
ਹਰ ਇੱਕ ਭਾਰਤੀ ਖ਼ਿਡਾਰੀ ਲਈ ਖੇਡ ਮੈਦਾਨ ਉਸਦਾ ਪੂਜਨੀਕ ਪਵਿੱਤਰ ਥਾਂ ਹੁੰਦਾ ਹੈ। ਖ਼ਿਡਾਰੀ ਲਈ ਖੇਡ ਮੈਦਾਨ ਕਿਸੇ ਮੰਦਿਰ, ਮਸਜਿਦ, ਗੁਰੂਦੁਆਰੇ ਜਾਂ ਗਿਰਜੇ ਤੋਂ ਘੱਟ ਨਹੀਂ ਹੁੰਦਾ, ਜਿੱਥੇ ਓਹ ਵੜਨ ਤੋਂ ਪਹਿਲਾਂ ਕਿਸੇ ਸੱਚੇ ਸ਼ਰਧਾਲੂ ਦੀ ਤਰ੍ਹਾਂ ਨਤਮਸਤਕ ਹੁੰਦਾ ਹੈ ਅਤੇ ਉਸ ਮੈਦਾਨ ਦੀ ਧੂੜ ਨੂੰ ਆਪਣੇ ਮੱਥੇ ਤੇ ਲਗਾਉਂਦਾ ਹੈ। ਏਹੀ ਨਹੀਂ ਓਹ ਉਸ ਵੱਲੋਂ ਵਰਤੇ ਜਾਣ ਵਾਲੇ ਖੇਡ ਉਪਕਰਣਾ ਨੂੰ ਵੀ ਰੱਬ ਵੱਲੋਂ ਬਖ਼ਸ਼ੇ ਕਿਸੇ ਦੈਵੀ ਅਸਤਰਾਂ ਅਤੇ ਸ਼ਸ਼ਤਰਾਂ ਤੋਂ ਘੱਟ ਨਹੀਂ ਸਮਝਦਾ ਜਿਨ੍ਹਾਂ ਦੀ ਬਦੌਲਤ ਓਹ ਆਪਣੀ ਖੇਡ ਕਾਬਲੀਅਤ ਦਾ ਮੁਜ਼ਾਹਰਾ ਕਰਦੇ ਹੋਏ ਖੇਡ ਮੁਕਾਬਲਿਆਂ ਵਿੱਚ ਨਾਮਣਾ ਖੱਟਦਾ ਹੈ।
ਮੇਰੀ ਅੱਧੇ ਤੋਂ ਵੱਧ ਜਿੰਦਗੀ ਖੇਡਾਂ ਅਤੇ ਖਿਡਾਰੀਆਂ ਵਿੱਚ ਹੀ ਬੀਤੀ ਹੈ ਅਤੇ ਹੁਣ ਵੀ ਮੇਰਾ ਦਾਲ ਫੁਲਕਾ ਵੀ ਇਹਨਾਂ ਖੇਡਾਂ ਦੇ ਸਿਰ ‘ਤੇ ਹੀ ਚੱਲ ਰਿਹਾ ਹੈ। ਮੈਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਜਿਨ੍ਹਾਂ ਮਹਾਨ ਖਿਡਾਰੀਆਂ ਨੇ ਆਪਣੇ ਪੂਜਨੀਕ ਖੇਡ ਉਪਕਰਣਾ ਦੀ ਵਰਤੋਂ ਕਰਦਿਆਂ ਖੇਡਾਂ ਦੇ ਸਿਰਮੌਰ ਮਹਾਂਕੁੰਭ ਟੋਕੀਓ ਓਲੰਪਿਕ੍ਸ ਵਿੱਚ ਆਪਣੇ ਅਤੇ ਦੇਸ਼ ਲਈ ਨਾਮਣਾ ਖਟਿਆ ਹੋਵੇ ਓਹ ਉਹਨਾਂ ਨੂੰ ਕਿਵੇਂ ਨਿਲਾਮ ਕਰ ਸਕਦੇ ਹਨ….!? ਓਹ ਵੀ ਉਸ ਵੇਲ਼ੇ ਜਦੋਂ ਉਲੰਪਿਕ ਖੇਡਾਂ ਨੂੰ ਮੁਕਿਆਂ ਜੁੰਮਾਂ-ਜੁੰਮਾਂ ਮਹੀਨਾ ਵੀ ਨੀ ਹੋਇਆ ਅਤੇ ਓਲੰਪਿਕ ਖੇਡਾਂ ਦੌਰਾਨ ਟੋਕੀਓ ਦੇ ਨੈਸ਼ਨਲ ਖੇਡ ਸਟੇਡੀਅਮ ਨੂੰ ਰੁਸ਼ਨਾਉਂਦੀ ਮਸ਼ਾਲ ਦੀ ਅੱਗ ਪੂਰੀ ਤਰ੍ਹਾਂ ਠੰਡੀ ਵੀ ਨਹੀਂ ਹੋਈ…।
ਹਾਂ….ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਜਦੋਂ ਆਰਥਿਕ ਪੱਖੋਂ ਤੰਗੀਆਂ ਤੁਰਸ਼ੀਆਂ ਨਾਲ ਘੁਲਦਿਆਂ ਖਿਡਾਰੀਆਂ ਨੇ ਆਪਣੇ ਮੈਡਲ ਤੱਕ ਵੇਚੇ ਹਨ..! ਪਰ ਜੇਕਰ ਟੋਕੀਓ ਓਲੰਪਿਕ੍ਸ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਤਾਂ ਹਜੇ ਕਿਸੇ ਸੱਜਰੀ ਵਿਆਹੀ ਵਾਂਗੂ ਸੁਹਾਗ ਚੂੜਾ ਵੀ ਨਹੀਂ ਲੱਥਾ ਅਤੇ ਹਾਲੇ ਇਹਨਾਂ ਨੂੰ ਜਣਾ-ਖਣਾ ਸ਼ਗਨ ਪਾ ਵੀ ਪਾਈ ਜਾ ਰਿਹਾ ਹੈ। ਇਹਨਾਂ ਨੂੰ ਨਵੇਂ ਵਿਆਹੇ ਜੋੜਿਆਂ ਵਾਂਗ ਸ਼ਾਹੀ ਭੋਜ ਦੇ ਸੱਦੇ ਵੀ ਭੇਜੇ ਜਾ ਰਹੇ ਹਨ।….ਭਾਵ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ ਕਈ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਇਹਨਾਂ ਨੂੰ ਲੱਖਾਂ, ਕਰੋੜਾਂ ਦੇ ਇਨਾਮ ਦੇਕੇ ਨਿਵਾਜ ਰਹੇ ਹਨ ਅਤੇ ਹਰ ਪਾਸੇ ਇਹਨਾਂ ਦਾ ਮਾਣ ਸਤਿਕਾਰ ਹੋ ਰਿਹਾ ਹੈ। ਅਜਿਹੇ ਵਿੱਚ ਇਹਨਾਂ ਵੱਲੋਂ ਆਪਣੇ ਖੇਡ ਉਪਕਰਣ ਨਿਲਾਮ ਕਰਨੇ ਇਹ ਗੱਲ ਜਚਦੀ ਨਹੀਂ ।
ਮੀਡੀਏ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਾਰਤੀ ਓਲੰਪੀਅਨਾਂ ਅਤੇ ਪੈਰਾਲਿੰਪੀਅਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪੂਜਨੀਕ ਖੇਡ ਉਪਕਰਣ ਤੋਹਫ਼ੇ ਵਿੱਚ ਦਿੱਤੇ, ਜਿਨ੍ਹਾਂ ਦੀ ਵਰਤੋਂ ਕਰ ਉਨ੍ਹਾਂ ਨੇ 2020 ਦੀਆਂ ਟੋਕੀਓ ਖੇਡਾਂ ਵਿੱਚ ਦੇਸ਼ ਦਾ ਨਾਂ ਉੱਚਾ ਕੀਤਾ ਸੀ। ਹੁਣ ਇਹ ਨਹੀਂ ਪਤਾ ਕਿ ਖਿਡਾਰੀਆਂ ਨੇ ਇਹ ਖੇਡ ਉਪਕਰਣ ਆਪਣੀ ਮਰਜ਼ੀ ਨਾਲ ਦਿੱਤੇ ਸਨ ਜਾਂ ਉਹਨਾਂ ਨੂੰ ਮਜ਼ਬੂਰ ਕੀਤਾ ਗਿਆ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਜਾਂਚ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਖਿਡਾਰੀਆਂ ਦੀ ਟੋਕੀਓ ਓਲਿੰਪਿਕ੍ਸ ਖੇਡਾਂ ਤੋਂ ਵਾਪਸੀ ‘ਤੇ, ਓਹਨਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਧੀਪੂਰਵਕ ਸਨਮਾਨ ਕੀਤਾ ਗਿਆ ਸੀ, ਜੋਕਿ ਕਾਬਲ-ਏ-ਤਾਰੀਫ਼ ਹੈ। ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਜਦੋਂ ਪਿੱਛੇ ਕੀਤੇ ਵੀ ਖਿਡਾਰੀਆਂ ਦਾ ਸਰਕਾਰਾਂ ਦੁਆਰਾ ਸਨਮਾਨ ਕੀਤਾ ਗਿਆ ਹੈ ਉਸ ਵੇਲ਼ੇ ਕਿਸੇ ਵੀ ਖ਼ਿਡਾਰੀ ਨੇ ਆਪਣੇ ਉੱਪਕਰਣ ਭੇਂਟ ਵਿੱਚ ਨਹੀਂ ਦਿੱਤੇ। ਜੇਕਰ ਕਿਸੇ ਖ਼ਿਡਾਰੀ ਨੇ ਆਪਣੇ ਮਾਣਮੱਤੇ ਖੇਡ ਉੱਪਕਰਣ ਦਿੱਤੇ ਵੀ ਹਨ ਤਾਂ ਉਹਨਾਂ ਨੂੰ ਰਾਸ਼ਟਰੀ ਸੰਪਤੀ ਮੰਨਦੇ ਹੋਏ ਬਹੁਤ ਹੀ ਅਦਬ ਨਾਲ ਰਾਸ਼ਟਰੀ ਖੇਡ ਮਿਊਸੀਅਮਾਂ ਦਾ ਸਿੰਗਾਰ ਬਣਾਇਆ ਗਿਆ ਹੈ।
ਪਰ ਸਾਡੇ ਆਪਦਾ ਵਿੱਚ ਅਵਸਰ ਲੱਭਣ ਵਾਲੇ ਸਾਡੇ ਪ੍ਰੈਕਟੀਕਲ ਪ੍ਰਧਾਨਮੰਤਰੀ ਨੇ ਇਹਨਾਂ ਦੀ ਈ-ਨਿਲਾਮੀ ਕਰਵਾ ਦਿੱਤੀ। ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇੰ ਸਰਕਾਰ ਇਹਨਾਂ ਖੇਡ ਸਿਤਾਰਿਆਂ ਤੇ ਕੀਤੇ ਖਰਚੇ ਨੂੰ ਵਸੂਲਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਆਨਲਾਈਨ ਈ-ਨਿਲਾਮੀ, ਜੋ 7 ਅਕਤੂਬਰ 2021 ਤੱਕ ਵੈਬਸਾਈਟ https://pmmementos.gov.in ਉੱਪਰ ਖੁੱਲ੍ਹੀ ਹੈ ਉਸ ਵਿੱਚ ਤਕਰੀਬਨ 1,330 ਯਾਦਗਾਰੀ ਚੀਜ਼ਾਂ ਰੱਖੀਆਂ ਗਈਆਂ ਹਨ।
ਹਾਲ ਦੀ ਘੜੀ ਸਭ ਤੋਂ ਮਹਿੰਗੀ ਚੀਜ਼ ਨੀਰਜ ਚੋਪੜਾ ਦੀ ਜੈਵਲਿਨ ਹੈ ਜਿਸ ਦੀ ਵਰਤੋਂ ਕਰਦਿਆਂ ਉਸਨੇ ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ, ਉਸਦੀ ਸ਼ੁਰੂਆਤੀ ਕੀਮਤ 1 ਕਰੋੜ ਰੁਪਏ ਰੱਖੀ ਗਈ ਸੀ। ਹੁਣ ਤੱਕ ਨੀਰਜ ਚੋਪੜਾ ਦੀ ਜੈਵਲਿਨ ਦੀ ਬੋਲੀ 11 ਕਰੋੜ ਰੁਪਏ ਪਹੁੰਚ ਚੁੱਕੀ ਹੈ। ਮੁੱਕੇਬਾਜ਼ ਲਵਲੀਨਾ ਬੋਰਘੋਇਨ ਦੇ ਮੁੱਕੇਬਾਜ਼ੀ ਦੇ ਦਸਤਾਨੇ 80 ਲੱਖ ਰੁਪਏ ਵਿੱਚ ਨਿਲਾਮੀ ਲਈ ਰੱਖੇ ਗਏ ਸਨ, ਜਿਸ ਦੀ ਕੀਮਤ ਵੀ 10 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਜਦੋਂ ਕੇ ਪੀ.ਵੀ ਸਿੰਧੂ ਦੇ ਬੈਡਮਿੰਟਨ ਦੀ ਕੀਮਤ 10.05 ਕਰੋੜ ਲੱਗ ਚੁਕੀ ਹੈ।
ਟੋਕੀਓ ਓਲਿੰਪਿਕ੍ਸ ਵਿਖ਼ੇ ਭਾਗ ਲੈਣ ਵਾਲੇ ਮਰਦਾਂ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਵੱਲੋਂ ਆਟੋਗ੍ਰਾਫ ਕੀਤੀਆਂ ਗਈਆਂ ਹਾਕੀ ਸਟਿਕਾਂ ਨੂੰ ਵੀ ਨਿਲਾਮੀ ਲਈ ਇਸ ਵੈਬਸਾਈਟ ਤੇ 1 ਕਰੋੜ ਰੁਪਏ ਦੀ ਕੀਮਤ ਰੱਖ ਪਾਇਆ ਗਿਆ ਹੈ।
ਓਲਿੰਪਿਅਨਾ ਦੇ ਨਾਲ ਪੈਰਾਲੰਪਿਆਨਾ ਨੂੰ ਵੀ ਮੋਦੀ ਸਰਕਾਰ ਨੇ ਇੱਕੋ ਰੱਸੇ ਲਪੇਟਿਆ ਹੈ। 50 ਲੱਖ ਰੁਪਏ ਤੋਂ ਵੱਧ ਦੀ ਬੋਲੀ ਪ੍ਰਾਪਤ ਕਰਨ ਵਾਲੀਆਂ ਚੀਜ਼ਾਂ ਵਿੱਚ ਪੈਰਾਲੰਪਿਆਨ ਪ੍ਰਮੋਦ ਭਗਤ ਦਾ ਬੈਡਮਿੰਟਨ ਰੈਕੇਟ 90 ਲੱਖ ਰੁਪਏ, ਕ੍ਰਿਸ਼ਨਾ ਨਾਗਰ ਦਾ ਰੈਕੇਟ 90 ਲੱਖ ਰੁਪਏ, ਪੈਰਾਲਿੰਪਿਕਸ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਸਿਲਵਰ ਤਮਗਾ ਜੇਤੂ ਯੋਗੇਸ਼ ਖਾਤੁਨੀਆ ਦੀ ਡਿਸਕਸ 50 ਲੱਖ ਰੁਪਏ ਵਿੱਚ ਈ-ਨਿਲਾਮੀ ਲਈ ਰੱਖੀ ਗਈ ਹੈ। ਜਿਨ੍ਹਾਂ ਵਸਤੂਆਂ ਦੀ ਅਜੇ ਤੱਕ ਕੋਈ ਬੋਲੀ ਨਹੀਂ ਲੱਗੀ ਉਨ੍ਹਾਂ ਵਿੱਚ ਟੋਕੀਓ ਪੈਰਾਲਿੰਪਿਕਸ ਅਤੇ ਓਲੰਪਿਕਸ ਟੀਮ ਦੁਆਰਾ ਦਸਤਖਤ ਕੀਤੇ ਸਟਾਲਸ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 90 ਲੱਖ ਰੁਪਏ ਰੱਖੀ ਗਈ ਹੈ। ਭਵਾਨੀ ਦੇਵੀ ਦੁਆਰਾ ਵਰਤੀ ਗਏ ਫੈਂਸਿੰਗ ਉਪਕਰਣ ਦੀ ਕੀਮਤ 60 ਲੱਖ ਰੁਪਏ ਰੱਖੀ ਗਈ ਹੈ। ਪੈਰਾਲੰਪਿਕਸ ਬੈਡਮਿੰਟਨ ਵਿੱਚ ਚਾਂਦੀ ਦੇ ਤਮਗਾ ਜੇਤੂ ਆਈ. ਏ. ਐਸ ਸੁਹਾਸ ਯਥੀਰਾਜ ਦਾ ਬੱਲਾ ਤਾਂ 10 ਕਰੋੜ ਦੀ ਬੋਲੀ ਪਾਰ ਕਰ ਚੁਕਿਆ ਹੈ। ਸੋਨੇ ਦਾ ਤਮਗਾ ਜੇਤੂ ਸੁਮਿਤ ਅੰਟਿਲ ਦੀ ਜੈਵਲਿਨ ਅਤੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜੇਤੂ ਮਨੀਸ਼ ਨਰਵਾਲ ਦੀਆਂ ਨਿਸ਼ਾਨੇਬਾਜ਼ੀ ਵਾਲੀਆਂ ਐਨਕਾਂ ਤੱਕ ਵੇਚਣੇ ਲਾਈਆਂ ਹੋਈਆਂ ਹਨ।
ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ, ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹ ਦੀ ਈ-ਨਿਲਾਮੀ ਕਰ ਰਿਹਾ ਹੈ। ਖਿਡਾਰੀਆਂ ਦੇ ਨਾਲ ਸੰਬੰਧਤ ਚੀਜ਼ਾਂ ਤੋਂ ਇਲਾਵਾ ਕਈ ਧਾਰਮਿਕ ਚੀਜ਼ਾਂ ਜਿਨ੍ਹਾਂ ਵਿੱਚ ਅਯੋਧਿਆ ਅਤੇ ਬਦਰੀਨਾਥ ਮੰਦਰਾਂ ਦੇ ਮਾਡਲ, ਰੁਦਰਾਕਸ਼ ਕਨਵੈਨਸ਼ਨ ਸੈਂਟਰ, ਮਾਡਲ, ਮੂਰਤੀਆਂ, ਪੇਂਟਿੰਗਜ਼ ਆਦਿ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਮੋਦੀ ਦੇ 71 ਵੇਂ ਜਨਮਦਿਨ ਦੇ ਮੌਕੇ ‘ਤੇ ਉਪਕਰਣਾਂ ਦੀ ਈ-ਨਿਲਾਮੀ ਦੀ ਯੋਜਨਾ ਬਣਾਈ ਗਈ ਸੀ। ਨਿਲਾਮੀ ਲਈ ਰੱਖੀਆਂ ਗਈਆਂ ਇਹਨਾਂ ਬੇਸ਼ਕੀਮਤੀ ਵਸਤੂਆਂ ਤੋਂ ਜੋ ਵੀ ਪੈਸਾ ਆਏਗਾ , ਉਹ ਨਮਾਮੀ ਗੰਗੇ ਮਿਸ਼ਨ ਵੱਲ ਜਾਵੇਗਾ, ਜਿਸਦਾ ਉਦੇਸ਼ ਪਵਿੱਤਰ ਗੰਗਾ ਨਦੀ ਦੀ ਸੰਭਾਲ ਅਤੇ ਉਸ ਨੂੰ ਮੁੜ ਸੁਰਜੀਤ ਕਰਨਾ ਹੈ।
ਵੈਸੇ ਤਾਂ ਪਵਿੱਤਰ ਗੰਗਾ ਨਦੀ ਦਾ ਨਾਮ ਆਉਂਦਿਆ ਇਹ ਧਰਮ ਕਰਮ ਦਾ ਮਸਲਾ ਬਣ ਗਿਆ ਹੈ, ਮੈਂ ਇਸ ਉੱਤੇ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ…ਹਾਂ ਮੈਂ ਦੇਸ਼ ਦੇ ਪ੍ਰਧਾਨ ਸੇਵਕ ਨੂੰ ਇਹ ਅਪੀਲ ਜ਼ਰੂਰ ਕਰਨੀ ਚਾਹੁੰਗਾ ਕੇ ਇਹਨਾਂ ਨਿਲਾਮ ਕੀਤੇ ਖੇਡ ਉਪਕਰਣਾ ਦੀ ਰਾਸ਼ੀ ਦਾ ਕੁੱਝ ਭਾਗ ਉਹਨਾਂ ਸਾਬਕਾ ਅੰਤਰਾਸ਼ਟਰੀ ਖਿਆਤੀ ਪ੍ਰਾਪਤ ਖਿਡਾਰੀਆਂ ਤੇ ਜ਼ਰੂਰ ਖਰਚ ਕਰਨ, ਜੋ ਆਪਣੀ ਮਾੜੀ ਮਾਲੀ ਹਾਲਤ ਦੇ ਚਲਦਿਆਂ ਆਪਣੇ ਮਿਹਨਤ ਨਾਲ ਕਮਾਏ ਮੈਡਲ ਵੇਚਣ ਲਈ ਮਜ਼ਬੂਰ ਹਨ।