Literature Articles

ਸਾਹਾਂ ਦੀ ਸਰਗਮ- ਅਸੀਮ ਉਡਾਣ

ਗੁਰਦੀਸ਼ ਕੌਰ ਗਰੇਵਾਲ਼ ਪੰਜਾਬੀ ਸਾਹਿਤ ਵਿੱਚ ਕੋਈ ਨਵਾਂ ਨਾਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਪੰਜ ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ। ‘ਸਾਹਾਂ ਦੀ ਸਰਗਮ’ ਲਿਖ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਮਿਹਨਤੀ ਕਲਮ ਅਤੇ ਨਰੋਈ ਸੋਚਣੀ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਗ਼ਜ਼ਲ ਖੇਤਰ ਵਿੱਚ ਇਹ ਉਨ੍ਹਾਂ ਦੀ ਪਹਿਲੀ ਕਿਤਾਬ ਹੈ। ਗ਼ਜ਼ਲ ਦੇ ਬਹਿਰ-ਵਜ਼ਨ ਦੀਆਂ ਬੰਦਸ਼ਾਂ ਨਿਭਾਉਂਦਿਆਂ ਖ਼ਿਆਲਾਂ ਨੂੰ ਮਰਨ ਨਾ ਦੇਣਾ ਇੱਕ ਚੁਨੌਤੀ ਭਰਿਆ ਕਾਰਜ ਹੈ, ਜਿਸ ਨੂੰ ਗੁਰਦੀਸ਼ ਜੀ ਨੇ ਬਾਖ਼ੂਬੀ ਅੰਜਾਮ ਦਿੱਤਾ ਹੈ। ਕਿਤਾਬ ਪੜ੍ਹਦਿਆਂ ਉਨ੍ਹਾਂ ਦਿਆਂ ਸ਼ਿਅਰਾਂ ਵਿੱਚੋਂ  ਸਮਾਜਿਕ ਚੇਤਨਾ ਦਾ ਪੱਖ ਸਾਫ਼ ਉੱਘੜ ਕੇ ਸਾਹਮਣੇ ਆਉਂਦਾ ਹੈ। ਲੇਖਕਾ ਸਮਾਜਿਕ ਤਾਣੇ ਬਾਣੇ ਵਿਚਲੀਆਂ ਊਣਤਾਈਆਂ ਨੂੰ ਲੈ ਕੇ ਬਹੁਤ ਫ਼ਿਕਰਮੰਦ ਹੈ। ਇੱਕ ਆਮ ਇਨਸਾਨ ਨੂੰ ਦਰਪੇਸ਼ ਮੁਸ਼ਕਲਾਂ ਹੀ ਉਨ੍ਹਾਂ ਦੇ ਸ਼ਿਅਰਾਂ ਦਾ ਆਧਾਰ ਬਣਦੀਆਂ ਹਨ। ਸ਼ਿਅਰਾਂ ਦਾ ਵਿਸ਼ਾ ਵਸਤੂ ਬਣਨ ਵਾਲੀਆਂ ਸਮਾਜਿਕ ਵਿਸੰਗਤੀਆਂ ਨੂੰ ਅੱਗੇ ਕਈ ਹਿੱਸਿਆਂ ‘ਚ ਵੰਡ ਕੇ ਦੇਖਿਆ ਜਾ ਸਕਦਾ ਹੈ।

ਔਰਤ ਦੀ ਬੇਬਸੀ ਹਮੇਸ਼ਾ, ਭਾਰਤੀ ਕਵਿਤਾ ਦਾ ਹੀ ਨਹੀਂ ਸਗੋਂ ਆਲਮੀ ਕਵਿਤਾ ਦਾ ਵੀ ਮਘਦਾ ਵਿਸ਼ਾ ਰਹੀ ਹੈ। ਜਦੋਂ ਕਵਿਤਾ ਲਿਖਣ ਵਾਲੀ ਹਸਤੀ ਖ਼ੁਦ ਇੱਕ ਔਰਤ ਹੋਵੇ ਤਾਂ ਇਨ੍ਹਾਂ ਅਹਿਸਾਸਾਂ ਤੇ ਅਨੁਭਵ ਦੀ ਪਾਣ ਚੜ੍ਹ ਜਾਂਦੀ ਹੈ। ਧੀਆਂ ਦੀ ਵੇਦਨਾ ਅੱਜ ਦੀ ਪੰਜਾਬੀ ਕਵਿਤਾ ਦਾ ਪ੍ਰਮੁੱਖ ਵਿਸ਼ਾ ਹੈ। ਗੁਰਦੀਸ਼ ਹੁਰਾਂ ਦੇ ਸ਼ਿਅਰ ਵੀ ਧੀਆਂ-ਧਿਆਣੀਆਂ ਲਈ ਆਵਾਜ਼ ਬਣਦੇ ਪ੍ਰਤੀਤ ਹੁੰਦੇ ਹਨ:-

 

ਵੇਖ ਧੀਆਂ ਦੀ ਹੁੰਦੀ ਇਹ ਬੇਹੁਰਮਤੀ,

ਨੀਰ ਅੱਖਾਂ ‘ਚ ਆਏ, ਤਾਂ ਮੈਂ ਕੀ ਕਰਾਂ?

 

ਕਦੋਂ ਮੁੱਕਣੀ ਹੈ ਇਹ ਚੰਦਰੀ ਅਲਾਮਤ,

ਜੋ ਜੰਮਣ ਤੋਂ ਪਹਿਲਾਂ ਹੀ ਧੀਆਂ ਮੁਕਾਏ।

 

ਪੰਜਾਬ ਵਿੱਚ ਆਏ ਹੋਏ ਨਸ਼ਿਆਂ ਦੇ ਹੜ੍ਹ ਪ੍ਰਤੀ ਲੇਖਕਾ ਦੀ ਕਲਮ ਬਹੁਤ ਸਜਗ ਹੈ। ਉਹ ਪੰਜਾਬੀ ਨੌਜਵਾਨੀ ਨੂੰ ਕੁਰਾਹੇ ਪੈਂਦਿਆਂ ਦੇਖ ਕੇ ਕੁਰਲਾ ਉੱਠਦੀ ਹੈ

 

ਰੁਲ਼ੇ ਦਾ ਕਦੇ ਜ਼ਿੰਦਗਾਨੀ ਕਿਸੇ ਦੀ।

ਨਸ਼ੇ ਵਿੱਚ ਨਾ ਡੁੱਬੇ ਜਵਾਨੀ ਕਿਸੇ ਦੀ।

 

ਜੇ ਹੀਰ ਵਾਰਿਸ ਦੀ ਹੋਈ ਵਿਰਸੇ ਤੋਂ ਦੂਰ ਹੈ

ਪੁੱਛੋ ਨਾ ਕੋਈ ਹਾਲ ਵੀ ਰਾਂਝੇ ਜਨਾਬ ਦਾ।

 

ਭਾਵੇਂ ਕਿ ਪੰਜਾਬ ਦੇ ਹਾਲਾਤ ਮਾੜੇ ਹਨ ਫੇਰ ਵੀ ਸ਼ਾਇਰਾ ਦੇ ਸ਼ਬਦ ਪਾਠਕ ਨੂੰ ਹੌਸਲਾ ਦਿੰਦੇ ਹਨ। ਜ਼ਿੰਦਗੀ ਪ੍ਰਤੀ ਸਾਕਾਰਾਤਮਕ ਨਜ਼ਰੀਆ ਅਤੇ ਮਿਹਨਤ ਦੀ ਪ੍ਰੋੜਤਾ ਕਰਨਾ ਲੇਖਕਾ ਦਾ ਹਾਸਲ ਹੋ ਨਿੱਬੜਦਾ ਹੈ:-

 

ਭਾਵੇਂ ਹੈ ਰਾਤ ਲੰਮੀ, ਹਰ ਤਰਫ਼ ਹੈ ਹਨੇਰਾ।

ਸੂਰਜ ਅਖ਼ੀਰ ਚੜ੍ਹਨਾ, ਹੋਣਾ ਨਵਾਂ ਸਵੇਰਾ।

 

ਬਿਖੜੇ ਪੈਂਡੇ ਤੁਰਨਾ ਪੈਣਾ ਆਉਣੇ ਟੋਏ ਟਿੱਬੇ,

ਜੇ ਹੈ ਸੱਚ ਦੇ ਰਾਹ ਤੇ ਚੱਲਣਾ ਹੋ ਜਾ ਖ਼ੂਬ ਦਲੇਰ।

 

ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਅਤੇ ਇਲੈਕਟ੍ਰਾਨਿਕ ਮੀਡੀਏ ਦੇ ਜ਼ਰੀਏ ਸਰਹੱਦਾਂ ਦੇ ਦੋਵੇਂ ਪਾਸੇ ਵੱਸਣ ਵਾਲ਼ੇ ਲੋਕ ਇੱਕ ਦੂਜੇ ਦੇ ਬਹੁਤ ਨੇੜੇ ਆਏ ਹਨ। ਮਨ ਵਿੱਚ ਪ੍ਰੇਮ ਭਾਵ ਰੱਖਣ ਵਾਲੇ ਹਰ ਇਨਸਾਨ ਨੂੰ ਇਹ ਸਰਹੱਦਾਂ ਹੁਣ ਵਧੇਰੇ ਰੜਕਣ ਲੱਗ ਪਈਆਂ ਹਨ। ਲੋਕ ਇੱਕ ਦੂਜੇ ਨੂੰ ਆਜ਼ਾਦੀ ਨਾਲ਼ ਮਿਲਣਾ ਚਾਹੁੰਦੇ ਹਨ, ਗਲਵੱਕੜੀਆਂ ਪਾਉਣੀਆਂ ਚਾਹੁੰਦੇ ਹਨ। ਇਸ ਅਹਿਸਾਸ ਨੂੰ ਗੁਰਦੀਸ਼ ਹੁਰਾਂ ਦੀ ਕਲਮ ਨੇ ਖ਼ੂਬਸੂਰਤ ਸ਼ਬਦ ਦਿੱਤੇ ਹਨ:-

 

ਰਲ਼ ਕੇ ਦੀਸ਼ ਦੁਆਵਾਂ ਕਰੀਏ ਏਧਰ ਵੀ ਤੇ ਓਧਰ ਵੀ,

ਮਿਟ ਜਾਵਾਣ ਹੱਦਾਂ ਸਰਹੱਦਾਂ ਦੋਹਾਂ ਦੇ ਵਿਚਕਾਰ ਦੀਆਂ।

 

ਮਨੁੱਖੀ ਮਜਬੂਰੀਆਂ ਦੇ ਜ਼ਿਕਰ ਤੋਂ ਬਿਨਾ ਹਰ ਲੇਖਕ ਦੀ ਲਿਖਤ ਅਧੂਰੀ ਹੈ। ਜਦ ਇਹ ਮਜਬੂਰੀਆਂ, ਕਿਸੇ ਦੇ ਸੁਫ਼ਨੇ ਸਾਕਾਰ ਨਹੀਂ ਹੋਣ ਦਿੰਦੀਆਂ ਤਾਂ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ। ਕੁੱਝ ਲੋਕ ਇਨ੍ਹਾਂ ਮਜਬੂਰੀਆਂ ਨਾਲ਼ ਸਮਝੌਤਾ ਕਰ ਲੈਂਦੇ ਹਨ ਅਤੇ ਕੁੱਝ ਇਨ੍ਹਾਂ ਨਾਲ਼ ਲੜ ਕੇ ਅਗਾਂਹ ਨਿਕਲ਼ ਜਾਂਦੇ ਹਨ :-

ਅੜਿੱਕੇ ਪਾਉਂਦੀਆਂ ਨੇ ਬਹੁਤ ਹੀ ਮਜਬੂਰੀਆਂ; ਵਰਨਾ

ਕਿ ਸਿਖ਼ਰਾਂ ਛੂਹਣ ਨੂੰ ਕਿਸ ਦਾ ਭਲਾ ਇਹ ਦਿਲ ਨਹੀਂ ਕਰਦਾ।

 

ਮੇਰੀ ਕੁੱਲੀ ਜੋ ਕੱਖਾਂ ਦੀ, ਮੇਰੇ ਲਈ ਹੈ ਇਹ ਲੱਖਾਂ ਦੀ,

ਭਲਾ ਲੈਣਾ ਵੀ ਕੀ ਹੈ ਮੈਂ, ਤੇਰੇ ਉੱਚੇ ਚੁਬਾਰੇ ਤੋਂ।

 

ਸਾਹਿਤਕ ਹਲਕਿਆਂ ਵਿੱਚ ਫੈਲਿਆ ਗੰਧਲ਼ਾਪਣ, ਲੇਖਕਾਂ ਨੂੰ ਆਪਣੀ ਰਚਨਾ ਦੇ ਹਾਣ ਦਾ ਨਹੀਂ ਹੋਣ ਦਿੰਦਾ। ਧਿਰਬਾਜ਼ੀ, ਰਿਸ਼ਵਤਖ਼ੋਰੀ, ਅਤੇ ਰਾਜਨੀਤੀ ਦੀ ਘੁਸਪੈਠ ਅਕਸਰ ਹੀ ਸਾਹਿਤਿਕ ਫ਼ਜ਼ਾਵਾਂ ਨੂੰ ਗੰਧਲ਼ੀਆਂ ਕਰ ਦਿੰਦੇ ਹਨ।

 

ਕਰਨੀ ਦੀਸ਼ ਖ਼ੁਸ਼ਾਮਦ ਪੈਂਦੀ, ਲੋਕਾਂ ਨੂੰ ਖ਼ੁਸ਼ ਕਰਨਾ ਪੈਂਦਾ,

ਰਾਸ਼ੀ ਤੇ ਸਨਮਾਨ ਨਿਸ਼ਾਨੀ ਐਵੇਂ ਕਿੱਥੇ ਲੈ ਹੁੰਦੀ ਏ ?

 

ਜੋ ਤੁਹਾਨੂੰ ਬਹੁਤ ਵੱਡਾ ਮਿਲ ਰਿਹਾ ਸਨਮਾਨ ਹੈ,

ਕੀ ਪਤਾ ਕਿਸ ਦਾ ਕਦੋਂ ਪਾਣੀ ਤੁਸੀਂ ਭਰਦੇ ਰਹੇ।

 

ਤਰੱਕੀ ਦੀਆਂ ਸਿਖ਼ਰਾਂ ਛੋਂਹਦਾ ਇਨਸਾਨ ਇਸ ਵੇਲੇ ਕੁਦਰਤੀ ਤਾਣੇ ਬਾਣੇ ਨਾਲ਼ ਪੂਰੇ ਇੱਟ ਖੜਿੱਕੇ ਲੈ ਰਿਹਾ ਹੈ। ਗੱਲ ਚਾਹੇ ਨੁਕਸਾਨੀ ਜਾ ਰਹੀ ਓਜ਼ੋਨ ਪਰਤ ਦੀ ਹੋਵੇ ਜਾਂ ਖੁਰਦੇ ਜਾ ਰਹੇ ਗਲੇਸ਼ੀਅਰਾਂ ਦੀ, ਧਰਤੀ ਉੱਤੇ ਕੁਦਰਤ ਦਾ ਤਵਾਜ਼ਨ ਡੋਲ ਰਿਹਾ ਹੈ। ਫ਼ਿਜ਼ਾ ਵਿੱਚ ਫੈਲਦਾ ਪ੍ਰਦੂਸ਼ਣ ਅਤੇ ਧਰਤੀ ਦਾ ਵਧ ਰਿਹਾ ਤਾਪਮਾਨ,  ਕੁਦਰਤ ਨਾਲ਼ ਛੇੜਛਾੜ ਦਾ ਹੀ ਨਤੀਜਾ ਹਨ। ਸ਼ਾਇਰਾ ਨੇ ਇਸ ਵਰਤਾਰੇ ਪ੍ਰਤੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ, ਸਮਾਧਾਨ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ:-

 

ਇਸ ਧਰਤੀ ਦੇ ਉੱਤੇ ਕਿਧਰੇ ਪਰਲੋ ਹੀ ਨਾ ਆ ਜਾਵੇ,

ਛੇੜਾ ਛੇੜੀ ਕਰਦੇ ਆਪਾਂ ਕੁਦਰਤ ਨੂੰ ਕਲ਼ਪਾਇਆ ਏ।

 

ਰਹੇਗੀ ਮਨੁੱਖਤਾ ਰਿਣੀ ਤਾਂ ਉਨ੍ਹਾਂ ਦੀ,

ਜਿਨ੍ਹਾਂ ਨੇ ਹੈ ਥਾਂ ਥਾਂ ਤੇ ਰੁੱਖੜੇ ਲਵਾਏ।

 

ਇਸ ਤੋਂ ਇਲਾਵਾ ਹਰ ਪਰਵਾਸੀ ਲੇਖਕ ਵਾਂਗ, ਗੁਰਦੀਸ਼ ਗਰੇਵਾਲ ਵੀ ਭੂ-ਹੇਰਵੇ ਦੀ ਛੋਹ ਤੋਂ ਵਿਰਵੀ ਲੇਖਕਾ ਨਹੀਂ। ਗੱਲ ਚਾਹੇ ਪਰਦੇਸ ਪਹੁੰਚਣ ਤੋਂ ਪਹਿਲੇ ਚਾਅ ਦੀ ਹੋਵੇ, ਜਾਂ ਪਰਦੇਸ ਵਿੱਚ ਪਹੁੰਚ ਕੇ, ਝੱਲਣ ਵਾਲ਼ੀਆਂ ਮੁਸੀਬਤਾਂ ਦੀ, ਗੁਰਦੀਸ਼ ਹੁਰਾਂ ਨੇ ਹਰ ਅਹਿਸਾਸ ਨੂੰ ਜੀ ਕੇ ਲਿਖਿਆ ਹੈ। ਪਰਵਾਸ ਵਿੱਚ ਰਹਿੰਦਿਆਂ, ਏਥੋਂ ਦੀ ਤਰਜ਼-ਇ-ਜ਼ਿੰਦਗੀ ਨੂੰ ਖ਼ੂਬਸੂਰਤ ਸ਼ਬਦ ਦਿੱਤੇ ਹਨ। ਮਿਸਾਲ ਦੇ ਤੌਰ ‘ਤੇ ਘਰ ਦੇ ਸਾਰੇ ਜੀਆਂ ਦਾ ਟੁੱਟ ਕੇ ਕੰਮ ਕਰਨਾ ਅਤੇ ਇੱਕੋ ਘਰ ਵਿੱਚ ਹੀ ਬੇਗਾਨਿਆਂ ਵਾਂਗ ਰਹਿਣਾ, ਪੰਜਾਬੀਆਂ ਵਾਸਤੇ ਬਹੁਤ ਹੀ ਅਜਬ ਵਰਤਾਰਾ ਹੈ। ਇਸ ਸਭ ਕਾਸੇ ਦੇ ਬਾਵਜੂਦ ਜਿੱਥੇ ਅਸੀਂ ਰਹਿੰਦੇ ਹਾਂ, ਉਸ ਮਿੱਟੀ ਦੀ ਸੁੱਖ ਮੰਗਣਾ ਵੀ ਸਾਡਾ ਫ਼ਰਜ਼ ਬਣਦਾ ਹੈ:-

 

ਬੜਾ ਹੀ ਚਾਅ ਸੀ ਉਹਨਾਂ ਨੂੰ ਤਾਂ ਏਥੇ ਆਉਣ ਤੋਂ ਪਹਿਲਾਂ,

ਮਗਰ ਹੁਣ ਜਾਣਿਆਂ ਪਰਦੇਸ ਦੇ ਦੁਖੜੇ ਅਵੱਲੇ ਨੇ।

 

ਰਹਿੰਦਾ ਫ਼ਿਕਰ ਹੈ ਤੈਨੂੰ ਆਪਣੇ ਪੰਜਾਬ ਦਾ ਹੀ,

ਜਿਸ ਦੇਸ਼ ਹੁਣ ਤੂੰ ਵੱਸਦੈਂ, ਉਸ ਦਾ ਵੀ ਖ਼ਿਆਲ ਰੱਖੀਂ।

 

ਅਸੀਂ ਕਿਸ਼ਤਾਂ ਚ ਜਿਉਂਦੇ ਹਾਂ, ਅਸੀਂ ਦਿਨ ਰਾਤ ਵੰਡੇ ਨੇ,

ਇਕੱਠੇ ਬੈਠ ਨਹੀਂ ਖਾਧਾ ਕਦੇ ਪਰਿਵਾਰ ਨੇ ਖਾਣਾ।

 

ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਦੁੱਖ ਨੂੰ ਮਰਦ ਓਨਾ ਮਹਿਸੂਸ ਨਹੀਂ ਕਰਦੇ ਜਿੰਨਾ ਔਰਤਾਂ ਕਰਦੀਆਂ ਹਨ ਪਰ ਸ਼ਾਇਰਾ ਨੇ ਇਸ ਤੱਥ ਨੂੰ ਝੁਠਲਾਉਂਦਿਆਂ ਹੋਇਆਂ ਮਰਦਾਂ ਦੇ ਹੱਕ ਵਿੱਚ ਕਲਮਕਾਰੀ ਕੀਤੀ ਹੈ:

 

ਕੋਈ ਦੁੱਖ ਮਰਦ ਨੂੰ ਵੀ ਔਰਤਾਂ ਤੋਂ ਘੱਟ ਨਹੀਂ ਹੁੰਦਾ,

ਇਹ ਵੱਖਰੀ ਗੱਲ ਹੈ ਕਿ ਉਹ ਵਿਚਾਰਾ ਰੋ ਨਹੀਂ ਸਕਦਾ।

 

ਸ਼ਾਇਰਾਂ ਬਾਰੇ ਇੱਕ ਪ੍ਰਭਾਸ਼ਿਕ ਤੱਥ ਇਹ ਹੈ ਕਿ ਸ਼ਾਇਰ ਵਿਦਰੋਹੀ ਸੁਭਾਅ ਦੇ ਹੁੰਦੇ ਹਨ। ਦੁਨੀਆ ਵਿੱਚ ਹੋਈਆਂ ਅਨੇਕ ਕ੍ਰਾਂਤੀਆਂ ਕਵੀਆਂ ਦੀਆਂ ਕਲਮਾਂ ਚੋਂ ਜੰਮੀਆਂ ਮੰਨੀਆਂ ਜਾਂਦੀਆਂ ਹਨ। ਭਾਰਤ ਵਿੱਚ ਸਰਕਾਰੀ ਤੰਤਰ ਵੱਲੋਂ ਚਲਾਈ ਗਈ ਧਾਰਮਿਕ ਪੱਖਪਾਤ ਦੀ ਦੂਸ਼ਤ ਹਵਾ ਦੇ ਵਿਰੁੱਧ ਹਾਅ ਦਾ ਨਾਅਰਾ ਮਾਰਦਿਆਂ ਸ਼ਾਇਰਾ ਦੀ ਕਲਮ ਆਖਦੀ ਹੈ:-

 

ਘੁੱਟ ਕੇ ਜਿਸ ਨੂੰ ਗਲਵੱਕੜੀ ਵਿੱਚ ਲੈਂਦੇ ਹੋ,

ਅੰਦਰੋ ਅੰਦਰੀ ਓਸੇ ਨੂੰ ਹੀ ਡੰਗਦੇ ਹੋ।

 

ਵੰਨ ਸੁਵੰਨੇ ਫੁੱਲ ਸ਼ਿੰਗਾਰਨ ਧਰਤੀ ਨੂੰ,

ਸਭ ਤੇ ਕਿੱਦਾਂ ਇੱਕੋ ਰੰਗ ਵਿਖਾਲ਼ੋਗੇ?

 

ਜਿਹੜੇ ਮੰਗਣ ਹੱਕ ਉਹ ਦੇਸ਼ ਧਰੋਹੀ ਨੇ,

ਰੌਲ਼ਾ ਪਾਇਆ ਵਕਤ ਦੀਆਂ ਸਰਕਾਰਾਂ ਨੇ।

 

ਇਸ ਤੋਂ ਇਲਾਵਾ ਪੇਤਲੇ ਰਿਸ਼ਤੇ, ਗੁੰਝਲਦਾਰ ਮਾਨਸਿਕਤਾ, ਮਨੁੱਖੀ ਸ਼ੋਸ਼ਣ, ਖ਼ੁਦਗਰਜ਼ੀ, ਮਾਪਿਆਂ ਦੀ ਅਣਦੇਖੀ, ਬਚਪਨ, ਪਿਆਰ, ਹਿਜਰ, ਜੁਦਾਈ ਵਰਗੇ ਹੋਰ ਵੀ ਅਨੇਕ ਵਿਸ਼ੇ ਹਨ ਜਿਨ੍ਹਾਂ ਨੂੰ ਇਸ ਕਿਤਾਬ ਵਿੱਚ ਬੜੀ ਫ਼ਿਕਰਮੰਦੀ ਨਾਲ਼ ਛੋਹਿਆ ਗਿਆ ਹੈ। ਕੁੱਲ ਮਿਲ਼ਾ ਕੇ ਇਹ ਕਿਤਾਬ ਸਮਾਜ ਦਾ ਸ਼ੀਸ਼ਾ ਕਹੀ ਜਾ ਸਕਦੀ ਹੈ। ਇਸ ਕਿਤਾਬ ਦੇ ਬਹੁਤੇ ਸ਼ਿਅਰਾਂ ਵਿੱਚ ਸ਼ਾਇਰਾ ਨੇ ਮਨੁੱਖ ਦੁਆਰਾ ਉਪਜਾਈਆਂ ਮੁਸੀਬਤਾਂ ਦੇ ਮਨੁੱਖਾਂ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸ਼ਿਅਰਾਂ ਵਿੱਚ ਲਾਹੁਣ ਦੀ ਸਫਲ ਕੋਸ਼ਿਸ਼ ਕੀਤੀ ਹੈ।

ਜੇ ਗ਼ਜ਼ਲ ਦੇ ਵਿਧਾਨ ਪੱਖੋਂ ਗੱਲ ਕਰਨੀ ਹੋਵੇ ਤਾਂ ਸ਼ਾਇਰਾ ਨੇ ਅਰੂਜ਼ ਦੀਆਂ ਪੰਜਾਬੀ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਬਹਿਰਾਂ ਵਿੱਚ ਹੀ ਗ਼ਜ਼ਲਾਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਅਰੂਜ਼ ਦੀਆਂ ਬੰਦਸ਼ਾਂ ਕਾਫ਼ੀ ਗੁੰਝਲ਼ਦਾਰ ਹਨ ਇਸ ਲਈ ਮਾੜੀਆਂ ਮੋਟੀਆਂ ਗ਼ਲਤੀਆਂ ਰਹਿ ਜਾਣਾ ਵੀ ਸੁਭਾਵਿਕ ਹੈ। ਮੈਨੂੰ ਆਸ ਹੈ ਕਿ ਪਾਠਕ ਇਨ੍ਹਾਂ ਮਾੜੀਆਂ-ਮੋਟੀਆਂ ਅਰੂਜ਼ੀ ਊਣਤਾਈਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਕਿਤਾਬ ਦੀ ਰੂਹ ਤੱਕ ਪਹੁੰਚਣਗੇ। ਅੰਤ ਵਿੱਚ ਮੈਂ ਇਸ ਖ਼ੂਬਸੂਰਤ ਕਿਤਾਬ ਲਈ ਗੁਰਦੀਸ਼ ਗਰੇਵਾਲ਼ ਜੀ ਦੀ ਕਲਮ ਨੂੰ ਮੁਬਾਰਕਾਂ ਦਿੰਦਿਆਂ, ਪਾਠਕਾਂ ਨੂੰ ਇਹ ਕਿਤਾਬ ਨਿਠ ਕੇ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।

– ਰਾਜਵੰਤ ਰਾਜ

ਸਰੀ ਬੀ.ਸੀ. ਕੈਨੇਡਾ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin