Poetry Geet Gazal

ਤਰਲੋਚਨ ਸਿੰਘ ‘ਦੁਪਾਲ ਪੁਰ’, ਅਮਰੀਕਾ

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਅਸਤੀਫਾ ਬਨਾਮ ਜੁਰ੍ਹਤ

ਕਰ’ਤੀ ਦੇਰ ਅਸਤੀਫੇ ਤੱਕ ਪਹੁੰਚਦੇ ਨੇ

ਸਮਾਂ ਲਿਆ ਗੁਲਾਮੀ ਵਿਚ ਗਾਲ਼ ਮੀਆਂ।

ਆਖਾ ਮੰਨਿਆਂ ‘ਤਖਤ’ ਅਣਡਿੱਠ ਕਰਕੇ

ਕਹਿੰਦਾ ਰਿਹਾ ਜੋ ‘ਗੁਰੂ-ਘੰਟਾਲ਼’ ਮੀਆਂ।

ਚੋਣ ਲੜਨੀ ਸੀ ਕਾਹਤੋਂ ‘ਪ੍ਰਧਾਨਗੀ’ ਦੀ

ਜੇ ਕਰ ਮਾਰਨੀ ਏਦਾਂ ਸੀ ‘ਛਾਲ਼’ ਮੀਆਂ।

ਰਿਹਾ ‘ਬਾਦਲੀ-ਪ੍ਰੇਮ’ ਨਾ ਹੀ ਪੰਥ ਪੱਲੇ

ਲੈਣਾ ‘ਮਾਲਕਾਂ’ ਹੋਰ ਕੋਈ ਭਾਲ਼ ਮੀਆਂ।

ਥਾਂਹ ਅਸਤੀਫੇ ਦੀ ਜੁਰ੍ਹਤ ਨੂੰ ਵਰਤ ਲੈਂਦਾ

ਦਿੰਦਾ ਉਤਲਿਆਂ ਹੁਕਮਾਂ ਨੂੰ ਟਾਲ਼ ਮੀਆਂ।

‘ਤਾਲ਼ੋਂ ਖੁੰਝੀ’ ਕੋਈ ਡੂੰਮਣੀ ‘ਰਾਗ’ ਗਾਵੇ

ਉਸਨੂੰ ਕਹਿੰਦੇ ਨੇ ‘ਆਲ਼-ਪਤਾਲ਼’ ਮੀਆਂ !

———————00000———————

ਲੋਟਸ ਦਾ ਕੰਮ ਲੋਟ !

ਉਹ ‘ਆਮ’ ਨਹੀਂ ਰਹਿੰਦਾ ਫਿਰ ਖਾਸ ਹੁੰਦਾ

ਗੱਦੀ ਬਹਿੰਦਿਆਂ ਮਿਲਣ ਜਦ ਨੋਟ੍ਹ ਯਾਰੋ।

ਕੰਮ ਕੋਈ ਵੀ ਅੜਿਆ ਨਹੀਂ ਰਹਿ ਸਕਦਾ

‘ਸਾਮ-ਦਾਮ-ਦੰਡ-ਭੇਦ’ ਦੀ ‘ਓਟ’ ਯਾਰੋ।

‘ਲਾਠੀ’ ਜਿਹਦੇ ਹੱਥ ‘ਮੱਝ’ ਵੀ ਉਸੇ ਦੀ ਹੀ

ਰਾਜਨੀਤੀ ਵਿਚ ਵੱਡਾ ਇਹ ‘ਖੋਟ’ ਯਾਰੋ।

‘ਢੋਲ-ਢਮੱਕਾ’ ਸੁਣ ‘ਚੋਣ-ਪ੍ਰਚਾਰ’ ਵਾਲ਼ਾ

ਬੱਝੀ ਇੱਕੋ ਥਾਂਹ ਰਹਿੰਦੀ ਨਹੀਂ ਵੋਟ ਯਾਰੋ।

ਹਉਮੈਂ-ਆਕੜ ਨਾਲ਼ ਭਰੀ ‘ਇਮਾਨਦਾਰੀ’

ਲਾ ਗਈ ‘ਇੰਡੀਆ ਟੀਮ’ ਨੂੰ ਚੋਟ ਯਾਰੋ।

ਤਿੰਨ ਧਿਰਾਂ ਵਿਚ ਵੋਟਾਂ ਜਦ ਵੰਡ ਹੋਈਆਂ

ਕੰਮ ‘ਲੋਟਸ’ ਦਾ ਆ ਗਿਆ ‘ਲੋਟ’ ਯਾਰੋ।

———————00000———————

ਦਿੱਲੀ ਵਿਚ ਚਿੱਕੜ ?

‘ਆਪ’ ਹਾਈਕਮਾਂਡ ਨੇ ਹੁਕਮ ਕਰਿਆ

ਦਿੱਲੀ ਹਾਜ਼ਰ ‘ਪੰਜਾਬ ਸਰਕਾਰ’ ਹੋਵੇ।

ਪਿੱਛੇ ਅਮਨ-ਕਾਨੂੰਨ ਦਾ ‘ਫਿਕਰ’ ਛੱਡੋ

‘ਗਲ਼ੀ ਗਲ਼ੀ’ ਵਿਚ ਚੋਣ-ਪ੍ਰਚਾਰ ਹੋਵੇ।

‘ਸੁਪਨਾ’ ਅੱਖਾਂ ਵਿਚ ਕੇਂਦਰੀ ਹਾਕਮਾਂ ਦੇ

ਸੀ.ਐੱਮ ਇੱਥੇ ਵੀ ਫਰਮਾਂਬਰਦਾਰ ਹੋਵੇ।

ਨੱਕ ਹੇਠਾਂ ਹੀ ਰਾਜ ‘ਕੋਈ ਹੋਰ’ ਕਰਦਾ

ਐਸਾ ਸੈਂਟਰ ਨੂੰ ਕਿੱਦਾਂ ‘ਦਰਕਾਰ’ ਹੋਵੇ।

 ‘ਝਾੜੂ-ਪੰਜਾ’ ਜੋ ‘ਇੰਡੀਆ’ ਵਿਚ ਸਾਥੀ

ਪੱਬਾਂ ਭਾਰ ਨੇ ਆਪਸ ‘ਚ ਭਿੜਨ ਦੇ ਲਈ।

ਅੱਡੀ ਚੋਟੀ ਦਾ ਕਮਲ ਨੇ ਜੋਰ ਲਾਇਆ

ਚਿੱਕੜ ਲੋੜਦਾ ਦਿੱਲੀ ‘ਚ ਖਿੜਨ ਦੇ ਲਈ!

———————00000———————

ਪੱਚੀ ਲਈ ਦੁਆਵਾਂ ?

ਸੂਰਜ ਚੜ੍ਹੇ ਤੇ ਸ਼ਾਮ ਨੂੰ ਅਸਤ ਹੋ ਜਾਏ

ਆਦਿ ਕਾਲ ਤੋਂ ਏਦਾਂ ਹੀ ਹੋਈ ਜਾਂਦਾ।

ਦਿਨ ਹਫਤੇ ਤੇ ਮਾਹ ਫਿਰ ਸਾਲ ਬਣਦੇ

ਮਾੜੇ ਚੰਗੇ ਨੂੰ ਕਾਲ ਇਉਂ ਢੋਈ ਜਾਂਦਾ।

ਗਰਮੀਂ ਸਰਦੀ ਬਸੰਤ ਬਰਸਾਤ ਆਵਣ

ਨਵਾਂ ਜਨਮਦਾ ਪਹਿਲਾ ਏ ਮੋਈ ਜਾਂਦਾ।

ਉੱਨੀਂ ਇੱਕੀ ਦੇ ਫਰਕ ਨਾਲ ਸਾਲ ਗੁਜ਼ਰੇ

ਕੋਈ ‘ਪਾ ਲੈਂਦਾ’ ਏ ਤੇ ਕੋਈ ਖੋਈ ਜਾਂਦਾ।

ਜਿਵੇਂ ‘ਚੌਵੀ’ ਨੂੰ ਵੀ ‘ਹੈਪੀ’ ਕਿਹਾ ਈ ਸੀ

‘ਪੱਚੀ’ ਲਈ ‘ਦੁਆਵਾਂ’ ਵੀ ਕਰੀ ਜਾਉ।

ਲਿਖ ਕੇ ਰੰਗ ਬਰੰਗਿਆਂ ਅੱਖਰਾਂ ਵਿਚ

ਫੇਸ-ਬੁੱਕ ‘ਵਧਾਈਆਂ’ ਦੀ ਭਰੀ ਜਾਉ !

———————00000———————

ਬੁੱਕਲ਼ ਵਿਚ ਗੁੜ ?

ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ

ਨਿੱਤ ‘ਚੁਸਤ-ਚਲਾਕੀਆਂ’ ਕਰੀ ਜਾਂਦੇ।

ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ

ਚਮਚੇ ‘ਟੱਬਰ’ ਦੇ ਹਿਤ ਲਈ ਮਰੀ ਜਾਂਦੇ।

ਅੰਦਰਖਾਤੇ ਸਰਗਰਮ ਕਰ ‘ਜੁੰਡਲੀ’ ਨੂੰ

‘ਕਾਲ਼ੇ ਕਾਰੇ’ ਇਤਿਹਾਸ ਵਿਚ ਭਰੀ ਜਾਂਦੇ।

ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ

ਸੁਣਕੇ ਲਾਹਣਤਾਂ ‘ਢੀਠ ਬਣ’ ਜਰੀ ਜਾਂਦੇ।

ਜਿਸ ਦਿਨ ਲਹੇਗੀ ‘ਬਾਦਲੀ-ਵੇਲ’ ਉੱਤੋਂ

‘ਦਲ’ ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ।

‘ਸੋਸ਼ਲ ਮੀਡ੍ਹੀਏ’ ਵਾਲ਼ੇ ਇਸ ਦੌਰ ਅੰਦਰ

‘ਗੁੜ ਬੁੱਕਲ਼’ ਵਿਚ ਹੁਣ ਨਹੀਂ ਭੰਨ ਹੋਣਾ !

———————00000———————

ਬੌਣੀ ਸੋਚ-ਬੁਰੇ ਬੋਲ !

ਵੱਡੀ ਪਦਵੀ ‘ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ

ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।

ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ

ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।

ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ

ਹੋਣਗੇ ਇਹ ‘ਚੇਲੇ’ ਕਿਸੇ ਹੋਰ ਹੀ ਮਲੰਗ ਦੇ।

‘ਬੀਬੇ ਰਾਣੇ’ ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ

ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।

ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ

ਕਰਦੇ ‘ਡਰਾਮੇ’ ਪਾਪੀ ਉੱਥੇ ਵੀ ਨਾ ਸੰਗਦੇ।

ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ

‘ਜਾਣੇ ਅਣਜਾਣੇ’ ਕਹਿ ਕੇ ਫੇਰ ਮਾਫੀ ਮੰਗਦੇ।
———————00000———————

ਹੰਕਾਰਿਆ ਸੋ ਮਾਰਿਆ

‘ਤਖਤ ਸਾਹਿਬ’ ਵਿਖੇ ਹੁੰਦਾ ਲੋਕਾਂ ਦੇਖਿਆ ਜੋ

‘ਆਪਣੇ ਹਿਸਾਬ’ ਹੀ ਸੁਣਾਉਂਦੇ ਸਾਰੇ ਵਾਰਤਾ।

‘ਵੱਖਰੇ ਤਪਾਉਣੇ ਚੁੱਲ੍ਹੇ’ ਕਹਿ ਕੇ ਬੰਦ ਕਰੋ ਸਾਰੇ

ਬਾਗੀ-ਦਾਗੀਆਂ ‘ਚ ਹੈ ਕਰਾਈ ਇਕਸਾਰਤਾ।

ਹਾਈ-ਪ੍ਰੋਫਾਈਲ ਕਹਿੰਦੇ ਚੜ੍ਹੀ ਐ ਪਲੈਨ ਸਿਰੇ

ਲਾਠੀ ਵੀ ਬਚਾ ਲਈ ਨਾਲ਼ੇ ਸੱਪ ਵੀ ਏ ਮਾਰਤਾ।

ਸੋਚਦੇ ਕਈ ਵਲਟੋਹੇ ਵਾਂਗੂੰ ‘ਦੋਸ਼ੀ’ ਮਾਂਜਣਾ ਸੀ

ਕੌਮ-ਘਾਤੀ ਤਾਈਂ ‘ਸੌਖੀ ਸਜ਼ਾ’ ਦੇ ਕੇ ਸਾਰ’ਤਾ।

ਕਲਾ ਵਰਤਾਈ ਸਤਿਗੁਰੂ ਜੀ ਨੇ ਬਹੁਤੇ ਕਹਿੰਦੇ

ਪੰਥਕ ਧਿਰਾਂ ਨੂੰ ਚੰਗੀ ਲੱਗੀ ਨਹੀਂ ‘ਉਦਾਰਤਾ’।

ਵੱਡੀ ਇਹ ‘ਪ੍ਰਾਪਤੀ’ ਕਿ ਦੋਸ਼ੀ ਨੇ ਗੁਨਾਹ ਕੀਤੇ

ਕਰਕੇ ਕਬੂਲ ‘ਹਾਂ ਜੀ-ਹਾਂ ਜੀ’ ਹੀ ਉਚਾਰਤਾ !
———————00000———————

ਕੌਣ ਬਣੇਗਾ ਸ਼ੇਰ ?

ਟਿਕਟਾਂ ਲਈ ਟਪੂਸੀਆਂ ਮਾਰ ਲਈਆਂ

ਦਲ ਬਦਲਣ ਨੂੰ ਲਾਈ ਨਾ ਦੇਰ ਮੀਆਂ।

ਮਾਲਕ ਰਿਹਾ ਪੰਜਾਬ ਦਾ ‘ਦਲ’ ਜਿਹੜਾ

ਚੌਂਹ ਹੀ ਸੀਟਾਂ ਤੋਂ ਮੂੰਹ ਗਿਆ ਫੇਰ ਮੀਆਂ।

ਚੱਟੇ-ਵੱਟੇ ਇਕ ਥੈਲੀ ਦੇ’ ਕਹਿਣ ਲੋਕੀ

ਐਵੇਂ ਰਹੇ ‘ਇਕ-ਦੂਜੇ’ ਨੂੰ ‘ਘੇਰ’ ਮੀਆਂ।

ਖਰੇ ਲੋਕਾਂ ਦੀ ਪਰਖ ਵਿਚ ਉਤਰਦੇ ਨਹੀਂ

ਕੁਰਸੀ ਲਈ ਜਤਾਉਂਦੇ ਨੇ ‘ਮੇਰ’ ਮੀਆਂ।

ਚਾਰੇ ਸੀਟਾਂ ‘ਤੇ ‘ਚੋਣ-ਬੁਖਾਰ’ ਚੜ੍ਹਿਆ

ਕਹਿੰਦੇ ‘ਇਕ’ ਨੂੰ ਟੀਸੀ ਦਾ ਬੇਰ ਮੀਆਂ।

‘ਪੰਜੇ ਕਮਲ ਤੇ ਝਾੜੂ’ ਨੇ ਟਿੱਲ ਲਾਇਆ

ਗਿੱਦੜਬਾਹੇ ਤੋਂ ਬਣਨ ਲਈ ‘ਸ਼ੇਰ’ ਮੀਆਂ!

———————00000———————

 ਤਨਖਾਹੀਏ ਦੇ ਸਿਪਾਹੀ

ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ

ਸਾਡੇ ਬਾਰੇ ਕੋਈ ਭਰਮ ਨਾ ਪਾਲ਼ਿਉ ਜੀ।

ਆਪਾਂ ‘ਮਾਲਕ’ ਦੇ ਬੱਧੇ ਗੁਲਾਮ ਹਾਂ ਜੀ

ਕੋਈ ਅਜ਼ਾਦੀ ਦਾ ਕੰਮ ਨਾ ਭਾਲ਼ਿਉ ਜੀ।

ਕੌਮੀ ਗ਼ੈਰਤ ਜਾਂ ਅਣਖੀ ਇਤਹਾਸ ਵਾਲ਼ੇ

‘ਟੀਕੇ’ ਲਾਉਣ ਦੇ ਜ਼ਫਰ ਨਾ ਜਾਲ਼ਿਉ ਜੀ।

ਪਾਇਉ ‘ਪੰਥਕ ਅਵਾਜ਼ਾਂ’ ਨਾ ਕੰਨ ਸਾਡੇ

ਨੀਂਦ ਗਫਲਤ ‘ਚੋਂ ਸੁੱਤੇ ਨਾ ‘ਠਾਲ਼ਿਉ ਜੀ।

ਭਾਈ ਲਾਲੋਆਂ ਨਾਲ਼ ਨਹੀਂ ਤੁਰਨ ਦਿੰਦਾ

ਮਲਿਕ ਭਾਗੋ ਦੀਆਂ ਖਾਣੀਆਂ ਵੈਲ ਸਾਡਾ।

ਉਹ ਅਕਾਲੀ ਨਹੀਂ ‘ਕਾਲੀ’ ਹੀ ਜਾਣੀਏਂ ਜੀ

ਜੋ ਤਨਖਾਹੀਏ ਨੂੰ ਕਹਿਣ ‘ਜਰਨੈਲ’ ਸਾਡਾ!

———————00000———————

ਵਿਰਸਾ ਸਿੰਘ ਬਨਾਮ ਵਿਰਸਾ !

ਆਉਂਦੀ ਸ਼ਰਮ ਸੀ ਲੋਕਾਂ ਤੋਂ ਸੁਣਦਿਆਂ ਨੂੰ

‘ਜਥੇਦਾਰ ਜੀ’ ਹੈ ਨੀ ਹੁਣ ‘ਜੁਰ੍ਹਤ’ ਕਰਦੇ।

ਜਦੋਂ ‘ਅੰਦਰਲਾ ਸੱਚ’ ਸੀ ਬਾਹਰ ਆਉਂਦਾ

ਕਹਿੰਦੇ ‘ਉੱਤਲੇ’ ਓਹੀ ਸਨ ‘ਤੁਰਤ’ ਕਰਦੇ।

ਬਣ ਕੇ ਰਹਿੰਦੇ ਸਨ ਵਾਂਗ ‘ਮੁਲਾਜ਼ਮਾਂ’ ਦੇ

ਮੀਰੀ-ਪੀਰੀ ਵੱਲ ਨਹੀਂ ਸੀ ਸੁਰਤ ਕਰਦੇ।

ਸਾਜੇ ਗੁਰੂ ਦੇ ਤਖਤ ‘ਤੇ ਬਹਿੰਦਿਆਂ ਵੀ

ਅਜ਼ਮਤ ਓਸਦੀ ਨਾਲ਼ ਸਨ ਦੁਰਤ ਕਰਦੇ।

‘ਫੂਲਾ ਸਿੰਘ ਅਕਾਲੀ’ ਦੇ ਰਾਹ ਪੈ ਗਏ

ਵਿਚ ਇਤਹਾਸ ਦੇ ਨਾਮ ਲਿਖਾਇ ਦਿੱਤਾ।

ਸਿੰਘ ਸਾਹਿਬ ਜਦ ਵਿਰਸੇ ਦੇ ਬਣੇ ਵਾਰਸ

ਵਿਰਸਾ ਸਿੰਘ ਨੂੰ ‘ਵਿਰਸਾ’ ਦਿਖਾਇ ਦਿੱਤਾ!

———————00000———————

ਈਵੀਐੱਮ ਦੀ ਗਣਿਤ

ਗੱਲ ਨਹੀਂ ਐਂ ਹਫਤੇ ਮਹੀਨਿਆਂ ਦੀ

‘ਜੱਗੋਂ ਤੇਰ੍ਹਵੀਂ’ ਦੇਸ ਵਿਚ ਨਿੱਤ ਹੋਵੇ।

ਪਾਣੀ ਪੀ ਪੀ ਕੇ ਕੋਸਿਆ ਹੋਏ ਜਿਹਨੂੰ

ਜਿੱਤਣ ਸਾਰ ਫਿਰ ਉਸੇ ਦਾ ਮਿੱਤ ਹੋਵੇ।

ਆਖੀ ਲੀਡਰ ਦੀ ਮੰਨੀਏਂ ਸਹੀ ਕਿੱਦਾਂ

ਕਿਹੜੀ ਸੱਚ ਤੇ ਕਿਹੜੀ ‘ਕਥਿੱਤ’ ਹੋਵੇ।

ਹਾਕਮ ਕਹਿੰਦੇ ਨੇ ‘ਸੱਤਯ ਮੇਵ ਜਯਤੇ’

ਅਮਲੀ ਤੌਰ ‘ਤੇ ਕੁਫਰ ਦੀ ਜਿੱਤ ਹੋਵੇ।

ਜਿੱਤਣ ਲਈ ‘ਸਕੀਮ’ ਨੂੰ ਵਰਤ ਲੈਂਦੇ

ਜਿਹੜੀ ਲੋਕਾਂ ਦੇ ਯਾਦ ਨਾ ਚਿੱਤ ਹੋਵੇ।

ਉਹ ਫਿਰ ‘ਜਿੱਤਦੇ ਜਿੱਤਦੇ’ ਹਾਰ ਜਾਂਦੇ

‘ਈਵੀਐੱਮ’ ਦੀ ‘ਗੁੱਝੀ’ ਗਣਿਤ ਹੋਵੇ !

———————00000———————

  ਛੱਜ ਸ਼ਰਮਿੰਦਾ ਹੋਵੇ !

ਨੇਕੀ ਨਹੀਂ ‘ਏਜੰਡੇ’ ਵਿਚ ਹਾਕਮਾਂ ਦੇ

ਜਨਤਾ ਫੇਰ ਵੀ ਭਲਾ ਹੀ ਟੋਲ਼੍ਹਦੀ ਐ।

ਚੋਰ-ਮੋਰੀਆਂ ਵਰਤ ਕਾਨੂੰਨ ਦੀਆਂ

ਬੇਇਨਸਾਫੀ ਦੀ ਤੱਕੜੀ ਤੋਲਦੀ ਐ।

ਪੱਤਰਕਾਰੀ ਏ ਗੋਦੀ ਵਿਚ ਚੜ੍ਹੀ ਹੋਈ

ਪੋਲ ਵਿਰਲੀ ਹੀ ‘ਢੋਲ’ ਦੇ ਖੋਲ੍ਹਦੀ ਐ।

ਫਿਰਕਾਪ੍ਰਸਤੀ ਦਾ ਦੇਖ ਕੇ ਬੋਲ ਬਾਲਾ

ਲੋਕ-ਰਾਜ ਦੀ ‘ਆਤਮਾ’ ਡੋਲਦੀ ਐ।

ਗੱਦੀ ਬੈਠ ਕੇ ਸਾਰੇ ਹੀ ‘ਬਦਲ’ ਜਾਂਦੇ

ਹਰ ਪਾਰਟੀ ਕੜ੍ਹੀ ਇਹ ‘ਘੋਲ਼ਦੀ’ ਐ।

ਸੁਣ ਸੁਣ ਛੱਜ ਵਿਚਾਰਾ ਵੀ ਸੰਗ ਜਾਂਦਾ

ਚਪੜ ਚਪੜ ਜਦ ਛਾਨਣੀ ਬੋਲਦੀ ਐ !

  ———————00000———————

ਵਿਆਹ ’ਚ ਬੀ ਦਾ ਲੇਖਾ ?

ਪੈਂਦੀ ਹੋਵੇ ‘ਗੜਗੱਜ’ ਮਨਮਰਜੀਆਂ ਦੀ

ਉਦੋਂ ਵਿਰਸੇ ਦਾ ‘ਡੌਰੂ’ ਖੜਕਾਈ ਦਾ ਨਹੀਂ।

‘ਧਨੀਂ ਅਕਲ’ ਦਾ ਸਾਰਾ ਜਹਾਨ ਹੋਇਆ

ਮੱਤਾਂ ਦੇਣ ਲਈ ਸਿਰ ਖਪਾਈ ਦਾ ਨਹੀਂ।

ਢਕੀ ਰਿੱਝਦੀ ਕਿਸੇ ਨੇ ਰਿੰਨ੍ਹ ਲਈ ਜੇ

‘ਤੁੜਕਾ’ ਹੋਰ ਫਿਰ ਓਸ ਨੂੰ ਲਾਈ ਦਾ ਨਹੀਂ।

ਖਾਊ ‘ਅੱਗ’ ਜੋ ਉਹੀ ਅੰਗਿਆਰ ਹੱਗੂ

ਐਂਵੇਂ ਆਪਣਾ ਆਪ ਸੜਾਈ ਦਾ ਨਹੀਂ।

ਵੇਲੇ ਸਿਰ ‘ਨਮਾਜ’ ਹੀ ਪੜ੍ਹੀ ਸੋਂਹਦੀ

ਮਗਰੋਂ ਰਾਗ ‘ਕੁਵੇਲੇ ਦਾ’ ਗਾਈ ਦਾ ਨਹੀਂ।

ਹੁੰਦੇ ਵਿਆਹ ‘ਬੀ-ਲੇਖੇ’ ਦੇ ਦੇਖ ਲਈਏ

‘ਬੀ ਦਾ ਲੇਖਾ’ ਵਿਆਹਾਂ ਵਿੱਚ ਪਾਈ ਦਾ ਨਹੀਂ !

  ———————00000———————

ਰਾਜ ਕਿਨ੍ਹਾਂ ਦਾ ਐ ?

‘ਤੂਤੀ’ ਬੋਲਦੀ ਸੁਣੇ ਸੰਵਿਧਾਨ ਦੀ ਨਾ

ਰੌਲ਼ਾ ‘ਸਿਆਸਤੀ ਢੋਲ’ ਦੇ ਡੱਗਿਆਂ ਦਾ।

ਮੋਹਰੇ ਕੇਂਦਰ ਦੇ ‘ਰਾਜ’ ਬੇਬੱਸ ਹੋ ਕੇ

ਮੂੰਹ ਕਰ ਲੈਂਦੇ ਜਿਸ ਤਰਾਂ ਠੱਗਿਆਂ ਦਾ।

ਸੀ.ਐੱਮ ਕਰ ਨਹੀਂ ਸਕਦਾ ਵਾਲ਼ ਵਿੰਗਾ

ਨਾਲ਼ ‘ਵੱਡੀ ਸਰਕਾਰ’ ਦੇ ਲੱਗਿਆਂ ਦਾ।

ਚੌਂਹ ਕੁ ਦਿਨਾਂ ਲਈ ਹੋਣ ਮਸ਼ਹੂਰ ਚਮਚੇ

ਨਾਮ ਰਹਿੰਦਾ ਏ ‘ਦੁੱਲਿਆਂ ਜੱਗਿਆਂ’ ਦਾ।

ਬਦਲੇ ਅਰਥ ਕਹਾਵਤ ਦੇ ਹੋਣ ਲੱਗਾ

ਕਹੇ ਕਾਵਾਂ ਦੇ ਅੰਤ ਹੁਣ ‘ਢੱਗਿਆਂ’ ਦਾ।

ਰਾਜ ਲੋਕਾਂ ਦਾ ਕਹਿਣ ਨੂੰ ਦੇਸ ਅੰਦਰ

ਰਾਜ ਅਸਲ ਵਿੱਚ ਭਗਵਿਆਂ ਬੱਗਿਆਂ ਦਾ!

———————00000———————

ਬਚੋ ਡੱਬੂਆਂ ਤੋਂ 

ਵਿਗੜੇ ਹੋਏ ਭੜਕਾ ਕੇ ਹੋਰਨਾਂ ਨੂੰ

ਪੁੱਠੇ ਰਾਹੇ ਪਾ ਆਪ ਵੀ ਫੱਸਦੇ ਨੇ।

ਲਾਉਂਦੇ ਮੂੰਹ ਨਾ ਉਨ੍ਹਾਂ ਨੂੰ ਆਪਣੇ ਵੀ

ਖੁਦ ਨੂੰ ‘ਚੌਧਰੀ’ ਧਰਮ ਦੇ ਦੱਸਦੇ ਨੇ।

ਬੋਲਣ ਲੱਗਿਆਂ ਕੱਢਦੇ ਜ਼ਹਿਰ ਮੂੰਹੋਂ

ਵਾਂਗੂੰ ਨਾਗ ਦੇ ਕਈਆਂ ਨੂੰ ਡੱਸਦੇ ਨੇ।

ਸ਼ਹਿ ਹੁੰਦੀ ਸਰਕਾਰ ਜਾਂ ‘ਮਾਲਕਾਂ’ ਦੀ

ਮਾਰ-ਧਾੜ ਤੇ ਯਾਰ ਘੜਮੱਸ ਦੇ ਨੇ।

ਵਸਦੇ ਰਸਦਿਆਂ ਘਰਾਂ ਵਿੱਚ ਵੈਣ ਪੈਂਦੇ

ਸੁਣ ਕਲਜੋਗਣਾ ਵਾਂਗ ਉਹ ਹੱਸਦੇ ਨੇ।

ਭਾਂਬੜ ਬਾਲ਼ ਕੇ ਗਲ਼ੀ ਮੁਹੱਲਿਆਂ ਵਿਚ

‘ਡੱਬੂ’ ਫੇਰ ਨਿਆਈਆਂ ਨੂੰ ਨੱਸਦੇ ਨੇ !

———————00000———————

ਫੇਸ-ਬੁੱਕ ਤੇ ਫੀਲਡ ਦਾ ਫਰਕ

ਆਪਣੀ ਹੀ ਪੋਸਟ ਨੂੰ ਮੰਨਕੇ ਅਖੀਰੀ ਸੱਚ

ਖੁੰਬ ਠੱਪ ਦਿੰਦੇ ਐ ਸਿਆਣੇ ਕਿਸੇ ਯਾਰ ਦੀ।

ਹੋਰਨਾਂ ਦੀ ਸੌ ਵੀ ਸੁਨਿਆਰ ਵਾਲ਼ੀ ਜਾਪਦੀ

ਆਪੇ ਲਿਖੀ ਇੱਕ ਨੂੰ ਵੀ ਦੱਸਦੇ ਲੁਹਾਰ ਦੀ।

ਦੇਖ ਕੇ ਅਸਹਿਮਤੀ ਨੂੰ ਲੋਹੇ ਲਾਖੇ ਝੱਟ ਹੁੰਦੇ

ਫੀਤ੍ਹੀ ਜੜ ਦਿੰਦੇ ਐ ਜੀ ਭਗਤ-ਗੱਦਾਰ ਦੀ।

ਭਾਵਨਾਂ ਲਿਖਤ ਵਿੱਚੋਂ ਸਾਫ ਹੀ ਨਜ਼ਰ ਆਵੇ

ਦਿਲ ਵਿੱਚ ਭਰੀ ਪਈ ਖਾਰ ਜਾਂ ਪਿਆਰ ਦੀ।

ਸਿੰਗ ਹੀ ਫਸਾ ਲੈਂਦੇ ਨੇ ਬਹੁਤੇ ਏਸ ਮੰਚ ਉੱਤੇ

ਮਿਹਣੇ ਮਾਰਦੇ ਨੇ ਗੱਲ ਛੱਡ ਕੇ ਵਿਚਾਰ ਦੀ।

ਫੀਲਡ ਦੇ ਵਿੱਚ ਤਾਂ ਹਾਲਾਤ ਹੁੰਦੇ ਆਮ ਜਿਹੇ

ਫੇਸ-ਬੁੱਕ ਰਹਿੰਦੀ ਏ ਉਬਾਲ਼ੇ ਸਦਾ ਮਾਰਦੀ !

———————00000———————

ਨਵਿਆਂ ਦਾ ਇਮਤਹਾਨ

ਰੱਖਿਆ ਕਰਨਗੇ ਰੱਖੀਏ ਆਸ ਯਾਰੋ

ਭ੍ਰਿਸ਼ਟਾਚਾਰ ਦੇ ਵਾਢੂ ਜਿਹੇ ਦੰਦਿਆਂ ਤੋਂ।

ਨਾਲ ਜੁੜਨਗੇ ਆਪਣੇ ‘ਆਪ’ ਲੋਕੀ

ਜੇ ਬਚਾਉਣਗੇ ਰਿਸ਼ਵਤ ਦੇ ਫੰਧਿਆਂ ਤੋਂ।

ਮੁਕਤ ਹੋਣ ਲਈ ਲੱਗਣਾ ਟਾਈਮ ਹਾਲੇ

ਪਾਏ ‘ਸਿਸਟਮ’ ਦੇ ਪੂਰਨੇ ਗੰਦਿਆਂ ਤੋਂ।

ਆਉਣੀ ਹੋਰ ‘ਗਰਾਂਟ’ ਨਾ ਕਿਤੋਂ ਕੋਈ

ਬਿਨਾਂ ਰਾਜ ਸਰਕਾਰ ਦੇ ‘ਚੰਦਿਆਂ’ ਤੋਂ।

ਅਫਸਰ ਕਿੱਥੋਂ ਲਿਆਉਣਗੇ ‘ਦੁੱਧ-ਧੋਤੇ’

ਰਹਿਤ ਹੋਣ ਬਦਨਾਮੀ ਦੇ ‘ਧੰਦਿਆਂ’ ਤੋਂ।

ਜੁਗਤੀ ਨਾਲ਼ ਕਰਵਾਉਣੇ ਨੇ ਕੰਮ ਪੈਣੇ

ਮਾਲਕ ਦਫਤਰਾਂ ਦੇ ‘ਅਤੁਲ ਨੰਦਿਆਂ’ ਤੋਂ!

  ———————00000———————

Related posts

ਰਾਜਪਾਲ ਕੌਰ ‘ਭਰੀ’

admin

ਚੇਤਨ ਬਿਰਧਨੋ

admin

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin