ਨੂੰ ਮਹਿੰਦੀ ਲਗਾਉਂਦੇ ਹੀ ਰੋਣ ਲੱਗੇ ਕਿਉਂਕਿ ਉਹ ਉਸ ਨੂੰ ਆਪਣੀ ਬੇਟੀ ਮੰਨਦੇ ਹਨ। ਸਮਾਗਮ ਵਿੱਚ ਆਪਣੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਨੀਤੂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਦੋਹਾਂ ਦੇ ਵਿਆਹ ‘ਚ ਮਾਂ ਨੀਤੂ ਕਪੂਰ, ਮਾਸੀ ਰੀਮਾ ਜੈਨ, ਭੈਣ ਰਿਧੀਮਾ ਅਤੇ ਆਲੀਆ ਦੇ ਪਿਤਾ ਮਹੇਸ਼ ਭੱਟ, ਭੈਣ ਪੂਜਾ, ਸ਼ਾਹੀਨ ਅਤੇ ਭਰਾ ਰਾਹੁਲ ਸ਼ਾਮਲ ਹੋਏ।
ਆਲੀਆ ਭੱਟ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤੀ ਸਾੜ੍ਹੀ ਪਹਿਨੀ ਸੀ। ਇਸ ਸਾੜੀ ‘ਤੇ ਬਹੁਤ ਹੀ ਬਾਰੀਕੀ ਨਾਲ ਕਲਾਕਾਰੀ ਕੀਤੀ ਗਈ ਸੀ। ਇਹ ਸਾੜ੍ਹੀ ਆਲੀਆ ‘ਤੇ ਬਹੁਤ ਹੀ ਫੱਬ ਰਹੀ ਸੀ। ਆਲੀਆ ਭੱਟ ਨੇ ਇਸ ਸਾੜ੍ਹੀ ਦੇ ਨਾਲ ਸਬਿਆਸਾਚੀ ਹੈਰੀਟੇਜ ਜਿਊਲਰੀ ਪਹਿਨੀ ਸੀ।
ਰਣਬੀਰ ਕਪੂਰ ਨੇ ਵਿਆਹ ਦੇ ਵਿੱਚ ਸਿਲਕ ਦੀ ਸ਼ੇਰਵਾਨੀ ਪਹਿਨੀ ਹੋਈ ਸੀ। ਜਿਸ ‘ਤੇ ਅਨਕੱਟ ਡਾਇਮੰਡ ਬਟਨਸ ਲੱਗੇ ਸਨ। ਸਿਲਕ ਆਰਗੇਂਜ਼ਾ ਸਾਫਾ ਬੰਨਿ੍ਹਆ ਸੀ। ਜ਼ਰੀ ਮਰੋੜੀ ਐਂਬ੍ਰਾਇਡਰੀ ਦੀ ਸ਼ਾਲ ਕੈਰੀ ਕੀਤੀ। ਕਲਗੀ, ਸਬਿਆਸਾਚੀ ਹੈਰੀਟੇਜ ਜਿਊਲਰੀ ਦੀ ਬਣੀ ਸੀ। ਜਿਸ ‘ਤੇ ਡਾਇਮੰਡਸ, ਐਮ੍ਰੇਲਡਸ ਅਤੇ ਪਰਲਸ ਲੱਗੇ ਸਨ। ਇਸ ਦੇ ਨਾਲ ਹੀ ਪਰਲ ਦਾ ਨੈਕਲੈੱਸ ਪਹਿਨਿਆ ਸੀ। ਮੀਡੀਆ ਤੋਂ ਜਦੋਂ ਆਲੀਆ ਭੱਟ ਅਤੇ ਰਣਬੀਰ ਕਪੂਰ ਰੂਬਰੂ ਹੋਣ ਲਈ ਬਾਹਰ ਆਏ ਤਾਂ ਵਾਪਸ ਪਰਤਦੇ ਸਮੇਂ ਰਣਬੀਰ ਕਪੂਰ ਆਪਣੀ ਲਾੜੀ ਨੂੰ ਗੋਦ ਵਿਚ ਚੁੱਕ ਕੇ ਲੈ ਗਏ। ਰਣਬੀਰ ਅਤੇ ਆਲੀਆ ਦੇ ਨਾਲ ਬਹੁਤ ਖੁਸ਼ ਅਤੇ ਕਿਊਟ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਆਲੀਆ ਭੱਟ ਨੇ ਇਕ ਨੋਟ ਦੇ ਨਾਲ ਫੋਟੋਜ਼ ਸ਼ੇਅਰ ਕੀਤੀਆਂ ਹਨ। ਰਣਬੀਰ ਕਪੂਰ ਸੋਸ਼ਲ ਮੀਡੀਆ ‘ਤੇ ਐਕਟਿਵ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਅਕਾਉਂਟ ਬਣਿਆ ਹੈ।
ਵਰਨਣਯੋਗ ਹੈ ਕਿ ਜੋੜੇ ਦੇ ਵਿਆਹ ਦੀਆਂ ਰਸਮਾਂ ਮੰਗਲਵਾਰ 13 ਅਪ੍ਰੈਲ ਤੋਂ ਸ਼ੁਰੂ ਹੋ ਗਈਆਂ ਸਨ। ਰਣਬੀਰ-ਆਲੀਆ ਦੀ ਮਹਿੰਦੀ ਸੈਰੇਮਨੀ ‘ਵਾਸਤੂ ਅਪਾਰਟਮੈਂਟ’ ‘ਚ ਹੀ ਹੋਈ। ਇਸ ਤੋਂ ਬਾਅਦ ਰਣਬੀਰ ਦੀ ਮਾਂ ਨੀਤੂ ਕਪੂਰ ਨੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ। ਨੀਤੂ ਕਪੂਰ ਅਤੇ ਰਣਬੀਰ ਦੀ ਭੈਣ ਰਿਧੀਮਾ ਨੇ ਘਰ ਦੇ ਬਾਹਰ ਪਾਪਰਾਜ਼ੀ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਵਿਆਹ 14 ਅਪ੍ਰੈਲ ਨੂੰ ‘ਵਾਸਤੂ ਅਪਾਰਟਮੈਂਟ’ ‘ਚ ਹੋਵੇਗਾ। ਰਣਬੀਰ ਦੀ ਮਾਂ ਨੀਤੂ ਕਪੂਰ, ਮਾਸੀ ਰੀਮਾ ਜੈਨ, ਭੈਣ ਰਿਧੀਮਾ ਅਤੇ ਆਲੀਆ ਦੇ ਪਿਤਾ ਮਹੇਸ਼ ਭੱਟ, ਭੈਣ ਪੂਜਾ, ਸ਼ਾਹੀਨ ਅਤੇ ਭਰਾ ਰਾਹੁਲ ਨੇ ਮਹਿੰਦੀ ਲਗਾਈ। ਇਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਅਰਮਾਨ ਜੈਨ, ਕਰਨ ਜੌਹਰ, ਅਨੁਸ਼ਕਾ ਰੰਜਨ, ਸ਼ਵੇਤਾ ਬੱਚਨ, ਨਿਖਿਲ ਨੰਦਾ ਅਤੇ ਅਯਾਨ ਮੁਖਰਜੀ ਸਮੇਤ ਕੁਝ ਮਸ਼ਹੂਰ ਹਸਤੀਆਂ ਨੇ ਵੀ ਮਹਿੰਦੀ ਸੈਰੇਮਨੀ ‘ਚ ਸ਼ਿਰਕਤ ਕੀਤੀ। ਮਹਿੰਦੀ ਸੈਰੇਮਨੀ ਤੋਂ ਪਹਿਲਾਂ ਮਰਹੂਮ ਰਿਸ਼ੀ ਕਪੂਰ ਅਤੇ ਸਾਰੇ ਪੁਰਖਿਆਂ ਦੀ ਯਾਦ ‘ਚ ਪਿਤਰ ਪੂਜਾ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਬਾਅਦ ਗਣੇਸ਼ ਪੂਜਾ ਕੀਤੀ ਗਈ।
ਵਾਸਤੂ ਅਪਾਰਟਮੈਂਟ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦੇ ਮੋਬਾਈਲ ਫੋਨਾਂ ਦੇ ਕੈਮਰਿਆਂ ਨੂੰ ਟੇਪ ਲਗਾ ਕੇ ਸੀਲ ਕੀਤਾ ਗਿਆ ਤਾਂ ਜੋ ਕੋਈ ਵੀ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਲੀਕ ਨਾ ਕਰ ਸਕੇ। ਵਿਆਹ ਵਿੱਚ ਵੀਆਈਪੀ ਮਹਿਮਾਨ ਦੀ ਸੁਰੱਖਿਆ ਅਤੇ ਨਿੱਜਤਾ ਲਈ 250 ਤੋਂ ਵੱਧ ਬਾਊਂਸਰ ਵੀ ਤਾਇਨਾਤ ਕੀਤੇ ਗਏ ਸਨ। ਵਿਆਹ ਲਈ ‘ਵਾਸਤੂ ਅਪਾਰਟਮੈਂਟ’ ਤੋਂ ਇਲਾਵਾ ‘ਕ੍ਰਿਸ਼ਨ”ਨਾਨਾ ਰਾਜ’ ਦੇ ਬੰਗਲੇ ‘ਆਰ ਕੇ ਸਟੂਡੀਓ’ ਨੂੰ ਵੀ ਰੌਸ਼ਨੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ।
ਵਿਆਹ ਸਮਾਗਮ ਦੀਆਂ ਝਲਕੀਆਂ:
• ਰਣਬੀਰ-ਆਲੀਆ ਦਾ ਵਿਆਹ ਅਗਲੇ ਮਹੀਨੇ ਓਟੀਟੀ ‘ਤੇ ਸਟ੍ਰੀਮ ਕੀਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ, ਅਧਿਕਾਰ ਇੱਕ ਵੱਡੇ ਓਟੀਟੀ ਪਲੇਟਫਾਰਮ ਨੂੰ 90-110 ਕਰੋੜ ਰੁਪਏ ਵਿੱਚ ਵੇਚੇ ਗਏ ਹਨ।
• ਲਾੜਾ-ਲਾੜੀ ਲਈ ਖਾਸ ਮੇਨੂ ਰੱਖਿਆ ਗਿਆ ਸੀ। ਆਲੀਆ ਲਈ ਵੇਗਨ ਬਰਗਰ ਅਤੇ ਰਣਬੀਰ ਲਈ ਸੁਸ਼ੀ ਕਾਊਂਟਰ ਬਣਾਏ ਗਏ ਸਨ।
• ਦਿੱਲੀ ਦੇ ਸ਼ੈੱਫਸ ਨੇ ਵਿਆਹ ਲਈ ਖਾਸ ਚਿਕਨ, ਮਟਨ, ਦਾਲ ਮਖਨੀ, ਪਨੀਰ ਟਿੱਕਾ, ਰੋਟੀ ਅਤੇ ਤੰਦੂਰੀ ਪਕਵਾਨ ਬਣਾਏ।
• ਵਿਆਹ ‘ਚ ਦੋਵਾਂ ਪਰਿਵਾਰਾਂ ਦੇ 40 ਤੋਂ 50 ਲੋਕ ਹੀ ਪਹੁੰਚੇ ਸਨ।
• 16 ਤਰੀਕ ਨੂੰ ਭਾਵ ਭਲਕੇ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।
• ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਰਣਬੀਰ-ਆਲੀਆ ਨੂੰ ਵਧਾਈ ਦਿੱਤੀ ਹੈ।
• ਵਿਆਹ ‘ਚ ਰਣਬੀਰ ਦੇ ਚਾਚਾ ਰਣਧੀਰ ਕਪੂਰ ਨੇ ਸ਼ਿਰਕਤ ਕੀਤੀ।