Articles

ਨਸ਼ਿਆਂ ਦੀ ਲਾਹਨਤ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਨਸ਼ੇ ਅੱਜ ਪੰਜਾਬ ਦੇ ਘਰ ਘਰ ਦੀ ਕਹਾਣੀ ਬਣ ਗਏ ਹਨ। ਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗਿਆਂ ਲੋਕ ਪੁੱਛਦੇ ਹੁੰਦੇ ਸੀ ਕਿ ਲੜਕਾ ਸ਼ਰਾਬ ਤਾਂ ਨਹੀਂ ਪੀਂਦਾ? ਸ਼ਰਾਬ ਪੀਣਾ ਬਹੁਤ ਹੀ ਬੁਰੀ ਗੱਲ ਸਮਝੀ ਜਾਂਦੀ ਸੀ, ਰਿਸ਼ਤਾ ਨਹੀਂ ਸੀ ਹੁੰਦਾ। ਪਰ ਹੁਣ ਪੁੱਛਿਆ ਜਾਂਦਾ ਹੈ ਕਿ ਲੜਕਾ ਕੋਈ ਨਸ਼ਾ ਤਾਂ ਨਹੀਂ ਕਰਦਾ? ਜੇ ਅੱਗੋਂ ਜਵਾਬ ਮਿਲੇ ਕਿ ਜੀ ਇਹ ਸ਼ਰਾਬ ਪੀਂਦਾ ਹੈ ਤਾਂ ਝੱਟ ਕਹਿੰਦੇ ਹਨ ਕਿ ਸ਼ਰਾਬ ਨੂੰ ਛੱਡੋ ਜੀ, ਕੋਈ ਵੱਡਾ ਨਸ਼ਾ ਤਾਂ ਨਹੀਂ ਕਰਦਾ? ਮਤਲਬ ਹੁਣ ਸਿੰਥੈਟਿਕ ਨਸ਼ਿਆਂ ਦੇ ਮੁਕਾਬਲੇ ਸ਼ਰਾਬ ਪੀਣਾ ਸ਼ਰਾਫਤ ਵਾਲੀ ਗੱਲ ਹੈ। ਨਸ਼ੇ ਸਾਰੇ ਭਾਰਤ ਵਿੱਚ ਹੀ ਵਰਤੇ ਜਾਂਦੇ ਹਨ, ਪਰ ਕੈਨੇਡਾ, ਅਮਰੀਕਾ ਅਤੇ ਯੂਰਪ ਤੱਕ ਨਸ਼ਾ ਵਰਤਣ ਅਤੇ ਵੇਚਣ ਲਈ ਪੰਜਾਬੀ ਹੀ ਜਿਆਦਾ ਬਦਨਾਮ ਹਨ। ਕੈਨੇਡਾ ਵਿੱਚ ਤਾਂ ਹਰੇਕ ਤੀਸਰੇ ਚੌਥੇ ਦਿਨ ਕਿਸੇ ਨਾ ਕਿਸੇ ਪੰਜਾਬੀ ਦੇ ਡਰੱਗਾਂ ਸਬੰਧੀ ਝਗੜਿਆਂ ਵਿੱਚ ਮਾਰੇ ਜਾਣ ਦੀ ਖਬਰ ਆਈ ਹੀ ਰਹਿੰਦੀ ਹੈ। ਪੰਜਾਬ ਦੇ ਨਾਲ ਲੱਗਦੇ ਪ੍ਰਾਂਤ ਰਾਜਸਥਾਨ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਅਤੇ 3-4 ਸਾਲ ਪਹਿਲਾਂ ਤੱਕ ਭੱੁਕੀ ਦੇ ਸਰਕਾਰੀ ਠੇਕੇ ਵੀ ਸਨ। ਪਰ ਉਹਨਾਂ ਠੇਕਿਆਂ ‘ਤੇ ਵਪੰਜਾਬੀਆਂ ਦਾ ਹੀ ਮੇਲਾ ਲੱਗਾ ਰਹਿੰਦਾ ਸੀ, ਰਾਜਸਥਾਨੀ ਖੁਦ ਬਹੁਤ ਘੱਟ ਭੁੱਕੀ ਅਤੇ ਅਫੀਮ ਦੀ ਵਰਤੋਂ ਕਰਦੇ ਹਨ।
ਪੰਜਾਬ ਵਿੱਚ ਇਸ ਵੇਲੇ ਮੁੱਖ ਨਸ਼ੇ ਮੈਡੀਕਲ ਸਟੋਰਾਂ ‘ਤੇ ਵਿਕਣ ਵਾਲੇ ਟੀਕੇ, ਗੋਲੀਆਂ ਅਤੇ ਸ਼ੀਸ਼ੀਆਂ, ਅਫੀਮ, ਹੈਰੋਇਨ, ਸਮੈਕ, ਚਿੱਟਾ ਅਤੇ ਆਈਸ ਆਦਿ ਹਨ। ਸਿੰਥੈਟਿਕ ਨਸ਼ਿਆਂ ਵਿੱਚ ਟਰੌਮਾਡੌਲ, ਐਲਪਰੌਮਾਜੋਲ, ਕੈਰੀਸੋਮਾ, ਐਲਪਰੈਕਸ, ਐਸਾਰ, ਮੋਨੋਟੈਲ, ਲੋਪਾਮਾਈਡ, ਸ਼ੀਸ਼ੀਆਂ (ਕੌਰੈਕਸ, ਕੋਰੋਡਾਈਲ, ਰੈਸਕੌਫ, ਬੀਨਾਡਰੈਲ) ਅਤੇ ਟੀਕੇ ਡਾਇਜ਼ਾਪਾਮ ਅਤੇ ਮਾਰਫੀਨ ਆਦਿ ਹਨ। ਨਸ਼ੇ ਦੀ ਸ਼ੁਰੂਆਤ ਹਮੇਸ਼ਾਂ ਸਕੂਲਾਂ-ਕਾਲਜਾਂ ਦੇ ਵਿਿਦਆਰਥੀਆਂ ਜਾਂ ਅਵਾਰਾ ਛੋਕਰਿਆਂ ਨੂੰ ਕੌਰੇਕਸ-ਫੈਂਸੀਡਿਲ ਦੀਆਂ ਸ਼ੀਸ਼ੀਆਂ ਜਾਂ ਲੋਪਾਮਾਈਡ ਆਦਿ ਦੀਆਂ ਗੋਲੀਆਂ ਖਵਾ ਕੇ ਕੀਤੀ ਜਾਂਦੀ ਹੈ। ਜਦੋਂ ਇੱਕ ਵਾਰ ਨਸ਼ਾ ਹੱਡਾਂ ਵਿੱਚ ਰਚ ਜਾਵੇ ਤਾਂ ਬਾਅਦ ਵਿੱਚ ਇਸ ਤੋਂ ਬਗੈਰ ਸਰਦਾ ਨਹੀਂ। ਹੌਲੀ ਹੌਲੀ ਕਪੈਸਟੀ ਵਧਦੀ ਜਾਂਦੀ ਹੈ ਤੇ ਦੋ ਚਾਰ ਗੋਲੀਆਂ ਖਾਣ ਵਾਲਾ ਬੰਦਾ 100-100 ਗੋਲੀਆਂ ਦੇ ਫੱਕੇ ਮਾਰਨ ਲੱਗ ਜਾਂਦਾ ਹੈ। ਪਿੰਡਾਂ ਵਿੱਚ ਦਿਹਾੜੀਦਾਰ ਮਜ਼ਦੂਰ ਸਵੇਰੇ 100 ਰੁ. ਦੀਆਂ ਗੋਲੀਆਂ ਖਾ ਕੇ ਕੰਮ ‘ਤੇ ਤੁਰਦੇ ਹਨ ਤੇ ਸ਼ਾਮ ਨੂੰ 100 ਰੁ. ਦੀ ਦਾਰੂ ਪੀ ਜਾਂਦੇ ਹਨ। 50 ਰੁ ਦੀ ਸਬਜ਼ੀ ਜਾਂ ਫਲ ਲੈਣ ਲੱਗਿਆਂ ਸਾਰੀ ਮੰਡੀ ਵਿੱਚੋਂ ਰੇਟ ਪਤਾ ਕਰਨ ਵਾਲੇ ਸ਼ਰਾਬ ਦੇ ਠੇਕੇ ਜਾਂ ਨਸ਼ੇ ਦੇ ਵਪਾਰੀ ਨੂੰ ਕਦੇ ਰੇਟ ਨਹੀਂ ਪੱੁਛਦੇ, ਬੱਸ ਮਾਲ ਮਿਲਣਾ ਚਾਹੀਦਾ ਹੈ।
ਪੰਜਾਬ ਦੀ ਨੌਜਵਾਨੀ ਨੂੰ ਕਲੰਕ ਬਣ ਕੇ ਚੰਬੜੇ ਨਸ਼ੇ ਹੈਰੋਇਨ ਦੀ ਖੋਜ ਸੇਂਟ ਮੇਰੀ ਮੈਡੀਕਲ ਕਾਲਜ (ਲੰਡਨ) ਦੇ ਇੱਕ ਵਿਿਗਆਨੀ ਚਾਰਲਸ ਰੋਮਲੇ ਐਲਡਰ ਰਾਈਟ ਨੇ 1874 ਈ. ਵਿੱਚ ਕੀਤੀ ਸੀ। ਦਵਾਈ ਦੇ ਤੌਰ ‘ਤੇ ਹੋਈ ਇਹ ਖੋਜ ਹੌਲੀ ਹੌਲੀ ਅਫਗਾਨਿਸਤਾਨ-ਬਰਮਾ-ਥਾਈਲੈਂਡ ਦੇ ਸਮੱਗਲਰਾਂ ਦੇ ਹੱਥਾਂ ਤੱਕ ਪਹੁੰਚ ਗਈ। ਹੁਣ ਸੰਸਾਰ ਦੀ 90% ਅਫੀਮ ਅਤੇ ਹੈਰੋਇਨ ਅਫਗਾਨਿਸਤਾਨ ਵਿੱਚ ਪੈਦਾ ਹੁੰਦੀ ਹੈ। 16 ਕਿੱਲੋ ਅਫੀਮ ਤੋਂ ਇੱਕ ਕਿੱਲੋ ਹੈਰੋਇਨ ਬਣਦੀ ਹੈ ਤੇ 2018 ਵਿੱਚ ਕਰੀਬ 17 ਲੱਖ ਕਿੱਲੋ ਹੈਰੋਇਨ ਪੈਦਾ ਹੋਈ ਸੀ। ਕਈ ਦਹਾਕਿਆਂ ਤੋਂ ਗੜਗੜ ਗ੍ਰਸਤ ਹੋਣ ਕਾਰਨ ਅਫਗਾਨ ਸਰਕਾਰ ਦਾ ਦੇਸ਼ ਦੇ ਬਹੁਤੇ ਹਿੱਸੇ ‘ਤੇ ਕੋਈ ਕੰਟਰੋਲ ਨਹੀਂ ਹੈ। ਜਿਆਦਾਤਰ ਤਾਲਿਬਾਨ ਬਾਗੀ, ਮੰਤਰੀ, ਗਵਰਨਰ ਅਤੇ ਸਰਕਾਰੀ ਅਫਸਰ ਇਸ ਮੁਨਾਫਾਬਖਸ਼ ਧੰਦੇ ਵਿੱਚ ਰੱੁਝੇ ਹੋਏ ਹਨ। ਉਥੇ ਬੱਚਾ ਬੱਚਾ ਹੈਰੋਇਨ ਬਣਾਉਣ ਦਾ ਤਰੀਕਾ ਜਾਣਦਾ ਹੈ। ਤਿਆਰ ਹੈਰੋਇਨ ਪਾਕਿਸਤਾਨ ਰਾਹੀਂ ਭਾਰਤ ਹੁੰਦੀ ਹੋਈ ਅੱਗੇ ਯੂਰਪ-ਅਮਰੀਕਾ ਤੱਕ ਪਹੁੰਚ ਜਾਂਦੀ ਹੈ। ਅਫਗਾਨਿਸਤਾਨ ਤੋਂ 2 ਲੱਖ ਰੁ. ਕਿੱਲੋ ਦੇ ਹਿਸਾਬ ਚੱਲੀ ਹੈਰੋਇਨ ਯੂਰਪ ਅਤੇ ਅਮਰੀਕਾ ਤੱਕ ਪਹੁੰਚਦੇ ਪਹੁੰਚਦੇ ਕਰੋੜਾਂ ਤੱਕ ਪਹੁੰਚ ਜਾਂਦੀ ਹੈ। ਸੰਸਾਰ ਵਿੱਚ ਹਰ ਸਾਲ ਤਿੰਨ ਲੱਖ ਮੌਤਾਂ ਹੈਰੋਇਨ ਦੇ ਕਾਰਨ ਹੁੰਦੀਆਂ ਹਨ। ਸਾਫ ਦਾਣੇਦਾਰ ਹੈਰੋਇਨ ਨੂੰ ਚਿੱਟਾ ਅਤੇ ਖੇਹ ਸੁਆਹ ਰਲਾ ਕੇ ਤਿਆਰ ਕੀਤੇ ਮਾਲ ਨੂੰ ਸਮੈਕ ਕਿਹਾ ਜਾਂਦਾ ਹੈ।
ਪੰਜਾਬ ਵਿੱਚ ਨਸ਼ਿਆਂ ਦੀ ਖਪਤ ਸਮੇਂ ਅਤੇ ਹਾਲਾਤ ਅਨੁਸਾਰ ਘਟਦੀ ਵਧਦੀ ਰਹਿੰਦੀ ਹੈ। ਇਸ ਸਮੇਂ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਬਹੁਤ ਜਿਆਦਾ ਸਖਤੀ ਚੱਲ ਰਹੀ ਹੈ। ਇੱਕ ਨਸ਼ਈ ਦਾ ਨਸ਼ੇ ਲਈ ਔਸਤ ਖਰਚਾ 2000 ਰੁ. ਰੋਜ਼ਾਨਾ ਹੈ। ਨਸ਼ੇ ਦਾ ਖਰਚਾ ਪੂਰਾ ਕਰਨ ਨਸ਼ਈ ਫਿਰ ਜ਼ੁਰਮ ਵੱਲ ਝੁਕ ਜਾਂਦੇ ਹਨ। ਪੰਜਾਬ ਵਿੱਚ ਲੁੱਟ-ਖੋਹ ਦੀਆਂ ਜਿਆਦਾ ਘਟਨਾਵਾਂ ਨਸ਼ਈਆਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ। ਜਦੋਂ ਵੀ ਕਿਸੇ ਸ਼ਹਿਰ ਵਿੱਚ ਝਪਟਮਾਰੀ ਦੀਆਂ ਘਟਨਾਵਾਂ ਵਧ ਜਾਣ ਤਾਂ ਸਮਝੋ ਕਿਸੇ ਨਾ ਕਿਸੇ ਸਮੱਗਲਰ ਕੋਲ ਨਸ਼ੇ ਦੀ ਖੇਪ ਪਹੁੰਚ ਚੁੱਕੀ ਹੈ। ਨਸ਼ੇ ਦੀ ਲਤ ਇਨਸਾਨ ਨੂੰ ਐਨੀ ਬੁਰੀ ਤਰਾਂ ਨਾਲ ਆਪਣੇ ਸ਼ਿਕੰਜੇ ਵਿੱਚ ਜਕੜਦੀ ਹੈ ਕਿ ਉਹ ਮਕੱਦਮੇ ਦਰਜ਼ ਹੋਣ ਤੋਂ ਵੀ ਨਹੀਂ ਡਰਦੇ। ਨਸ਼ਾ ਕਰਨਾ ਆਪਣੀ ਮੌਤ ਆਪ ਸਹੇੜਨ ਵਾਲੀ ਗੱਲ ਹੈ। ਇਹ ਇੱਕ ਧੀਮਾ ਜ਼ਹਿਰ ਹੈ ਜੋ ਹੌਲੀ ਹੌਲੀ ਇਨਸਾਨ ਨੂੰ ਮੌਤ ਵੱਲ ਲੈ ਜਾਂਦਾ ਹੈ। ਨਸ਼ਾ ਕਰਨ ਦੇ ਬਹੁਤ ਬਹਾਨੇ ਹਨ ਜਿਵੇਂ, ਬੇਰੋਜ਼ਗਾਰੀ, ਪਰਿਵਾਰਕ ਝਗੜੇ, ਮਾਨਸਿਕ ਸ਼ਾਂਤੀ ਅਤੇ ਸਰੀਰਕ ਮਿਹਨਤ ਵਾਲੇ ਕੰਮ ਆਦਿ। ਪਰ ਨਸ਼ਾ ਕਰਨ ਨਾਲ ਇਹਨਾਂ ਵਿੱਚੋਂ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੁੰਦਾ। ਬੇਰੋਜ਼ਗਾਰ ਵਾਸਤੇ ਤਾਂ ਰੋਟੀ ਕਮਾਉਣੀ ਔਖੀ ਹੈ ਉਹ ਹੋਰ ਵਾਧੂ ਖਰਚਾ ਆਪਣੇ ਗਲ ਕਿਉਂ ਪਾਉਂਦਾ ਹੈ? ਇਸ ਕਾਰਨ ਘਰਾਂ ਵਿੱਚ ਕਲੇਸ਼ ਪੈਂਦਾ ਹੈ।
ਨਸ਼ਾ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਹੈਰੋਇਨ ਪੀਣ ਵਾਲੇ ਸ਼ੁਰੂ ਸ਼ੁਰੂ ਵਿੱਚ ਇਸ ਨੂੰ ਪਾਊਡਰ ਦੇ ਰੂਪ ਵਿੱਚ ਸਿੱਧਾ ਜਾਂ ਧੂੰਆਂ ਬਣਾ ਕੇ ਸੁੰਘਦੇ ਹਨ। ਜਦੋਂ ਇਸ ਤਰਾਂ ਨਾਲ ਨਸ਼ਾ ਘੱਟ ਅਸਰ ਕਰਦਾ ਹੈ ਤਾਂ ਫਿਰ ਪਾਣੀ ਵਿੱਚ ਘੋਲ ਕੇ ਨਾੜੀ ਵਿੱਚ ਟੀਕੇ ਲਗਾਉਂਦੇ ਹਨ। ਹੌਲੀ ਹੌਲੀ ਜਦੋਂ ਨਾੜੀਆਂ ਮਰ ਜਾਂਦੀਆਂ ਹਨ ਤਾਂ ਲੱਤਾਂ ਦੀਆਂ ਨਾੜਾਂ ਵਿੱਚ ਟੀਕੇ ਠੋਕਦੇ ਹਨ। ਹੌਲੀ ਹੌਲੀ ਡੋਜ਼ ਵਧਦੀ ਜਾਂਦੀ ਹੈ ਤੇ ਫਿਰ ਮੌਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ। ਪੰਜਾਬ ਵਿੱਚ ਪੁਰਾਣੇ ਸਮੇਂ ਵਿੱਚ ਅਫੀਮ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਸੀ। ਹੈਰੋਇਨ ਅਤੇ ਸਮੈਕ ਨੇ ਪੰਜਾਬ ਵਿੱਚ 1980ਵਿਆਂ ਵਿੱਚ ਪ੍ਰਵੇਸ਼ ਕੀਤਾ। ਜਿਹੜੇ ਲੋਕ ਮਹਿੰਗੀ ਹੈਰੋਇਨ, ਅਫੀਮ ਅਤੇ ਸਮੈਕ ਨਹੀਂ ਖਰੀਦ ਸਕੇ, ਉਹ ਸਿੰਥੈਟਿਕ ਦਵਾਈਆਂ ਖਾਣ ਲੱਗ ਪਏ। 1984 ਤੋਂ ਪਹਿਲਾਂ ਨਸ਼ੇ ਦੀ ਤਸਕਰੀ ਸਿੱਧੀ ਪੰਜਾਬ ਬਾਰਡਰ ਤੋਂ ਹੁੰਦੀ ਸੀ। ਤਾਰ ਲੱਗਣ ਅਤੇ ਸਖਤੀ ਹੋਣ ਕਾਰਨ ਹੁਣ ਇਹ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਬਾਰਡਰ ਤੋਂ ਹੋ ਰਹੀ ਹੈ। ਮੋਟਾ ਮੁਨਾਫਾ ਹੋਣ ਕਾਰਨ ਲਾਲਚਵੱਸ ਕਈ ਚੰਗੇ ਭਲੇ ਵਿਅਕਤੀ ਇਸ ਕੰਮ ਵਿੱਚ ਲੱਗੇ ਹੋਏ ਸਨ। ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ਹਨ। ਪੰਜਾਬ ਦੇ ਕਈ ਨਸ਼ਾ ਛੁਡਾਊ ਕੇਂਦਰ ਵੀ ਨਸ਼ਾ ਵੇਚ ਕੇਂਦਰ ਬਣ ਚੁੱਕੇ ਹਨ। ਉਹ ਨਸ਼ਾ ਛੁਡਾਉਣ ਦੀ ਬਜਾਏ ਨਸ਼ੇ ਦੀਆਂ ਦਵਾਈ ਵੇਚਣ ਵਿੱਚ ਜਿਆਦਾ ਰੱੁਝੇ ਹੋਏ ਹਨ।
ਅੱਜ ਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੀ ਅਲਾਮਤ ਤੋਂ ਬਚ ਕੇ ਰਹਿਣ। ਮਜ਼ਾਕ ਮਜ਼ਾਕ ਵਿੱਚ ਲੱਗਾ ਨਸ਼ਾ ਜ਼ਿੰਦਗੀ ਭਰ ਦਾ ਕੋਹੜ ਬਣ ਜਾਂਦਾ ਹੈ। ਨਸ਼ਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਹੁਣ ਤਾਂ ਪੁਲਿਸ ਅਤੇ ਫੌਜ ਦੀ ਭਰਤੀ ਅਤੇ ਅਸਲ੍ਹੇ ਦਾ ਲਾਇਸੰਸ ਬਣਨ ਤੋਂ ਪਹਿਲਾਂ ਪਹਿਲਾਂ ਵੀ ਡੋਪ ਟੈਸਟ ਹੋਣ ਲੱਗ ਪਿਆ ਹੈ। ਨਸ਼ਈ ਆਦਮੀ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ। ਪੱਕੇ ਨਸ਼ਈ 8-10 ਚੰਗੇ ਘਰਾਂ ਦੇ ਹੋਰ ਨੌਜਵਾਨਾਂ ਨੂੰ ਨਸ਼ੇ ‘ਤੇ ਲਗਾਉਂਦੇ ਹਨ ਤੇ ਉਹਨਾਂ ਨੂੰ ਨਸ਼ਾ ਵੇਚ ਕੇ ਆਪਣਾ ਨਸ਼ਿਆਂ ਦਾ ਖਰਚਾ ਪੂਰਾ ਕਰਦੇ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਵੱਲ ਖਾਸ ਧਿਆਨ ਰੱਖਣ। ਨਸ਼ਈ ਨੂੰ ਇੱਕ ਮਾਨਸਿਕ ਬਿਮਾਰ ਦੇ ਤੌਰ ‘ਤੇ ਲੈਣਾ ਚਾਹੀਦਾ ਹੈ। ਉਸ ਨਾਲ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਸਿੱਧੇ ਰਸਤੇ ‘ਤੇ ਲਿਆਉਣਾ ਚਾਹੀਦਾ ਹੈ। ਲੋਕਾਂ ਵਿੱਚ ਬਹੁਤ ਵੱਡਾ ਵਹਿਮ ਹੈ ਕਿ ਨਸ਼ਾ ਛੱਡਣ ਨਾਲ ਅਧਰੰਗ ਹੋ ਜਾਂਦਾ ਹੈ ਜਾਂ ਕਿਡਨੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਇਹ ਬਿਲਕੁਲ ਅਫਵਾਹਾਂ ਹਨ ਜੋ ਨਸ਼ਾ ਵੇਚਣ ਵਾਲਿਆਂ ਨੇ ਫੈਲਾਈਆਂ ਹੋਈਆਂ ਹਨ। ਨਸ਼ਾ ਛੱਡਣ ਕਾਰਨ ਅੱਜ ਤੱਕ ਕੋਈ ਨਹੀਂ ਮਰਿਆ, ਸਗੋਂ ਵੱਧ ਡੋਜ਼ ਨਾਲ ਅਨੇਕਾਂ ਲੋਕ ਮਰੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin