Articles

ਬੱਚਿਆਂ ਅੰਦਰ ਪੜ੍ਹਾਈ, ਵਿੱਦਿਆ ਅਤੇ ਗਿਆਨ ਦੀ ਭੁੱਖ ਪੈਦਾ ਕਰਨ ਦੀ ਲੋੜ

ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਹਰ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਪ੍ਰਵਾਹ, ਵਿਕਾਸ ਅਤੇ ਸਫ਼ਲਤਾ ਵਿੱਚ ਉਸਦੀ ਪੜ੍ਹਾਈ, ਵਿੱਦਿਆ ਅਤੇ ਗਿਆਨ ਦਾ ਕਾਫ਼ੀ ਪ੍ਰਭਾਵ ਹੁੰਦਾ ਹੈ। ਪੜ੍ਹਾਈ ਕੀਤੀ ਜਾਂਦੀ ਹੈ, ਵਿੱਦਿਆ ਗ੍ਰਹਿਣ ਕੀਤੀ ਜਾਂਦੀ ਹੈ ਅਤੇ ਗਿਆਨ ਹਾਸਿਲ ਕੀਤਾ ਜਾਂਦਾ ਹੈ। ਪੜ੍ਹਾਈ ਕਰਕੇ ਵਿੱਦਿਆ ਗ੍ਰਹਿਣ ਕੀਤੀ ਜਾਂਦੀ ਹੈ ਭਾਵ ਪੜ੍ਹਾਈ ਵਿੱਦਿਆ ਗ੍ਰਹਿਣ ਕਰਨ ਦਾ ਜ਼ਰੀਆ ਹੈ। ਵਿੱਦਿਆ ਨੂੰ ਅਸੀਂ ਪੜ੍ਹਾਈ ਦੇ ਪੜਾਅ ਜਾਂ ਮੰਜ਼ਿਲ ਦੇ ਤੌਰ ਤੇ ਦੇਖ ਸਕਦੇ ਹਾਂ। ਭਾਵੇਂ ਕਿ ਪੜ੍ਹਾਈ, ਵਿੱਦਿਆ ਜਾਂ ਗਿਆਨ ਦੀ ਕੋਈ ਸੀਮਾ ਨਹੀਂ ਹੈ ਫਿਰ ਵੀ ਪੜ੍ਹਾਈ ਕਿਸੇ ਮੁਕਾਮ ਤੇ ਆ ਕੇ ਰੁਕ ਸਕਦੀ ਹੈ ਪਰ ਗਿਆਨ ਨਿਰੰਤਰ ਵਗਦਾ ਪ੍ਰਵਾਹ ਹੈ ਜੋ ਹਰ ਵਿਅਕਤੀ ਨੂੰ ਪਹਿਲੀ ਕਿਲਕਾਰੀ ਤੋਂ ਲੈ ਕੇ ਆਖ਼ਰੀ ਸਾਹ ਤੱਕ ਮਿਲਦਾ ਰਹਿੰਦਾ ਹੈ। ਪੜ੍ਹਾਈ ਅਤੇ ਵਿੱਦਿਆ ਰਸਮੀ ਤੌਰ ਤੇ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਗਿਆਨ ਸਾਨੂੰ ਕਿਤੋਂ ਵੀ ਮਿਲ ਸਕਦਾ ਹੈ। ਪੜ੍ਹਨ ਲਈ ਸਾਨੂੰ ਸਕੂਲ, ਕਾਲਜ ਆਦਿ ਵਿੱਚ ਜਾਣਾ ਪੈਂਦਾ ਹੈ ਅਤੇ ਗਿਆਨ ਸਾਨੂੰ ਸੰਗਤ, ਤਜ਼ਰਬੇ, ਸਾਹਿਤ, ਰੂਹਾਨੀਅਤ ਆਦਿ ਤੋਂ ਮਿਲਦਾ ਹੈ। ਪੜ੍ਹਾਈ ਸਾਨੂੰ ਕੰਮ ਤੇ ਕਮਾਈ ਯੋਗ ਬਣਾਉਂਦੀ ਹੈ ਅਤੇ ਗਿਆਨ ਸਾਨੂੰ ਜਿਊਣਾ ਸਿਖਾਉਂਦਾ ਹੈ ਜਿਸ ਨਾਲ਼ ਵਿਅਕਤੀ ਦੇ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਰੂਹਾਨੀ ਸਬੰਧ ਅਤੇ ਰਿਸ਼ਤੇ ਨਿੱਖਰਦੇ ਹਨ। ਚੰਗੀ ਪੜ੍ਹਾਈ ਕਰਨ ਲਈ ਸਾਡੇ ਅੰਦਰ ਲਗਨ ਅਤੇ ਚਾਹਤ ਦਾ ਹੋਣਾ ਜ਼ਰੂਰੀ ਹੈ ਅਤੇ ਗਿਆਨ ਹਾਸਿਲ ਕਰਦੇ ਰਹਿਣ ਲਈ ਸਾਡੇ ਮਨ ਅਤੇ ਦਿਮਾਗ ਦੇ ਕਿਵਾੜ ਖੁੱਲੇ ਰੱਖਣਾ ਬਹੁਤ ਜ਼ਰੂਰੀ ਹੈ। ਤਾਂਘ ਤੋਂ ਬਿਨਾਂ ਵਿੱਦਿਆ ਗ੍ਰਹਿਣ ਨਹੀਂ ਕੀਤੀ ਜਾ ਸਕਦੀ ਅਤੇ ਸੌੜੇ ਮਨ ਜਾਂ ਤੰਗ-ਦਿਲੀ ਨਾਲ਼ ਗਿਆਨ ਦੇ ਭੰਡਾਰ ਨਹੀਂ ਭਰੇ ਜਾ ਸਕਦੇ। ਇਸ ਲਈ ਸਾਨੂੰ ਲਗਾਤਾਰ ਸਿੱਖਦੇ ਰਹਿਣ ਦੀ ਭੁੱਖ ਹਮੇਸ਼ਾ ਕਾਇਮ ਰੱਖਣੀ ਚਾਹੀਦੀ ਹੈ। ਪੜ੍ਹਾਈ ਸਾਨੂੰ ਕੰਮ ਜਾਂ ਕਿੱਤੇ ਨੂੰ ਕਰਨ ਦੀ ਯੋਗਤਾ ਦਿੰਦੀ ਹੈ ਜਦਕਿ ਗਿਆਨ ਸਾਨੂੰ ਸਰਵਪੱਖੀ ਜਾਂਚ ਸਿਖਾਉਂਦਾ ਹੈ ਅਤੇ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਜੀਨਸ ਤੋਂ ਬਾਅਦ ਪੜ੍ਹਾਈ ਦਾ ਢੰਗ, ਵਿੱਦਿਆ ਦਾ ਪੱਧਰ ਅਤੇ ਗਿਆਨ ਦਾ ਖਜ਼ਾਨਾ ਹੀ ਹੈ ਜੋ ਮਨੁੱਖੀ ਬੁੱਧੀ ਦੀ ਸਿਰਜਣਾ ਅਤੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦਾ ਹੈ।
ਇੱਥੇ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਕਿ ਪੜ੍ਹਾਈ ਅਤੇ ਵਿੱਦਿਆ ਸਾਨੂੰ ਮੁੱਲ ਮਿਲਦੀ ਹੈ ਜਦ ਕਿ ਗਿਆਨ ਮੁਫ਼ਤ ਵਿੱਚ ਵੀ ਮਿਲ ਸਕਦਾ ਹੈ। ਅੱਜ ਦੇ ਸਿੱਖਿਆ-ਤੰਤਰ ਤੇ ਨਜ਼ਰ ਮਾਰੀਏ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਸਾਡੇ ਬੱਚੇ ਜਾਣਕਾਰੀਆਂ, ਸੂਚਨਾਵਾਂ ਅਤੇ ਵਿੱਦਿਅਕ ਪੱਧਰ ਤਾਂ ਬਹੁਤ ਇਕੱਤਰ ਕਰ ਲੈਂਦੇ ਹਨ, ਪਰ ਉਹ ਜੀਵਨ-ਜਾਂਚ ਦੇ ਗੂੜ੍ਹ-ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸਦੇ ਕਈ ਕਾਰਨ ਹਨ ਜਿਵੇਂ ਪੜ੍ਹਾਈ ਦੇ ਅਰੰਭ ਵਿੱਚ ਬੱਚੇ ਨੂੰ ਮੁਹਾਰਨੀ ਬੋਲਣਾ, ਕਲਮ ਫੜਨੀ ਅਤੇ ਫਿਰ ਪੂਰਨਿਆਂ ਤੇ ਲਿਖਣਾ ਸਿਖਾਇਆ ਜਾਂਦਾ ਹੈ। ਬੱਚੇ ਦੇ ਪੜ੍ਹਾਈ ਅਤੇ ਲਿਖਾਈ ਦੇ ਢੰਗ ਅਤੇ ਰੀਝ ਉੱਪਰ ਹੀ ਉਸਦੀ ਵਿੱਦਿਆ ਦੇ ਮਹਿਲ ਦੀ ਉਚਾਈ ਤੇ ਘੇਰਾ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਬੱਚੇ ਨੂੰ ਸ਼ੁਰੂ ਤੋਂ ਹੀ ਗਿਆਨ ਹਾਸਿਲ ਕਰਨ ਦੀ ਗੁੜ੍ਹਤੀ ਬਹੁਤ ਜ਼ਰੂਰੀ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਪੜ੍ਹਾਈ ਦੇ ਨਾਲ਼-ਨਾਲ਼ ਸਰਵਪੱਖੀ ਵਿਕਾਸ ਅਤੇ ਗਿਆਨ ਦੀ ਮਹੱਤਤਾ ਬਾਰੇ ਵੀ ਪ੍ਰੇਰਨਾ ਜ਼ਰੂਰ ਦੇਣ ਤਾਂ ਕਿ ਉਹ ਪੜਿ੍ਹਆ-ਲਿਖਿਆ ਹੋਣ ਦੇ ਨਾਲ਼ ਗਿਆਨਵਾਨ ਵੀ ਬਣ ਸਕੇ ਅਤੇ ਕੰਮ ਤੇ ਕਮਾਈ ਤੋਂ ਇਲਾਵਾ ਜ਼ਿੰਦਗੀ ਦੇ ਫਲਸਫ਼ੇ ਦੀ ਵੀ ਸੂਝ ਰੱਖਦਾ ਹੋਵੇ। ਉੱਚੀ ਵਿੱਦਿਆ, ਚੰਗਾ ਕੰਮ ਅਤੇ ਖੁੱਲੀ ਕਮਾਈ ਦਾ ਵੀ ਤਾਂ ਹੀ ਫਾਇਦਾ ਹੈ ਜੇਕਰ ਉਸਨੂੰ ਮਾਨਣ ਅਤੇ ਸੰਭਾਲਣ ਦੀ ਜਾਂਚ ਆਉਂਦੀ ਹੋਵੇ। ਇਸ ਲਈ ਬੱਚੇ ਨੂੰ ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਨਾਲ਼-ਨਾਲ਼ ਚੰਗੀਆਂ ਗੱਲਾਂ ਅਤੇ ਚੰਗੇ ਵਿਚਾਰ ਸੁਣਨ ਅਤੇ ਧਾਰਨ ਕਰਨ ਦੀ ਆਦਤ ਪਾ ਦੇਣੀ ਚਾਹੀਦੀ ਹੈ। ਬਚਪਨ ਤੋਂ ਲੱਗੀ ਇਹ ਚੇਟਕ ਬਾਅਦ ਦੀ ਉਮਰ ਵਿੱਚ ਜ਼ਰੂਰ ਹੀ ਫਲ਼ ਦਿੰਦੀ ਹੈ। ਮਾਪਿਆਂ ਨੂੰ ਬਚਪਨ ਤੋਂ ਹੀ ਬੱਚੇ ਨੂੰ ਜ਼ਿੰਦਗੀ ਦੀਆਂ ਸਚਾਈਆਂ ਅਤੇ ਤੱਥਾਂ ਬਾਰੇ ਦੱਸਦੇ ਰਹਿਣਾ ਚਾਹੀਦਾ ਹੈ।
ਅੱਜ ਤੋਂ ਕੁਝ ਅਰਸਾ ਪਹਿਲਾਂ ਤੱਕ ਪਰਿਵਾਰ ਸਾਂਝੇ ਅਤੇ ਵੱਡੇ ਹੁੰਦੇ ਸਨ। ਦਾਦਾ-ਦਾਦੀ ਅਤੇ ਨਾਨਾ-ਨਾਨੀ ਬੱਚਿਆਂ ਨੂੰ ਕਹਾਣੀਆਂ ਸੁਣਾ ਕੇ ਆਪਣੀ ਸਾਰੀ ਉਮਰ ਦਾ ਸ਼ੁੱਧ ਗਿਆਨ ਬੜੇ ਸਾਦੇ ਅਤੇ ਸਰਲ ਢੰਗ ਨਾਲ਼ ਦੇ ਦਿੰਦੇ ਸਨ। ਬੱਚੇ ਦਿਲਚਸਪ ਗੱਲਾਂ, ਦਲੀਲਾਂ ਅਤੇ ਕਥਾਵਾਂ ਰਾਹੀਂ ਬਜ਼ੁਰਗਾਂ ਤੋਂ ਗੁਣ ਗ੍ਰਹਿਣ ਕਰਦੇ ਰਹਿੰਦੇ ਸੀ। ਘਰ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਕੋਲ਼ ਕਾਫ਼ੀ ਵਿਹਲਾ ਸਮਾਂ ਹੁੰਦਾ ਸੀ ਅਤੇ ਇਸੇ ਕਾਰਨ ਬੱਚੇ ਬਜ਼ੁਰਗਾਂ ਨਾਲ਼ ਵਧੇਰੇ ਸਮਾਂ ਬਿਤਾਉਂਦੇ ਸੀ। ਬਜ਼ੁਰਗ ਵੀ ਬੱਚਿਆਂ ਨੂੰ ਆਪਣੇ ਤਜ਼ਰਬਿਆਂ ਅਤੇ ਸੰਗਤ ਤੋਂ ਮਿਲੇ ਗਿਆਨ ਦੀ ਖੁਰਾਕ ਦਿੰਦੇ ਰਹਿੰਦੇ ਸਨ। ਅੱਜ ਪਰਿਵਾਰ ਵੱਖਰੇ ਅਤੇ ਛੋਟੇ ਹੋ ਗਏ ਹਨ। ਛੋਟੇ ਪਰਿਵਾਰਾਂ ਦੇ ਮਾਪਿਆਂ ਦੀ ਜ਼ਿੰਦਗੀ ਵਧੇਰੇ ਰਝੇਵਿਆਂ ਭਰੀ ਹੁੰਦੀ ਹੈ ਅਤੇ ਉਹ ਸਦਾ ਸਮੇਂ ਦੀ ਘਾਟ ਦਾ ਸ਼ਿਕਾਰ ਰਹਿੰਦੇ ਹਨ। ਉਹ ਆਪਣੇ ਲਈ ਅਤੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ ਅਤੇ ਅਕਸਰ ਅਜਿਹੇ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਣ ਦੀ ਉਮਰ ਉਹਨਾਂ ਦੇ ਧਿਆਨ ਤੋਂ ਵਾਂਝੀ ਰਹਿ ਜਾਂਦੀ ਹੈ ਕਿਉਂਕਿ ਬੱਚਿਆਂ ਦੇ ਸਿੱਖਣ ਦੀ ਅਸਲ ਉਮਰ ਅਤੇ ਸਹੀ ਪਾਲਣ-ਪੋਸ਼ਣ ਦੇਣ ਦੀ ਉਮਰ ਦਾ ਇਹ ਅਰਸਾ ਹੀ ਮਾਪਿਆਂ ਦੇ ਸੰਘਰਸ਼ ਦਾ ਸਮਾਂ ਹੁੰਦਾ ਹੈ। ਫਿਰ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਛੋਟੀ ਉਮਰ ਦੀਆਂ ਜ਼ਰੂਰਤਾਂ ਲਈ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ। ਜੋ ਸ਼ੁੱਧ ਗਿਆਨ ਅਤੇ ਸਹੀ ਸੇਧ ਬੱਚੇ ਨੂੰ ਮਾਪਿਆਂ ਅਤੇ ਦਾਦਾ-ਦਾਦੀ ਤੋਂ ਮਿਲ ਸਕਦਾ ਹੈ ਉਸਦੀ ਆਸ ਰਿਸ਼ਤੇਦਾਰਾਂ, ਆਇਆ ਜਾਂ ਨੌਕਰਾਂ ਤੋਂ ਨਹੀਂ ਕੀਤੀ ਜਾ ਸਕਦੀ। ਮਾਪਿਆਂ ਨੂੰ ਖੁਦ ਸਮਾਂ ਦੇ ਕੇ ਬੱਚਿਆਂ ਵਿੱਚ ਵੱਧ ਤੋਂ ਵੱਧ ਸਿੱਖਣ ਦਾ ਸ਼ੌਕ ਪੈਦਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਬੱਚੇ ਨੂੰ ਤੁਰਨ ਅਤੇ ਬੋਲਣ ਦੀ ਜਾਚ, ਔਰਤਾਂ ਨੂੰ ਸਬਜ਼ੀ ਕੱਟਣ ਅਤੇ ਰੋਟੀ ਬਣਾਉਣ ਦੀ ਜਾਚ, ਜੱਟ ਨੂੰ ਕਹੀ ਫੜਨ ਅਤੇ ਖੇਤ ਵਾਹੁਣ ਦੀ ਜਾਚ, ਮਿਸਤਰੀ ਜਾਂ ਸੁਨਿਆਰੇ ਨੂੰ ਹੱਥ ਦੀ ਸਫ਼ਾਈ ਦੀ ਜਾਚ, ਬਾਣੀਏ ਨੂੰ ਵਣਜ ਦੀ ਜਾਚ ਅਤੇ ਦੁਕਾਨਦਾਰ ਨੂੰ ਸੌਦੇ ਲਾਉਣ ਅਤੇ ਲਿਫ਼ਾਫੇ ਦਾ ਮੂੰਹ ਬੰਦ ਕਰਨ ਦੀ ਜਾਚ, ਵੈਦ ਨੂੰ ਪੁੜੀ ਬਣਾਉਣ ਦੀ ਜਾਚ, ਨਾਈ ਨੂੰ ਕੈਂਚੀ ਫੜਨ ਦੀ ਜਾਚ, ਸੁਆਣੀ ਨੂੰ ਮੱਝ ਦੀ ਧਾਰ ਕੱਢਣ ਦੀ ਜਾਚ ਆਦਿ ਬਹੁਤ ਸਾਰੀਆਂ ਗੱਲਾਂ ਹਨ ਜੋ ਕਿਸੇ ਸਕੂਲ-ਕਾਲਜ ਵਿੱਚ ਨਹੀਂ ਸਿਖਾਈਆਂ ਜਾਂਦੀਆਂ।
ਬਹੁਤ ਸਾਰੇ ਕਾਰੋਬਾਰੀ ਅਤੇ ਵਪਾਰੀ ਘਰਾਣੇ ਇਸੇ ਕਾਰਨ ਫੇਲ੍ਹ ਹੁੰਦੇ ਦੇਖੇ ਗਏ ਹਨ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਤਾਂ ਬਹੁਤ ਕਰਾਈ ਅਤੇ ਵਿੱਦਿਆ ਤਾਂ ਬਹੁਤ ਉੱਚੀ ਦਿਵਾ ਦਿੱਤੀ, ਪਰ ਉਹਨਾਂ ਨੂੰ ਆਪਣੇ ਘਰੇਲੂ ਕਿੱਤੇ ਜਾਂ ਵਪਾਰ ਦਾ ਗਿਆਨ ਦੇਣ ਤੋਂ ਖੁੰਝ ਗਏ। ਇਸ ਦੇ ਨਤੀਜੇ ਵਜੋਂ ਬੱਚੇ ਘਰੇਲੂ ਕਾਰੋਬਾਰ ਦੀਆਂ ਬਰੀਕੀਆਂ ਤੋਂ ਜਾਣੂ ਨਹੀਂ ਹੋ ਸਕੇ, ਨਾ ਹੀ ਉਹਨਾਂ ਨੂੰ ਘਰ ਦੇ ਪਹਿਲਾਂ ਤੋਂ ਚੱਲਦੇ ਕਾਰੋਬਾਰ ਜਾਂ ਕਿੱਤੇ ਪ੍ਰਤੀ ਲਗਾਓ ਪੈਦਾ ਹੋ ਸਕਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਨੂੰ ਬੱਚਿਆਂ ਵਿੱਚ ਅਤੇ ਖੁਦ ਵਿੱਚ ਵੀ ਪੜ੍ਹਾਈ ਅਤੇ ਵਿੱਦਿਆ ਦੇ ਨਾਲ਼ ਹੋਰ ਗਿਆਨ ਹਾਸਲ ਦੀ ਜਾਚ, ਸੂਝ ਅਤੇ ਸ਼ੌਕ ਜ਼ਰੂਰ ਪੈਦਾ ਕਰਨਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਅਤੇ ਬੱਚਿਆਂ ਅੰਦਰ ਪੜ੍ਹਾਈ ਦਾ ਢੰਗ, ਵਿੱਦਿਆ ਦੀ ਅਹਿਮੀਅਤ ਅਤੇ ਗਿਆਨ ਦੀ ਭੁੱਖ ਪੈਦਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਾਂ ਤਾਂ ਹੀ ਅਸੀਂ ਅਤੇ ਫਿਰ ਉਹ ਸੂਝਵਾਨ ਬਣ ਸਕਦੇ ਹਨ। ਇਸ ਤੋਂ ਖੁੰਝ ਜਾਣ ਤੇ ਸਾਡੀ ਸੁੱਖ, ਸਮਾਂ, ਸਿਹਤ ਤੇ ਰਿਸ਼ਤੇ ਮਾਰ ਕੇ ਕੀਤੀ ਕਮਾਈ ਨਿਹਫਲ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin