Poetry Geet Gazal

ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ

ਲੇਖਕ: ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ
ਉਸ ਕੌਮ ‘ਤੇ ਤਰਸ ਕਰੋ
ਖ਼ਲੀਲ ਜ਼ਿਬਰਾਨ (ਅਨੁਵਾਦ: ਰਵਿੰਦਰ ਸਿੰਘ ਸੋਢੀ)
ਉਸ ਕੌਮ ਤੇ ਤਰਸ ਕਰੋ ਜੋ ਭਰੀ ਹੋਵੇ ਵਿਸ਼ਵਾਸ ਨਾਲ
ਪਰ ਧਰਮ ਪੱਖੋਂ ਕੋਰੀ
ਉਸ ਕੌਮ ਤੇ ਤਰਸ ਕਰੋ ਜਿਹੜੀ ਪਾਵੇ ਕਪੜੇ ਉਹ
ਜੋ ਆਪ ਬੁਣੇ ਨਾ
ਰੋਟੀ ਖਾਵੇ ਉਹ
ਜੋ ਆਪ ਉਗਾਏ ਨਾ
ਸ਼ਰਾਬ ਪੀਵੇ ਉਹ
ਜਿਹੜੀ ਆਪ ਬਣਾਵੇ ਨਾ।
ਉਸ ਕੌਮ ਤੇ ਤਰਸ ਕਰੋ ਜੋ ਬਦਮਾਸ਼ ਨੂੰ ਨਾਇਕ ਸਮਝੇ
ਅਤੇ ਜੋ ਚਮਤਕਾਰੀ ਜਿੱਤ ਨੂੰ ਮਾਣ।
ਉਸ ਕੌਮ ਤੇ ਕਰੋ ਤਰਸ ਜੋ ਸੁਪਨਿਆਂ ਵਿਚ ਜਨੂੰਨ ਨੂੰ ਨਫਰਤ ਕਰੇ
ਪਰ ਜਾਗਦੇ ਹੋਏ ਪਿਆਰ ।
ਉਸ ਕੌਮ ਤੇ ਤਰਸ ਕਰੋ ਜਿਹੜੀ ਸਿਰਫ ਮੁਰਦੇ ਦੇ ਸੰਸਕਾਰ ਸਮੇਂ ਹੀ ਅਵਾਜ ਉਠਾਏ
ਆਪਣੀ ਬਰਬਾਦੀ ਤੇ ਮਾਣ ਕਰੇ
ਅਤੇ ਬਗਾਵਤ ਉਦੋਂ ਹੀ ਕਰੇ ਜਦ ਉਸਦੀ ਗਰਦਨ ਕੁੜਿੱਕੀ ਵਿਚ ਫਸੇ।
ਉਸ ਕੌਮ ਤੇ ਤਰਸ ਕਰੋ ਜਿਸਦੇ ਨੇਤਾ ਹੋਣ ਲੂੰਬੜ ਵਰਗੇ
ਦਾਰਸ਼ਨਿਕ ਬਾਜੀਗਰ
ਅਤੇ ਜਿਥੋਂ ਦੀ ਕਲਾ ਹੋਵੇ ਟਾਕੀਆਂ ਲਾਉਣ ਅਤੇ ਨਕਲ ਕਰਨ ਵਾਲੀ।
ਉਸ ਕੌਮ ਤੇ ਤਰਸ ਕਰੋ ਜਿਥੇ ਨਵੇਂ ਰਾਜੇ ਦਾ ਸਵਾਗਤ ਢੋਲ-ਨਗਾਰਿਆਂ ਨਾਲ ਹੋਵੇ
ਅਤੇ ਉਸ ਨੂੰ ਅਲਵਿਦਾ ਕਹਿਣ ਵੇਲੇ ਹੁਲੜਬਾਜ਼ੀ
ਅਤੇ ਕਿਸੇ ਹੋਰ ਨੂੰ ‘ਜੀ ਆਇਆਂ’ ਕਹਿਣ ਵੇਲੇ
ਫੇਰ ਢੋਲ-ਢਮਕਾ।
ਉਸ ਕੌਮ ਤੇ ਤਰਸ ਕਰੋ ਜਿਸ ਦੇ ਵਿਦਵਾਨ ਬਹੁਤ ਦੇਰ ਤੋ ਗੁੰਗੇ ਹੋਣ
ਅਤੇ ਸੂਰਬੀਰ ਅਜੇ ਭੰਗੂੜੇ ਵਿਚ ।
ਉਸ ਕੌਮ ਤੇ ਤਰਸ ਕਰੋ, ਜੋ ਛੋਟੇ-ਛੋਟੇ ਹਿੱਸਿਆਂ ਵਿਚ ਵੰਡੀ ਹੋਵੇ
ਅਤੇ ਹਰ ਹਿੱਸਾ ਹੀ ਆਪਣੇ-ਆਪ ਹੀ ਨੂੰ ਕੌਮ ਸਮਝਦਾ ਹੋਵੇ।
———————00000———————
   ਬੱਚੇ 
ਖ਼ਲੀਲ ਜ਼ਿਬਰਾਨ (ਅਨੁਵਾਦ: ਰਵਿੰਦਰ ਸਿੰਘ ਸੋਢੀ)
ਇਕ ਮਾਂ
ਛਾਤੀ ਨਾਲ ਲਾ
ਆਪਣੇ ਬੱਚੇ ਨੂੰ
ਰਹੀ ਸੀ ਦੁੱਧ ਪਿਲਾ
ਬੋਲੀ
ਕੁਝ ਦੱਸ ਸਾਡੇ ਬੱਚਿਆਂ ਬਾਰੇ।
ਅਤੇ ਉਸ ਨੇ ਕਿਹਾ:
ਤੁਹਾਡੇ ਬੱਚੇ ਨਹੀਂ ਤੁਹਾਡੇ
ਹਨ ਉਹ ਪੁੱਤਰ ਧੀਆਂ
ਜ਼ਿੰਦਗੀ ਦੀ ਤਾਂਘ ਦੇ
ਉਹ ਆਏ ਤੁਹਾਡੇ ਰਾਹੀਂ
ਪਰ ਨਹੀਂ ਤੁਹਾਡੇ ਵੱਲੋਂ
ਅਤੇ ਭਾਵੇਂ ਉਹ ਹਨ ਨਾਲ ਤੁਹਾਡੇ
ਪਰ ਫੇਰ ਵੀ
ਉਹ ਨਹੀਂ ਤੁਹਾਡੇ।
ਤੁਸੀਂ ਦੇ ਸਕਦੇ ਹੋ ਆਪਣਾ ਪਿਆਰ ਉਹਨਾਂ ਨੂੰ
ਨਸੀਂ ਆਪਣੇ ਵਿਚਾਰ
ਸੋਚਾਂ ਉਹਨਾਂ ਦੀਆਂ
ਹੋਣ ਆਪਣੀਆਂ।
ਉਹਨਾਂ ਦੇ ਸਰੀਰ ਨੂੰ ਤੁਸੀਂ
ਰੱਖ ਸਕਦੇ ਹੋ ਕੋਲ ਆਪਣੇ
ਪਰ ਨਹੀਂ ਉਹਨਾਂ ਦੀ ਆਤਮਾ
ਉਹਨਾਂ ਦੀ ਆਤਮਾ ਰਹੇ
ਆਉਣ ਵਾਲੇ ਕੱਲ੍ਹ ਵਿਚ
ਜਿਥੇ ਤੁਸੀਂ
ਨਹੀਂ ਸਕਦੇ ਜਾ ਸੁਪਨਿਆਂ ‘ਚ ਵੀ।
ਤੁਸੀਂ ਕਰੋ ਕੋਸ਼ਿਸ਼ ਬਣਨ ਦੀ ਉਹਨਾਂ ਵਾਂਗ
ਪਰ ਨਹੀਂ ਆਪਣੇ ਵਰਗਾ ਬਣਾਉਣ ਦੀ।
ਜ਼ਿੰਦਗੀ ਨਾ ਮੁੜੇ ਪਿੱਛੇ ਵੱਲ
ਨਾ ਹੋਵੇ ਲੰਘ ਗਏ ਕੱਲ੍ਹ ਵਾਂਗ।
ਤੁਸੀਂ ਹੋ ਉਹ ਕਮਾਨ
ਜਿਸ ਵਿਚੋਂ ਨਿਕਲਣ ਤੁਹਾਡੇ ਬੱਚੇ
ਜਿਉਂਦੇ ਤੀਰ ਵਾਂਗ।
ਤੀਰ ਅੰਦਾਜ਼
ਦੂਰ ਦਿਸਹੱਦੇ ਵੱਲ ਲਾ ਨਿਸ਼ਾਨਾ
ਆਪਣੀ ਸ਼ਕਤੀ ਨਾਲ
ਤੁਹਾਨੂੰ ਦੇਵੇ ਮੋੜ
ਤਾਂ ਜੋ ਉਸਦੇ ਤੀਰ
ਤੇਜੀ ਨਾਲ ਪਹੁੰਚਣ ਦੂਰ।
ਤੀਰ ਅੰਦਾਜ਼ ਦੁਆਰਾ
ਤੁਹਾਨੂੰ ਮੋੜਨਾ
ਖ਼ੁਸ਼ਗਵਾਰ ਹੋਵੇ;
ਉਹ ਜਿੰਨਾ ਪਿਆਰ
ਉੱਡਦੇ ਜਾਂਦੇ ਤੀਰ ਨੂੰ ਕਰੇ
ਉਹਨਾਂ ਹੀ ਪਿਆਰ ਕਮਾਨ ਨੂੰ ਵੀ ਕਰੇ
ਜੋ ਹੋਵੇ ਮਜ਼ਬੂਤ।
———————00000———————
ਡਰ
ਖ਼ਲੀਲ ਜ਼ਿਬਰਾਨ (ਅਨੁਵਾਦ: ਰਵਿੰਦਰ ਸਿੰਘ ਸੋਢੀ)
ਕਹਿੰਦੇ ਨੇ
ਸਮੁੰਦਰ ਵਿਚ ਇੱਕ-ਮਿਕ ਹੋਣ ਤੋਂ ਪਹਿਲਾਂ
ਦਰਿਆ ਕੰਬੇ ਡਰ ਨਾਲ।
ਆਪਣੇ ਮੁਕਾਏ ਸਫਰ ਦੇ
ਪੈਂਡੇ ਨੂੰ
ਮੁੜ ਤੱਕੇ।
ਪਹਾੜਾਂ ਦੀਆਂ ਚੋਟੀਆਂ
ਜੰਗਲਾਂ ਅਤੇ ਪਿੰਡਾਂ ‘ਚੋ ਲੰਘਣ ਦਾ ਲੰਬਾ
ਮੋੜਾਂ ਵਾਲਾ ਰਸਤਾ।
ਆਪਣੇ ਸਾਹਮਣੇ ਦੇਖੇ
ਵਿਸ਼ਾਲ ਸਾਗਰ
ਜਿਸ ਵਿਚ ਰਲਣਾ ਹੈ
ਗਵਾ ਦੇਣੀ ਹੈ ਆਪਣੀ ਹੋਂਦ
ਹਮੇਸ਼ਾ ਲਈ।
ਹੋਰ ਕੋਈ ਰਸਤਾ ਵੀ ਨਹੀਂ
ਦਰਿਆ
ਪਿਛੇ ਮੁੜ ਵੀ ਨਾ ਸਕੇ।
ਕੋਈ ਵੀ
ਪਿਛੇ ਮੁੜ ਨਾ ਸਕੇ
ਆਪਣੀ ਹੋਂਦ ਲਈ
ਪਿੱਛੇ ਪਰਤ ਜਾਣਾ ਮੁਸ਼ਕਲ
ਦਰਿਆ ਨੂੰ ਜੋਖਮ ਲੈਣਾ ਹੀ ਪਵੇ
ਸਮੁੰਦਰ ‘ਚ ਰਲ ਜਾਣ ਦਾ
ਫੇਰ ਹੀ ਡਰ ਹੋਵੇ ਦੂਰ
ਹੋਂਦ ਗਵਾਚ ਜਾਣ ਦਾ
ਤਾਂ ਹੀ ਜਾਣ ਸਕੇ ਦਰਿਆ
ਸਾਗਰ ਵਿਚ ਰਲਣਾ
ਨਾ ਹੋਵੇ ਹੋਂਦ ਗਵਾਉਣਾ
ਹੋਵੇ ਖ਼ੁਦ ਹੀ ਸਾਗਰ ਬਣ ਜਾਣਾ।
———————00000———————
ਹਾਰ
ਖ਼ਲੀਲ ਜ਼ਿਬਰਾਨ (ਅਨੁਵਾਦ: ਰਵਿੰਦਰ ਸਿੰਘ ਸੋਢੀ)
ਹਾਰ, ਮੇਰੀ ਹਾਰ
ਮੇਰਾ ਇਕਲਾਪਾ ਅਤੇ ਦੂਰ ਰਹਿਣਾ
ਮੇਰੇ ਲਈ ਤੂੰ
ਮੇਰੀਆਂ ਹਜ਼ਾਰ ਜਿੱਤਾਂ ਤੋਂ ਵੀ ਪਿਆਰੀ
ਅਤੇ ਮੇਰੇ ਦਿਲ ਦੇ ਬਹੁਤ ਨੇੜੇ
ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤੋਂ।
ਹਾਰ, ਮੇਰੀ ਹਾਰ
ਮੇਰੇ ਆਪਣੇ ਗਿਆਨ
ਅਤੇ ਮੇਰੀ ਲਲਕਾਰ
ਤੇਰੇ ਰਾਹੀਂ ਹੀ ਮੈਨੂੰ ਹੋਇਆ ਅਹਿਸਾਸ
ਮੈਂ ਅਜੇ ਵੀ ਜਵਾਨ
ਫੁਰਤੀਲਾ ਹਾਂ
ਅਤੇ ਮੈਂ ਕਿਸੇ ਜਾਲ ਵਿਚ
ਨਾ ਫਸ ਸਕਾਂ
ਅਤੇ ਤੇਰੇ ਵਿਚੋਂ ਮੈਨੂੰ ਮਿਲੀ ਇਕੱਲਤਾ
ਤਿਆਗ ਅਤੇ ਬਦਨਾਮ ਹੋਣ ਦੀ ਖੁਸ਼ੀ।
ਹਾਰ, ਮੇਰੀ ਹਾਰ
ਮੇਰੀ ਚਮਕਦੀ
ਢਾਲ ਅਤੇ ਤਲਵਾਰ
ਪੜ੍ਹਿਆ ਤੇਰੀਆਂ ਅੱਖਾਂ ‘ਚੋਂ
ਕਿ ਹੋਣਾ ਰਾਜ ਗੱਦੀ ਤੇ ਕਾਬਜ਼
ਹੈ ਗੁਲਾਮੀ
ਅਤੇ ਹੈ ਇਹ ਸਮਝਣਾ
ਹੈ ਇਕ ਸਾਰ ਕਰਨਾ
ਹੈ ਆਪੇ ਦੀ ਸੰਪੂਰਨਤਾ ਤਕ ਪਹੁੰਚਣਾ
ਅਤੇ ਪੱਕੇ ਫਲ ਦੀ ਤਰਾਂ ਡਿਗ ਕੇ
ਹੈ ਖਾਧੇ ਜਾਣਾ।
ਹਾਰ, ਮੇਰੀ ਹਾਰ, ਮੇਰੇ ਸਡੋਲ ਸਾਥੀ
ਤੂੰ ਸੁਣ ਗੀਤ ਮੇਰੇ
ਮੇਰੀ ਪੁਕਾਰ ਅਤੇ ਚੁੱਪ ਸੁਣ
ਅਤੇ ਤੇਰੇ ਬਗੈਰ ਮੇਰੇ ਨਾਲ
ਹੋਰ ਕੋਈ ਖੰਭਾ ਦੇ ਫੜਕਣ
ਅਤੇ ਸਮੁੰਦਰਾਂ ਦੀ ਪੁਕਾਰ
ਅਤੇ ਰਾਤ ਸਮੇਂ ਜੋ ਪਹਾੜ ਬਲਣ
ਦੀ ਨਾ ਕਰ ਗੱਲ
ਅਤੇ ਤੂੰ ਹੀ ਸਿਰਫ ਮੇਰੀ ਤਿੱਖੀ
ਅਤੇ ਪੱਥਰਿਲੀ ਰੂਹ ‘ਤੇ ਚੜ੍ਹ ਸਕਦੀ ਹੈਂ।
ਹਾਰ, ਮੇਰੀ ਹਾਰ
ਮੇਰਾ ਮੌਤ ਤੋਂ ਨਾ ਡਰਣ ਦਾ ਹੌਂਸਲਾ
ਤੂੰ ਅਤੇ ਮੈਂ ਦੋਵੇਂ
ਤੁਫਾਨ ਨਾਲ ਹੱਸ ਸਕਦੇ ਹਾਂ
ਅਤੇ ਆਪਾਂ ਇਕੱਠੇ ਹੀ
ਕਬਰ ਖੋਦ ਸਕਦੇ ਹਾਂ
ਉਸ ਸਭ ਕਾਸੇ ਦੀ
ਜੋ ਸਾਡੇ ਅੰਦਰ ਦਮ ਤੋੜਦਾ ਹੈ
ਅਤੇ ਅਸੀਂ ਆਪਣੀ ਮਰਜ਼ੀ ਨਾਲ
ਧੁੱਪ ਵਿਚ ਖੜ ਸਕਦੇ ਹਾਂ
ਅਤੇ ਅਸੀਂ ਖਤਰਨਾਕ ਹੋ ਸਕਦੇ ਹਾਂ।
———————00000———————
ਪਿਆਰ 
ਖ਼ਲੀਲ ਜ਼ਿਬਰਾਨ (ਅਨੁਵਾਦ: ਰਵਿੰਦਰ ਸਿੰਘ ਸੋਢੀ)
ਪਿਆਰ ਆਪਣੇ ਬਿਨ ਨਾ ਕੁਝ ਦੇਵੇ
ਨਾ ਕੁਝ ਲਵੇ ਆਪਣੇ ਬਿਨਾ
ਪਿਆਰ ਨਾ ਕਰੇ ਕਿਸੇ ‘ਤੇ ਕਬਜ਼ਾ
ਨਾ ਹੀ ਹੋਣ ਦੇਵੇ ਆਪਣੇ ‘ਤੇ ਕਾਬਜ਼
ਕਿਉਂ ਜੋ ਪਿਆਰ, ਪਿਆਰ ਲਈ ਆਪ ਹੀ ਹੈ ਕਾਫੀ।
ਜਦੋਂ ਤੁਸੀਂ ਕਰਦੇ ਹੋ ਪਿਆਰ, ਇਹ ਨਾ ਕਹੋ,
“ਰੱਬ ਹੈ ਦਿਲ ਵਿਚ ਮੇਰੇ”
ਇਹ ਕਿਹੋ, “ਮੈਂ ਹਾਂ ਰੱਬ ਦੇ ਦਿਲ ਵਿਚ।”
ਅਤੇ ਇਹ ਨਾ ਸੋਚੋ, ‘ਤੁਸੀਂ ਬਦਲ ਸਕਦੇ ਹੋ ਪਿਆਰ ਦਾ ਰਾਹ’
ਕਿਉਂ ਜੋ ਪਿਆਰ, ਜੇ ਮੰਨ ਲਵੇ ਤੁਹਾਨੂੰ ਵਿਸ਼ਵਾਸ ਯੋਗ
ਬਣ ਜਾਵੇ ਤੁਹਾਡਾ ਰਾਹ ਦਸੇਰਾ।
ਪਿਆਰ ਦੀ ਇੱਛਾ ਨਾ ਹੋਰ ਕੋਈ
ਬਿਨਾ ਆਪਣੀ ਪੂਰਤੀ ਤੋਂ।
ਪਰ ਜੇ ਤੁਹਾਨੂੰ ਹੈ ਪਿਆਰ
ਅਤੇ ਤੁਹਾਡੀ ਹੈ ਕੋਈ ਇੱਛਾ
ਤਾਂ ਤੁਹਾਡੀਆਂ ਇੱਛਾਵਾਂ ਇਹ ਹੋਣ:
ਪਿਘਲ ਜਾਣਾ ਅਤੇ ਵਗਦੇ ਦਰਿਆ ਵਾਂਗ ਵਹਿਣਾ
ਜਿਹੜਾ ਰਾਤ ਨੂੰ ਸੁਣਾਏ ਸੁਰੀਲੇ ਗੀਤ
ਇਹ ਜਾਣਨ ਲਈ ਕਿ ਪਿਆਰ ਵਿਚ ਜਿਆਦਾ ਲਚਕ ਵੀ
ਹੋ ਜਾਵੇ ਦੁਖਦਾਇਕ।
ਪਿਆਰ ਦੀ ਤੁਹਾਡੀ ਆਪਣੀ ਸਮਝ ਤੋਂ ਹੋਣਾ ਜ਼ਖ਼ਮੀ;
ਅਤੇ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ
ਕਿੰਨਾ ਕੁ ਵਹਾ ਸਕਦੇ ਹੋ ਆਪਣਾ ਖੂਨ।
ਸਵੇਰੇ ਖੁਸ਼ੀ-ਖੁਸ਼ੀ ਜਾਗੋ
ਤੇ ਪਿਆਰ ਦੇ ਇਕ ਹੋਰ ਦਿਨ ਲਈ ਕਰੋ ਧੰਨਵਾਦ
ਦੁਪਹਿਰ ਵੇਲੇ ਕਰੋ ਅਰਾਮ ਅਤੇ ਹੋਵੋ ਪਿਆਰ ਲਈ ਅੰਤਰ-ਧਿਆਨ
ਧੰਨਵਾਦ ਕਰਦੇ ਸ਼ਾਮ ਨੂੰ ਹੋਵੇ ਘਰ ਵਾਪਸੀ;
ਅਤੇ ਸੌਣ ਲੱਗੇ ਕਰੋ ਪ੍ਰਾਰਥਨਾ
ਆਪਣੇ ਦਿਲ ਵਿਚ ਵਸੇ ਪਿਆਰ ਲਈ
ਅਤੇ ਬੁਲਾਂ ‘ਤੇ ਹੋਵੇ ਪ੍ਰਸੰਸਾ ਦਾ ਗੀਤ।
———————00000———————
ਗ਼ਜ਼ਲ

ਕਦੇ ਉਹ ਫੁੱਲ ਬਣ ਜਾਵੇ

ਕਦੇ ਖਾਰ ਬਣ ਜਾਵੇ
ਕਦੇ ਖ਼ਿਜਾਂ ਜਿਹੀ  ਲੱਗਦੀ
ਕਦੇ ਬਹਾਰ ਬਣ ਜਾਵੇ।
ਉਹਦੇ ਸੁਰਮੇਂ ਦੀ ਧਾਰੀ
ਲੱਗੇ ਸਭ ਨੂੰ ਪਿਆਰੀ
ਕਦੇ ਸੂਲਾਂ ਜਿਹੀ ਜਾਪੇ
ਕਦੇ ਹਾਰ ਬਣ ਜਾਵੇ।
ਮੈਂ ਆਪਣਾ ਰਾਜ ਕੋਈ
ਉਸ ਤੋਂ ਛੁਪਾ ਨਹੀਂ ਸਕਦਾ
ਮੇਰੇ ਹਰ ਰਾਜ਼ ਦੀ  ਉਹ
ਖੁਦ ਹੀ ਰਾਜ਼ਦਾਰ ਬਣ ਜਾਵੇ।
ਪੁੰਨਿਆ ਦੀ ਰਾਤ ਹੋਵੇ
ਜਾਂ ਮੱਸਿਆ ਦੀ ਰਾਤ ਕਾਲੀ
ਉਹ ਜਦ ਵੀ ਆ ਜਾਵੇ
ਹਰ ਰਾਤ ਸ਼ਬੇਰਾਤ ਬਣ ਜਾਵੇ।
ਉਸ ਕੋਲ ਰਹਿਣਾ ਵੀ ਮੁਸ਼ਕਿਲ
ਦੂਰ ਵੀ ਜਾ ਨਾ ਹੋਵੇ
ਕਦੇ ਬਿਜਲੀ ਜਿਹੀ ਲੱਗਦੀ
ਕਦੇ ਮੋਹਲੇਧਾਰ ਬਣ ਜਾਵੇ।
ਉਹਦੇ ਮੱਥੇ ਦੀ ਤਿਉੜੀ
ਕਈ ਨਾਗ ਵੱਲ ਖਾਂਦੀ
ਕਦੇ ਸਪਨੀ ਜਿਹੀ ਲੱਗਦੀ
ਕਦੇ ਬੀਨ ਬਣ ਜਾਵੇ।
ਉਹਦੇ ਬੁਲਾਂ ਦੀ ਹਾਸੀ
ਬੜਾ ਹੀ ਕਹਿਰ ਢਾਵੇ
ਕਿਸੇ ਲਈ ਢਾਲ ਬਣ ਜਾਂਦੀ
ਕਿਸੇ ਲਈ ਤਲਵਾਰ ਬਣ ਜਾਵੇ।
———————00000———————
ਗ਼ਜ਼ਲ
ਕਦੇ ਉਹ ਫੁੱਲ ਜਹੀ ਲੱਗੇ
ਕਦੇ ਉਹ ਖਾਰ ਜਹੀ ਲਗੇ
ਕਦੇ ਖਿਜਾਂ ਜਹੀ ਜਾਪੇ
ਕਦੇ ਬਹਾਰ ਜਹੀ ਲੱਗੇ।
ਪੁੰਨਿਆਂ ਦੀ ਰਾਤ ਹੋਵੇ
ਜਾਂ ਮੱਸਿਆ ਦੀ ਰਾਤ ਕਾਲੀ
ਉਹ ਜਦ ਵੀ ਆ ਜਾਵੇ
ਹਰ ਰਾਤ ਸ਼ਬੇਰਾਤ ਜਹੀ ਲੱਗੇ।
ਉਸ ਕੋਲ ਰਹਿਣਾ ਵੀ ਮੁਸ਼ਕਿਲ
ਦੂਰ ਵੀ ਜਾ ਨਾ ਹੋਵੇ
ਕਦੇ ਬਿਜਲੀ ਜਹੀ ਲੱਗਦੀ
ਕਦੇ ਮੋਹਲੇਧਾਰ ਜਹੀ ਲੱਗੇ।
ਮੈਂ ਆਪਣਾ ਰਾਜ਼ ਕੋਈ
ਉਸ ਤੋਂ ਛੁਪਾ ਨਹੀਂ ਸਕਦਾ
ਮੇਰੇ ਹਰ ਰਾਜ਼ ਦੀ ਉਹ
ਖੁਦ ਹੀ ਰਾਜ਼ਦਾਰ ਜਹੀ ਲੱਗੇ।
ਉਹਦੇ ਮੱਥੇ ਦੀ ਤਿਓੜੀ
ਕਈ ਨਾਗ ਵਲ ਖਾਵੇ
ਕਦੇ ਸਪਨੀ ਜਹੀ ਜਾਪੇ
ਕਦੇ ਬੀਨ ਜਹੀ ਲੱਗੇ।
ਉਹਦੇ ਬੁਲਾਂ ਦੀ ਹਾਸੀ
ਬੜਾ ਹੀ ਕਹਿਰ ਢਾਉਂਦੀ
ਕਦੇ ਉਹ ਢਾਲ ਦਿਖਦੀ
ਕਦੇ ਤਲਵਾਰ ਜਹੀ ਲੱਗੇ।
———————00000———————

Related posts

ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

admin

ਰਾਜਪਾਲ ਕੌਰ ‘ਭਰੀ’

admin

ਚੇਤਨ ਬਿਰਧਨੋ

admin