ਵੀਰਵਾਰ 8 ਸਤੰਬਰ 2022 ਦੇ ਦਿਨ ਬ੍ਰਤਾਨੀਆਂ ਦੀ ਮਹਾਂਰਾਣੀ ਦੂਜੀ ਨੇ ਆਪਣੇ ਲੰਮੇਰੇ ਜੀਵਨ ਦਾ ਆਖਰੀ ਸਾਹ ਲਿਆ ਅਤੇ ਜਦੋਂ ਇਸ ਖਬਰ ਨੂੰ ਜਨਤਕ ਕੀਤਾ ਗਿਆ ਤਾਂ ਇਸ ਨਾਲ ਬਰਤਾਨੀਆਂ ਅਤੇ ਬਰਤਾਨੀਆਂ ਨਾਲ ਸਬੰਧਤ ਜਗਤ ਵਿਚ ਸਨਸਨੀ ਛਾ ਗਈ। ਉਸ ਦਿਨ ਨਾ ਕੇਵਲ ਪ੍ਰੀਜ਼ੈਂਟਰਾਂ ਨੇ ਹੀ ਕਾਲੇ ਕੱਪੜੇ ਪਾ ਲਏ ਸਗੋਂ ਸਟੂਡੀਓ ਵੀ ਸਿਆਹ ਰੰਗੇ ਕਰ ਦਿੱਤੇ ਗਏ। ਮਲਿਕਾ ਦੇ ਮਹਿਲਾਂ ਤੇ ਯੂਨੀਅਨ ਜੈਕ ਨੂੰ ਨੀਵਾਂ ਕਰ ਦਿੱਤਾ ਗਿਆ ਅਤੇ ਇਹ ਸ਼ੋਕ ਸਮਾਚਾਰ ਸੁਣਦੇ ਸਾਰ ਹੀ ਲੋਕਾਂ ਦੀ ਭੀੜ ਬਕਿੰਗਮ ਮਹਿਲਾਂ ਦੇ ਸਾਹਮਣੇ ਇਕੱਠੀ ਹੋਣੀ ਸ਼ੁਰੂ ਹੋ ਗਈ। ਬੀ ਬੀ ਸੀ ਨੇ ਤਤਕਾਲ ਆਪਣੇ ਸਾਰੇ ਪ੍ਰੋਗ੍ਰਾਮ ਰੋਕ ਕੇ ਮਹਾਰਾਣੀ ਦੇ ਜੀਵਨ ਦੀ ਕਵਰੇਜ ਸ਼ੁਰੂ ਕਰ ਦਿੱਤੀ। ਆਪਣੇ ਜੀਵਨ ਦਾ ਆਖਰੀ ਸਾਹ ਲੈਣ ਸਮੇ ਮਹਾਂਰਾਣੀ ਸਕੌਟਲੈਂਡ ਵਿਖੇ ਸਨ ਜਿਥੇ ਕਿ ਉਹਨਾ ਨੇ ਬਰਤਾਨੀਆਂ ਦੀ ਤਤਕਾਲੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨਾਲ ਮਿਲਣੀ ਕੀਤੀ ਸੀ।
ਮਹਾਰਾਣੀ ਦਾ ਸੰਖੇਪ ਇਤਹਾਸ
ਮਲਕਾ ਅਲਿਜ਼ਬੈਥ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਵਿਚ ਹੋਇਆ। ਉਸ ਦਾ ਪਿਤਾ ਡਿਊਕ ਆਫ ਯੋਰਕ ਜੌਰਜ ਪੰਜਵੇਂ ਦਾ ਦੂਜਾ ਪੁੱਤਰ ਸੀ। ਬਚਪਨ ਤੋਂ ਹੀ ਅਲਿਜ਼ਬੈੱਥ ਖਾਸ ਗੁਣਾ ਦੀ ਧਾਰਨੀ ਸੀ। ਉਸ ਨੇ ਕਈ ਭਾਸ਼ਾਵਾਂ ਦਾ ਗਿਆਨ ਵੀ ਪ੍ਰਾਪਤ ਕੀਤਾ ਸੀ। ਸਾਲ 1936 ਵਿਚ ਜੌਰਜ ਪੰਜਵੇਂ ਦੀ ਮੌਤ ਮਗਰੋਂ ਵੱਡੇ ਪੁੱਤਰ ਡੇਵਿਡ ਐਡਵਰਡ ਨੇ ਗੱਦੀ ਸੰਭਾਲੀ ਪਰ ਉਸ ਨੂੰ ਤਖਤ ਛੇਤੀ ਹੀ ਛੱਡਣਾ ਪਿਆ ਕਿਓਂਕਿ ਉਸ ਨੇ ਜਿਸ ਅਮਰੀਕਨ ਔਰਤ ਨਾਲ ਵਿਆਹ ਕੀਤਾ ਉਸ ਦਾ ਪਹਿਲਾਂ ਦੋ ਵਾਰ ਤਲਾਕ ਹੋ ਚੁੱਕਾ ਸੀ। ਰਾਜਗੱਦੀ ਡਿਊਕ ਆਫ ਯੋਰਕ ਦੇ ਹੱਥ ਆਈ ਅਤੇ ਉਹ ਕਿੰਗ ਜੌਰਜ ਛੇਵੇਂ ਵਜੋਂ ਜਾਣਿਆਂ ਜਾਣ ਲੱਗਾ। 20 ਨਵੰਬਰ 1947 ਨੂੰ ਅਲਿਜ਼ਬੈੱਥ ਦਾ ਵਿਆਹ ਫਿਲਿਪ ਮਾਊਂਟਬੈਟਨ ਨਾਲ ਹੋਇਆ ਜੋ ਕਿ ਬਾਅਦ ਦੀ ਵਿਚ ਫਿਲਿਪ ਡਿਊਕ ਆਫ ਐਡਨਬਰਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਜੋ ਕਿ ਉਸ ਵੇਲੇ ਨੇਵੀ ਵਿਚ ਸੀ।
ਪ੍ਰਿੰਸ ਚਾਰਲਸ ਦਾ ਜਨਮ 1948 ਵਿਚ ਅਤੇ ਐਨ ਦਾ 1950 ਵਿਚ ਹੋਇਆ। 25 ਸਾਲ ਦੀ ਉਮਰ ਵਿਚ ਐਲਿਜ਼ਬੈਥ ਫਿਲਿਪ ਨਾਲ ਕੀਨੀਆਂ ਛੁੱਟੀਆਂ ਮਨਾ ਰਹੀ ਸੀ ਜਦੋਂ ਅਚਾਨਕ ਹੀ ਉਹਨਾ ਦੇ ਪਿਤਾ ਕਿੰਗ ਜੌਰਜ ਦੀ ਮੌਤ ਹੋ ਗਈ ਅਤੇ ਐਲਿਜ਼ਬੈਥ ਨੂੰ ਤਤਕਾਲ ਬਰਤਾਨੀਆਂ ਵਾਪਣ ਪਰਤਣਾ ਪਿਆ ਅਤੇ ਉਹ ਹੁਣ ਮਹਾਂਰਾਣੀ ਬਣ ਗਈ ਸੀ। 1953 ਵਿਚ ਐਲਿਜ਼ਾਬੈੱਥ ਦੀ ਤਾਜਪੋਸ਼ੀ ਨੂੰ ਕਰੋੜਾਂ ਲੋਕਾਂ ਨੇ ਟੈਲੀਵਿਯਨ ‘ਤੇ ਦੇਖਿਆ।
ਇਹ ਉਹ ਸਮਾਂ ਸੀ ਜਦੋਂ ਵਿਸ਼ਵ ਦੀ ਦੂਜੀ ਜੰਗ ਮਗਰੋਂ ਬਰਤਾਨਵੀ ਬਸਤੀਵਾਦੀ ਸਾਮਰਾਜ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਅਤੇ ਭਾਰਤ ਸਮੇਤ ਅਨੇਕਾਂ ਦੇਸ਼ ਬਰਤਾਨਵੀ ਜੂਲੇ ਹੇਠੋਂ ਨਿਕਲ ਚੁੱਕੇ ਸਨ। ਸੰਨ 1931 ਨੂੰ ਸ਼ੁਰੂ ਹੋਏ ਰਾਸ਼ਟਰਮੰਡਲ(Common Wealth) ਦੇ ਸੰਕਲਪ ਨੇ 1950 ਦੇ ਦਹਾਕੇ ਵਿਚ ਆਪਣਾ ਪਸਾਰ ਕਰਕੇ ਕਰੀਬ 56 ਦੇਸ਼ਾਂ ਨੂੰ ਇਸ ਇਕਾਈ ਵਿਚ ਗੰਢ ਲਿਆ ਜਿਸ ਦੀ ਕਿ ਮਹਾਂਰਾਣੀ ਅਲਿਜ਼ਬੈੱਥ ਮੁਖੀ ਸੀ। ਮਹਾਂਰਾਣੀ ਦੀ ਮੌਤ ਮਗਰੋਂ ਚਾਰਲਸ ਤੀਜੇ ਨੂੰ ਇਹਨਾ ਦੇਸ਼ਾਂ ਦੀ ਪ੍ਰਧਾਨਗੀ ਪ੍ਰਾਪਤ ਹੋਈ ਹੈ ਜਿਵ ਵਿਚ 15 ਮੈਂਬਰ ਸਟੇਟਾਂ, 36 ਰਿਪਬਲਿਕ ਅਤੇ 5 ਵੱਖਰੀ ਤਰਾਂ ਦੇ ਰਾਜਾਸ਼ਾਹੀ ਦੇਸ਼ ਹਨ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਨੇੜੇ ਭਵਿੱਖ ਵਿਚ ਅਸਟਰੇਲੀਆ ਵਰਗੇ ਅਨੇਕਾਂ ਦੇਸ਼ ਚਾਰਲਸ ਤੀਜੇ ਨੂੰ ਆਪਣਾ ਮੁਖੀ ਮੰਨਣ ਦੀ ਬਜਾਏ ਰਿਪਬਲਿਕ ਦੇਸ਼ਾਂ ਦੇ ਰੂਪ ਵਿਚ ਪਾਸਾ ਬਦਲ ਲੈਣਗੇ।
ਪੰਜਾਹਵੇਂ ਦਹਾਕੇ ਵਿਚ ਮਹਾਂਰਾਣੀ ਨੂੰ ਉਸ ਵੇਲੇ ਅਨੇਕਾਂ ਵਿਰੋਧਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਤੋਂ ਬਾਅਦ ਇੱਕ ਟੋਰੀ ਪ੍ਰਧਾਨ ਮੰਤਰੀ ਅਹੁਦੇ ਤੋਂ ਤਿਆਗਪੱਤਰ ਦਿੰਦੇ ਰਹੇ ਅਤੇ ਮਹਾਂਰਾਣੀ ਨੂੰ ਆਪਣੇ ਰਾਜਾਸ਼ਾਹੀ ਰੁਤਬੇ ਨੂੰ ਸ਼ਾਹੀ ਪਰਵਾਰ ਤਕ ਸੀਮਤ ਕਰਨਾ ਪਿਆ। 1960ਵੇਂ ਦੇ ਦਹਾਕੇ ਤਕ ਪਹੰਚਦਿਆਂ ਸ਼ਾਹੀ ਪਰਿਵਾਰ (Royal Family) ਵਲੋਂ ਸ਼ਾਹੀ ਮਹੱਲਾਂ ਦੀ ਪਾਬੰਦੀਆਂ ਨੂੰ ਨਰਮ ਕਰਨਾ ਪਿਆ ਜਿਸ ਦੇ ਨਤੀਜੇ ਵਜੋਂ ਬੀਬੀਸੀ ਮਹਿਲਾਂ ਅੰਦਰ ਦਾਖਲ ਹੋ ਕੇ ਸ਼ਾਹੀ ਪਰਿਵਾਰ ਨੂੰ ਲੋਕਾਂ ਦੇ ਨੇੜੇ ਕੀਤੇ ਜਾਣ ਲੱਗ ਪਿਆ।
ਸੰਨ 1997 ਨੂੰ ਮਹਾਂਰਾਣੀ ਦੇ ਰਾਜ ਦੀ ਸਿਲਵਰ ਜੁਬਲੀ ਮਨਾਈ ਗਈ ਅਤੇ ਲੋਕਾਂ ਦਾ ਵਿਸ਼ਵਾਸ ਸ਼ਾਹੀ ਪਰਿਵਾਰ ਵਿਚ ਕਾਇਮ ਰਿਹਾ। ਇਹ ਉਹ ਸਮਾਂ ਸੀ ਜਦੋਂ ਮਾਰਗਰੇਟ ਥੈਚਰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਮਸ਼ਹੂਰ ਹੋ ਰਹੀ ਸੀ ਜਿਸ ਦੇ ਮਹਾਂਰਾਣੀ ਨਾਲ ਸਬੰਧ ਸੁਖਾਵੇਂ ਨਹੀਂ ਸਨ ਦੱਸੇ ਜਾਂਦੇ। ਇਹ ਉਹ ਸਮਾਂ ਸੀ ਜਦੋਂ ਦੱਖਣੀ ਅਫਰੀਕਾ ਵਿਚ ਨਸਲੀ ਵਿਤਕਰੇ (Apartheid) ਦੇ ਖਿਲਾਫ ਰੋਹ ਸਿਖਰ ‘ਤੇ ਸੀ।
ਰਾਜਸੀ ਹੰਗਾਮਿਆਂ ਦੇ ਨਾਲ ਨਾਲ ਅਚਾਨਕ ਹੀ ਸ਼ਾਹੀ ਪਰਿਵਾਰ ਵਿੱਚ ਵੀ ਟੁੱਟ ਭੱਜ ਦੀਆਂ ਖਬਰਾਂ ਆਉਣ ਲੱਗੀਆਂ ਸਨ ਜਿਹਨਾ ਵਿਚ ਮਹਾਰਾਣੀ ਦਾ ਦੂਜਾ ਬੇਟਾ ਡਿਊਕ ਆਫ ਯੋਰਕ ਅਤੇ ਉਸ ਦੀ ਪਤਨੀ ਸਾਰਾਹ ਸ਼ਾਹੀ ਪਰਿਵਾਰ ਤੋਂ ਵੱਖ ਹੋ ਗਏ। ਫਿਰ ਮਹਾਂਰਾਣੀ ਦੀ ਭੈਣ ਰਾਜਕੁਮਾਰੀ ਐਨ ਦਾ ਪ੍ਰਿੰਸ ਫਿਲਿਪ ਨਾਲੋਂ ਤਲਾਕ ਹੋ ਗਿਆ।
ਇਹ ਉਹ ਸਮਾਂ ਸੀ ਜਦੋਂ ਖਾੜੀ ਦੀ ਜੰਗ ਨੇ ਬਰਤਾਨਵੀ ਅਤੇ ਅਮਰੀਕੀ ਵਿਕਾਰ ਨੂੰ ਸੱਟ ਮਾਰੀ ਸੀ।
ਫਿਰ ਮਹਾਂਰਾਣੀ ਦੇ ਪਿਆਰੇ ਘਰ ਵਿੰਡਸਰ ਕੈਸਲ ਨੂੰ ਅੱਗ ਲੱਗ ਗਈ।
1992 ਦਾ ਸਾਲ ਸ਼ਾਹੀ ਪਰਿਵਾਰ ਲਈ ਚਣੌਤੀਆਂ ਭਰਪੂਰ ਸੀ। ਬਰਤਾਨਵੀ ਲੋਕ ਸ਼ਾਹੀ ਪਰਿਵਾਰ ਦੇ ਖਰਚਿਆਂ ਅਤੇ ਸਹੂਲਤਾਂ ‘ਤੇ ਕਿੰਤੂ ਪ੍ਰੰਤੂ ਕਰਨ ਲੱਗੇ ਸਨ। ਇਸ ਸਮੇ ਹੀ ਖਬਰ ਆਈ ਕਿ ਮਹਾਂਰਾਣੀ ਅਤੇ ਪ੍ਰਿੰਸ ਚਾਰਲਸ ਆਪਣੀ ਆਮਦਨ ‘ਤੇ ਰਾਜ ਨੂੰ ਟੈਕਸ ਦਿਆ ਕਰਨਗੇ।
ਵੀਹਵੀਂ ਸਦੀ ਦੇ ਅੰਤ ਤਕ ਬਰਤਾਨੀਆਂ ਨੇ ਰਾਸ਼ਟਰਮੰਡਲ ਦੇ ਦੇਸ਼ਾਂ ਵਲ ਕੰਡ ਕਰਕੇ ਯੂਰਪ ਪ੍ਰਤੀ ਹਾਂ ਪੱਖੀ ਰਵੱਈਆ ਅਪਣਾ ਲਿਆ।
ਸੰਨ 1994 ਵਿਚ ਦੱਖਣੀ ਅਫਰੀਕਾ ਵਿਚ ਨਸਲੀ ਵਿਤਕਰੇ ਵਾਲਾ ਪ੍ਰਬੰਧ ਖਤਮ ਹੋਣ ਲੱਗਾ ਅਤੇ ਪਹਿਲੀ ਵੇਰ ਗੈਰ ਨਸਲੀ ਚੋਣਾ ਹੋਈਆਂ। ਬਰਤਾਨਵੀ ਬਸਤੀਵਾਦ ਨਾਲ ਸਬੰਧਤ ਦੇਸ਼ਾਂ ਵਿਚ ਜੋ ਵੀ ਤਬਦੀਲੀਆਂ ਆ ਰਹੀਆਂ ਸਨ ਉਹਨਾ ਦਾ ਅਸਰ ਮਹਾਂਰਾਣੀ ਅਲਿਜ਼ਾਬੈੱਥ ਦੀ ਮਾਨਸਿਕਤਾ ‘ਤੇ ਪੈਣਾ ਜ਼ਾਹਿਰ ਸੀ। ਸੰਨ1995 ਵਿਚ ਦੱਖਣੀ ਅਫਰੀਕਾ ਵਿਚ ਅਜ਼ਾਦੀ ਦੇ ਜਸ਼ਨਾਂ ਵਿਚ ਮਹਾਂਰਾਣੀ ਵੀ ਸ਼ਾਮਲ ਹੋਏ।
ਪ੍ਰਿੰਸ ਚਾਰਲਸ ਦੇ ਕੈਮਿਲਾ ਨਾਲ ਸਬੰਧਾਂ ਪ੍ਰਤੀ ਉਸ ਦੀ ਪਤਨੀ ਰਾਜਕੁਮਾਰੀ ਡਾਇਨਾ ਵਲੋਂ ਵਿਰੋਧ ਅਤੇ ਦਿਨੋ ਦਿਨ ਡਾਇਨਾ ਦੀ ਵੱਧ ਰਹੀ ਹਰਮਨ ਪਿਆਰਤਾ ਨੇ ਸ਼ਾਹੀ ਰਾਜ ਲਈ ਸਿਰਦਰਦੀ ਪੈਦਾ ਕੀਤੀ ਹੋਈ ਸੀ। ਅਗਸਤ 1997 ਵਿਚ ਰਾਜਕੁਮਾਰੀ ਡਾਇਨਾ ਦੀ ਇੱਕ ਸੜਕ ਹਾਦਸੇ ਵਿਚ ਹੋਈ ਮੌਤ ਨਾਲ ਨਵੇਂ ਚਰਚਿਆਂ ਨੂੰ ਤੂਲ ਦੇ ਦਿੱਤਾ ਜਿਸ ਨਾਲ ਸ਼ਾਹੀ ਪਰਿਵਾਰ ਬੁਰੀ ਤਰਾਂ ਝੰਜੋੜਿਆ ਗਿਆ ਅਤੇ ਮਹਾਂਰਾਣੀ ਨੂੰ ਵੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਜਨਤਕ ਦਬਾਅ ਹੇਠ ਮਹਾਂਰਾਣੀ ਨੂੰ ਮੀਡੀਏ ਸਾਹਮਣੇ ਡਾਇਨਾ ਨੂੰ ਸ਼ਰਧਾਂਜਲੀ ਦੇਣੀ ਪਈ ਸੀ।
ਸੰਨ 1997 ਦੌਰਾਨ ਭਾਰਤ ਅਤੇ ਪਾਕਿਸਤਾਨ ਦੀ ਅਜ਼ਾਦੀ ਦੇ ੫੦ ਸਾਲਾ ਜਸ਼ਨਾ ਵਿਚ ਸ਼ਾਮਲ ਹੋਣ ਲਈ ਜਿਸ ਵੇਲੇ ਮਹਾਂਰਣੀ ਪਾਕਿਸਤਾਨ ਅਤੇ ਭਾਰਤ ਪਹੁੰਚੇ ਤਾਂ ਉਹਨਾ ਨੇ ਅੰਮ੍ਰਿਤਸਰ ਜਾ ਕੇ ਹਰਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਲਿਆਂ ਵਾਲੇ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
30 ਮਾਰਚ 2002 ਨੂੰ ਮਹਾਂਰਾਣੀ ਦੀ ਮਾਤਾ ਦਾ ਦਿਹਾਂਤ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਮਹਾਂਰਾਣੀ ਦੇ ਰਾਜ ਨੂੰ 50 ਸਾਲ ਪੂਰੇ ਹੋ ਗਏ ਸਨ ਅਤੇ ਹਾਲਾਤਾਂ ਦੀ ਬੇਸਵਾਦੀ ਦੇ ਬਾਵਜੂਦ ਵੀ ਲੱਖਾਂ ਦੀ ਤਾਦਾਤ ਵਿਚ ਲੋਕ ਬਕਿੰਗਮ ਮਹੱਲ ਸਾਹਮਣੇ ਮਹਾਂਰਾਣੀ ਦੀ ਝਲਕ ਲੈਣ ਲਈ ਇੱਕਠੇ ਹੋ ਗਏ ਸਨ।
2007 ਵਿਚ ਜਦੋਂ ਮਹਾਰਾਣੀ ਦੇ ਪ੍ਰਿੰਸ ਫਿਲਿਪ ਨਾਲ ਵਿਆਹ ਦੇ 60 ਸਾਲ ਪੂਰੇ ਹੋਏ ਤਾਂ ਵੈਸਟਮਨਿਸਟਰ ਵਿਚ ਮਨਾਏ ਜਾ ਰਹੇ ਜਸ਼ਨਾ ਵਿਚ 2000 ਲੋਕਾਂ ਦਾ ਇਕੱਠ ਸੀ।
ਮਈ ਪਰਿਵਾਰ ਨੇ ਸ਼ਾਹੀ ਪਰਿਵਾਰ ਦੇ ਮੁਖੀ ਮਹਾਂਰਾਣੀ ਅਲਿਜ਼ਬੈੱਥ ਨੇ ਪਹਿਲੀ ਵਾਰ ਉੱਤਰੀ ਆਇਰਲੈਂਡ ਦਾ ਰਾਜਸੀ ਦੌਰਾ ਕੀਤਾ।
ਸੰਨ 2014 ਨੂੰ ਸਕੌਟਲੈਂਡ ਵਲੋਂ ਅਜ਼ਾਦੀ ਲਈ ਕਰਵਾਇਆ ਗਿਆ ਰੈਫਰੈਂਡਮ ਵੀ ਮਹਾਂਰਾਣੀ ਲਈ ਸੰਕਟ ਵਾਂਗ ਸੀ ਜੋ ਕਿ ਮਸੀਂ ਮਸੀਂ ਹੀ ਟਲਿਆ ਸੀ ਪਰ ਬਰਤਾਨਵੀ ਦੇਸ਼ਾਂ ਦੀ ਯੂਨੀਅਨ ਕਿੰਨੀ ਦੇਰ ਤਕ ਕਾਇਮ ਰਹੇਗੀ ਇਹ ਸਵਾਲ ਹਾਲੇ ਵੀ ਮੂੰਹ ਅੱਡੀ ਖੜ੍ਹਾ ਹੈ।
ਜਿਸ ਵੇਲੇ ਮਹਾਂਰਾਣੀ ਆਪਣੇ ਰਾਜ ਦੀ ੭੫ਵੀਂ ਵਰ੍ਹੇਗੰਢ ਮਨਾ ਰਹੇ ਸਨ ਉਸ ਵੇਲੇ ਯੂਗੋਵ ਵਲੋਂ ਹੋਏ ਇੱਕ ਸਰਵੇਖਣ ਵਿਚ ਪਤਾ ਲੱਗਾ ਕਿ ਬਰਤਾਨਵੀ ਰਾਜਾਸ਼ਾਹੀ ਦੇ ਖਿਲਾਫ ਚਰਚਾ ਹੋਣ ਦੇ ਬਾਵਜ਼ੂਦ ਵੀ ੬੨% ਲੋਕ ਰਾਜਾਸ਼ਾਹੀ ਦੇ ਹੱਕ ਵਿਚ ਹਨ ਜਦ ਕਿ 22% ਲੋਕ ਇਸ ਦਾ ਬਦਲ ਚਹੁੰਦੇ ਹਨ।
ਮਹਾਂਰਾਣੀ ਐਲਿਜ਼ਾਬੈਥ ਨੇ ਕਿਸੇ ਵੀ ਹੋਰ ਰੋਇਲ ਨਾਲੋਂ ਵੱਧ ਸਮਾਂ ਭਾਵ ਕਿ ੭੦ ਸਾਲ ਰਾਜ ਕੀਤਾ। ਇਹ ਸਾਰਾ ਸਮਾਂ ਉਹਨਾ ਨੇ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੇ ਰਾਜਸੀ ਰੁਤਬੇ ‘ਤੇ ਪਹਿਰਾ ਦਿੱਤਾ।
ਕੀ ਅਸੀਂ ਆਪਣੀ ਅਸਲੀ ਮਹਾਂਰਾਣੀ ਨੂੰ ਭੁਲਾ ਦਿੱਤਾ ਹੈ ?
ਇੱਕ ਪਾਕਿਸਤਾਨੀ ਅਦੀਬ ਨੇ ਮਹਾਂਰਾਣੀ ਅਲਿਜ਼ਬੈੱਥ ਦੀ ਮੌਤ ‘ਤੇ ਸਤਿਕਾਰ ਸਹਿਤ ਕੁਝ ਸਤਰਾਂ ਬੋਲ ਕੇ ਸਿੱਖਾਂ ‘ਤੇ ਇਤਰਾਜ ਕੀਤਾ ਹੈ ਕਿ ਉਹ ਬਰਤਾਨਵੀ ਮਹਾਂਰਾਣੀ ਦੇ ਹੇਜ ਵਿਚ ਕੀ ਆਪਣੀ ਮਹਾਂਰਾਣੀ ਜਿੰਦ ਕੌਰ ਨੂੰ ਭੁੱਲ ਗਏ ਹਨ ਜਿਸ ਨੇ ਕਿ 1843 ਤੋਂ 1846 ਤੱਕ ਦੇ ਬਹੁਤ ਦੁਸ਼ਵਾਰੀਆਂ ਭਰੇ ਦੌਰ ਵਿਚ ਖਾਲਸਾ ਰਾਜ ਦੀ ਅਗਵਾਈ ਕੀਤੀ ਅਤੇ ਸਭਰਾਓਂ ਦੀ ਫੈਸਲਾ ਕੁੰਨ ਜੰਗ ਵਿਚ ਕੁੱਦਣ ਲਈ ਨਰਾਜ਼ ਹੋ ਕੇ ਬੈਠੇ ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਸਰਦਾਰਾਂ ਨੂੰ ਰਾਜੀ ਕਰ ਲਿਆ। ਇਸ ਵਿਦਵਾਨ ਨੇ ਲਹੌਰ, ਸ਼ੇਖੂਪੁਰ, ਮਿਰਜ਼ਾਪੁਰ ਆਦਿਕ ਜਿਹਲਾਂ ਦਾ ਜਿਕਰ ਕੀਤਾ ਹੈ ਜਿਥੇ ਫਿਰੰਗੀ ਨੇ ਮਹਾਂਰਾਣੀ ਜਿੰਦ ਕੌਰ ਨੂੰ ਕੈਦ ਕੀਤਾ ਅਤੇ ਆਖ਼ਿਰ ਬਨਾਰਸ ਦੇ ਚਿਨਾਰ ਕਿਲੇ ਵਿਚ ਕੈਦ ਕਰਕੇ ਉਸ ਨੂੰ ਤਲਾਸ਼ੀ ਦੇ ਬਹਾਨੇ ਨਿਰਵਸਤਰ ਕਰਕੇ ਜ਼ਲੀਲ ਕੀਤਾ ਸੀ ਜਿਥੋਂ ਕਿ ਮਹਾਂਰਾਣੀ ਬੜੀ ਚੁਸਤੀ ਨਾਲ ਕਿਲੇ ਵਿਚੋਂ ਨਿਕਲ ਕੇ ਦੁਸ਼ਵਾਰੀਆਂ ਭਰਿਆ ਸਫਰ ਤਹਿ ਕਰਕੇ ਨਿਪਾਲ ਦੇ ਰਾਜਾ ਜੰਗ ਬਹਾਦਰ ਕੋਲ ਰਾਜਸੀ ਸ਼ਰਨ ਲਈ ਪਹੁੰਚੀ ਅਤੇ ਅਖੀਰ ਪੁੱਤਰ ਦਲੀਪ ਸਿੰਘ ਦੇ ਵਿਛੋੜੇ ਵਿਚ ਅੰਨੀਂ ਹੋ ਗਈ ਸੀ। ਇਸ ਵਿਦਵਾਨ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਕੀ ਤੁਸੀਂ ਅੱਜ ਸ਼ਹੀਦ ਊਧਮ ਸਿੰਘ ਨੂੰ ਭੁੱਲ ਗਏ ਹੋ?
ਇਹ ਠੀਕ ਹੈ ਕਿ ਫਿਰੰਗੀ ਨੇ ਬੜੀਆਂ ਸਾਜਿਸ਼ਾਂ ਅਤੇ ਚਲਾਕੀਆਂ ਨਾਲ ਸਿੱਖ ਰਾਜ ਹਥਿਆ ਕੇ ਸੌ ਸਾਲ ਸਾਡੇ ‘ਤੇ ਰਾਜ ਕੀਤਾ ਅਤੇ ਭਾਰਤ ਛੱਡਣ ਵੇਲੇ ਉਹਨਾ ਨੇ ਸਿੱਖਾਂ ਦਾ ਰਾਜ ਸਿੱਖਾਂ ਨੂੰ ਵਾਪਸ ਵੀ ਨਹੀਂ ਸੀ ਕੀਤਾ ਪਰ ਜਿਥੋਂ ਤਕ ਐਂਗਲੋ ਸਿੱਖ ਰਿਸ਼ਤੇ ਦਾ ਸਬੰਧ ਹੈ ਉਸ ਨੂੰ ਕਿਸੇ ਇੱਕ ਮੁੱਦੇ ‘ਤੇ ਸੀਮਤ ਕਰਕੇ ਸਹੀ ਨਤੀਜੇ ਨਹੀਂ ਕੱਢੇ ਜਾ ਸਕਦੇ। ਸਿੱਖ ਫਿਰੰਗੀ ਦੇ ਖਿਲਾਫ ਵੀ ਡੱਟ ਕੇ ਲੜੇ ਅਤੇ ਅੰਗ੍ਰੇਜ਼ ਰਾਜ ਵਾਸਤੇ ਸਾਰਾਗੜ੍ਹੀ ਵਰਗੇ ਜੰਗ ਲੜ ਕੇ ਆਪਣੀ ਬਹਾਦਰੀ ਦੇ ਇਤਹਾਸ ਵੀ ਸਿੱਖਾਂ ਨੇ ਸਿਰਜੇ। ਭਾਰਤ ਦੀ ਫਿਰੰਗੀ ਭਰਤੀ ਵਿਚ ਹਿਟਲਰ ਅਤੇ ਮੁਸੋਲੀਨੀ ਵਰਗੇ ਫਾਸ਼ੀਆਂ ਖਿਲਾਫ ਲੜਦੇ ਹੋਏ 83,000 ਸਿੱਖਾਂ ਨੇ ਜਾਨਾਂ ਵਾਰੀਆਂ ਅਤੇ ਸਵਾ ਲੱਖ ਦੇ ਕਰੀਬ ਫੱਟੜ ਹੋਏ। ਫਿਰੰਗੀ ਨੇ ਸਿੱਖ ਰਜਮੈਂਟਾਂ ਬਣਾ ਕੇ ਸਿੱਖੀ ਰੁਤਬੇ ਅਤੇ ਸਪਿਰਟ ਨੂੰ ਬਹਾਲ ਰੱਖਿਆ ਤਾਂ ਕਿ ਸਿੱਖ ਜਾਂਬਾਜੀ ਨਾਲ ਫਿਰੰਗੀ ਲਈ ਲੜ ਸਕਣ ਪਰ ਪੰਜਾਬ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਸਪੁਰਦ ਕਰਕੇ ਅਤੇ ਪੰਜਾਬ ਵਿਚ ਸਿੱਖਾਂ ਤੋਂ ਪੰਜਾਬੀ ਕਾਇਦੇ ਅਤੇ ਹਥਿਆਰ ਪੈਸੇ ਦੇ ਲਾਲਚ ਵਿਚ ਵਾਪਸ ਲੈ ਕੇ ਫਿਰੰਗੀ ਇਸ ਕੋਸ਼ਿਸ਼ ਵਿਚ ਰਹੇ ਕਿ ਸਿੱਖ ਮਾਨਸਿਕਤਾ ਨੂੰ ਗੁਲਾਮ ਕੀਤਾ ਜਾਵੇ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਅਸੀਂ ਆਪਣੇ ਇਤਹਾਸ ਤੋਂ ਕੀ ਸਿੱਖਿਆ ਹੈ ਅਤੇ ਅਗੇ ਸਾਨੂੰ ਕਿਹੋ ਜਹੀ ਰਣਨੀਤੀ ਅਖਤਿਆਰ ਕਰਨੀ ਚਾਹੀਦੀ ਹੈ। ਜਿਥੋਂ ਤਕ ਯੂ ਕੇ ਸਿੱਖਾਂ ਦਾ ਸਵਾਲ ਹੈ ਇਸ ਦੇਸ਼ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਨੇ ਆਪਣੀ ਸਹੂਲਤ ਲਈ ਬ੍ਰਿਟਿਸ਼ ਨਾਗਰਿਕਤਾ ਹਾਸਲ ਕੀਤੀ ਹੈ। ਹੁਣ ਸਿੱਖ ਬ੍ਰਿਟਿਸ਼ ਸਿਆਸਤ, ਫੌਜ, ਪੁਲਿਸ ਅਤੇ ਜੀਵਨ ਦੇ ਹਰ ਪੱਖ ਵਿਚ ਬਰਾਬਰਤਾ ਦਾ ਦਰਜਾ ਰੱਖਦੇ ਹੋਏ ਸ਼ਾਮਲ ਹਨ। ਬਰਤਾਨਵੀ ਸ਼ਹਿਰੀ ਸਾਡੇ ਬੱਚੇ ਬੋਲੀ, ਸਭਿਆਚਾਰ ਅਤੇ ਮਾਨਸਿਕ ਤੌਰ ‘ਤੇ ਬਰਤਾਨਵੀ ਜੀਵਨ ਵਿਚ ਢਲ ਚੁੱਕੇ ਹਨ। ਇਹਨਾ ਬਦਲੇ ਹੋਏ ਹਾਲਾਤਾਂ ਵਿਚ ਸਦੀਆਂ ਪਹਿਲਾਂ ਹੋ ਚੁੱਕੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸਮੂਹ ਆਪਣੀ ਮਾਨਸਿਕਤਾ ਵਿਚ ਕੜਵਾਹਟ ਲੈ ਕੇ ਜੇ ਦੇਸ਼ ਦੇ ਦੁੱਖ ਸੁੱਖ ਵਿਚ ਸ਼ਰੀਕ ਨਹੀਂ ਹੁੰਦੇ ਤਾਂ ਕੀ ਇਹ ਸਾਡੀ ਸੁਹਿਰਦ ਅਤੇ ਇਮਾਨਦਾਰ ਸ਼ਖਸੀਅਤ ਦਾ ਪ੍ਰਗਟਾਵਾ ਹੋਵੇਗਾ। ਇਸ ਨਜ਼ਰੀਏ ਤੋਂ ਅਸੀਂ ਆਪਣੇ ਆਪ ਵਿਚ ਸਪੱਸ਼ਟ ਹੋ ਸਕਦੇ ਹਾਂ ਕਿ ਅਸੀਂ ਇਸ ਦੇਸ਼ ਦੇ ਰੋਜ਼ ਮਰਾ ਦੇ ਜੀਵਨ ਵਿਚ ਸ਼ਾਮਲ ਹੋਣਾ ਹੈ ਜਾਂ ਅਲੱਗ ਥਲੱਗ ਹੋ ਕੇ ਰਹਿਣਾ ਹੈ?
ਕੰਡਿਆਂ ਅਤੇ ਕੋਹਿਨੂਰ ਦਾ ਤਾਜ਼ !
ਕਿਹਾ ਜਾਂਦਾ ਹੈ ਕਿ ਬਰਤਾਨਵੀ ਮਹਾਂਰਾਣੀ ਦੇ ਤਾਜ਼ ਵਿਚ ਜੜੇ ਹੋਏ ਹੀਰੇ ਉਸੇ ਕੋਹਿਨੂਰ ਨਾਲ ਸਬੰਧਤ ਹਨ ਜੋ ਕਦੀ ਸਿੱਖ ਰਾਜ ਦੀ ਮਲਕੀਅਤ ਸੀ ਅਤੇ ਫਿਰ ਇਹ ਕੋਹਿਨੂਰ ਹੀਰਾ ਨਬਾਲਗ ਮਹਾਰਾਜਾ ਦਲੀਪ ਸਿੰਘ ਤੋਂ ਮਹਾਂਰਾਣੀ ਵਿਕਟੋਰੀਆ ਨੂੰ ਤੋਹਫੇ ਦੇ ਤੌਰ ‘ਤੇ ਦਿਵਾ ਦਿੱਤਾ ਗਿਆ ਸੀ। ਅੱਜ ਸਿੱਖ ਆਪਣਾ ਗਵਾਚਿਆ ਹੀਰਾ ਅਤੇ ਤਾਜ਼ ਤਖਤ ਲੱਭ ਰਹੇ ਹਨ ਅਤੇ ਅੰਗ੍ਰੇਜ ਰਾਜੇ ਚਾਰਲਸ ਤੀਜੇ ਵਾਸਤੇ ਵੀ ਇਹ ਵੱਡੀ ਚਣੌਤੀ ਹੈ ਕਿ ਕੀ ਉਹ ਭਵਿੱਖ ਵਿਚ ਨਾ ਕੇਵਲ ਕੌਮਨ ਵੈਲਥ ਦੇਸ਼ਾਂ ਦੀ ਚੌਧਰ ਸਗੋਂ ਅਸਟਰੇਲੀਆ ਅਤੇ ਕਨੇਡਾ ਵਰਗੇ ਦੇਸ਼ਾਂ ਵਿਚ ਆਪਣੇ ਮੋਹਰੀ ਰੁਤਬੇ ਨੂੰ ਕਿੰਨਾ ਕੁ ਚਿਰ ਕਾਇਮ ਰੱਖ ਸਕਦਾ ਹੈ ਕਿਓਂਕਿ ਅੱਜ ਜਿਥੇ ਅਸਟਰੇਲੀਆ ਦੇ ਰਿਪਬਲਕ ਹੋ ਜਾਣ ਦੀਆਂ ਕੰਸੋਆਂ ਹਨ ਉਥੇ ਸਿਆਸੀ ਪੰਡਤਾਂ ਵਲੋਂ ਇਹ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਨੇੜੇ ਭਵਿੱਖ ਵਿਚ ਸਕੌਟਲੈਂਡ ਇੱਕ ਹੋਰ ਰੈਫਰੈਂਡਮ ਕਰਵਾ ਕੇ ਅਜ਼ਾਦ ਹੋ ਜਾਵੇਗਾ।
ਕਿਸੇ ਅਦੀਬ ਦਾ ਕਹਿਣਾ ਹੈ—
“Some of the most beautiful things worth having in your life come wrapped in a crown of thorns.”—
ਭਾਵ ਕਿ ਜ਼ਿੰਦਗੀ ਦੇ ਵਡਮੁੱਲੇ ਮੁਕਟ ਕੰਡਿਆਂ ਵਿਚ ਜੜੇ ਹੋਏ ਹੁੰਦੇ ਹਨ। ਜਿਹਨਾ ਲੋਕਾਂ ਨੇ ਆਪਣੀ ਕੌਮ ਵਿਚ ਏਕਤਾ ਰੱਖਦੇ ਹੋਏ ਆਪਣੀਆਂ ਬੌਧਿਕ ਅਤੇ ਮਾਨਸਿਕ ਸ਼ਕਤੀਆਂ ਦੀ ਭਰਪੂਰ ਵਰਤੋਂ ਕੀਤੀ ਉਹਨਾ ਨੇ ਕਮਾਲ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਫਿਰ ਆਪਣੇ ਰਾਜ, ਬੋਲੀ, ਸਭਿਆਚਾਰ ਅਤੇ ਧਰਮ ਦੇ ਝੰਡੇ ਸਾਰੀ ਦੁਨੀਆਂ ‘ਤੇ ਝੁਲਾ ਦਿੱਤੇ।
ਮਾਂਡਲਾ ਦਸਤਾਰ ਕੇਸ ਵਿਚ ਬਰਤਾਨਵੀ ਹਾਊਸ ਆਫ ਲਾਰਡ ਵਿਚ ਸਿੱਖਾਂ ਨੂੰ ਕਰੀਬ ਕਰੀਬ ਇੱਕ ਕੌਮ ਵਜੋਂ ਮਾਨਤਾ ਦਿੱਤੀ ਗਈ ਸੀ ਪਰ ਕੀ ਸਿੱਖ ਯਹੂਦੀਆਂ ਵਾਂਗ ਅੰਗ੍ਰੇਜ਼ੀ ਅਤੇ ਦੇਸੀ ਸ਼ਾਸਕਾਂ ਵਲੋਂ ਕੀਤੀਆਂ ਗਈਆਂ ਸਾਜਸ਼ਾਂ ਅਤੇ ਆਪਣੀ ਕੌਮ ਦੀ ਕੀਤੀ ਗਈ ਨਸਲਕੁਸ਼ੀ ਤੋਂ ਸਬਕ ਲੈ ਕੇ ਆਪਣੇ ਗਵਾਚੇ ਹੋਏ ਤਾਜ਼ੋ ਤਖਤ ਨੂੰ ਵਾਪਸ ਲੈਣ ਲਈ ਇੱਕ ਮੁੱਠ ਹੋ ਕੇ ਯਤਨ ਕਰਨਗੇ- ਸਮਾਂ ਹੀ ਦੱਸੇਗਾ।