Culture Articles

ਪੰਜਾਬ ਦੀ ਕੋਇਲ ਸੁਰਿੰਦਰ ਕੌਰ  !

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤ ਬੰਦੇ ਦੀ ਰੂਹ ਦੀ ਖੁਰਾਕ ਹੈ। ਇਸ ਬਿਨਾ ਵੀ ਜਿੰਦਗੀ ਅਧੂਰੀ ਹੈ ਸੰਗੀਤ ਕਲਾ ਵੀ ਇੱਕ ਰੱਬ ਦੀੋ ਦਾਤ ਹੈ। ਇਹ ਦਾਤ ਰੱਬ ਬੰਦੇ ਵਿੱਚ ਆਪ ਹੀ ਭਰ ਕੇ ਭੇਜਦਾ ਹੈ। ਉਸ ਨੂੰ ਫਿਰ ਇਸ ਕਲਾ ਕਰਕੇ ਪ੍ਸਿੱਧੀ ਮਿਲਦੀ ਹੈ ਕਈ ਬੰਦੇ ਆਪਣਾ ਨਾਮ ਬਣਾ ਕੇ ਇਸ ਦੁਨੀਆ ਤੋ ਰੁਖਸਤ ਹੋ ਗਏ ਪਰ ਪਿੱਛੇ ਆਪਣਾ ਨਾਮ ਛੱਡ ਗਏ ਉਹਨਾਂ ਨਾਵਾਂ ਵਿੱਚੋਂ ਇਕ ਨਾਮ ਹੈ ਸੁਰਿੰਦਰ ਕੌਰ ਜਿਸ ਨੂੰ ਪੰਜਾਬ ਦੀ ਕੋਇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਮਹਾਨ ਗਾਇਕਾ ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿਖੇ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੀ ਕੁਖੋਂ ਅਣਵੰਡੇ ਪੰਜਾਬ ਵਿੱਚ ਹੋਇਆ। ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਮਹਿੰਦਰ ਕੌਰ, ਮਨਜੀਤ ਕੌਰ ਤੇ ਨਰਿੰਦਰ ਕੌਰ ਸਨ। ਸੁਰਿੰਦਰ ਕੌਰ ਦੇ ਪੰਜ ਭਰਾ ਸਨ। ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਦਸਵੀ ਪਾਸ ਸਨ। 12 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਤ ਮਨੀ ਪ੍ਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਵਿਦਿਆ ਹਾਸਲ ਕੀਤੀ। ਸੁਰਿੰਦਰ ਕੌਰ ਨੇ ਇਹਨਾਂ ਉਸਤਾਦਾ ਤੋਂ ਬਿਨਾ ਨਿਆਜ ਹੁਸੈਨ ,ਸੁਰਿੰਦਰ ਸੋਨੀ, ਅਬਦੁਲ ਰਹਿਮਨ ਖ਼ਾਨ,ਰਾਮ ਸ਼ਰਨ ਦਾਸ, ਕੁਦਣ ਲਾਲ ਘੋਸ਼, ਸਤੀਸ਼ ਭਾਟੀਆ, ਆਦਿ ਤੋਂ ਵੀ ਸੰਗੀਤ ਦਾ ਗਿਆਨ ਹਾਸਲ ਕੀਤਾ।
ਅਗਸਤ 1943 ਵਿੱਚ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਪਹਿਲੀ ਵਾਰ ਲਾਹੌਰ ਰੇਡਿਓੁ ਤੇ  ਗਾਇਆ। ਇਸ ਤੋ ਅਠਾਰਾਂ ਦਿਨ ਬਾਅਦ 31ਅਗਸਤ ਨੂੰ  ਇਹ ਗੀਤ ਹਿਜ ਮਾਸਟਰ ਵਾਇਸ ਕੰਪਨੀ ਵਾਲਿਆਂ ਨੇ ਦੋਹਾਂ ਭੈਣਾ ਦੀ ਅਵਾਜ਼ ਵਿੱਚ ‘ਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ ‘ ਰਿਕਾਰਡ ਕਰ ਦਿੱਤਾ ਜੋ ਬਹੁਤ ਮਸ਼ਹੂਰ ਹੋਇਆ।
ਸੁਰਿੰਦਰ ਕੌਰ ਨੂੰ  ਦੇਸ਼ ਦੀ ਵੰਡ ਦਾ ਸੰਤਾਪ ਆਪਣੇ ਜਿਸਮ ਤੇ ਭੋਗਣਾ ਪਿਆ। ਸੁਰਿੰਦਰ ਕੌਰ ਜਨਮ ਵਾਲੀ ਮਿੱਟੀ ਦਾ ਮੋਹ ਛੱਡ ਕੇ ਪ੍ਰੀਵਾਰ ਸਮੇਤ ਗਾਜ਼ੀਆਬਾਦ (ਦਿੱਲੀ) ਆ ਵਸੀ। 29 ਜਨਵਰੀ 1948 ਨੂੰ 19 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ ਦਾ ਵਿਆਹ ਐਮ ਏ ਸਾਈਕਾਲੋਜੀ ਅਤੇ ਦਿੱਲੀ ਯੁਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ ਜੋ ਬਹੁਤ ਵਧੀਆ ਸੁਭਾਅ ਦੇ ਇਨਸਾਨ  ਸਨ। ਉਹਨਾਂ ਨੇ ਸਰਿੰਦਰ ਕੌਰ ਨੂੰ ਗਾਉਣ ਵਿੱਚ ਪੂਰੀ ਮੱਦਦ ਕੀਤੀ। ਸੁਰਿੰਦਰ ਕੌਰ ਨੇ ਬਹੁਤ ਛੋਟੀ ਉਮਰ ਵਿੱਚ ਇੱਕ ਸਥਾਪਿਤ ਕਲਾਕਾਰ ਵਜੋਂ ਜਗ੍ਹਾ ਬਣਾ ਲਈ ਇਸ  ਕਰਕੇ 1948 ਤੋਂ 1952 ਤੱਕ ਫਿਲਮਾਂ ਵਿੱਚ ਬੰਬਈ ਰਹਿ ਕੇ ਪਿਠਵਰਤੀ ਗੀਤ ਗਾਏ ਪਰ ਸੁਰਿੰਦਰ ਕੌਰ ਦਾ ਮੋਹ ਤਾਂ ਪੰਜਾਬੀ ਨਾਲ ਸੀ ਬੰਬਈ ਛੱਡ ਕੇ ਫਿਰ ਦਿੱਲੀ ਆ ਗਈ। ਸ਼ਿਵ ਕੁਮਾਰ ਦੇ ਲਿਖੇ ਗੀਤ ਸੁਰਿੰਦਰ ਕੌਰ ਦੀ ਅਵਾਜ਼ ਵਿੱਚ ਬਹੁਤ ਸਾਰੇ ਰਿਕਾਰਡ ਹੋਏ:
ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚੋਂ,
ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾਂ,
ਡਾਚੀ ਵਾਲਿਆਂ ਮੋੜ ਮੁਹਾਰ
ਵੇ ਇਹਨਾਂ ਅੱਖੀਆਂ ਚੋਂ ਪਾਵਾਂ ਕਿਵੇ ਕੱਜਲਾ ਵੇ ਅੱਖੀਆਂ ਚੋਂ ਤੂੰ ਵੱਸਦਾ
ਇਕ ਮੇਰੀ ਅੱਖ ਕਾਸ਼ਨੀ. ਦੂਜਾ ਰਾਤ ਦੇ ਉਨੀਦਰੇ ਨੇ ਮਾਰਿਆ
ਆਦਿ ਬਹੁਤ ਸਾਰੇ ਗੀਤ ਰਿਕਰਡ ਹੋਏ ਅਤੇ ਸਟੇਜਾ ਤੇ ਗਾਏ ਗਏ। ਇਸ ਤਰਾਂ ਹੀ ਨੰਦ ਲਾਲ ਨੂਰਪੁਰੀ ਦੇ ਬਹੁਤ ਗੀਤ ਗਾਏ:
ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾਂ ਪਿਆ,
ਚੰਨ ਵੇ ਸ਼ੌਕਣ ਮੇਲੇ ਦੀ ਪੈਰ ਧੋ ਕੇ ਝਾਂਜਰਾ ਪਾਉਂਦੀ ਮੇਲਦੀ ਆਉਂਦੀ,
ਨੀ ਮੈਨੂੰ ਦਿਓੁਰ ਦੇ ਵਿਆਹ ਵਿੱਚ ਨੱਚ ਲੈਣ ਦੇ,
ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਗਈਆਂ,
ਕਾਲੇ ਰੰਗ ਦਾ ਪਰਾਂਦਾ ਸਾਡੇ ਸੱਜਣਾ ਨੇ ਆਦਿ ਗੀਤ ਗਾਏ।
ਸੁਰਿੰਦਰ ਕੌਰ ਨੇ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵੀ ਗਾਈਆਂ ਅਤੇ ਹੋਰ ਬਹੁਤ ਮਸ਼ਹੂਰ ਗੀਤ ਗਾਏ:
ਚੰਨ ਕਿਥਾਂ ਗੁਜ਼ਾਰੀਆ ਰਾਤ ਵੇ
ਲੱਠੇ ਦੀ ਚਾਦਰ,
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ,
ਬਾਜਰੇ ਦਾ ਸਿੱਟਾ ਅਸੀ ਤਲੀ ਤੇ ਮਰੋੜਿਆ
ਸੂਹੇ ਚੀਰੇ ਵਾਲਿਆ ਮੈ ਕਹਿਨੀਆਂ
ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ
ਸੁਰਿੰਦਰ ਕੌਰ ਨੇ ਕਈ ਕਲਾਕਾਰਾਂ ਨਾਲ ਗਾਇਆ ਅਤੇ ਬਹੁਤ ਸਾਰੇ ਦੋਗਾਣੇ ਗੀਤ ਰਿਕਾਰਡ ਕਰਵਾਏ ਜੋ ਸਦਾ ਬਹਾਰ ਹੋ ਕੇ ਰਹਿ ਗਏ:
ਜਦੋ ਦੀ ਤੂੰ ਹੋਗੀ ਸਾਧਣੀ ਪਊਏ ਰੱਖਦੀ ਘੁੰਗਰੂਆਂ ਵਾਲੇ,
ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ,
ੲਿਹ ਮੁੰਡਾ ਨਿਰਾ ਸ਼ਨੀਚਰ ਈ ਦਿਨ ਰਾਤ ਪਵਾੜੇ ਪਾਏਗਾ,
ਤੇਰੀ ਮਾਂ ਦੇ ਨੋਂ ਕੁੜੀਆਂ ਮੱਥਾ ਟੇਕਦੀ ਨੂੰ ਵੱਜ ਜਾਣ ਬਾਰਾਂ,
ਮਿੱਤਰਾਂ ਦਾ ਚੱਲਿਆ ਟਰੱਕ ਨੀ,
ਨਿਗ੍ਹਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ,
ਵੇ ਵਣਜਾਰਿਆ ਵੰਗਾ ਵਾਲਿਆ ਕਿੱਥੇ ਨੇ ਤੇਰੇ ਘਰ ਵੇ,
ਚੜ ਗਿਆ ਮਹੀਨਾ ਸਾਉਣ ਕੁੜੇ ਸੀਨੇ ਵਿੱਚ ਵੱਜ ਕੇ ਪੋਣ ਕੁੜੇ
ਸੁਰਿੰਦਰ ਕੌਰ ਨੇ ਅਣਗਿਣਤ ਦੋਗਾਣੇ ਗਾਉਣ ਦੇ ਨਾਲ ਨਾਲ ਬਹੁਤ ਸਾਰੇ ਧਾਰਮਿਕ ਗੀਤ ਵੀ ਗਏ:
ਸੂਲਾਂ ਤੇ ਸੌਂਹ ਗਿਆ ਆਣ ਕੇ
ਮਧਾਣੀਆ ! ਗੁਰੂ ਦਸਮੇਸ਼ ਦੀਆ ਗਈਆਂ ਲਹੂ ਨਾਲ ਲਿਖੀਆਂ ਕਹਾਣੀਆਂ
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਆਦਿ ਗੀਤ ਗਾਏ।
ਭਾਰਤ ਸਰਕਾਰ ਵਲੋ ਸਰਿੰਦਰ ਕੌਰ ਨੂੰ 1953 ਵਿੱਚ ਚੀਨ ਅਤੇ 1954 ਵਿੱਚ ਰੂਸ ਵਿਖੇ ਗਾਉਣ ਲਈ ਭੇਜਿਆ। ਇਸ ਤੋਂ ਬਿਨਾਂ ਸੁਰਿੰਦਰ ਕੌਰ ਦੀ ਗਾਇਕੀ ਤੋਂ ਪ੍ਰਭਾਵਿਤ ਵਿਦੇਸ਼ਾ ਵਿੱਚ ਬਹੁਤ ਸਰੋਤੇ ਬੈਠੇ ਹਨ ਉਹਨਾਂ ਦੇ ਸੱਦੇ ਤੇ ਕਨੇਡਾ, ਇੰਗਲੈਂਡ, ਅਮਰੀਕਾ, ਅਫਰੀਕਾ, ਯੂਰਪ, ਅਰਬ ਦੇਸ਼ ਅਤੇ ਹੋਰ ਵੀ ਕਈ  ਥਾਵਾਂ ਤੇ  ਜਾ ਕੇ ਗਾਉਣ  ਦਾ ਮੌਕਾ ਮਿਲਿਆ।
1975 ਵਿੱਚ ਸੁਰਿੰਦਰ ਕੌਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਜਦ ਉਸ ਦੇ ਪਤੀ ਦੀ ਮੌਤ ਹੋ ਗਈ। ਸੁਰਿੰਦਰ ਕੌਰ ਨੇ ਜਿੰਦਗੀ ਦੇ ਅਖੀਰਲੇ ਸਮੇ ਵਿੱਚ ਮਨ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਮੈਂ ਸਾਰੀ ਉਮਰ ਪੰਜਾਬੀ ਮਾਂ ਬੋਲੀ ਲਈ ਗਾਇਆ ਮੇਰੀ ਮਨ ਦੀ ਇਛਾ ਹੈ ਮੈ ਆਪਣੇ ਸੁਵਾਸ ਵੀ ਪੰਜਾਬ ਦੀ ਧਰਤੀ ‘ਤੇ ਦੇਵਾਂ। ਸੁਰਿੰਦਰ ਕੌਰ ਦੀ ਵੱਡੀ ਧੀ ਡੌਲੀ ਗੁਲੇਰੀਆ ਵੀ ਗਾਇਕੀ ਦੇ ਖੇਤਰ ਵਿੱਚ ਵਧੀਆ ਮੁਕਾਮ ਹਾਸਲ ਕਰ ਚੁੱਕੀ ਹੈ। ਸੁਰਿੰਦਰ ਕੌਰ 2004 ਵਿੱਚ ਪੰਚਕੂਲੇ ਆ ਕੇ ਡੌਲੀ ਗੁਲੇਰੀਆ ਦੇ ਮਕਾਨ ਕੋਲ ਕਿਰਾਏ  ਤੇ ਮਕਾਨ ਲੈ ਕੇ ਰਹਿਣ ਲੱਗ ਪਈ ਨਾਲ ਹੀ ਜੀਰਕਪੁਰ ਆਪਣੀ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ।
ਸੁਰਿੰਦਰ ਕੌਰ ਨੂੰ  ਸਰਕਾਰੀ ਸਟੇਜਾਂ ਤੇ ਗਾਉਣ ਦਾ ਮੌਕਾ ਮਿਲਦਾ ਸੀ ਕਈ ਵਾਰ ਉਹ ਸਟੇਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੁੰਦੀ ਸੀ। ਮੁੱਖ ਮੰਤਰੀ ਜੀ ਨੇ ਸਟੇਜ ਤੇ ਕਹਿਣਾ ਇਸ ਬੀਬੀ ਨੇ ਸਾਰੀ ਉਮਰ ਪੰਜਾਬ ਲਈ ਬਹੁਤ ਗਾਇਆ ਹੁਣ ਸਾਡਾ ਫਰਜ਼ ਬਣਦਾ ਹੈ ਇਸ ਬੀਬੀ ਲਈ ਵਧੀਆ ਰਿਹਾਇਸ਼  ਬੰਗਲਾ ਅਤੇ ਪੈਨਸਨ ਲਗਾ ਦਿੱਤੀ ਜਾਵੇ। ਇਹ ਗੱਲ ਸੁਰਿੰਦਰ ਕੌਰ ਸੁਣ ਸੁਣ ਕੇ ਅੱਕ ਚੁੱਕੀ ਸੀ ਇੱਕ ਦਿਨ ਭਾਵੁਕ ਹੋ ਕੇ ਸਟੇਜ ਤੇ ਬੋਲ ਪਈ ਕਹਿੰਦੀ ਇਹ ਕੁਝ ਦੇਣਾ ਕਦੋ ਹੈ ਜਦ ਮੈਂ ਮਰ ਗਈ ਪਰ ਪੰਜਾਬ ਸਰਕਾਰ ਨੇ ਸੁਰਿੰਦਰ ਕੌਰ ਨੂੰ ਲਾਰੇ ਲਪਿਆਂ ਤੋਂ ਬਿਨਾ ਕੁੱਝ ਨਾਂ ਦਿੱਤਾ।
22 ਦਸੰਬਰ 2005 ਵਿੱਚ ਉਸ ਨੂੰ ਹਾਰਟ ਅਟੈਕ ਆ ਗਿਆ ਪੰਚਕੂਲੇ ਜਨਰਲ ਹਸਪਤਾਲ ਵਿੱਚ ਉਸ ਦਾ ਇਲਾਜ ਕਰਵਾਇਆ। ਸੁਰਿੰਦਰ ਕੌਰ ਬਾਨੀ ਨਾਈਟਿੰਗ ਮਿਊਜ਼ਿਕ ਅਕੈਡਮੀ ਦੀ ਚੇਅਰਪਰਸਨ ਸੀ ਸੁਰਿੰਦਰ ਕੌਰ ਨੇ 2000 ਤੋਂ ਵੱਧ ਗੀਤ ਗਾਏ। 1984 ਵਿੱਚ ਸੁਰਿੰਦਰ ਕੌਰ ਨੂੰ ਲੋਕ ਗਾਇਕੀ ਕਰਕੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨਿਤ ਕੀਤਾ। ਇੰਡੀਆ ਨੈਸ਼ਨਲ ਅਕੈਡਮੀ ਮਿਊਜ਼ਿਕ ਡਾਂਸ ਐਂਡ ਥਾਏਟਰ ਮਿਲੇਨੀਅਮ ਅਵਾਰਡ ਮਿਲਿਆ।   ਜਨਵਰੀ 2006 ਵਿੱਚ ਹਰਿਆਣਾ ਸਰਕਾਰ ਦੀ ਸਿਫਾਰਸ਼ ਤੇ ਭਾਰਤ ਦੇ ਰਸ਼ਟਰਪਤੀ ਅਬਦੁੱਲ ਕਲਾਮ ਨੇ ਜੈ ਸ੍ਰੀ ਐਵਾਰਡ  ਦਿੱਤਾ ਸੁਰਿੰਦਰ ਕੌਰ ਨੂੰ ਐਵਾਰਡ ਪ੍ਰਾਪਤ ਕਰਵਾਉਣ ਉਸ ਦੀਆਂ ਦੋ ਛੋਟੀਆਂ ਧੀਆਂ ਨੰਦਿਨੀ ਅਤੇ ਪ੍ਮੋਦਨੀ ਜੋ ਅਮਰੀਕਾ ਰਹਿ ਰਹੀਆਂ ਹਨ ਉਹ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਈਆਂ।
ਮੂਹਰੇ ਗਰਮੀ ਦੀ ਰੁੱਤ ਆਉਂਦੀ  ਕਰਕੇ ਅਤੇ ਸੁਰਿੰਦਰ ਕੌਰ ਦੀ ਤਬੀਅਤ ਬਹੁਤੀ ਠੀਕ ਨਾਂ ਹੋਣ ਕਰਕੇ ਇਸ ਦੀਆਂ ਬੇਟੀਆਂ ਇਸ ਨੂੰ ਨਾਲ ਅਮਰੀਕਾ ਲੈ ਗਈਆਂ ਪਰ ਜ਼ਹਾਜ਼ ਦੇ ਸਫ਼ਰ ਦੋਰਾਨ ਜ਼ਹਾਜ਼ ਵਿੱਚ ਠੰਡ  ਜਿਆਦਾ ਹੋਣ ਕਰਕੇ ਸੁਰਿੰਦਰ ਕੌਰ ਨੂੰ ਨਿਮੋਨੀਆਂ ਹੋ ਗਿਆ ਇਸ ਕਰਕੇ ਉਥੇ ਜਾਣ ਸਾਰ ਹੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਕੁਝ ਸਮਾਂ ਹਸਪਤਾਲ ਦਾਖਲ ਰਹਿਣ ਤੋਂ ਬਾਅਦ 15 ਜੂਨ 2006 ਨੂੰ ਲੱਖਾਂ ਚਹੁੰਣ ਵਾਲੇ ਸਰੋਤਿਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਈ। ਸੁਰਿੰਦਰ ਕੌਰ ਦਾ ਅੰਤਮ ਸਸਕਾਰ ਵੀ ਉਥੇ ਹੀ ਨਿਊ ਜਰਸੀ ਵਿੱਚ ਕਰ ਦਿੱਤਾ ਗਿਆ।
ਭਾਰਤ ਦੇ ਸਾਬਕਾਂ ਪ੍ਧਾਨ ਮੰਤਰੀ ਮਨਮੋਹਣ ਸਿੰਘ ਨੇ ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ ਉਸ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin