
ਅਸੀਂ ਕਹਿ ਸਕਦੇ ਹਾਂ ਕਿ ਸਾਲ 2020-2021 ਦੇ ਕਿਸਾਨੀ ਸੰਘਰਸ਼ ਨੇ ਸਾਨੂੰ ਬਹੁਤ ਕੁਝ ਸਿਖਾਂ ਅਤੇ ਬਹੁਤ ਕੁਝ ਸਮਝਾ ਦਿੱਤਾ ਹੈ ਕਿ ਸਾਡੇ ਲਈ ਆਪਣੀ ਹੋਂਦ ਗੁਆਚਣ ਤੋਂ ਬਚਾਉਣ ਲਈ ਇਸ ਅੰਦੋਲਨ ਦੀ ਲੜਾਈ ਤੋਂ ਵੱਡੀ ਹੋਰ ਕੋਈ ਲੜਾਈ ਨਹੀਂ ਹੈ। ਇਹ ਸਾਡੀ ਇਤਿਹਾਸਕ ਏਕਤਾ ਹੀ ਹੈ ਜੋ ਸਾਨੂੰ ਇੱਥੇ ਤੱਕ ਲੈ ਆਈ, ਇਹ ਹੀ ਤਾ ਹੈ, ਸਾਡੀ ਕਿਸਾਨੀ ਸੰਘਰਸ਼ ਦੀ ਇਕ ਜੁੱਟਤਾ ਤੇ ਸਦੀਆਂ ਤੋਂ ਚੱਲੀ ਆ ਰਹੀ ਕਿਸਾਨ ਤੇ ਖੇਤ ਮਜ਼ਦੂਰ ਦੀ ਸਾਂਝ ਜੋ ਕਿ ਇਸ ਕਿਸਾਨੀ ਸੰਘਰਸ਼ ਚ ਹੋਰ ਮਜਬੂਤ ਹੋਈ ਨਜ਼ਰ ਆਉਂਦੀ ਹੈ। ਮੁਲਕ ਵਿਚ ਇਕ ਵੱਡੀ ਅਬਾਦੀ ਪਿੰਡ ਵਿਚ ਰਹਿੰਦੇ ਬੇਜ਼ਮੀਨ ਖੇਤ ਮਜ਼ਦੂਰਾਂ ਦੀ ਹੈ। ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਕਾਰਨ ਜਿੰਨੀ ਮੁਸੀਬਤ ਚ ਅੱਜ ਕਿਸਾਨ ਹੈ, ਉੱਨੀ ਹੀ ਮੁਸੀਬਤ ਖੇਤ ਮਜ਼ਦੂਰਾਂ ਲਈ ਹੈ। ਆਪਣਾ ਘਰ-ਬਾਰ ਛੱਡ ਤਕਰੀਬਨ ਪਿਛਲੇ ਤਿੰਨ, ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਖੇਤ ਮਜ਼ਦੂਰ ਪੂਰਾ ਡਟ ਕੇ ਸਾਥ ਦੇ ਰਹੇ ਹਨ। ਕਿਉ ਕਿ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੀ ਮਾਰ ਉਨ੍ਹਾਂ ਤੇ ਵੀ ਬਰਾਬਰ ਦੀ ਪੈਂਦੀ ਨਜ਼ਰ ਆਉਂਦੀ ਹੈ।