Articles

ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਦੀ ਸਮਾਜਕ, ਰਾਜਨੀਤਕ, ਪ੍ਰਸ਼ਾਸ਼ਨਕ ਤੇ ਸੱਭਿਆਚਾਰਕ ਵਿਵਸਥਾ ‘ਤੇ ਇਕ ਵੱਡਾ ਸਵਾਲੀਆ ਚਿੰਨ੍ਹ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

29 ਮਈ ਨੂੰ 29 ਸਾਲਾਂ ਦੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਬਹੁਤ ਹੀ ਦਰਦਨਾਕ ਤੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਵਿਸ਼ਵ ਮੀਡੀਆ ਲਗਾਤਾਰ ਸਵੇਰੇ ਸ਼ਾਮ ਉਸ ਕਤਲ ਨਾਲ ਸੰਬੰਧਿਤ ਲਹੂ ਭਿੱਜੀਆ ਖ਼ਬਰਾਂ ਦੇ ਰਿਹਾ ਹੈ । ਦੇਵੇ ਵੀ ਕਿਓਂ ਨਾ, ਉਹ ਨੌਜਵਾਨ ਇਕ ਗਾਇਕ ਕਲਾਕਾਰ ਹੀ ਨਹੀਂ ਸੀ, ਉਹ ਇਕ ਚੰਗਾ ਲਿਖਾਰੀ, ਸਮਾਜ ਸੇਵਕ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਵੀ ਸੀ, ਗਰੀਬ ਗੁਰਬੇ ਦੇ ਕੰਮ ਵੀ ਆਉਂਦਾ ਸੀ, ਸਭ ਨਾਲ ਮੁਹੱਬਤ ਕਰਨ ਵਾਲਾ, ਨਿਧੜਕ ਤੇ ਬੇਬਾਕ ਸੱਚ ਬੋਲਣ ਵਾਲਾ ਨੌਜਵਾਨ ਵੀ ਸੀ ਤੇ ਇਸ ਦੇ ਨਾਲ ਹੀ ਆਪਣੇ ਮਾਪਿਆ ਦਾ ਲਖਤੇ ਜਿਗਰ ਤੇ ਉਹਨਾ ਦਾ ਦੁਲਾਰਾ ਹੋਣ ਦੇ ਨਾਲ ਅੱਖ ਦਾ ਤਾਰਾ ਵੀ ਸੀ । ਮਾਪਿਆ ਦੀ ਇਕਲੌਤੀ ਔਲਾਦ ਹੋਣ ਕਰਕੇ ਉਹਨਾ ਦਾ ਰੌਸ਼ਨ ਚਿਰਾਗ ਤੇ ਬੁਢਾਪੇ ਦਾ ਸਹਾਰਾ ਸੀ । ਅੱਜ ਦੀ ਪੀੜ੍ਹੀ ਨੂੰ ਉਹ ਆਪਣੀ ਗਾਇਕੀ ਰਾਹੀਂ ਤੰਗਾਂ ਸੁਨੇਹਾ ਦੇਣ ਵਾਲਾ, ਦਸਤਾਰ ਦੀ ਸ਼ਾਨ ਨੂੰ ਵਧੀਉਣ ਤੇ ਪੰਜਾਬ ਦਾ ਨਾਮ ਦੁਨੀਆਂ ਹਰ ਚ ਉੱਚਾ ਤਰਨ ਨਾਲਾ ਕਲਾਕਾਰ ਸੀ । 29 ਸਾਲ ਦੀ ਛੋਟੀ ਜਿਹੀ ਉਮਰੇ ਮੂਸੇਵਾਲਾ ਜਿਹਨਾ ਬੁਲੰਦੀਆਂ ਨੂੰ ਛੋਹ ਗਿਆ, ਉਹ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ । ਜਿਹੜੀ ਉਮਰ ਖੇਡਣ ਮੱਲ੍ਹਣ ਦੀ ਹੁੰਦੀ ਹੈ, ਉਸ ਉਮਰ ਚ ਉਹ ਆਪਣੇ ਮਾਪਿਆਂ ਦੇ ਨਾਮ ਤੇ ਪਿੰਡ ਮੂਸੇਵਾਲ ਦੇ ਨਾਮ ਨੂੰ ਪੂਰੀ ਦੁਨੀਆ ਦੇ ਨਕਸ਼ੇ ‘ਤੇ ਚਮਕਾ ਗਿਆ ।

ਅਸੀਂ ਮੰਨਦੇ ਹਾ ਕਿ ਮਰਨਾ ਸੱਚ ਹੈ, ਇਸ ਦੁਨੀਆ ‘ਤੇ ਜੋ ਆਇਆ ਹੈ, ਇਹ ਦੁਨੀਆ ਉਸ ਦੀ ਪੱਕਾ ਟਿਕਾਣਾ ਨਹੀਂ, ਆਖਿਰ ਉਸ ਨੇ ਇਸ ਜਹਾਨੋ ਇਕ ਨ ਇਕ ਦਿਨ ਤੁਰ ਹੀ ਜਾਣਾ ਹੈ । ਇਹ ਵੀ ਸੱਚ ਹੈ ਕਿ ਅਗਲਾ ਪਰਲੋਕ ਕਿਸੇ ਨੇ ਕਦੇ ਦੇਖਿਆ ਨਹੀਂ ਤੇ ਨਾ ਹੀ ਉੱਥੋਂ ਕਦੇ ਕੋਈ ਵਾਪਸ ਪਰਤਿਆ ਹੈ । ਸਵਰਗ ਨਰਕ ਇਹ ਸਭ ਮਨੁੱਖੀ ਮਨ ਦੇ ਸਿਰਜੇ ਹੋਏ ਮਿਥਿਕ ਸੰਕਲਪ ਹਨ ਜਦ ਕਿ ਅਸਲ ਨਿਬੇੜਾ ਇਸ ਦੁਨੀਆ ਵਿੱਚ ਹੀ ਹੋ ਜਾਂਦਾ ਹੈ । ਜੋ ਵਿਅਕਤੀ ਲੋਕ ਮਨਾਂ ਨੂੰ ਜਿੱਤ ਲੈਂਦਾ ਹੈ ਤੇ ਲੋਕ ਮਨਾ ਚ ਜਗਾ ਪ੍ਰਾਪਤ ਕਰ ਲੈਂਦਾ ਹੈ, ਉਹ ਆਪਣੀ ਸਰੀਰਕ ਮੌਤ ਤੋ ਬਾਅਦ ਲੋਕ ਯਾਦਾਂ ਚ ਹਮੇਸ਼ਾ ਜਿੰਦਾ ਤੇ ਅਮਰ ਰਹਿੰਦਾ ਹੈ । ਸਿੱਧੂ ਮੂਸੇਵਾਲੇ ਨੂੰ ਬੇਸ਼ੱਕ ਜਾਲਮਾਂ ਨੇ ਆਪਣੀ ਕਾਇਰਤਾ ਦਿਖਾਉਦਿਆ ਬਹੁਤ ਹੀ ਨਿਰਦੈਤਾ ਨਾਲ ਕਤਲ ਕਰ ਦਿੱਤਾ ਹੈ, ਪਰ ਆਪਣੀ ਕਲਾ, ਕੀਤੇ ਹੋਏ ਚੰਗੇ ਕਾਰਜਾਂ ਤੇ ਲੋਕਾਂ ਨੂੰ ਦਿੱਤੇ ਅਥਾਹ ਪਿਆਰ ਸਤਿਕਾਰ ਸਦਕਾ ਉਹ ਨੌਜਵਾਨ ਸਦਾ ਲਈ ਅਮਰ ਹੋ ਗਿਆ । ਏਹੀ ਕਾਰਨ ਹੈ ਕਿ ਉਸ ਦੀ ਮੌਤ ਨਾਲ ਅੱਜ ਪੰਜਾਬੀਆ ਦੀ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਵਸ ਰਹੀ ਇਨਸਾਨੀਅਤ ਦੀਆਂ ਅੱਖਾਂ ਹੰਝੂਆਂ ਨਾਲ ਸੇਜਲ ਹਨ ।

ਸਿੱਧੂ ਮੂਸੇਵਾਲੇ ਵਰਗੇ ਕਾਬਲ ਨੌਜਵਾਨ ਕਈ ਕਈ ਸਦੀਆਂ ਬਾਅਦ ਪੈਦਾ ਹੁੰਦੇ ਹਨ । ਇਸ ਨੌਜਵਾਨ ਦੇ ਕਤਲ ਨਾਲ ਉਸ ਦੇ ਪਰਿਵਾਰ, ਪੰਜਾਬੀ ਸੰਗੀਤ ਇੰਡਸਟਰੀ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਹੀ ਇਕ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਸ ਨੌਜਵਾਨ ਦਾ ਕਤਲ ਜਿੱਥੇ ਸਾਡੇ ਸਭਨਾ ਲਈ ਬਹੁਤ ਵੱਡਾ ਤੇ ਅਸਹਿ ਸਦਮਾ ਛੱਡ ਗਿਆ ਹੈ ਉੱਥੇ ਆਪਣੇ ਪਿੱਛੇ ਬਹੁਤ ਵੱਡੇ ਵੱਡੇ ਅਜਿਹੇ ਸਵਾਲੀਆ ਚਿੰਨ੍ਹ ਵੀ ਛੱਡ ਗਿਆ ਹੈ, ਜਿਹਨਾ ਦੇ ਜਵਾਬ ਤਲਾਸ਼ਣੇ ਸਾਡੇ ਵਾਸਤੇ ਇਸ ਸਮੇਂ ਬਹੁਤ ਜ਼ਰੂਰੀ ਹਨ । ਪੰਜਾਬ ਜੋ ਗੁਰਆਂ, ਪੀਰਾਂ, ਫਕੀਰਾਂ, ਮਹਾਂਬਲੀਆ ਤੇ ਯੋਧਿਆ ਦੀ ਪਵਿੱਤਰ ਛੋਹ ਪ੍ਰਾਪਤ ਧਰਤੀ ਹੈ, ਇਸ ਵਕਤ ਅਕਾਰਨੇ ਹੀ ਆਏ ਦਿਨ ਕਿਓਂ ਬੇਦੋਸ਼ਿਆਂ ਦੇ ਖ਼ੂਨ ਨਾਲ ਲੱਥ ਪੱਥ ਹੋ ਰਹੀ ਹੈ, ਹਰ ਪਲ ਕਤਲ, ਡਾਕਿਆਂ ਤੇ ਆਤਮ ਹੱਤਿਆਵਾਂ ਦਾ ਮਾਹੌਲ ਕਿਓਂ ਬਣਦਾ ਜਾ ਰਿਹਾ ਹੈ । ਪੰਜਾਬ ਦੀ ਸਮਾਜਕ, ਰਾਜਨੀਤਕ, ਪ੍ਰਸ਼ਾਸ਼ਨਿਕ ਅਤੇ ਸੱਭਿਆਚਾਰਕ ਵਿਵਸਥਾ ਇਸ ਵੇਲੇ ਪੂਰੀ ਤਰਾਂ ਕਿਓਂ ਚਰਮਰਾ ਚੁੱਕੀ ਹੈ ਤੇ ਇਸੇ ਤਰਾਂ ਦੇ ਹੋਰ ਕਈ ਸਵਾਲਾਂ ਬਾਰੇ ਚਰਚਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਸੰਦਰਭ ਵਿੱਚ ਕਰਨੀ ਬਣਦੀ ਹੈ ।

ਸਿੱਧੂ ਮੂਸੇਵਾਲੇ ਦੇ ਕਤਲ ਨਾਲ ਪੰਜਾਬ ਦੀ ਸਮਾਜਿਕ ਵਿਵਸਥਾ ਉੱਤੇ ਜਿਹੜਾ ਸਵਾਲ ਉਠਦਾ ਹੈ, ਉਹ ਨਿਹਾਇਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ । ਕਾਤਲਾਂ ਦੇ ਕਤਲ ਕਰਨ ਤੋਂ ਬਾਅਦ ਡਰ ਨਾਲ ਦਹਿਲੇ ਹੋਏ ਪਿੰਡ ਦੇ ਲੋਕ ਪਹਿਲਾਂ ਤਾਂ ਦਸ ਪੰਦਰਾਂ ਮਿੰਟ ਘਟਨਾ ਸਥਾਨ ਵੱਲ ਜਾਂਦੇ ਹੀ ਨਹੀਂ ਅਤੇ ਕਾਤਲਾਂ ਦੇ ਚਲੇ ਜਾਣ ਬਾਅਦ ਜੋ ਇੰਨੇ ਕੁ ਸਮੇਂ ਤੋ ਬਾਅਦ ਘਟਨਾ ਸਥਾਨ ‘ਤੇ ਇਕੱਤਰ ਹੁੰਦੇ ਵੀ ਹਨ, ਉਹਨਾਂ ਵਿੱਚੋਂ ਬਹੁਤੇ ਸਿੱਧੂ ਤੇ ਉਸ ਦੇ ਨਾਲ ਬੈਠੇ ਜਥਮੀਆਂ ਦੀ ਜਾਨ ਬਚਾਉਣ ਵਾਸਤੇ ਚਾਰਾਜੋਈ ਕਰਨ ਦੀ ਬਜਾਏ ਵੀਡੀਓਗਰਾਫੀ ਕਰਨ ਚ ਰੁਝ ਜਾਂਦੇ ਹਨ ਤਾਂ ਕਿ ਇਕ ਦੂਜੇ ਤੋਂ ਅੱਗੇ ਹੋ ਕੇ ਸ਼ੋਸ਼ਲ ਮੀਡੀਆ ‘ਤੇ ਪਾ ਸਕਣ । ਇੱਥੇ ਚਿੰਤਾ ਵਾਲੀ ਗੱਲ ਇਹ ਹੈ ਕਿ ਮਨੁੱਖੀ ਜਾਨ ਦੀ ਕਦਰ ਕਿੱਥੇ ਗਈ, ਕੀ ਇਹ ਸਮਾਰਟ ਮੀਡੀਏ ਨੇ ਨਿਗਲ ਲਈ ਜਾਂ ਫਿਰ ਉਸ ਨੂੰ ਵਰਤਣ ਵਾਲੇ ਜਾਂ ਬਣਾਉਣ ਵਾਲੇ ਕਸੂਰਵਾਰ ਹਨ? ਕੀ ਇਸ ਵਾਸਤੇ 21ਵੀਂ ਸਦੀ ਚ ਵੱਸਣ ਵਾਲੇ ਅਸੀਂ ਸਾਰੇ ਜ਼ੁੰਮੇਵਾਰ ਹਾਂ ਜਾਂ ਫਿਰ ਉੰਗਲ ਸਿਰਫ ਨਵੀਂ ਪੀੜ੍ਹੀ ਵੱਲ ਹੀ ਕੀਤੀ ਜਾ ਸਕਦੀ ਹੈ ? ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਸਾਡੇ ਲੋਕ ਮਨੁੱਖੀ ਜਾਨ ਦੀ ਅਨਮੋਲਤਾ ਨੂੰ ਪਹਿਚਾਨਣ ਤੋਂ ਕਿਓਂ ਨਾਬਰ ਹੋ ਰਹੇ ਹਨ ? ਉਹਨਾ ਨੂੰ ਮਾਰ ਧਾੜ ਵਾਲੀਆਂ ਘਟਨਾਵਾਂ ਨਾਲ ਬਹੁਤਾ ਲਗਾਵ ਕਿਓਂ ਹੁੰਦਾ ਜਾ ਰਿਹਾ ਹੈ ? ਲੋਕਾਂ ਵਿੱਚ ਪੈਦਾ ਹੋ ਰਹੀ ਇਸ ਨਖਿੱਧ ਬਿਰਤੀ ਦੇ ਕੀ ਕਾਰਨ ਹਨ ?

ਸਮਾਜਕ ਅਰਾਜਕਤਾ ਦਾ ਹੀ ਦੂਜਾ ਪਹਿਲੂ ਹੈ ਪ੍ਰਸ਼ਾਸਨਿਕ ਅਧੋਗਤੀ । ਕਾਤਲ ਚਿੱਟੇ ਦਿਨ ਬੇਖੌਫ ਹੋ ਕੇ ਕਤਲ ਕਰਦੇ ਹਨ ਤੇ ਉਹ ਵੀ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਤੇ ਫਿਰ ਘਟਨਾ ਸਥਾਨ ਤੋ ਉਦੋਂ ਜਾਂਦੇ ਹਨ ਜਦੋਂ ਉਹਨਾ ਨੂੰ ਇਹ ਪੂਰੀ ਤਰਾਂ ਪੱਕਾ ਹੋ ਜਾਂਦਾ ਹੈ ਕਿ ਉਹਨਾਂ ਦਾ ਸ਼ਿਕਾਰ ਮਰ ਚੁੱਕਾ ਹੈ । ਇਸ ਤਰਾਂ ਦੀ ਵਿਵਸਥਾ ਤਾਂ ਜੰਗਲ ਦੇ ਰਾਜ ਵਿੱਚ ਹੀ ਹੁੰਦੀ ਹੈ ਪਰ ਹੁਣ ਓਹੀ ਕਾਰੇ ਤੇ ਵਰਤਾਰੇ ਸੱਭਿਅਕ ਮਨੁੱਖੀ ਸਮਾਜ ਚ ਵੀ ਵਰਤਣ ਲੱਗ ਪਏ ਹਨ ਜੋ ਬਹੁਤ ਹੀ ਫਿਕਰਮੰਦੀ ਵਾਲੀ ਗੱਲ ਹੈ । ਪੰਜਾਬ ਵਿੱਚ ਗੈਂਗਸਟਰ ਕਲਚਰ ਪਿਛਲੇ ਕੁੱਜ ਕੁ ਸਾਲਾਂ ਚ ਕਿਓਂ ਤੇ ਕਿਵੇਂ ਪੈਦਾ ਹੋ ਕੇ ਗੈਂਗਾਂ ਰ ਦਾ ਰੂਪ ਧਾਰਕੇ ਨਿੱਤ ਦਿਨ ਹੋਣਹਾਰ ਨੌਜਵਾਨਾਂ ਦੋ ਕਤਲਾਂ ਦਾ ਕਾਰਨ ਬਣ ਗਿਆ ਇਸ ਦਾ ਖੁਰਾ ਨੱਪਕੇ ਇਸ ਨੂੰ ਪੂਰੀ ਤਰਾਂ ਨੱਥਣ ਦੀ ਬੇਹੱਦ ਜ਼ਰੂਰਤ ਹੈ ।

ਸਰਕਾਰਾਂ ਦਾ ਪਹਿਲਾ ਕੰਮ ਰਾਜ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇ ਕੇ ਉਹਨਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ , ਪਰ ਮੂਸੇ ਵਾਲੇ ਦੇ ਕਤਲ ਨੇ ਇਹ ਦੱਸ ਦਿੱਤਾ ਹੈ ਕਿ ਸਮਾਜ ਵਿਰੋਧੀ ਗੁੰਡਾ ਅਨਸਰ ਰਾਜ ਵਿੱਚ ਕਿਵੇਂ ਬੇਖੌਫ ਹੋ ਕੇ ਦਨਦਨਾਉਂਦੇ ਫਿਰ ਰਹੇ ਹਨ । ਪੁਲਿਸ ਚੌਂਕੀ ਘਟਨਾ ਸਥਾਨ ਤੋ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਵੀ ਅੱਧੇ ਘੰਟੇ ਤੋਂ ਬਾਅਦ ਪੁਲਿਸ ਮੌਕਾ ਏ ਵਾਰਦਾਤ ‘ਤੇ ਪਹੁੰਚਦੀ ਹੈ ਤੇ ਜੇਕਰ ਇਹ ਹਾਲ ਪੁਲਿਸ ਪਰਸ਼ਾਸ਼ਨ ਦਾ ਹੈ ਤਾਂ ਗੁੰਡਾ ਅਨਸਰ ਕਿਵੇਂ ਫੜੇ ਜਾਣਗੇ, ਘਟਨਾਵਾਂ ਕਿਵੇਂ ਰੁਕਣਗੀਆਂ ? ਇਸ ਬਾਰੇ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ । ਕੀ ਪੁਲਿਸ ਦਾ ਨੈਟਵਰਕ ਰਾਜ ਤ ਮਜ਼ਬੂਤੀ ਨਾਲ ਵਿਛਾਉਣ ਦੀ ਚਾਰਾਜੋਈ ਨਹੀਂ ਕੀਤੀ ਜਾ ਸਕਦੀ ? ਕੀ ਪੁਲਿਸ ਪਰਸ਼ਾਸ਼ਨ ਵਿਚਲਾ ਆਪਸੀ ਤਾਲਮੇਲ ਤੇ ਨਾਕਾ ਪਰਬੰਧ ਮਜ਼ਬੂਤ ਕਰਨ ਵਾਸਤੇ ਵਾਇਰਲੈਸ ਤੇ ਡਰੋਨ ਤਕਨੀਕ ਦੀ ਵਰਤੋ ਕਰਨ ਦੇ ਨਾਲ ਅਮਲੇ ਫੈਲੇ ਚ ਲੋੜੀਂਦਾ ਵਾਧਾ ਨਹੀਂ ਕੀਤਾ ਜਾ ਸਕਦਾ ?

ਸੰਕਟ-ਕਾਲੀਨ ਹਾਲਾਤਾਂ ਚ ਲੋੜੀਂਦੀਆ ਸਿਹਤ ਸੇਵਾਵਾਂ ਦਾ ਜਨਾਜ਼ਾ ਨਿਕਲਦਾ ਵੀ ਦੇਖ ਲਿਆ । ਇਹ ਪੰਜਾਬ ਦੇ ਇਕ ਹੋਣਹਾਰ ਕਬੱਡੀ ਖਿਡਾਰੀ ਦੇ ਕਤਲ ਵੇਲੇ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਕਤਲ ਵਕਤ ਵੀ ਸਾਹਮਣੇ ਆਇਆ ਕਿ ਉਹਨਾ ਨੂੰ ਜੇਕਰ ਸੰਕਟ-ਕਾਲੀਨ ਸਿੱਹਤ ਸੇਵਾਵਾਂ ਵੇਲੇ ਸਿਰ ਮਿਲਦੀਆਂ ਤਾਂ ਹੋ ਸਕਦਾ ਸੀ ਉਹਨਾਂ ਦੀਆ ਜਾਨਾਂ ਬਚਾਈਆਂ ਜਾ ਸਕਦੀਆਂ । ਹਾਲਾਤ ਇਹ ਸਨ ਕਿ ਐੰਬੂਲੈਂਸ ਤਾਂ ਬਹੁਤ ਦੂਰ ਦੀ ਹੱਲ ਰਹੀ, ਜਖਮੀਆ ਨੂੰ ਬਚਾਉਣ ਵਾਸਤੇ ਕੋਲ ਖੜੇ ਲੋਕਾਂ ਵਿੱਚੋਂ ਵੀ ਕੋਈ ਆਪਣਾ ਵਾਹਨ ਦੇਣ ਨੂੰ ਤਿਆਰ ਨਹੀਂ ਸੀ ਜਿਸ ਕਾਰਨ ਉਕਤ ਨੌਜਵਾਨਾਂ ਦੀ ਮੌਤ ਤੜਫ ਤੜਫ ਕੋ ਹੋਈ । ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਸਦੀ ਵਿੱਚ ਸਰਕਾਰਾਂ ਕੋਲੋਂ ਵਧੀਆ ਦਰਜੇ ਦੀ ਐਂਬੂਲੈਂਸ ਜਾਂ ਹਵਾਈ ਐਂਬੂਲੈਂਸ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ ? ਕੀ ਡਰੋਨ ਤਕਨੀਕ ਨੂੰ ਸੰਕਟ-ਕਾਲੀਨ ਚੌਕਸੀ ਤੇ ਸਿਹਤ ਸੇਵਾਵਾਂ ਮੁਹੱਈਆ ਕਰਨ ਵਾਸਤੇ ਨਹੀਂ ਵਰਤਿਆਂ ਜਾ ਸਕਦਾ ?

ਇਸ ਵੇਲੇ ਲੋਕਾਂ ਦੀ ਸੁਰੱਖਿਆ ਰਾਜ ਚ ਵੱਡਾ ਮੁੱਦਾ ਬਣ ਗਿਆ ਹੈ । ਇਹ ਵੀ ਸਹੀ ਹੇ ਕਿ ਸਰਕਾਰ ਹਰ ਵਿਅਕਤੀ ਨੂੰ ਪੁਲਿਸ ਸੁਰੱਖਿਆ ਮੁਹੱਈਆ ਨਹੀਂ ਕਰਾ ਸਕਦਾ । ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਤਾਜਾ ਹੁਕਮਾਂ ਮੁਤਾਬਿਕ ਕਿਸੇ ਵਿਅਕਤੀ ਨੂੰ ਉਸ ਦੀ ਸੁਰੱਖਿਆ ਵਾਸਤੇ ਵੱਧ ਤੋ ਵੱਧ ਦੋ ਹੀ ਸੁਰੱਖਿਆ ਕਰਮਚਾਰੀ ਦਿੱਤੇ ਜਾ ਸਕਦੇ ਹਨ । ਜੇਕਰ ਕੋਈ ਇਸ ਨਫਰੀ ਤੋ ਵਧੇਰੇ ਦੀ ਮੰਗ ਕਰਦੇ ਹੈ ਤਾਂ ਅਜਿਹਾ ਕਰਨ ਵਾਸਤੇ ਉਸ ਨੂੰ ਲ਼ਏ ਗਏ ਦੋ ਤੇ ਵੱਧ ਸੁਰੱਖਿਆ ਕਰਮਚਾਰੀਆ ਦਾ ਖ਼ਰਚਾ ਅਦਾ ਕਰਨਾ ਪੈਂਦਾ ਹੈ । ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਇਕ ਸੁਰੱਖਿਆ ਕਰਮੀ ਦਾ ਇਕ ਮਹੀਨੇ ਦਾ ਸਰਕਾਰ ਨੂੰ ਸੱਤਰ ਤੋ ਅੱਸੀ ਹਜ਼ਾਰ ਰੁਪਏ ਦਾ ਖ਼ਰਚਾ ਅਦਾ ਕਰਨਾ ਪੈਂਦਾ ਹੈ ਜਿਸ ਕਾਰਨ ਸਰਕਾਰੀ ਖ਼ਜ਼ਾਨੇ ਤੇ ਭਾਰੀ ਬੋਝ ਪੈਂਦਾ ਹੈ । ਕੌੜਾ ਸੱਚ ਇਹ ਵੀ ਹੈ ਕਈ ਲੋਕਾਂ ਨੇ ਹਥਿਆਰਬੰਦ ਸੁਰੱਖਿਆ ਕਰਮੀ ਆਪਣੇ ਨਾਲ ਰੱਖਣ ਨੂੰ ਸਮਾਜਕ ਸਟੇਟਸ ਨਾਲ ਜੋੜਿਆ ਹੋਇਆ ਹੈ । ਦਰਅਸਲ ਉਹਨਾ ਨੂੰ ਆਪਣੀ ਜਾਨ ਦਾ ਏਨਾ ਖਤਰਾ ਤਾਂ ਨਹੀਂ ਹੁੰਦਾ ਪਰ ਉਹਨਾਂ ਦੇ ਦਿਮਾਗ ਵਿੱਚ ਸਿਰਫ ਦੂਸਰਿਆਂ ਨੂੰ ਆਪਣਾ ਸਮਾਜਕ ਸਟੇਟਸ ਦਿਖਾਉਣ ਦੀ ਧੁੰਨ ਸਵਾਰ ਹੁੰਦੀ ਹੈ । ਹਾਲੀਵੁੱਡ ਤੇ ਬਾਲੀਵੁੱਡ ਦੇ ਕਿੰਨੇ ਨਾਮੀ ਕਲਾਕਾਰ ਹਨ ਜਿਹਨਾ ਨੇ ਸਰਕਾਰੀ ਸੁਰੱਖਿਆ ਦੀ ਬਜਾਏ ਆਪਣੀ ਨਿੱਜੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੁੰਦਾ ਹੈ । ਸੋ ਸੁਰੱਖਿਆ ਦੇ ਮੁੱਦੇ ‘ਤੇ ਜਿੱਥੇ ਸਰਕਾਰਾਂ ਦੀ ਜਿੱਯੰਮੇਵਾਰੀ ਤਹਿ ਹੈ, ਉੱਥੇ ਲੋਕਾਂ ਦੀ ਵੀ ਤਹਿ ਹੋਣੀ ਚਾਹੀਦੀ ਹੈ । ਇਸ ਦੇ ਨਾਲ ਇਹ ਵੀ ਹੈ ਜਿਸ ਨੂੰ ਸੱਚਮੁੱਚ ਸੁਰੱਖਿਆ ਦੀ ਲੋੜ ਹੋਵੇ ਉਸ ਨੂੰ ਸਰਕਾਰ ਵੱਲੋਂ ਲੁੜੀਂਦੀ ਸੁਰੱਖਿਆ ਦੇਣੀ ਵੀ ਬਣਦੀ ਹੈ ਤੇ ਸੁਰੱਖਿਆ ਵੈਣ ਵੱਲੋਂ ਵੀ ਇਹ ਯਕੀਨੀ ਬਣਾਇਆਂ ਦਾ ਜਾਵੇ ਕਿ ਕਦੇ ਵੀ ਸੁਰੱਖਿਆ ਦੇ ਮਾਮਲੇ ਚ ਸੁਰੱਖਿਆ ਪ੍ਰਾਪਤ ਕਰਨ ਵਾਲੀ  ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਕਰਕੇ ਆਪਣੀ ਜਾਨ ਜੌਖਮ ਵਿੱਚ ਨਾ ਪਾਵੇ, ਕਦੇ ਵੀ ਆਪਣੀ ਮਰਜ਼ੀ ਨਾਲ ਸੁਰੱਖਿਆ ਘੇਰਾ ਨਾ ਤੋੜੇ । ਯਾਦ ਰੱਖਣਾ ਪਵੇਗਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਚ ਸੁਰੱਖਿਆ ਕਰਮੀਆਂ ਨੂੰ ਅਣਗੌਲਿਆ ਕਰਕੇ ਬਾਹਰ ਨਿਕਲਣਾ ਵੀ ਉਸ ਦੀ ਮੌਤ ਦਾ ਇਕ ਵੱਡਾ ਕਾਰਨ ਬਣਿਆਂ ਹੈ ।

ਕੁਲ ਮਿਲਾ ਕੇ ਕਹਿ ਸਕਦੇ ਕਿ ਬੇਸ਼ੱਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੁੱਥੀ ਸੁਲਝਾਉਣ ਵਾਸਤੇ ਰਾਜ ਦੀਆ ਸੁਰੱਖਿਆ ਏਜੰਸੀਆਂ ਇਸ ਵੇਲੇ ਪੂਰੀ ਤਾਕਤ ਲਗਾ ਰਹੀਆਂ ਹਨ, ਪਰ ਕੌੜਾ ਸੱਚ ਏਹੀ ਹੈ ਕਿ ਇਹ ਸਭ ਵਾਰਦਾਤ ਵਾਪਰਨ ਤੋ ਬਾਅਦ ਚ ਹੋ ਰਿਹਾ ਹੈ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਪਰਬਂਧ ਏਹੋ ਜਿਹਾ ਕੀਤਾ ਜਾਵੇ ਕਿ ਵਾਰਦਾਤ ਵਾਪਰਨ ਦੀਆਂ ਸੰਭਾਵਨਾਵਾਂ ਹੀ ਮਨਫੀ ਰਹਿ ਜਾਣ, ਗੁੰਡਾ ਅਨਸਰਾਂ ਪਤਾ ਹੋਵੇ ਕਿ ਪਹਿਲੀ ਗੱਲ ਤਾਞ ਉਹ ਕਿਸੇ ਘਟਨਾ ਨੂੰ ਅੰਜਾਮ ਹੀ ਨਹੀਂ ਦੇ ਸਕਣਗੇ ਤੇ ਜੇਕਰ ਅਜਿਹਾ ਕਰਦੇ ਵੀ ਹਨ ਤਾਂ ਫਿਰ ਭੱਜ ਨਿਕਲਣ ਚ ਸਫਲ ਨਹੀਂ ਹੋਣਗੇ ਤੇ ਇਸ ਦੇ ਨਾਲ ਹੀ ਸਖ਼ਤ ਰੋ ਸਖ਼ਤ ਸਜ਼ਾ ਦੀ ਵਿਵਸਥਾ ਵੀ ਕੇਸ ਚਲਾ ਕੇ ਤਹਿ ਸਮੇਂ ਚ ਦਿੱਤੇ ਜਾਣ ਦੀ ਵਿਵਸਥਾ ਹੋਵੇ । ਮੌਜੂਦਾ ਸਰਕਾਰ ਨੂੰ ਇਹਨਾ ਉਕਤ ਸਾਰੇ ਪਹਿਲੂਆਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਤੇ ਰਾਜ ਵਿੱਚ ਸੁਰੱਖਿਆ ਪੱਖੇ ਆ ਰਹੇ ਨਿਘਾਰ ਨੂੰ ਪੁਖ਼ਤਾ ਕਰਨ ਦੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ ।

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin