ਪੁਰਾਣੀਆਂ ਵਸਤੂਆਂ ਦੇ ਕਦਰਦਾਨਾਂ ਵਾਰੇ ਗੱਲ ਕੀਤੀ ਜਾਵੇ ਤਾਂ ਗੋਰੇ ਲੋਕਾਂ ਦਾ ਨਾਮ ਪਹਿਲੀ ਸੂਚੀ ਵਿੱਚ ਆਵੇਗਾ। ਸਦੀਆਂ ਪੁਰਾਣੇ ਚਰਚ, ਇਮਰਤਾਂ, ਪੁਲ ਆਦਿ ਇਥੋਂ ਤੱਕ ਪੇੜ-ਪੌਦਿਆਂ ਨੂੰ ਵੀ ਸਾਂਭਿਆ ਹੋਇਆ ਹੈ। ਜਿਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ। ਇਥੇ ਗਿਆਰਾਂ ਸਦੀਆਂ ਪੁਰਾਣੇ ਇਤਹਾਸਕ ਚਰਚ ਨੌਤਰਦਾਮ ਤੋਂ ਸੌ ਮੀਟਰ ਦੀ ਦੂਰੀ ਉਪਰ “ਸਕਿਉਰ ਰੇਨੇ ਦੀ ਵੀਵੀਅਨ” ਨਾਂ ਦਾ ਪਾਰਕ ਹੈ ਜਿਸ ਵਿੱਚ ਚਾਰ ਸੌ ਵੀਹ ਸਾਲ ਪੁਰਾਣਾ ਤੇ 15 ਮੀਟਰ ਉਚਾ ਰੋਬਨੀਅਰ ਨਾਂ ਦਾ ਦਰੱਖਤ ਹੈ।ਇਸ ਕਿਸਮ ਦੇ ਦਰੱਖਤ ਨੌਰਥ ਅਮਰੀਕਾ ਵਿੱਚ ਪਾਏ ਜਾਂਦੇ ਹਨ ਜਿਸ ਉਪਰ ਨਿੰਮ ਵਰਗੇ ਪੱਤੇ ਤੇ ਬੀਜ਼ ਨਾਲ ਭਰੀਆਂ ਲੰਬੀਆਂ ਫਲੀਆਂ ਲਗੀਆਂ ਹੁੰਦੀਆਂ ਹਨ। ਸੋਲ੍ਹਵੀ ਸਦੀ ਦੇ ਜੀਨ ਰੋਬਿਨ ਨਾਂ ਦੇ ਆਦਮੀ ਨੇ 1601 ਵਿੱਚ ਇਸ ਦੇ ਬੀਜ਼ ਨੂੰ ਚਰਚ ਦੇ ਕੋਲ “ਈਲ ਦਾ ਪੈਰਿਸ” ਨਾਂ ਦੇ ਪਾਰਕ ਵਿੱਚ ਬੀਜਿਆ ਸੀ। ਜੀਨ ਰੋਬਿਨ ਪੇੜ-ਪੌਦਿਆ ਦਾ ਡਾਕਟਰ ਸੀ ਜਿਸ ਨੂੰ ਫਰਾਂਸ ਦੇ ਗਾਰਡਨਾਂ ਦਾ ਰਾਜਾ ਵੀ ਕਿਹਾ ਜਾਦਾਂ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜਦੋ ਚਰਚ ਦੇ ਚੁਫੇਰੇ ਵਗਦੇ ਦਰਿਆ ਉਪਰ ਪੈਰਿਸ ਵਿੱਚ ਪਹਿਲਾ ਪੱਥਰਾਂ ਦਾ ਪੁਲ ਬਣਉਣ ਦਾ ਕੰਮ ਸ਼ੁਰੂ ਹੋਇਆ ਜਿਸ ਨੂੰ “ਪੌਂਅ ਦਾ ਨੈਫ਼” ਕਹਿੰਦੇ ਹਨ, ਇਹ ਉਸ ਦੀ ਮਾਰ ਵਿੱਚ ਆ ਗਿਆ ਸੀ। ਉਸ ਵਕਤ ਭਾਵ 1602 ਈਸਵੀ ਵਿੱਚ ਇਸ ਪੌਦੇ ਨੂੰ ਪੁੱਟ ਕੇ “ਰੇਨੇ ਵੀਵੀਅਨ” ਪਾਰਕ ਵਿੱਚ ਲਾ ਦਿੱਤਾ ਗਿਆ। ਉਸ ਮੌਕੇ ਮਹਾਰਾਜਾ ਹੈਨਰੀ ਚਾਰ ਵੀ ਮੌਜੂਦ ਸੀ ਜਿਸ ਦਾ ਕੋਲ ਹੀ ਘੋੜ ਸਵਾਰ ਬੁੱਤ ਵੀ ਲੱਗਿਆ ਹੋਇਆ ਹੈ। 1607 ਵਿੱਚ ਬਣ ਕੇ ਤਿਆਰ ਹੋਏ ਉਸ ਪੁਲ ਦਾ ਉਦਘਾਟਨ ਵੀ ਹੈਨਰੀ ਚਾਰ ਨੇ ਆਪਣੇ ਹੱਥੀ ਕੀਤਾ ਸੀ। ਇਸ ਵਕਤ ਪੈਰਿਸ ਵਿੱਚ ਪੇੜ-ਪੌਦਿਆ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ਦੇ ਮੁਖੀ ਦੇ ਦੱਸਣ ਮੁਤਾਬਕ ਦਰੱਖਤ ਦੀ ਵੱਧ ਰਹੀ ਉਮਰ ਦੇ ਨਾਲ ਇਹ ਕਮਜੋਰ ਹੋ ਗਿਆ ਹੈ ਜਿਸ ਕਰਕੇ ਸੀਮਿੰਟ ਦੀਆਂ ਥੰਮੀਆਂ ਨਾਲ ਦਰੱਖਤ ਨੂੰ ਸਹਾਰਾ ਦਿੱਤਾ ਗਿਆ ਹੈ। ਇਸ ਦਾ ਭਾਰ ਵੱਧ ਜਾਣ ਕਾਰਨ ਕੁਝ ਟਾਹਣੇ ਵੀ ਕੱਟਣੇ ਪਏ ਸਨ। ਇਸ ਨੂੰ ਪੈਰਿਸ ਦਾ ਸਭ ਤੋਂ ਪੁਰਾਣਾ ਤੇ ਪਹਿਲਾ ਦਰੱਖਤ ਵੀ ਕਿਹਾ ਜਾਂਦਾ ਹੈ ਜਿਹੜਾ ਅੱਜ ਤੱਕ ਵੀ ਉਸੇ ਥਾਂ ਉਪਰ ਹੀ ਸਥਾਪਿਤ ਹੈ। ਅਪ੍ਰੈਲ 2019 ਵਿੱਚ ਜਦੋਂ ਇਤਹਾਸਕ ਚਰਚ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਉਸ ਵਕਤ ਸੇਕ ਤੋਂ ਬਚਾਉਣ ਲਈ ਇਸ ਦਰੱਖਤ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਸੀ। ਚਾਰ ਸਦੀਆਂ ਤੋਂ ਮੀਂਹ ਹਨੇ੍ਹਰੀ ਝੱਖੜ ਦੀ ਮਾਰ ਝੱਲ ਰਹੇ ਇਸ ਹਰੇ ਭਰੇ ਦਰੱਖਤ ਨੂੰ ਲੋਕੀ ਦੂਰੋਂ-ਦੂਰੋਂ ਵੇਖਣ ਲਈ ਆਉਦੇ ਹਨ।