Articles

ਸ਼ਿਕਾਰੀ ਖੁਦ ਸ਼ਿਕਾਰ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਚੋਰਾਂ ਬਦਮਾਸ਼ਾਂ ਵੱਲੋਂ ਲੁੱਟ ਖੋਹ ਲਈ ਵਰਤੇ ਜਾਂਦੇ ਤਰੀਕਿਆਂ ਵਿੱਚੋਂ ਸਭ ਤੋਂ ਸੌਖਾ ਤਰੀਕਾ ਸ਼ਿਕਾਰ ਨੂੰ ਜ਼ਹਿਰ ਦੇ ਕੇ ਲੁੱਟਣ ਦਾ ਹੈ। ਧਾਰਮਿਕ ਸਥਾਨਾਂ ਦੇ ਨਜ਼ਦੀਕ ਅਤੇ ਰੇਲਵੇ ਸਫਰ ਦੌਰਾਨ ਅਣਭੋਲ ਸ਼ਰਧਾਲੂਆਂ ਤੇ ਮੁਸਾਫਰਾਂ ਨੂੰ ਨਸ਼ੀਲਾ ਪਦਾਰਥ ਮਿਲੇ ਪ੍ਰਸ਼ਾਦ ਜਾਂ ਬਿਸਕੁਟ ਖਵਾ ਕੇ ਬੇਹੋਸ਼ ਕਰ ਕੇ ਸਮਾਨ ਗਇਬ ਕਰ ਦਿੱਤਾ ਜਾਂਦਾ ਹੈ। ਇਹ ਜ਼ਹਿਰ ਐਨਾ ਤੇਜ਼ ਹੁੰਦਾ ਹੈ ਕਿ ਕਈ ਵਾਰ ਸ਼ਿਕਾਰ ਕਈ ਕਈ ਦਿਨ ਸੁੱਤਾ ਰਹਿੰਦਾ ਹੈ ਤੇ ਭੁੱਖ ਪਿਆਸ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਜਦੋਂ ਮੈਂ ਮਜੀਠਾ ਸਬ ਡਵੀਜ਼ਨ ਦਾ ਡੀ.ਐਸ.ਪੀ. ਸੀ ਤਾਂ ਮੇਰਾ ਅਜਿਹੇ ਕਈ ਕੇਸਾਂ ਨਾਲ ਵਾਹ ਪਿਆ ਸੀ। ਇੱਕ ਵਾਰ ਸੜਕ ਕਿਨਾਰੇ ਝਾੜੀਆਂ ਵਿੱਚੋਂ ਇੱਕ ਟਰੱਕ ਡਰਾਈਵਰ ਦੀ ਲਾਸ਼ ਮਿਲੀ ਸੀ। ਜਦੋਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਭੁੱਖ ਪਿਆਸ ਕਾਰਨ ਮਰਿਆ ਹੈ। ਕਿਸੇ ਦੇ ਗਲੋਂ ਇਹ ਗੱਲ ਨਾ ਉੱਤਰੇ ਕਿ ਪੰਜਾਬ ਵਿੱਚ ਕੋਈ ਵਿਅਕਤੀ ਭੁੱਖ ਪਿਆਸ ਕਾਰਨ ਕਿਵੇਂ ਮਰ ਸਕਦਾ ਹੈ? ਤਫਤੀਸ਼ ਕਰਨ ‘ਤੇ ਸਾਰੀ ਗੱਲ ਸਾਫ ਹੋ ਗਈ ਤੇ ਜ਼ਹਿਰ ਦੇ ਕੇ ਮਾਰਨ ਵਾਲਾ ਗਿਰੋਹ ਪਕੜਿਆ ਗਿਆ। ਉਹ ਗਿਰੋਹ ਉਦੋਂ ਤੱਕ ਦਰਜ਼ਨ ਤੋਂ ਵੱਧ ਟਰੱਕ ਲੁੱਟ ਚੁੱਕਾ ਸੀ ਤੇ ਛੇ ਸੱਤ ਬੰਦੇ ਮਾਰ ਚੁੱਕਾ ਸੀ।
ਅੰਮ੍ਰਿਤਸਰ ਵਿੱਚ ਖੁਬਸੂਰਤ ਔਰਤਾਂ ਦਾ ਇੱਕ ਅਜਿਹਾ ਹੀ ਗਿਰੋਹ ਸਰਗਰਮ ਹੈ ਜੋ ਅਮੀਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਿਸੇ ਹੋਟਲ ਵਿੱਚ ਲੈ ਜਾਂਦੀਆਂ ਤੇ ਖਾਣੇ ਜਾਂ ਸ਼ਰਾਬ ਵਿੱਚ ਜ਼ਹਿਰ ਦੇ ਕੇ ਲੁੱਟ ਪੁੱਟ ਕੇ ਗਾਇਬ ਹੋ ਜਾਂਦੀਆਂ ਹਨ। ਅਗਲੇ ਦਿਨ ਆਸ਼ਿਕ ਸਾਹਿਬ ਬੇਹੋਸ਼ ਜਾਂ ਮਰੇ ਹੋਏ ਲੱਭਦੇ ਹਨ ਤੇ ਘਰ ਵਾਲੇ ਵੀ ਸ਼ਰਮ ਦੇ ਮਾਰੇ ਮਾਮਲੇ ਨੂੰ ਬਹੁਤੀ ਤੂਲ ਨਹੀਂ ਦਿੰਦੇ। ਅਜਿਹਾ ਹੀ ਇੱਕ ਮਾਮਲਾ ਮੇਰੇ ਗੰਨਮੈਨ ਟੋਨੀ (ਨਾਮ ਬਦਲਿਆ ਹੋਇਆ) ਨਾਲ ਵਾਪਰਿਆ ਸੀ। ਜੁਲਾਈ 2003 ਦਾ ਮਹੀਨਾ ਸੀ ਤੇ ਉਹ ਕੈਸ਼ੀਅਰ ਤੋਂ ਤਨਖਾਹ ਲੈ ਕੇ ਘਰ ਨੂੰ ਜਾ ਰਿਹਾ ਸੀ। ਜਦੋਂ ਉਹ ਪੁਲਿਸ ਲਾਈਨ ਤੋਂ ਬਾਹਰ ਨਿਕਲਿਆ ਤਾਂ ਦੋ ਔਰਤਾਂ ਨੇ ਉਸ ਦੇ ਸਕੂਟਰ ਨੂੰ ਹੱਥ ਦੇ ਦਿੱਤਾ। ਉਨ੍ਹਾਂ ਵਿੱਚੋਂ ਇੱਕ ਸਿਆਣੀ ਉਮਰ ਦੀ ਤੇ ਦੂਸਰੀ ਬਹੁਤ ਹੀ ਖੁਬਸੂਰਤ ਤੇ ਜਵਾਨ ਸੀ। ਸੁੰਦਰ ਔਰਤ ਵੇਖ ਕੇ ਟੋਨੀ ਦੀਆਂ ਲਾਲਾਂ ਵਗਣ ਲੱਗ ਪਈਆਂ ਤੇ ਸਕੂਟਰ ਥਾਏਂ ਹੀ ਗੱਡਿਆ ਗਿਆ। ਬਜ਼ੁਰਗ ਔਰਤ ਨੇ ਟੋਨੀ ਨੂੰ ਕਿਹਾ ਕਿ ਅਸੀਂ ਬੱਸ ਸਟੈਂਡ ਜਾਣਾ ਹੈ, ਜੇ ਤੁਸੀਂ ਉਧਰ ਚੱਲੇ ਹੋ ਤਾਂ ਸਾਨੂੰ ਵੀ ਨਾਲ ਲੈ ਜਾਉ। ਟੋਨੀ ਨੇ ਜਾਣਾ ਤਾਂ ਵੇਰਕੇ ਵੱਲ ਸੀ, ਪਰ ਉਸ ਨੇ ਫਟਾਫਟ ਬੱਸ ਸਟੈਂਡ ਜਾਣ ਦੀ ਹਾਮੀ ਭਰ ਦਿੱਤੀ।
ਹਰ ਬੰਦੇ ਨੂੰ ਵਹਿਮ ਹੁੰਦਾ ਹੈ ਕਿ ਮੈਂ ਬਹੁਤ ਹੀ ਖੁਬਸੂਰਤ ਹਾਂ ਤੇ ਇਹ ਔਰਤ ਮੇਰੀ ਸੁੰਦਰਤਾ ‘ਤੇ ਮਰ ਗਈ ਹੈ। ਪਰ ਅਸਲ ਵਿੱਚ ਸ਼ਿਕਾਰੀ ਨੂੰ ਸਿਰਫ ਸ਼ਿਕਾਰ ਦੀ ਜ਼ੇਬ ਨਾਲ ਮਤਲਬ ਹੁੰਦਾ ਹੈ। ਬੱਸ ਸਟੈਂਡ ਪਹੁੰਚਣ ਤੋਂ ਪਹਿਲਾਂ ਹੀ ਟੋਨੀ ਨੇ ਔਰਤਾਂ ਨਾਲ ਅੱਟੀ ਸੱਟੀ ਲਾ ਲਈ ਤੇ ਉਨ੍ਹਾਂ ਨੂੰ ਲੈ ਕੇ ਬੱਸ ਸਟੈਂਡ ਦੇ ਸਾਹਮਣੇ ਇੱਕ ਘਟੀਆ ਜਿਹੇ ਹੋਟਲ ਵਿੱਚ ਦੋ ਘੰਟੇ ਲਈ ਕਮਰਾ ਲੈ ਕੇ ਜਾ ਵੜਿਆ। ਕਮਰੇ ਵਿੱਚ ਪਹੁੰਚਦੇ ਹੀ ਔਰਤਾਂ ਨੇ ਆਪਣੀ ਗੇਮ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਟੋਨੀ ਨੂੰ ਕਿਹਾ ਕਿ ਗਰਮੀ ਬਹੁਤ ਹੈ, ਇਸ ਲਈ ਪਹਿਲਾਂ ਕੋਲਡ ਡਰਿੰਕ ਪੀਤਾ ਜਾਵੇ। ਟੋਨੀ ਨੇ ਫਟਾਫਟ ਤਿੰਨ ਬੋਤਲਾਂ ਕੋਲਡ ਡਰਿੰਕ ਦੀਆਂ ਮੰਗਾ ਲਈਆਂ। ਜਦੋਂ ਕੋਲਡ ਡਰਿੰਕ ਆਇਆ ਤਾਂ ਟੋਨੀ ਕਮੀਜ਼ ਬਾਹਰ ਟੰਗ ਕੇ ਫਰੈੱਸ਼ ਹੋਣ ਲਈ ਬਾਥਰੂਮ ਵਿੱਚ ਜਾ ਵੜਿਆ ਕਿ ਮੂੰਹ ਹੱਥ ਧੋ ਕੇ ਅਰਾਮ ਨਾਲ ਪੀਂਦੇ ਹਾਂ। ਅਚਾਨਕ ਉਸ ਨੂੰ ਖਿਆਲ ਆਇਆ ਕਿ ਮੇਰੀ ਤਨਖਾਹ ਤਾਂ ਕਮੀਜ਼ ਦੀ ਜ਼ੇਬ ਵਿੱਚ ਹੈ, ਇਹ ਔਰਤਾਂ ਕਿਤੇ ਪੈਸੇ ਹੀ ਨਾ ਕੱਢ ਲੈਣ। ਉਹ ਹੱਥ ਮੂੰਹ ਧੋਤੇ ਬਗੈਰ ਹੀ ਕਾਹਲੀ ਨਾਲ ਬਾਹਰ ਨਿਕਲ ਆਇਆ। ਉਸ ਨੇ ਵੇਖਿਆ ਕਿ ਬਜ਼ੁਰਗ ਔਰਤ ਉਸ ਦੇ ਕੋਲਡ ਡਰਿੰਕ ਦੀ ਬੋਤਲ ਵਿੱਚ ਚੂਰਨ ਵਰਗਾ ਕੋਈ ਪਾਊਡਰ, ਜੋ ਅਸਲ ਵਿੱਚ ਜ਼ਹਿਰ ਸੀ, ਮਿਲਾ ਰਹੀ ਹੈ। ਟੋਨੀ ਨੂੰ ਵੇਖ ਕੇ ਉਹ ਆਪਣੀਆਂ ਬੋਤਲਾਂ ਵਿੱਚ ਵੀ ਝੂਠੀ ਮੂਠੀ ਚੂਰਨ ਮਿਲਾਉਣ ਦੀ ਐਕਟਿੰਗ ਕਰਨ ਲੱਗ ਪਈ। ਟੋਨੀ ਦੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਇਹ ਕਾਲਾ ਲੂਣ ਹੈ, ਇਸ ਨਾਲ ਕੋਲਡ ਡਰਿੰਕ ਦਾ ਸਵਾਦ ਬਹੁਤ ਵਧ ਜਾਂਦਾ ਹੈ।
ਟੋਨੀ ਕਮੀਜ਼ ਚੁੱਕ ਕੇ ਫਿਰ ਬਾਥਰੂਮ ਵਿੱਚ ਜਾ ਵੜਿਆ ਤੇ ਕਾਮ ਵਾਸ਼ਨਾ ਨਾਲ ਅੰਨ੍ਹੇ ਹੋਏ ਹੋਣ ਕਾਰਨ ਉਸ ਨੂੰ ਇਸ ਸਬੰਧੀ ਕੋਈ ਸ਼ੱਕ ਨਾ ਹੋਇਆ। ਪਰ ਲੱਗਦਾ ਹੈ ਕਿ ਉਸ ਦਿਨ ਉਸ ਦੀ ਕਿਸਮਤ ਸਾਥ ਦੇ ਰਹੀ ਸੀ। ਬਾਥਰੂਮ ਤੋਂ ਬਾਹਰ ਆ ਕੇ ਉਸ ਨੇ ਅਜੇ ਕੋਲਡ ਡਰਿੰਕ ਦਾ ਇੱਕ ਘੁੱਟ ਹੀ ਭਰਿਆ ਸੀ ਕਿ ਅਚਾਨਕ ਏਅਰ ਕੰਡੀਸ਼ਨਰ ਬੰਦ ਹੋ ਗਿਆ। ਟੋਨੀ ਉੱਠ ਕੇ ਏ.ਸੀ. ਬਾਰੇ ਕਹਿਣ ਲਈ ਰਿਸੈੱਪਸ਼ਨ ਵੱਲ ਜਾਣ ਲੱਗਾ ਤਾਂ ਔਰਤਾਂ ਉਸ ਨੂੰ ਰੋਕਣ ਲੱਗ ਪਈਆਂ ਕਿ ਕੋਲਡ ਡਰਿੰਕ ਪੀ ਕੇ ਚਲਾ ਜਾਈਂ, ਪਰ ਟੋਨੀ ਨਾ ਰੁਕਿਆ। ਜ਼ਹਿਰ ਐਨਾ ਤੇਜ਼ ਸੀ ਕਿ ਕੋਲਡ ਡਰਿੰਕ ਦਾ ਸਿਰਫ ਇੱਕ ਘੁੱਟ ਪੀਣ ਨਾਲ ਹੀ ਟੋਨੀ ਦਾ ਦਿਮਾਗ ਹਿੱਲ ਗਿਆ ਤੇ ਰਿਸੈੱਪਸ਼ਨ ‘ਤੇ ਪਹੁੰਚਣ ਤੱਕ ਉਹ ਇਹ ਹੀ ਭੁੱਲ ਗਿਆ ਉਹ ਕੌਣ ਹੈ ਤੇ ਇਥੇ ਕੀ ਕਰਨ ਆਇਆ ਹੈ। ਉਹ ਡਿੱਗਦਾ ਢਹਿੰਦਾ ਜਾ ਕੇ ਸੰਗਮ ਸਿਨੇਮੇ ਦੇ ਸਾਹਮਣੇ ਚੌਂਕ ਵਿੱਚ ਲੰਮਾ ਪੈ ਗਿਆ ਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ। ਚੰਗੀ ਕਿਮਸਤ ਨੂੰ ਚੌਂਕ ਵਿੱਚ ਉਸ ਦੇ ਪਿੰਡ ਦਾ ਸਿਪਾਹੀ ਟਰੈਫਿਕ ਡਿਊਟੀ ਦੇ ਰਿਹਾ ਸੀ। ਕਿਉਂਕਿ ਟੋਨੀ ਨਸ਼ੇ ਪੱਤੇ ਕਰਨ ਦਾ ਆਦੀ ਸੀ, ਇਸ ਲਈ ਉਸ ਸਿਪਾਹੀ ਨੇ ਸੋਚਿਆ ਕਿ ਸ਼ਾਇਦ ਇਸ ਨੇ ਭੰਗ ਵਗੈਰਾ ਜਿਆਦਾ ਖਾ ਲਈ ਹੈ। ਉਹ ਉਸ ਨੂੰ ਚੁੱਕ ਕੇ ਉਸ ਦੇ ਘਰ ਛੱਡ ਆਇਆ।
ਜਦੋਂ ਟੋਨੀ ਦੋ ਤਿੰਨ ਦਿਨ ਡਿਊਟੀ ‘ਤੇ ਨਾ ਆਇਆ ਤਾਂ ਮੈਂ ਬਾਕੀ ਗੰਨਮੈਨਾਂ ਤੋਂ ਉਸ ਬਾਰੇ ਪੁੱਛਿਆ। ਉਨ੍ਹਾਂ ਦੱਸਿਆ ਕਿ ਉਹ ਤਾਂ ਭੰਗ ਪੀ ਕੇ ਘਰ ਹੀ ਪਿਆ ਹੈ। ਜਦੋਂ ਉਹ ਹਫਤੇ ਕੁ ਬਾਅਦ ਹਾਜ਼ਰ ਹੋਇਆ ਤਾਂ ਅਸਲੀ ਗੱਲ ਪਤਾ ਲੱਗੀ। ਉਹ ਅਜੇ ਵੀ ਇਹ ਸੋਚ ਕੇ ਕੰਬ ਉੱਠਦਾ ਹੈ ਕਿ ਜੇ ਉਸ ਨੇ ਕੋਲਡ ਡਰਿੰਕ ਦੀ ਪੂਰੀ ਬੋਤਲ ਪੀ ਲਈ ਹੁੰਦੀ ਤਾਂ ਉਸ ਦਾ ਕੀ ਬਣਦਾ? ਲੋਕਾਂ ਨੇ ਤਾਂ ਭੋਗ ‘ਤੇ ਵੀ ਗਾਲ੍ਹਾਂ ਕੱਢਣੀਆਂ ਸਨ ਕਿ ਕਿਹੋ ਜਿਹੀ ਭੈੜੀ ਮੌਤੇ ਮਰਿਆ ਹੈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin