Articles

ਕੋਵਿਡ -19 ਦੀ ਦੂਜੀ ਲਹਿਰ  ਦੌਰਾਨ ਸਿੱਖਿਆ ਦੀ ਹਕੀਕਤ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਅਮੀਰ ਲੋਕਾਂ ਵਾਸਤੇ ਕੁਦਰਤੀ ਕਰੋਪੀਆਂ ਉਹ ਅਰਥ ਨਹੀਂ ਰੱਖਦੀਆਂ ਜਿਹੜੀਆਂ ਅਰਥ ਗਰੀਬ ਲੋਕਾਂ ਵਾਸਤੇ ਰੱਖਦੀਆਂ ਹਨ। ਇਸੇ ਕਰਕੇ ਅਜੋਕੇ ਸਮਿਆਂ ਵਿਚ ਕੁਦਰਤੀ ਕਰੋਪੀਆਂ ਆਮ ਤੌਰ ‘ਤੇ ਗਰੀਬ ਲੋਕਾਂ ਵਾਸਤੇ ਹੀ ਮਾਰੂ ਸਾਬਤ ਹੋ ਰਹੀਆਂ ਹਨ। ਇਸ ਸੰਦਰਭ ਵਿਚ ਜੇਕਰ ਅਸੀਂ ਵਿੱਦਿਅਕ ਢਾਂਚੇ ਦਾ ਅਧਿਐਨ ਕਰੀਏ ਤਾਂ ਬਹੁਤ ਸਾਰੀਆਂ ਵਿਸੰਗਤੀਆਂ ਸਾਡੇ ਸਨਮੁਖ ਹੁੰਦੀਆਂ ਹਨ। ਇਹ ਸਾਡੇ ਵਿੱਦਿਅਕ ਢਾਂਚੇ ਦਾ ਜ਼ਰਜ਼ਰਾਪਣ ਹੈ ਕਿ ਅੱਜ ਸਿੱਖਿਆ ਵਿਸ਼ੇਸ਼ ਵਰਗ ਤੱਕ ਸੀਮਤ ਹੋ ਕੇ ਰਹਿ ਗਈ ਹੈ। ਪੇਸ਼ ਕੀਤੇ ਜਾ ਰਹੇ ਅੰਕੜਿਆਂ ਅਤੇ ਹਕੀਕਤਾਂ ਵਿਚ ਅੰਤਰ ਸਾਫ਼ ਵੇਖਿਆ ਜਾ ਸਕਦਾ ਹੈ।  ਵਰਤਮਾਨ ਸਮੇਂ ਅਮਲ ਵਿਚ ਲਿਆਂਦੀ ਜਾ ਰਹੀ ਸਿੱਖਿਆ ਸਦਕਾ ਇਕ ਵਰਗ ਸਿੱਖਿਆ ਵਿਹੂਣਾ ਬਣਦਾ ਜਾ ਰਿਹਾ ਹੈ। ਕੋਰੋਨਾ ਦੇ ਵਰਤਮਾਨ ਕਹਿਰ ਸਮੇਂ ਪਹੁੰਚ ਵਿਚ ਲਿਆਂਦੀ ਗਈ ਸਿੱਖਿਆ ਅਸਲ ਵਿਚ ਆਰਥਿਕਤਾ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਨੂੰ ਹੋਰ ਪਿੱਛੇ ਸੁੱਟ ਦੇਵੇਗੀ।

ਸਕੂਲਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਨਾ ਲੈ ਕੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਦਾਖ਼ਲ ਕਰ ਲਿਆ ਜਾਵੇਗਾ। ਅਗਲੀ ਜਮਾਤ ਵਿਚ ਦਾਖ਼ਲ ਕਰਨ ਸਦਕਾ   ਅਜਿਹੇ ਬੱਚੇ ਵੀ ਪਹੁੰਚਦੇ ਆਏ ਹਨ ਜਿਹੜੇ ਭਾਸ਼ਾ ਦੇ ਅੱਖਰ ਗਿਆਨ ਅਤੇ ਗਣਿਤ ਦੀਆਂ ਮੁਢਲੀਆਂ ਗਿਣਤੀਆਂ ਮਿਣਤੀਆਂ ਤੋਂ ਵੀ ਵਿਰਵੇ ਹੁੰਦੇ ਸਨ। ਅੱਜ ਵੀ ਜਦੋਂ ਅਸੀਂ ਅਜਿਹੇ ਬੱਚਿਆਂ ਨੂੰ ਅਗਲੇਰੀਆਂ ਜਮਾਤਾਂ ਵਿਚ ਪੜ੍ਹਨ ਵਾਸਤੇ ਬਿਠਾਵਾਂਗੇ ਤਾਂ ਇਹ ਨਿਰਣਾ ਕਰਨਾ ਕਿਸੇ ਵੀ ਤਰ੍ਹਾਂ ਕਠਿਨ ਨਹੀਂ ਹੋਵੇਗਾ ਕਿ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਆਮ ਤੌਰ ‘ਤੇ ਧੁੰਦਲਾ ਹੀ ਰਹੇਗਾ। ਪਿਛਲਾ ਸਾਰਾ ਵਿੱਦਿਅਕ ਵਰ੍ਹਾ (2020-21) ਵਿਦਿਆਰਥੀਆਂ ਦੀ ਪੜ੍ਹਾਈ ਨਹੀਂ ਹੋਈ। ਜਿਸ ਵਿੱਦਿਆ ਨੂੰ ਆਨਲਾਈਨ ਸਿੱਖਿਆ ਹੋਣ ਦਾ ਭਰਮ ਪਾਲ ਕੇ ਅਸੀਂ ਆਪਣੀ ਪਿੱਠ ਥਾਪੜ ਰਹੇ ਹਾਂ ਹਕੀਕਤ ਵਿਚ ਇਹ ਕੁਝ ਵੀ ਨਹੀਂ ਹੈ। ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਦੇ 70 ਫ਼ੀਸਦੀ ਤੋਂ ਵੀ ਵਧੇਰੇ ਬੱਚਿਆਂ ਵੱਲ ਵੇਖਿਆ ਜਾਣਾ ਬਣਦਾ ਹੈ। ਇਹ ਬੱਚੇ ਉਨ੍ਹਾਂ ਸਹੂਲਤਾਂ ਤੋਂ ਵਿਰਵੇ ਹਨ ਜਿਹੜੀਆਂ ਸਹੂਲਤਾਂ ਆਨਲਾਈਨ ਸਿੱਖਿਆ ਵਿਚ ਸੰਦ ਦਾ ਕੰਮ ਕਰਦੀਆਂ ਹਨ। ਮੋਬਾਈਲ ਫ਼ੋਨ, ਇੰਟਰਨੈੱਟ, ਦੂਰਦਰਸ਼ਨ ਆਦਿ ਇਨ੍ਹਾਂ ਵਿਦਿਆਰਥੀਆਂ ਤੋਂ ਕੋਹਾਂ ਦੂਰ ਹਨ। ਬਹੁਤਾ ਜ਼ਿਆਦਾ ਨਾ ਵੀ ਵਿਚਾਰੀਏ ਤਾਂ ਇਨ੍ਹਾਂ ਦਿਨਾਂ ਵਿਚ ਸਾਰਾ-ਸਾਰਾ ਦਿਨ ਘਰੇਲੂ ਬਿਜਲੀ ਦੀ ਸਪਲਾਈ ਵੀ ਨਹੀਂ ਮਿਲਦੀ। ਮਾੜੀ ਆਰਥਿਕਤਾ ਦੀ ਚੱਕੀ ਵਿਚ ਪਿਸ ਰਹੇ ਮਾਪੇ ਤਾਂ ਬੱਚਿਆਂ ਨੂੰ ਛੁੱਟੀ ਮਿਲਣ ਦੀ ਉਡੀਕ ਹੀ ਕਰਦੇ ਹਨ ਕਿ ਉਹ ਉਨ੍ਹਾਂ ਤੋਂ ਕੰਮ ਵਿਚ ਸਹਾਇਤਾ ਲੈ ਸਕਣ। ਅਜਿਹੇ ਹਾਲਾਤ ਵਿਚ ਆਨਲਾਈਨ ਸਿੱਖਿਆ ਮਹੱਤਵਹੀਣ ਹੋ ਕੇ ਰਹਿ ਜਾਂਦੀ ਹੈ। ਉਂਜ ਵੀ ਸਿੱਖਿਆ ਕੇਵਲ ਕਿਤਾਬੀ ਪੜ੍ਹਾਈ ਦਾ ਹੀ ਨਾਂਅ ਨਹੀਂ ਹੈ। ਇਹ ਤਾਂ ਬੱਚੇ ਦਾ ਚੌਤਰਫ਼ਾ ਵਿਕਾਸ ਕਰਨ ਵਾਲੀ ਹੁੰਦੀ ਹੈ। ਪੰਜਾਬ ਦਾ ਸਿੱਖਿਆ ਵਿਭਾਗ ਇਨ੍ਹੀਂ ਦਿਨੀਂ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋ ਰਿਹਾ ਹੈ। ਵਿਭਾਗ ਦੀਆਂ ਮੀਟਿੰਗਾਂ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀ ਅੰਕੜੇ ਪੇਸ਼ ਕਰਦੇ ਹਨ। ਘੱਟ ਅੰਕੜੇ ਵਿਖਾਉਣ ਵਾਲੇ ਨੂੰ ਮੌਕੇ ‘ਤੇ ਹੀ ਸਜ਼ਾ ਦਿੱਤੇ ਜਾਣ ਦੀ ਵਿਵਸਥਾ ਹੁੰਦੀ ਹੈ।। ਇਸ ਵਿਚ ਕੋਈ ਸੰਦੇਹ ਵਾਲੀ ਗੱਲ ਨਹੀਂ ਹੈ ਕਿ ਪ੍ਰਚਾਰ ਆਪਣਾ ਰੰਗ ਵਿਖਾ ਸਕਦਾ ਹੈ ਪ੍ਰੰਤੂ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਰੰਗ ਵਕਤੀ ਹੀ ਹੁੰਦਾ ਹੈ। ਚਿਰਸਥਾਈ ਰੰਗ ਵਾਸਤੇ ਗੁਣਵੱਤਾ ਹੀ ਕਾਰਗਰ ਸਾਬਤ ਹੁੰਦੀ ਹੈ। ਕਦੇ ਸਮਾਂ ਸੀ ਜਦੋਂ ਸਿੱਖਿਆ ਵਿਭਾਗ ਵਿਚ ਕੋਈ ਵੀ ਅਸਾਮੀ ਖਾਲੀ ਨਹੀਂ ਸੀ ਹੋਇਆ ਕਰਦੀ। ਇੱਥੋਂ ਤੱਕ ਕਿ ਪ੍ਰਸੂਤਾ ਛੁੱਟੀ ‘ਤੇ ਗਈ ਅਧਿਆਪਕਾ ਦੀ ਅਸਾਮੀ ਨੂੰ ਵੀ ਵਕਤੀ ਤੌਰ ‘ਤੇ ਭਰ ਲਿਆ ਜਾਂਦਾ ਸੀ। ਪ੍ਰੰਤੂ ਫਿਰ ਇਹ ਵਿਵਸਥਾ ਪੂਰੇ ਤੌਰ ‘ਤੇ ਬੰਦ ਕਰ ਦਿੱਤੀ ਗਈ। ਇਸ ਸਮੇਂ ਹਾਲਾਤ ਇਹ ਹਨ ਕਿ ਇਕ ਸਕੂਲ ਦਾ ਪ੍ਰਿੰਸੀਪਲ/ਮੁੱਖ ਅਧਿਆਪਕ ਹਫ਼ਤੇ ਦੇ ਪਹਿਲੇ ਤਿੰਨ ਦਿਨ ਇਕ ਸਕੂਲ ਵਿਚ ਕੰਮ ਕਰਦਾ ਹੈ ਅਤੇ ਪਿਛਲੇ ਤਿੰਨ ਦਿਨ ਕਿਸੇ ਹੋਰ ਜ਼ਿਲ੍ਹੇ ਦੇ ਕਿਸੇ ਹੋਰ ਸਕੂਲ ਵਿਚ ਜਾਂਦਾ ਹੈ। ਇਹੀ ਹਾਲ ਸਕੂਲਾਂ ਵਿਚ ਕੰਮ ਕਰ ਰਹੇ ਕਲਰਕਾਂ ਦਾ ਹੈ। ਸਕੂਲ ਦੇ ਦਰਜਾਚਾਰ ਕਰਮਚਾਰੀਆਂ ਦੀਆਂ ਖਾਲੀ ਅਸਾਮੀਆਂ ਦੇ ਖਾਲੀ ਹੋਣ ਦੇ ਬੁਰੇ ਨਤੀਜੇ ਆ ਰਹੇ ਹਨ। ਇਕ ਪਾਸੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਦੂਸਰੇ ਪਾਸੇ ਸਕੂਲਾਂ ਵਿਚ ਪਹਿਲਾਂ ਹੀ ਮਨਜ਼ੂਰ ਅਸਾਮੀਆਂ ਦੀ ਸਮਾਪਤੀ ਕੀਤੀ ਜਾ ਰਹੀ ਹੈ। ਬਦਤਰ ਹਾਲਾਤ ਤਾਂ ਇਹ ਹਨ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਇਕ ਦੀ ਥਾਂ ਦੋ ਜਾਂ ਤਿੰਨ ਅਸਾਮੀਆਂ ਦੇ ਵਿਰੁੱਧ ਕੰਮ ਕਰਨਾ ਪੈ ਰਿਹਾ ਹੈ। ਮਿਡਲ ਸਕੂਲਾਂ ਵਿਚੋਂ ਪੀ.ਟੀ.ਆਈ. ਦੀਆਂ ਅਸਾਮੀਆਂ ਚੁੱਕ ਕੇ ਪ੍ਰਾਇਮਰੀ ਦੇ ਪੂਰੇ ਬਲਾਕ ਵਿਚ ਇਕ-ਇਕ ਅਸਾਮੀ ਦੇ ਦਿੱਤੀ ਹੈ। ਵੇਖਿਆ ਜਾਵੇ ਤਾਂ ਇਕ ਅਧਿਆਪਕ ਪੂਰੇ ਬਲਾਕ ਵਿਚ ਖੇਡਾਂ ਦੇ ਮਿਆਰ ਨੂੰ ਉਚੇਰਾ ਕਿਵੇਂ ਚੁੱਕ ਦੇਵੇਗਾ! ਅਜਿਹੇ ਹਾਲਾਤ ਵਿਚ (ਜੇਕਰ ਅੰਕੜਿਆਂ ਦੀ ਜਾਦੂਈ ਖੇਡ ਨੂੰ ਸਵੀਕਾਰ ਵੀ ਕਰ ਲਈਏ ਤਾਂ) ਵਿਦਿਆਰਥੀਆਂ ਦੀ ਵਧੀ ਹੋਈ ਗਿਣਤੀ ਬਰਕਰਾਰ ਕਿਵੇਂ ਰਹਿ ਸਕਦੀ ਹੈ? ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਚੋਖੀ ਰਕਮ ਖ਼ਰਚੀ ਜਾ ਰਹੀ ਹੈ। ਸਕੂਲਾਂ ਵਿਚ ਭੌਤਿਕ ਲੋੜਾਂ ਦੀ ਵੀ ਪੂਰਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਿਗਿਆਨਕ ਸਾਧਨਾਂ ਨੂੰ ਸਕੂਲਾਂ ਦੀ ਪਹੁੰਚ ਵਿਚ ਕੀਤਾ ਜਾ ਰਿਹਾ ਹੈ। ਇਸ ਕੰਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਪ੍ਰੰਤੂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਕੂਲ ਵਿਚ ਵਿਦਿਆਰਥੀਆਂ ਦੀ ਪਹਿਲੀ ਲੋੜ ਅਧਿਆਪਕਾਂ ਦੀ ਹੋਂਦ ਹੁੰਦੀ ਹੈ। ਜੇਕਰ ਸਕੂਲ ਵਿਚ ਪੂਰੇ ਅਧਿਆਪਕ ਹੋਣ ਅਤੇ ਅਧਿਆਪਕਾਂ ਕੋਲ ਕੇਵਲ ਚਾਕ ਬੋਰਡ ਹੀ ਹੋਵੇ ਤਾਂ ਇਸ ਨਾਲ ਸਕੂਲਾਂ ਵਿਚ ਵਿੱਦਿਅਕ ਮਾਹੌਲ ਉਸਾਰਿਆ ਜਾ ਸਕਦਾ ਹੈ। ਪ੍ਰੰਤੂ ਜੇਕਰ ਸਕੂਲਾਂ ਵਿਚ ਹੋਰ ਸਾਰੇ ਸਾਧਨ ਹੋਣ ਪ੍ਰੰਤੂ ਅਧਿਆਪਕਾਂ ਦੀ ਕਮੀ ਹੋਵੇ ਤਾਂ ਵਿਦਿਆਰਥੀ ਵਿੱਦਿਆ ਵਿਹੂਣੇ ਹੀ ਰਹਿਣਗੇ।
ਸਾਨੂੰ ਇਸ ਗੱਲ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਕਿ ਵਿੱਦਿਆ ਹੀ ਇਕ ਅਜਿਹਾ ਸਾਧਨ ਹੈ ਜਿਸ ਰਾਹੀਂ ਜ਼ਿੰਦਗੀ ਦੀਆਂ ਸਾਰੀਆਂ ਦੁਸ਼ਵਾਰੀਆਂ ਦਾ ਨਿਵਾਰਨ ਕੀਤਾ ਜਾ ਸਕਦਾ ਹੈ। ਆਨਲਾਈਨ ਸਿੱਖਿਆ ਦਿੱਤੀ ਜਾਵੇ ਕੋਈ ਹਰਜ਼ ਨਹੀਂ ਹੈ ਪ੍ਰੰਤੂ ਅਧਿਆਪਕ ਅਤੇ ਵਿਦਿਆਰਥੀ ਦੇ ਆਪਸੀ ਤਾਲਮੇਲ ਨਾਲ ਹੀ ਸਿੱਖਿਆ ਦੀ ਸਹੀ ਪ੍ਰਾਪਤੀ ਹੋ ਸਕਦੀ ਹੈ। ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਜੇਕਰ ਕੋਰੋਨਾ ਵਰਗਾ ਕੋਈ ਕਹਿਰ ਸਾਡੇ ਆਲ਼ੇ-ਦੁਆਲੇ ਮੰਡਰਾ ਰਿਹਾ ਹੈ ਤਾਂ ਸਾਡੀ ਪ੍ਰਾਥਮਿਕਤਾ ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਕਰੋਪੀ ਤੋਂ ਬਚਾਉਂਦੇ ਹੋਏ ਵਿੱਦਿਅਕ ਮਹੌਲ ਉਸਾਰੇ ਜਾਣ ਦੀ ਲੋੜ ਹੈ। ਵਿਦਿਆਰਥੀਆਂ ਦੀ ਪ੍ਰਾਪਤੀ ਉਸ ਸਮੇਂ ਹੀ ਕਿਸੇ ਗਿਣਤੀ-ਮਿਣਤੀ ਵਿਚ ਆਉਣੀ ਹੈ ਜਦੋਂ ਉਹ ਸਾਂਝੇ ਮੁਕਾਬਲੇ ਵਿਚ ਕੁਝ ਪ੍ਰਾਪਤ ਕਰਕੇ ਵਿਖਾਉਣਗੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin