
ਜੇਕਰ ਦੇਖਿਆ ਜਾਵੇ ਤਾਂ ਇਸ ਸੰਸਾਰ ਨੂੰ ਹਮੇਸ਼ਾ ਦੋ ਵਰਗ ਮਰਦ ਅਤੇ ਔਰਤ ਤੋ ਬਣਿਆ ਦੱਸਿਆ ਜਾਦਾ ਹੈ ਪਰ ਸਮਾਜ ਵਿੱਚ ਤੀਸਰਾ ਵਰਗ ਵੀ ਹੈ ਜਿਸਨੂੰ ਸਾਡੀ ਵਿਗਿਆਨਿਕ ਭਾਸ਼ਾ ਟ੍ਰਾਂਸਜੈਂਡਰ ਦੇ ਨਾਮ ਨਾਲ ਬੁਲਾਉਦੀ ਹੈ ਤੇ ਸਾਡੇ ਸਮਾਜ ਦੀ ਰੂੜੀਵਾਦੀ ਸੋਚ ਖੁਸਰਾ, ਕਿੰਨਰ ਹੋਰ ਪਤਾ ਨਹੀ ਕੀ-ਕੀ ਅਪਮਾਨਜਨਕ ਨਾਵਾਂ ਨਾਲ ਬੁਲਾਉਂਦੇ ਹਨ। 21ਵੀ ਸਦੀ ਦਾ ਸਮਾਜ ਜਿੱਥੇ ਆਪਣੇ ਆਪ ਨੂੰ ਹਰਪੱਖ ਤੋ ਅਗਾਂਹਵੱਧੂ ਸੋਚ ਦਾ ਧਾਰਨੀ ਦੱਸਦਾ ਹੈ ਉੱਥੇ ਹੀ ਕਿੰਨਰ ਭਾਈਚਾਰੇ ਪ੍ਰਤੀ ਰੂੜੀਵਾਦੀ ਸੋਚ ਅਪਣਾਈ ਜਾਦੀ ਹੈ। ਟ੍ਰਾਂਸਜੈਂਡਰ ਵਰਗ ਨੂੰ ਸਮਾਜ ਵਿੱਚ ਬਣਦਾ ਹੱਕ ਅਤੇ ਸਤਿਕਾਰ ਨਹੀ ਦਿੱਤਾ ਜਾਂਦਾ। ਟ੍ਰਾਂਸਜੈਂਡਰ ਨੂੰ ਵਿਗਿਆਨੀ ਦੋ ਭਾਗਾ ਵਿੱਚ ਰੱਖਦੇ ਹਨ।
1: ਟ੍ਰਾਂਸਜੈਂਡਰ
2: ਟ੍ਰਾਂਸੈਕਸੁਅਲ
ਟ੍ਰਾਂਸਜੈਂਡਰ ਸਬਦ ਉਨ੍ਹਾਂ ਇਨਸਾਨਾਂ ਲਈ ਵਰਤਿਆ ਜਾਂਦਾ ਹੈ ਜੋ ਜਨਮ ਸਮੇਂ ਮਰਦ ਅਤੇ ਔਰਤ ਤੋ ਅਲੱਗ ਵੱਖਰੀ ਸਰੀਰਕ ਬਣਤਰ ਨਾਲ ਜਨਮ ਲੈਂਦੇ ਹਨ।
ਟ੍ਰਾਂਸੈਕਸੁਅਲ ਸਬਦ ਉਨ੍ਹਾਂ ਇਨਸਾਨ ਲਈ ਵਰਤਿਆ ਜਾਂਦਾ ਹੈ, ਜੋ ਜਨਮ ਤਾਂ ਮਰਦ ਜਾਂ ਔਰਤ ਦੀ ਸਰੀਰਕ ਬਣਤਰ ਨਾਲ ਲੈਂਦੇ ਹਨ ਪਰ ਇਨ੍ਹਾਂ ਦਾ ਪੰਜ ਤੋ ਸੱਤ ਸਾਲ ਤੱਕ ਟ੍ਰਾਂਸੈਕਸੁਅਲ ਹੋਣ ਬਾਬਤ ਪੱਤਾ ਨਹੀ ਲੱਗਦਾ ਕਿਉਕਿ ਇਨਾ ਦੀ ਸਰੀਰਕ ਬਣਤਰ ਸਧਾਰਨ ਬੱਚਿਆ ਵਾਂਗ ਹੀ ਹੁੰਦੀ ਹੈ। ਟ੍ਰਾਂਸੈਕਸੁਅਲ ਇਨਸਾਨ ਜਨਮ ਤਾਂ ਮਰਦ ਸਰੀਰਕ ਬਣਤਰ ਵਿੱਚ ਲੈਂਦੇ ਹਨ ਅਤੇ ਮਾਨਸਿਕ ਪੱਧਰ ਔਰਤ ਦਾ ਹੁੰਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਮਰਦ ਦੇ ਸਰੀਰ ਵਿੱਚ ਔਰਤ ਦੀ ਵਿਚਾਰਧਾਰਾ ਤੇ ਔਰਤ ਦੇ ਸਰੀਰ ਵਿੱਚ ਮਰਦ ਦੀ ਵਿਚਾਰਧਾਰਾ।
ਦੋਹਾਂ ਕੇਸਾਂ ਵਿੱਚ ਵਿਗਿਆਨਕ ਨਜ਼ਰੀਆ X. Y. XX. XXY. XXYY. ਸੌਰੀ ਜੀਨਸ, ਮੈਗਨੇਟਿਕ ਬਰੇਨ, ਹਾਰਮੋਨਜ਼ ਡਿਸਟਰਬ ਆਦਿ ਜੋ ਵੀ ਹੋਵੇ ਪਰ ਇਸਨੂੰ ਕੁਦਰਤੀ ਜਾਂ ਸਮਾਜਿਕ ਭਾਗ ਮੰਨਣ ਤੋ ਨਕਾਰਿਆ ਨਹੀ ਜਾ ਸਕਦਾ। ਇਹ ਸੱਭ ਹੈ ਤਾਂ ਕੁਦਰਤੀ ਹੀ। ਮਰਦ ਔਰਤ ਵਾਂਗ ਟ੍ਰਾਂਸਜੈਂਡਰ ਅਤੇ ਟ੍ਰਾਂਸੈਕਸੁਅਲ ਵਰਗ ਵੀ ਸਮਾਜ ਦਾ ਹਿੱਸਾ ਕੁਦਰਤੀ ਹੀ ਹਨ।
ਟ੍ਰਾਂਸੈਕਸੁਅਲ ਇਨਸਾਨ ਅਜਿਹੇ ਹਾਲਾਤ ਜਾਂ ਸਥਿਤੀ ਜਾਣ ਬੁੱਝ ਕੇ ਨਹੀ ਚੁਣੇਗਾ ਕਿ ਉਸਨੂੰ ਸਮਾਜ ਜਾਂ ਪਰਿਵਾਰ ਸਵੀਕਾਰ ਕਰਨ ਤੋਂ ਇਨਕਾਰੀ ਹੋਣ। ਟ੍ਰਾਂਸੈਕਸੁਅਲ ਇਨਸਾਨਾਂ ਨੂੰ ਸਾਡਾ ਸਮਾਜ ਛੱਕਾ, ਖੁਸਰਾ, ਕਿੰਨਰ ਆਦਿ ਬਹੁਤ ਸਾਰੇ ਅਪਮਾਨਿਤ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ, ਜੋ ਬਿਲਕੁੱਲ ਗਲਤ ਹੈ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥
ਸੋ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਭਗਤ ਜੀ ਨੇ ਸਿਰਫ ਮਰਦ ਅਤੇ ਔਰਤ ਲਈ ਹੀ ਨਹੀ ਉਚਾਰੇ ਬਲਕਿ ਸਮਾਜ ਦੇ ਹਰੇਕ ਵਰਗ ਲਈ ਹਨ, ਉਹ ਚਾਹੇ ਮਰਦ, ਔਰਤ, ਟ੍ਰਾਂਸਜੈਂਡਰ ਜਾਂ ਟ੍ਰਾਂਸੈਕਸੁਅਲ ਆਦਿ ਹੋਵੇ ਯਾਨੀ ਕਿ ਪੂਰੀ ਇਨਸਾਨੀਅਤ ਲਈ ਹਨ। ਫਿਰ ਸਾਡਾ ਸਮਾਜ ਇਸ ਵਰਗ ਨਾਲ ਵੱਖਰੇਵਾਂ ਕਿਉਂ ਰੱਖਦਾ ਹੈ?
ਜਿਆਦਾਤਰ ਟ੍ਰਾਂਸਜੈਂਡਰ ਸਮਾਜ ਨੱਚ ਕੁੱਦ ਕੇ ਜਾਂ ਭੀਖ ਮੰਗ ਕੇ ਹੀ ਅਪਣਾ ਜੀਵਨ ਚਲਾਉਂਦਾ ਹੈ। ਕੀ ਸਾਡੇ ਸਮਾਜ ਜਾਂ ਸੰਸਥਾਵਾਂ ਨੇ ਇਸ ਵਰਗ ਦੇ ਜੀਵਨਕਾਲ ਨੂੰ ਉੱਚਾ ਚੁੱਕਣ ਲਈ ਕੋਈ ਯਤਨ ਕੀਤਾ, ਨਜ਼ਰੀਏ ਵਿੱਚ ਕੋਈ ਬਦਲਾਅ ਲਿਆਂਦੇ। ਇਹ ਵਰਗ ਕਿਸੇ ਵੱਖਰੇ ਸੰਸਾਰ ਤੋਂ ਨਹੀ ਆਇਆ ਬਲਕਿ ਇਹ ਵਰਗ ਵੀ ਸਾਡੇ ਤੁਹਾਡੇ ਵਰਗੇ ਲੋਕਾਂ ਦੇ ਘਰਾਂ ਵਿੱਚ ਹੀ ਜਨਮ ਲੈਦਾਂ ਹੈ।ਜਿਆਦਾਤਰ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਦੇ ਘਰ ਬੱਚਾ ਟ੍ਰਾਂਸਜੈਂਡਰ ਪੈਦਾ ਹੋਵੇ ਤਾਂ ਉਸਨੂੰ ਕਿੰਨਰ ਭਾਈਚਾਰਾ ਆਪਣੇ ਨਾਲ ਲੈ ਜਾਂਦਾ ਹੈ। ਉਸ ਭਾਈਚਾਰੇ ਵਿੱਚ ਗੁਰੂ ਚੇਲਾ ਪ੍ਰਥਾ ਚਲਦੀ ਹੈ। ਕਿਸੇ ਗੁਰੂ ਕਿੰਨਰ ਵੱਲੋ ਆਪਣੇ ਚੇਲੇ ਕਿੰਨਰ ਨੂੰ ਨਾਚ ਗਾਣਾ ਅਤੇ ਕਿੰਨਰ ਸਮਾਜ ਦੀਆਂ ਹੋਰ ਸਿਖਿਆਵਾਂ ਦਿੱਤੀਆਂ ਜਾਂਦੀਆਂ ਹਨ। ਕਿੰਨਰ ਸਮਾਜ ਭਾਰਤੀ ਹਿੰਦੂ ਦੇਵਤਾ ‘ਅਰਾਵਤ ਜਾਂ ਅਰਾਦਨ ਦੀ ਪੂਜਾ ਕਰਦੇ ਹਨ ਅਤੇ ਵਿਆਹ ਵੀ ਆਪਣੇ ਅਰਾਦਿਆ ਦੇਵ ‘ਅਰਾਦਨ’ ਦੀ ਮੂਰਤੀ ਬਣਾ ਕੇ ਮੂਰਤੀ ਨਾਲ ਹੀ ਕਰਦੇ ਹਨ । ਵਿਆਹ ਤੋ ਕੁੱਝ ਦਿਨ ਬਾਅਦ ਜਾਂ ਅਗਲੇ ਦਿਨ ਇਸ ਮੂਰਤੀ ਨੂੰ ਭੰਨ ਦਿੱਤਾ ਜਾਂਦਾ ਹੈ ਅਤੇ ਆਪਣੇ ਆਪ ਨੂੰ ਪੂਰੇ ਜੀਵਨਕਾਲ ਲਈ ਵਿਧਵਾ ਮੰਨ ਲਿਆ ਜਾਂਦਾ ਹੈ। ਸਾਡੇ ਸਮਾਜ ਨੂੰ ਮਾਨਸਿਕ ਪੱਧਰ ਦੇ ਬਹੁਤ ਵੱਡੇ ਪਰਿਵਰਤਨ ਦੀ ਜਰੂਰਤ ਹੈ। ਜੇਕਰ ਇਸ ਬਾਬਤ ਪਰਿਵਰਤਨ ਆਉਂਦਾ ਹੈ ਤਾਂ ਟ੍ਰਾਂਸਜੈਂਡਰ ਬੱਚੇ ਵੀ ਸਾਡੇ ਸਧਾਰਨ ਬੱਚਿਆਂ ਵਾਂਗ ਪਾਰਕਾਂ ਵਿੱਚ ਖੇਡ ਸਕਣਗੇ, ਸਕੂਲਾਂ ਵਿੱਚ ਪੜ੍ਹ ਸਕਣਗੇ, ਕਾਲਜਾਂ ਯੂਨੀਵਰਸਿਟੀਆਂ ਵਿੱਚ ਡਿਗਰੀ ਹੋਲਡਰ ਬਣ ਸਕਣਗੇ। ਇਸ ਸਭ ਲਈ ਮਾਨਸਿਕ ਵਿਚਾਰਾਂ ਦੇ ਪਰਿਵਰਤਨ ਦੀ ਜਰੂਰਤ ਹੈ।
ਸੰਨ 2002 ਨੂੰ ਭਾਰਤ ਵਾਰਾਣਸੀ ਵਿੱਚ ਟ੍ਰਾਂਸਜੈਂਡਰ ਵਰਗ ਦੀ ਕਾਨਫਰੰਸ ਹੋਈ ਜਿੱਥੇ ਦੇਸ਼ ਦੇ ਪੰਜ ਹਜ਼ਾਰ ਟ੍ਰਾਂਸਜੈਂਡਰ ਨੇ ਸਿਰਕਤ ਕੀਤੀ । ਜਿਸ ਦੀਆਂ ਮੁੱਖ ਮੰਗਾਂ ਸਰਕਾਰ ਅਤੇ ਯੂਨੀਵਰਸਿਟੀਆਂ ਨੂੰ ਪੇਸ਼ ਕੀਤੀਆਂ ਕਿ ਉਹ ਟ੍ਰਾਂਸਜੈਂਡਰ ਵਰਗ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਜਿਆਦਾ ਅਵਸਰ ਪੈਦਾ ਕਰਨ। ਭਾਰਤ ਵਿੱਚ ਟ੍ਰਾਂਸਜੈਂਡਰ ਦੀ ਕੁੱਲ ਅਬਾਦੀ ਦੋ ਹਜ਼ਾਰ ਚੌਦਾ ਦੀ ਰਿਪੋਰਟ ਅਨੁੰਸਾਰ 490000 ਹੈ। ਪਾਕਿਸਤਾਨ ਵਿੱਚ ਦੱਸ 10428 ਹੈ। ਜੱਦ ਕਿ ਭਾਰਤੀ ਪੰਜਾਬ ਵਿੱਚ ਦੱਸ ਹਜ਼ਾਰ ਦੋ ਸੌ ਤਰਤਾਲੀ ਹੈ। ਜੇਕਰ ਦੇਖਿਆ ਜਾਵੇ ਤਾਂ ਦੱਸ ਹਜ਼ਾਰ ਦੋ ਸੌ ਤਰਤਾਲੀ ਟ੍ਰਾਂਸਜੈਂਡਰ ਨੂੰ ਪੰਜਾਬ ਸਰਕਾਰ ਜਾਂ ਪ੍ਰਾਈਵੇਟ ਕੰਪਨੀਆਂ ਕੋਈ ਨਾ ਕੋਈ ਉਨ੍ਹਾਂ ਦੀ ਸਮਰੱਥਾ ਅਨੁਸਾਰ ਰੁਜ਼ਗਾਰ ਪ੍ਰਦਾਨ ਕਰ ਸਕਦੇ ਹਨ। ਇਹ ਕੋਈ ਵੱਡੀ ਚੁਣੌਤੀ ਨਹੀ ਹੋਵੇਗੀ। ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਨਿਕਲਣ ਵਾਲੀਆਂ ਅਸਾਮੀਆਂ ਲਈ ਜਿੱਥੇ ਗਿਣੀਆਂ ਚੁਣੀਆਂ ਅਸਾਮੀਆਂ ਮਰਦਾਂ ਅਤੇ ਔਰਤਾਂ ਲਈ ਹੁੰਦੀਆਂ ਉੱਥੇ ਹੀ ਟ੍ਰਾਂਸਜੈਂਡਰ ਵਰਗ ਲਈ ਵੀ ਜਰੂਰੀ ਤੌਰ ਤੇ ਸਰਕਾਰ, ਪ੍ਰਾਈਵੇਟ ਸੰਸਥਾਵਾਂ, NGO, ਸਮਾਜਿਕ ਸੰਗਠਨਾਂ ਆਦਿ ਨੂੰ ਟ੍ਰਾਂਸਜੈਂਡਰ ਵਰਗ ਲਈ ਅਸਾਮੀਆਂ ਰੱਖਣੀਆਂ ਚਹੀਦੀਆਂ ਹਨ। ਤਾਂ ਜੋ ਇਹ ਵਰਗ ਆਪਣੇ ਪੁਰਾਣੇ ਕੰਮਕਾਜ ਭੀਖ ਮੰਗਣਾ, ਨਾਚ ਗਾਣਾ ਕਰਨਾ ਤੇ ਹੀ ਨਿਰਭਰ ਨਾ ਰਹਿਣ। ਟ੍ਰਾਂਸਜੈਂਡਰ ਨੂੰ ਕਿਸੇ ਦੂਸਰੇ ਖੇਤਰ ਵਿੱਚ ਰੁਜ਼ਗਾਰ ਬਹੁਤ ਘੱਟ ਮਿਲਦਾ ਜਾਂ ਮਿਲਦਾ ਹੀ ਨਹੀ ਹੈ। ਕਦੇ ਕਦੇ ਉਨ੍ਹਾਂ ਦੇ ਕਾਬਿਲ ਹੋਣ ਦੇ ਬਾਵਜੂਦ ਵੀ ਚੋਣ ਨਹੀ ਕੀਤੀ ਜਾਂਦੀ ਕਿ ਉਹ ਟ੍ਰਾਂਸਜੈਂਡਰ ਹਨ। ‘ਅਮਰੂਤਾ ਸੋਨੀ’ ਜੀ ਭਾਰਤ ਛੱਤੀਸਗੜ੍ਹ ਤੋ ਸਰਕਾਰੀ ਐਡਵੋਕੇਸੀ ਅਫਸਰ ਹਨ। ‘ਅਮਰੂਤਾ ਸੋਨੀ’ ਜੀ ਦੱਸਦੇ ਨੇ ਕਿ ਉਨ੍ਹਾਂ ਨੂੰ ਟ੍ਰਾਂਸਜੈਂਡਰ ਹੋਣ ਕਾਰਨ ਸਕੂਲੀ ਪੱਧਰ ਤੋ ਕਾਲਜ ਪੱਧਰ ਤੱਕ ਸਿੱਖਿਆ ਪ੍ਰਾਪਤੀ ਲਈ ਬਹੁਤ ਸੰਘਰਸ਼ ਕਰਨਾ ਪਿਆ । ਸਰੀਰਕ ਸੋਸ਼ਣ ਮਾਨਸਿਕ ਸੋਸ਼ਣ ਵੀ ਹੋਇਆ ਪਰ ਉਨ੍ਹਾਂ ਫਿਰ ਵੀ ਹਿੰਮਤ ਨਾ ਹਾਰੀ ਅਤੇ ਆਪਣੇ ਪੁਰਾਣੇ ਰੁਜ਼ਗਾਰ ਨਾਚ ਗਾਣਾ ਭੀਖ ਮੰਗਣ ਵੱਲ ਨਹੀ ਵਧੇ। ਸੋ ਸੰਘਰਸ਼ ਕਰਦਿਆ ਅਮਰੂਤਾ ਸੋਨੀ ਜੀ ਐਮ ਬੀ ਏ ਦੀ ਡਿਗਰੀ ਪ੍ਰਾਪਤ ਕਰ ਗਏ । ਕਈ ਨਾਮੀ ਕੰਪਨੀਆਂ ਵਿੱਚ ਐਚ ਆਰ , ਐਚ ਆਰ ਹੈੱਡ ਤੱਕ ਚੁਣੇ ਗਏ ਪਰ ਆਖਰ ਉਨ੍ਹਾਂ ਨੂੰ ਟ੍ਰਾਂਸਜੈਂਡਰ ਹੋਣ ਕਾਰਨ ਰੀਜੈਕਟ ਕਰ ਦਿੱਤਾ ਜਾਂਦਾ, ਜਦਕਿ ਉਹ ਕਾਬਿਲਤਾ ਵੀ ਰੱਖਦੇ ਸਨ ਪਰ ਵੱਖਵਾਦ ਦਾ ਸ਼ਿਕਾਰ ਹੁੰਦੇ ਰਹੇ। ਇਹ ਹੈ ਸਾਡੇ ਸਮਾਜ ਦੀ ਅਸਲੀਅਤ ਜੇਕਰ ਸੰਘਰਸ਼ ਕਰ ਕੁੱਝ ਟ੍ਰਾਂਸਜੈਂਡਰ ਅਗਾਂਹ ਵੱਧਣਾ ਚਾਹੁੰਦੇ ਹਨ ਸਾਡੇ ਸਮਾਜ ਦੀ ਰੂੜੀਵਾਦੀ ਸੋਚ ਉਨ੍ਹਾਂ ਨੂੰ ਅਗਾਂਹ ਵਧਣ ਤੋ ਰੋਕਦੀ ਹੈ। ‘ਅਮਰੂਤਾ ਸ਼ੋਨੀ’ ਜੀ ਅੱਜ ਆਪਣੇ ਖਿੱਤੇ ਦੇ ਤਿੰਨ ਰਾਜਾਂ ਦੇ ਮੈਨੇਜ਼ਰ ਰੈਂਕ ਦੇ ਅਫਸਰ ਹਨ ਅਤੇ ਉਨ੍ਹਾਂ ਦਾ ਮੇਲ ਮਿਲਾਪ ਤਿੰਨ ਰਾਜਾਂ ਦੇ ਮੰਤਰੀ, ਆਈ ਏ ਐਸ ਆਦਿ ਉੱਚੇ ਅਹੁਦੇਦਾਰਾਂ ਨਾਲ ਹੁੰਦਾ ਹੈ। ਅਫਸੋਸ ਕਿ ਉੱਚ ਅਹੁੱਦੇਦਾਰ ਵੀ ਉਨ੍ਹਾਂ ਦੇ ਅਹੁਦੇ ਨੂੰ ਇੱਕ ਪਾਸੇ ਰੱਖ ਟ੍ਰਾਂਸਜੈਂਡਰ ਦੇ ਨਜ਼ਰੀਏ ਨਾਲ ਪਹਿਲਾਂ ਦੇਖਦੇ ਹਨ। ਉੱਚਿਆਂ ਅਹੁਦਿਆ ਤੇ ਹੇਠਲੇ ਪੱਧਰ ਦੀ ਮਾਨਸਿਕਤਾਂ ਹੀ ਸਾਡੀਆਂ ਡਿੱਗਦੀਆਂ ਕਦਰਾਂ ਕੀਮਤਾਂ ਦਾ ਕਾਰਨ ਬਣਦੀ ਆਈ ਹੈ। ਸਿੱਖਿਆ ਵਿਭਾਗ ਦੇ ਬਹੁਤ ਲੋਕਾਂ ਵੱਲੋ ਉਨ੍ਹਾਂ ਨੂੰ ਆਪਣੇ ਪੁਰਾਣੇ ਪੇਸ਼ੇ ਵਿੱਚ ਜਾਣ ਦੀ ਨਸੀਹਤ ਦਿੱਤੀ ਗਈ। ਜੇਕਰ ਉਹ ਉਸ ਸਮੇਂ ਆਪਣੇ ਪੈਰ ਪਿੱਛੇ ਪੁੱਟ ਲੈਂਦੇ ਤਾਂ ਉਹ ਅੱਜ ਕਾਬਿਲ ਅਫਸਰ ਨਾ ਹੁੰਦੇ। ਅਮਰੂਤਾ ਸ਼ੋਨੀ’ ਜੀ ਵਰਗੇ ਅਫਸਰਾਂ ਨੇ ਟ੍ਰਾਂਸਜੈਂਡਰ ਭਾਈਚਾਰੇ ਨੂੰ ਪੜ੍ਹਨ ਅਤੇ ਅਗਾਂਹ ਵੱਧਣ ਲਈ ਹੋਰ ਉਤਸ਼ਾਹਿਤ ਕੀਤਾ।
ਟ੍ਰਾਂਸੈਕਸੁਅਲ ‘ਦੀਪਕਾ ਦੱਸਦੇ ਹਨ ਕਿ ਉਹਨਾਂ ਨੂੰ ਟ੍ਰਾਂਸੈਕਸੁਅਲ ਹੋਣ ਕਾਰਨ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਜਿਸ ਕਾਰਨ ਉਨ੍ਹਾਂ ਨੇ ਇੱਕ ਸਾਲ ਦੇ ਸਮੇਂ ਵਿੱਚ ਪੰਜ ਨੌਕਰੀਆਂ ਦਾ ਤਿਆਗ ਕੀਤਾ।
ਐਸ ਡੀ ਐਮ ਅਲੀਪੁਰ ਮੈਡਮ ‘ਈਰਾ ਸਿਗਹਲ’ ਜੀ ਨੇ ਕੁੱਝ ਯੋਗ ਟ੍ਰਾਂਸਜੈਂਡਰਾਂ ਨੂੰ ਆਪਣੇ ਡੀ ਐਮ ਦਫ਼ਤਰ ਵਿੱਚ ਨੌਕਰੀ ਦਿੱਤੀ ਅਤੇ ਪੂਰੇ ਸਟਾਫ/ਡਿਪਾਰਟਮੈਂਟ ਨਾਲ ਸਪੈਸ਼ਲ ਮੀਟਿੰਗ ਕਰ ਉਨ੍ਹਾਂ ਨੂੰ ਟ੍ਰਾਂਸਜੈਂਡਰ ਵਿਤਕਰੇ ਅਤੇ ਛੂਆ ਛੂਤ ਤੋ ਬਚਣ ਲਈ ਕਿਹਾ ਗਿਆ। ਸੋ ਸਾਡੇ ਸਮਾਜ ਨੂੰ ਅਜਿਹੇ ਨੇਕ ਅਫਸਰਾਂ ਦੀ ਜਰੂਰਤ ਹੈ।
ਇੱਕ ਸਵਾਲ ਸਾਡੇ ਸਿੱਖ ਭਾਈਚਾਰੇ ਲਈ ਵੀ ਕਿ ਟ੍ਰਾਂਸਜੈਂਡਰ ਵਰਗ ਲਈ ਸਾਡੇ ਭਾਈਚਾਰੇ ਵਿੱਚ ਕਦੇ ਕੋਈ ਉਪਰਾਲਾ ਕੀਤਾ ਗਿਆ। ਕਿਉਂਕਿ ਸੈਕੜੇ ਸਿੱਖ ਮਾਂਵਾਂ ਨੇ ਅੱਜ ਤੋਂ ਪਹਿਲਾ ਟ੍ਰਾਂਸਜੈਂਡਰ ਬੱਚਿਆਂ ਨੂੰ ਜਨਮ ਦਿੱਤਾ। ਟ੍ਰਾਂਸਜੈਂਡਰ ਨੂੰ ਜਨਮ ਮਾਂ ਨੇ ਦਿੱਤਾ ਹੈ, ਮਾਂ ਦੀ ਮਮਤਾ ਬੱਚੇ ਲਈ ਬਰਕਰਾਰ ਹੈ। ਕਿਉਂਕਿ ਮਾਂ ਜੇ ਪੱਥਰ ਨੂੰ ਵੀ ਜਨਮ ਦੇਵੇ ਤਾਂ ਵੀ ਮਾਂ ਦੀ ਮਮਤਾ ਬਰਕਰਾਰ ਰਹੇਗੀ।
“ਜੇ ਮਾਂ ਸੋਨਾ ਹੀਰਾ ਜਨਮੇ, ਵੇਚ ਬਜ਼ਾਰੀ ਮੁੱਲ ਵੱਟਦੀ ਨਾ।
ਜੇ ਮਾਂ ਪੱਥਰ ਨੂੰ ਵੀ ਜਨਮ ਦੇਵੇ, ਤਾਂ ਵੀ ਮਮਤਾ ਘੱਟਦੀ ਨਾ।”
ਜ਼ਿਆਦਾ ਹਾਲਾਤਾਂ ਵਿੱਚ ਮਾਂ ਤੋ ਬਗ਼ੈਰ ਰਿਸ਼ਤੇਦਾਰ, ਪਰਿਵਾਰਕ ਮੈਂਬਰ, ਸਮਾਜ ਇਸ ਬੱਚੇ ਨੂੰ ਸਵੀਕਾਰ ਨਹੀ ਕਰਦਾ ਜਿਸ ਕਾਰਨ ਬੱਚਾ ਕਿੰਨਰ ਸਮਾਜ ਵਿੱਚ ਚਲਾ ਜਾਂਦਾ ਹੈ। ਕਿੰਨਰ ਸਮਾਜ ਲਈ ਸਤਿਕਾਰ ਹੈ ਕਿਉਂਕਿ ਉਨ੍ਹਾਂ ਦਾ ਮਕਸਦ ਮਾਂ ਕੋਲੋ ਬੱਚਾ ਦੂਰ ਕਰਨਾ ਨਹੀ ਬਲਕਿ ਇਸ ਸਮਾਜ ਤੋ ਬੱਚਾ ਦੂਰ ਕਰਨਾ ਹੈ ਤਾਂ ਜੋ ਬੱਚਾ ਸਮਾਜ ਦੀ ਨਫ਼ਰਤ ਦਾ ਸਿਕਾਰ ਨਾ ਸੋ ਸਕੇ। ਕੀ ਅਸੀ ਟ੍ਰਾਂਸਜੈਂਡਰ ਬੱਚਿਆਂ ਦਾ ਪਾਲਣ ਪੋਸ਼ਣ ਆਪਣੇ ਘਰ ਸਧਾਰਨ ਸਮਾਜ ਵਿੱਚ ਨਹੀ ਕਰ ਸਕਦੇ? ਸੋ ਮੇਰੀ ਅਪੀਲ ਹੈ ਸਿੱਖ ਸੰਸਥਾਵਾਂ ਨੂੰ ਬਲਕਿ ਸਮੂਹ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਹੈ ਕਿ (ਹਿੰਦੂ, ਮੁਸਲਿਮ, ਸਿੱਖ, ਇਸਾਈ, ਆਦਿ) ਕਿ ਕਿਰਪਾ ਕਰਕੇ ਅਜਿਹੇ ਯਤਨ ਵੀ ਕੀਤੇ ਜਾਣ ਕਿ ਸਾਡੇ ਭਾਈਚਾਰੇ ਵਿੱਚ ਪੈਂਦਾ ਹੋਇਆ ਟ੍ਰਾਂਸਜੈਂਡਰ ਬੱਚਾ ਸਾਡੇ ਭਾਈਚਾਰੇ ਦਾ ਨਿੱਘ ਮਾਣ ਸਕੇ ਅਤੇ ਸਾਡੇ ਸਮਾਜ ਵਿੱਚ ਹੀ ਜੀਵਨ ਨੂੰ ਖੁਸ਼ੀਆਂ ਭਰਪੂਰ ਕਰ ਸਕੇ।
ਬੰਗਾਲ ਦੇ ਇੱਕ ਟ੍ਰਾਂਸਜੈਂਡਰ ਅੰਦੋਲਨ ਜਾਂ ਪ੍ਰਦਰਸ਼ਨ ਵਿੱਚ ਅੰਗ੍ਰੇਜੀ ਦਾ ਨਾਅਰਾ ਲਗਾਇਆ ਗਿਆ “ਟ੍ਰਾਂਸ ਰਾਈਟ ਆਰ ਹਿਊਮਨ ਰਾਈਟਸ ” ਟ੍ਰਾਂਸਜੈਂਡਰ ਅਧਿਕਾਰ ਮਨੁੱਖੀ ਅਧਿਕਾਰ ਹੀ ਹਨ ਨਾ ਕਿ ਮਨੁੱਖੀ ਅਧਿਕਾਰਾਂ ਤੋ ਅਲੱਗ।
ਸੰਯੁਕਤ ਰਾਸ਼ਟਰ 1984 ਨੂੰ ਟ੍ਰਾਂਸਜੈਂਡਰ ਕਮਿਉਨਿਟੀ ਦੀ ਧਾਰਨਾ ਵਿਕਸਿਤ ਹੋਈ ,ਜਦਕਿ ਟ੍ਰਾਂਸਜੈਂਡਰ ਟ੍ਰਾਂਸੈਕਸੁਅਲ ਲਈ ਵਰਤੇ ਜਾਂਦੇ ਅਪਮਾਨਜਨਕ ਸ਼ਬਦਾਂ ਦੀ ਬਜਾਏ ਸਤਿਕਾਰਤ ਸ਼ਬਦ ਟ੍ਰਾਂਸਮੈਨ (FTM) ਟ੍ਰਾਂਸਵੂਮੈਨ (MTF) ਕਿਹਾ ਜਾਣ ਲੱਗਾ।
ਭਾਰਤੀ ਵਕੀਲ ਅਤੇ ਲੇਖਕ ‘ਰਾਜੇਸ਼ ਤਲਵਾੜ’ ਦੁਆਰਾ “ਦ ਥਰਡ ਸੈਂਕਸ ਐ ਹਿਊਮਨ ਰਾਈਟਸ ” ਪੁਸਤਕ ਲਿੱਖੀ ਜਿਸ ਵਿੱਚ ਟ੍ਰਾਂਸਜੈਂਡਰ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਸ਼ਾਮਲ ਕੀਤਾ ਗਿਆ।
ਦੋ ਹਜ਼ਾਰ ਨੌ ਦੀਆਂ ਭਾਰਤੀ ਚੋਣਾਂ ਦੌਰਾਨ ਭਾਰਤੀ ਚੋਣ ਕਮੇਟੀ ਨੇ ਟ੍ਰਾਂਸਜੈਂਡਰ ਦੀ ਉਮੀਦਵਾਰੀ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਹ ਆਪਣੀ ਪਹਿਚਾਣ ਮਰਦ ਜਾਂ ਔਰਤ ਇੱਕ ਵਿੱਚੋ ਕਰਨ।
ਉਸਤੋਂ ਬਾਅਦ ‘ਕੇ ਐਸ ਰਾਧਾਕ੍ਰਿਸ਼ਨਨ ‘ ਜੀ ਨੇ 2014 ਵਿੱਚ ਟ੍ਰਾਂਸਜੈਂਡਰ ਨੂੰ ਭਾਰਤ ਵਿੱਚ ਤੀਜੇ ਲਿੰਗ ਵੱਜੋ ਐਲਾਨ ਕੀਤਾ ਅਤੇ ਪਹਿਚਾਣ ਦਿੱਤੀ। ਜਸਟਿਸ ਰਾਧਾਕ੍ਰਿਸ਼ਨਨ ਜੀ ਕਹਿੰਦੇ ਹਨ ਕਿ ਕਾਨੂੰਨ ਅਤੇ ਸਮਾਜ ਨੂੰ ਟ੍ਰਾਂਸਜੈਂਡਰ ਨਾਲ ਨਿਰੰਤਰ ਚੰਗਾ ਵਿਵਹਾਰ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਿੱਖਿਆ, ਨੌਕਰੀਆਂ ਸਹਿਤ ਸੰਭਾਲ ਆਦਿ ਖੇਤਰ ਵਿੱਚ ਟ੍ਰਾਂਸਜੈਂਡਰ ਹੋਰ ਪਹੁੰਚ ਪ੍ਰਾਪਤ ਕਰ ਸਕਣ। ਰਾਧਾਕ੍ਰਿਸ਼ਨਨ ਜੀ ਇਹ ਵੀ ਕਹਿੰਦੇ ਹਨ ਕਿ ਇਹ ਮੁੱਦੇ ਮਨੁੱਖੀ ਅਧਿਕਾਰਾਂ ਵਿੱਚੋ ਇੱਕ ਹੈ। ਭਾਵੇਂ ਟ੍ਰਾਂਸਜੈਂਡਰ ਗਿਣਤੀ ਵਿੱਚ ਬਹੁਤ ਮਾਮੂਲੀ ਹਨ ਪਰ ਹੈ ਤਾਂ ਮਨੁੱਖ ਹੀ, ਇਸ ਲਈ ਟ੍ਰਾਂਸਜੈਂਡਰਾਂ ਨੂੰ ਮਨੁੱਖੀ ਅਧਿਕਾਰਾਂ ਦਾ ਅਨੰਦ ਲੈਣ ਦਾ ਪੂਰਾ ਅਧਿਕਾਰ ਹੈ। ਮੌਜੂਦਾ ਪਾਕਿਸਤਾਨੀ ਸੋਅ ਖਬਰਜਾਰ ਦੇ ਐਂਕਰ ‘ਅਫਤਾਬ ਇਕਬਾਲ’ ਅਕਸਰ ਆਪਣੇ ਸੋਅ ਵਿੱਚ ਟ੍ਰਾਂਸਜੈਂਡਰ ਅਧਿਕਾਰਾਂ ਅਤੇ ਪਰਿਵਰਤਨ ਸੰਬੰਧੀ ਵਿਚਾਰ ਪੇਸ਼ ਕਰਦੇ ਹਨ। ਜਿਸਦਾ ਮਕਸਦ ਟ੍ਰਾਂਸਜੈਂਡਰ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।
ਦੋ ਹਜ਼ਾਰ ਤੇਰਾ ਪਾਕਿਸਤਾਨ ਵਿੱਚ ਪਹਿਲੀ ਵਾਰ ਟ੍ਰਾਂਸਜੈਂਡਰ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਗਿਆ , ਉਸ ਸਮੇਂ ਟ੍ਰਾਂਸਜੈਂਡਰ ਅਜ਼ਾਦ ਉਮੀਦਵਾਰ ਵੱਜੋ ਚੋਣ ਮੈਦਾਨ ਵਿੱਚ ਉੱਤਰੇ।
ਕਦੇ ਕਦਾਈ ਸਾਡਾ ਸਮਾਜ ਜਾਂ ਲੋਕ ਟ੍ਰਾਂਸਜੈਂਡਰ ਭਾਈਚਾਰੇ ਦੇ ਮੈਂਬਰਾਂ ਦੇ ਸਦਮੇ , ਪੀੜਾ ਅਤੇ ਦਰਦ ਨੂੰ ਸਮਝਣ ਜਾਂ ਉਨ੍ਹਾਂ ਦੀ ਪ੍ਰਵਾਹ ਕਰਨ ਦੀ ਪ੍ਰਵਾਹ ਕਰਦਾ ਹੈ। ਪਰ ਅਜਿਹੇ ਲੋਕ ਬਹੁਤ ਘੱਟ ਨੇ, ਵੱਡੇ ਪਰਿਵਰਤਨਾਂ ਲਈ ਇਸ ਗਿਣਤੀ ਨੂੰ ਵਿਸ਼ਾਲ ਕਰਨਾ ਹੋਵੇਗਾ। ਇਸਦੇ ਉੱਲਟ ਜਿਆਦਾਤਰ ਸਮਾਜਿਕ ਪ੍ਰਾਣੀ ਜਨਤਕ ਥਾਵਾਂ ਰੇਲਵੇਂ ਸਟੇਸ਼ਨਾਂ, ਸਕੂਲਾਂ , ਕੰਮ ਦੇ ਸਥਾਨਾਂ , ਥੀਏਟਰਾਂ, ਹਸਪਤਾਲਾਂ ਵਿੱਚ ਟ੍ਰਾਂਸਜੈਂਡਰ ਨੂੰ ਪਾਸੇ ਕਰਦੇ ਹਨ ਅਤੇ ਇਨ੍ਹਾਂ ਨੂੰ ਅਛੂਤ ਸਮਝਦੇ ਹਨ।
ਕੁੱਝ ਸਮਾਜਿਕ ਪ੍ਣੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਟ੍ਰਾਂਸਜੈਂਡਰ ਦੀ ਬੋਲ ਬਾਣੀ ਸੱਭਿਆਚਾਰਕ ਜਾਂ ਪਰਿਵਾਰਕ ਨਹੀ ਬਲਕਿ ਅਪਮਾਨਜਨਕ ਹੁੰਦੀ ਹੈ। ਇਸ ਕੱਥਨ ਨੂੰ ਅਸੀ ਸੌ ਫੀਸਦੀ ਸੱਚ ਨਹੀ ਕਹਿ ਸਕਦੇ ਤੇ ਨਾ ਹੀ ਸੌ ਫੀਸਦੀ ਝੁਠਲਾ ਸਕਦੇ ਹਾਂ , ਕੁੱਝ ਹੱਦ ਤੱਕ ਪੰਜ ਸੱਤ ਫੀਸਦੀ ਸਚਾਈ ਹੋ ਵੀ ਸਕਦੀ ਹੈ। ਆਓ ਇਸ ਬਾਬਤ ਇੱਕ ਅਲੱਗ ਨਜ਼ਰੀਏ ਨਾਲ ਦੇਖਦੇ ਹਾਂ। ਜੱਦੋ ਮਨੁੱਖ ਦੀ ਪਰਵਰਿਸ਼ ਮਾਂ ਬਾਪ ਤੋ ਹੀਣੇ ਹੋ ਕੇ ਹੋਵੇ, ਜਿੱਥੇ ਮਨੁੱਖ ਨੂੰ ਹਿਮੇਸ਼ਾ ਘਿਰਣਾ ਤੇ ਨਫ਼ਰਤ ਦਾ ਸਿਕਾਰ ਹੋਣਾ ਪਿਆ ਹੋਵੇ, ਕਦੇ ਕਿਸੇ ਨੇ ਪੁੱਤ ਧੀ ਵਰਗੇ ਮਹੁਬੱਤੀ ਸ਼ਬਦਾਂ ਨਾਲ ਪੁਕਾਰਿਆ ਨਾ ਹੋਵੇ, ਸਦਾ ਲਾਹਨਤਾਂ, ਗਾਲੀ ਗਲੋਚ, ਫਿਟਕਾਰ, ਨਿਰਾਦਰ ਦਿੱਤਾ ਹੋਵੇ, ਕਦੇ ਪਰਿਵਾਰਕ ਰਿਸ਼ਤਿਆਂ ਦੇ ਨੇੜੇ ਵੀ ਨਾ ਲੱਗਣ ਦਿੱਤਾ ਹੋਵੇ, ਹਿਮੇਸ਼ਾ ਸੋਸ਼ਣ ਦਾ ਸਿਕਾਰ ਹੋਣਾ ਪਿਆ ਹੋਵੇ। ਸੋ ਅਜਿਹੇ ਹਲਾਤਾਂ ਦਾ ਸੰਤਾਪ ਟ੍ਰਾਂਸਜੈਂਡਰ ਤਾਂ ਕੀ ਸਾਡੇ ਤੁਹਾਡੇ ਵਰਗੇ ਲੋਕ ਵੀ ਹਢਾਉਂਣ ਤਾਂ ਕੁਦਰਤੀ ਹੀ ਸੁਭਾਅ ਬੋਲ ਬਾਣੀ ਵਿੱਚ ਕੁੜੱਤਣ ਅਸੱਭਿਅਤਾ ਆਦਿ ਪੈਦਾਂ ਹੋ ਹੀ ਜਾਦੀ ਹੈ। ਇਸ ਕਿਰਿਆ ਵਿੱਚ ਅਸੀ ਕਸੂਰਵਾਰ ਆਪਣੇ ਸਮਾਜ ਨੂੰ ਮੰਨਦੇ ਹਾਂ, ਕਿਉਕਿ ਜਿਸ ਸਮਾਜ ਨੇ ਟ੍ਰਾਂਸਜੈਂਡਰ ਨੂੰ ਨਫਰਤ ਤੋ ਇਲਾਵਾ ਕੁੱਝ ਦਿੱਤਾ ਹੀ ਨਹੀ ਫਿਰ ਉਨ੍ਹਾਂ ਵਿੱਚ ਮਹੁਬੱਤ ਵਰਗੀ ਮਿਠਾਸ ਕਿਵੇਂ ਆਵੇਗੀ। ਫਿਰ ਵੀ ਅਸੀ ਧੰਨਵਾਦੀ ਹਾਂ ਕਿੰਨਰ ਸਮਾਜ ਦੇ ਅਤੇ ਸਾਬਾਸ਼ ਦਿੰਦੇ ਹਾਂ ਜਿੰਨ੍ਹਾਂ ਇਸ ਵਰਗ ਨੂੰ ਬਹੁਤ ਵੱਡੇ ਪੱਧਰ ਤੇ ਸੰਭਾਲਿਆ ਹੋਇਆ। ਪਰਿਵਰਤਨ ਦੀ ਜਰੂਰਤ ਹੈ, ਪਰਿਵਰਤਨ ਦੀ ਸ਼ੁਰੂਆਤ ਸਾਨੂੰ ਆਮ ਇਨਸਾਨਾਂ ਨੂੰ ਜਮੀਨੀ ਪੱਧਰ ਤੇ ਖੁੱਦ ਕਰਨੀ ਹੋਵੇਗੀ।
“ਮਹੁਬੱਤ ਬੀਜੇ ਮਹੁਬੱਤ ਨੂੰ, ਨਫਰਤ ਬੀਜੇ ਨਫਰਤ ਵੇ।
ਕੁੜੱਤਣ ਬੀਜ, ਮਿਠਾਸ ਭਾਲਦਾ, ਕੈਸੀ ਤੇਰੀ ਫਿਤਰਤ ਵੇ।”
ਇਸ ਗੱਲ ਨੂੰ ਅਸੀ ਅਕਸਰ ਭੁੱਲਦੇ ਹਾਂ ਕਿ ਨੈਤਿਕ ਅਸਫਲਤਾ ਸਮਾਜ ਦੀ ਇੱਛਾ ਵਿੱਚ ਹੈ। ਵੱਖਰੀ ਲਿੰਗ ਪਛਾਣ, ਪ੍ਗਟਾਵਿਆਂ ਨੂੰ ਸ਼ਾਮਲ ਕਰਨਾ ਜਾਂ ਅਪਣਾਉਣ ਲਈ ਮਾਨਸਿਕਤਾਂ ਬਦਲਣ ਦੀ ਜਰੂਰਤ ਹੈ। ਇਸ ਪਰਿਵਰਤਨ ਦੀ ਸ਼ੁਰੁਆਤ ਵਿੱਚ ਕੁੱਝ ਅਪਮਾਨਜਨਕ ਸਬਦ ਜੋ ਟ੍ਰਾਂਸਜੈਂਡਰ ਲਈ ਵਰਤੇ ਜਾਂਦੇ ਹਨ ਉਨ੍ਹਾਂ ਦਾ ਤਿਆਗ ਕਰਨਾ ਹੋਵੇਗਾ। ਹਿਜਰਾ ਸ਼ਬਦ ਨੂੰ ਅੰਗ੍ਰੇਜੀ ਵਿੱਚ ‘ਹਰਮਜਫਰੋਡਾਈਟ’ ਵੱਜੋ ਅਨੂੰਵਾਦ ਕੀਤਾ ਜਾਂਦਾ ਸੀ ਜਦਕਿ ਐਲ ਜੀ ਬੀ ਟੀ ਇਤਹਾਸਕਾਰਾਂ ਜਾਂ ਮਨੁੱਖੀ ਅਧਿਕਾਰ ਕਾਰਕੁੰਨਾ ਨੇ ਸ਼ਬਦ ਨੂੰ ਟ੍ਰਾਂਸਜੈਂਡਰ ਵੱਜੋਂ ਸ਼ਾਮਲ ਕਰਨ ਦੀ ਮੰਗ ਕੀਤੀ। ਟ੍ਰਾਂਸਜੈਂਡਰ ਨੂੰ ਸਥਾਨਿਕ ਭਾਸ਼ਾਵਾਂ ਵਿੱਚ ਸੰਬੋਧਨ ਕਰਨ ਲਈ ਕੋਈ ਵੀ ਨਾਮ ਹੋ ਸਕਦੇ ਹਨ, ਪਰ ਕੋਸ਼ਿਸ਼ ਕੀਤੀ ਜਾਵੇ ਕਿ ਸੰਬੋਧਤ ਸ਼ਬਦ ਸਤਿਕਾਰਤ ਅਤੇ ਪਰਿਵਾਰਕ ਹੋਣ । ਕੁੱਝ ਸਥਾਨਿਕ ਭਾਸ਼ਾਵਾਂ ਵਿੱਚ ਟ੍ਰਾਂਸਜੈਂਡਰ ਨੂੰ ਸੰਬੋਧਨ ਕਰਨ ਦੇ ਸ਼ਬਦ ਇਵੇ ਹਨ, ਇਹ ਸਬਦ ਸਥਾਨਿਕ ਭਾਸ਼ਾਂ ਵਿੱਚ ਸਤਿਕਾਰਤ ਹਨ ਜਾਂ ਅਪਮਾਨਜਨਕ ਇਸ ਬਾਬਤ ਸਾਡੇ ਭਾਸ਼ਾਂ ਵਿਗਿਆਨੀ ਹੀ ਜਿਆਦਾ ਜਾਣਕਾਰੀ ਰੱਖਦੇ ਹਨ:
•ਊਰਦੂ:ਹਿਜੜਾ,ਖ੍ਵਾਜਾ •ਉੜੀਆ:ਹਿਨਜਿਦਾ •ਤੇਲਗੂੰ:ਨਪੁੰਸਕੁਡੂ •ਤਾਮਲ:ਤਿਰੂ ਨਗਾਈ •ਗੁਜਰਾਤੀ:ਪਾਈਆਂ •ਪੰਜਾਬੀ:ਖੁੱਸਰਾ,ਜਿਨਖਾ •ਕੰਨੜ:ਮੰਗਲਮੁੱਖੀ, •ਸਿੰਧੀ:ਖਤਰਾ •ਬੰਗਾਲੀ:ਹਿਂਜਲਾ।
ਸੱਭ ਤੋ ਪਹਿਲਾਂ ਐਲ ਜੀ ਬੀ ਟੀ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਟ੍ਰਾਂਸਜੈਂਡਰ ਸਬਦ ਉਚਾਰਨ ਦੀ ਮੰਗ ਕੀਤੀ ਸੀ।
ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਟ੍ਰਾਂਸਜੈਂਡਰ ਭਾਈਚਾਰੇ ਨੇ ਇੱਕ ਗੁੱਪਤ ਭਾਸ਼ਾਂ ਵਿਕਸਿਤ ਕੀਤੀ ਹੋਈ ਹੈ, ਜਿਸਦਾ ਨਾਮ ‘ਹਿਜੜਾ ਫਾਰਸ਼ੀ’ ਹੈ।
ਭਾਰਤੀ ਸਮਾਜਿਕ ਨਿਆ ਅਤੇ ਅਧਿਕਾਰ ਮੰਤਰਾਲੇ ਦੀ ਕਮੇਂਟੀ ਦੁਆਰਾ ਅਕਤੂਬਰ 2013, ਜਨਵਰੀ 2014 ਨੂੰ ਬੈਠਕ ਹੋਈ ਜਿਸ ਵਿੱਚ ਟ੍ਰਾਂਸਜੈਂਡਰ ਮਾਹਰਾਂ ਨੇ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਤੋ ‘ਖੁਸਰੇ ਸ਼ਬਦ ਦੀ ਵਰਤੋ ਬੰਦ ਕੀਤੀ ਜਾਣੀ ਚਾਹੀਦੀ ਹੈ।
ਬ੍ਰਿਟਿਸ਼ ਰਾਜ ਦੇ ਯੁੱਗ ਦੋਰਾਨ ਟ੍ਰਾਂਸਜੈਂਡਰ ਨੂੰ ਸਰਿਸਟਾਚਾਰ ਦੀ ਉਲੰਘਣਾ ਵੱਜੋਂ ਵੇਖਿਆ ਜਾਦਾਂ ਸੀ, ਜੋ ਕੁਦਰਤ ਅਤੇ ਸਮਾਜਿਕ ਨਿਯਮਾਂ ਦੇ ਬਿਲਕੁੱਲ ਖ਼ਿਲਾਫ਼ ਹੈ।
ਟ੍ਰਾਂਸਜੈਂਡਰ ਭਾਈਚਾਰੇ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਸੋਧਨ ਦੀ ਜਰੂਰਤ ਹੈ, ਕਿਉਂਕਿ ਜ਼ਿਆਦਾਤਰ ਟ੍ਰਾਂਸਜੈਂਡਰ ਬਹੁਤ ਨੀਵੇ ਰੁਤਬੇ ਵਾਲੇ ਸਮਾਜਿਕ ਹਾਸ਼ੀਏ ਤੇ ਰਹਿੰਦੇ ਹਨ।
ਸੰਘਰਸ਼ ਹਰ ਵਰਗ ਲਈ ਜਰੂਰੀ ਹੈ ਅਤੇ ਅਗਾਂਹ ਵੱਧਣ ਲਈ ਸੰਘਰਸ਼ ਨੂੰ ਜ਼ਿੰਦਗੀ ਦਾ ਜਰੂਰੀ ਹਿੱਸਾ ਬਣਾਉਣਾ ਪੈਂਦਾ ਹੈ। ਟ੍ਰਾਂਸਜੈਂਡਰ ਵਰਗ ਵੀ ਸੰਘਰਸ਼ ਕਰਦਾ ਆਇਆ ਹੈ, ਇਵੇਂ ਹੀ ਕੁੱਝ ਨਾਮੀ ਟ੍ਰਾਂਸਜੈਂਡਰ ਹਸਤੀਆਂ ਜਿੰਨ੍ਹਾਂ ਸੰਘਰਸ਼ ਕਰ ਉੱਚ ਮੁਕਾਮ ਹਾਸਿਲ ਕੀਤੇ
• ‘ਸਤਿਆ ਸ੍ਰੀ ਸ਼ਰਮੀਲਾ’ ਜੀ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਵਕੀਲ ਬਣੇ। ਇੰਨ੍ਹਾ ਨੇ ਅੜੀਅਲ ਮਾਨਸਿਕਤਾ ਪਿੱਛੇ ਛੱਡ ਕਾਨੂੰਨ ਦੀ ਪੈਰਵੀ ਕਰਦਿਆ ਇੱਕ ਮਿਸਾਲ ਕਾਇਮ ਕੀਤੀ ਤਾਂ ਜੋ ਉਹ ਅਨਿਆ ਵਿਰੁੱਧ ਲੜ ਸਕਣ।
• ‘ਜੋਅਤਾ ਮੰਡਲ’ ਜੀ ਨੇ 29 ਸਾਲ ਦੀ ਉਮਰ ਵਿੱਚ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ। ਅਕਤੂਬਰ 2017 ਉੱਤਰੀ ਬੰਗਾਲ ਦੀ ਲੋਕ ਅਦਾਲਤ ਵਿੱਚ ਉਨ੍ਹਾ ਦੀ ਨਿਯੁਕਤੀ ਹੋਈ।
• ‘ਪ੍ਰਿਯਿਕਾ ਯਾਸਿਨੀ’ ਜੀ ਸਾਰੀਆਂ ਮੁਸ਼ਕਿਲਾਂ ਤੋ ਅਗਾਂਹ ਵੱਧਦੇ ਹੋਏ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਪੁਲਿਸ ਅਧਿਕਾਰੀ ਸੱਬ ਇੰਸਪੈਕਟਰ ਬਣੇ। ਹਾਲਾਂਕਿ ਪ੍ਰਿਯਿਕਾ ਜੀ ਨੂੰ ਇੱਕ ਅੰਕ ਨਾਲ ਅਸਫਲ ਕਰਾਰ ਦਿੱਤਾ ਗਿਆ, ਫਿਰ ਵੀ ਉਨ੍ਹਾਂ ਨੇ ਸਰੀਰਕ ਪ੍ਰੀਖਿਆ ਵਿੱਚ ਆਪਣੇ ਸਕੋਰ ਦਾ ਮੁੜ ਮੁਲਾਂਕਣ ਕੀਤਾ ਅਤੇ ਉੱਡਦੇ ਰੰਗਾਂ ਨਾਲ ਸਪਸ਼ਟ ਹੋ ਗਏ।
• ‘ਮਾਨਬੀ ਬੰਦੋਪਾਧਿਆਏ’ ਜੀ ਨੂੰ ਕੋਣ ਨਹੀ ਜਾਣਦਾ ਜੋ 7 ਜੂਨ 2015 ਨੂੰ ਕ੍ਰਿਸ਼ਨਾ ਮਹਿਲਾ ਕਾਲਜ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਪ੍ਰਿਸੀਪਲ ਬਣੇ। ਭਾਰਤ ਵਿੱਚ ਡਾਕਟਰ ਆਫ ਫਿਲਾਸਫੀ (ਪੀ ਐਚ ਡੀ) ਮੁਕੰਮਲ ਕਰਨ ਵਾਲੇ ਪਹਿਲੇ ਵਿਅਕਤੀ ਵੀ ‘ਮਾਨਬੀ ਬੰਦੋਪਾਧਿਆਏ’ ਜੀ ਸਨ।
• ‘ਮੁਮਤਾਜ਼’ ਜੀ ਭਾਰਤ ਦੇ ਪਹਿਲੇ ਚੋਣਾ ਲੜਣ ਵਾਲੇ ਟ੍ਰਾਂਸਜੈਂਡਰ ਸਨ, ਜੋ ਪੰਜਾਬ ਭੁੱਚੋ ਮੰਡੀ ਤੋ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰੇ। ‘ਮੁਮਤਾਜ਼’ ਜੀ ਬਹੁਜਨ ਸਮਾਜ ਪਾਰਟੀ ਨਾਲ ਕਰੀਬ ਚੌਦਾਂ ਸਾਲ ਤੋਂ ਕੰਮ ਕਰ ਰਹੇ ਹਨ।
• ‘ਸੋਨਮ ਮੌਸਮ’ ਜੀ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਵਿਧਾਇਕ ਬਣੇ, ਜੋ ਮੱਧ ਪ੍ਰਦੇਸ਼ ਜਿਲ੍ਹਾ ਸਾਹਦੋਲ ਹਲਕਾ ਸੋਹਾਗਪੁਰ ਤੋਂ ਚੋਣ ਲੜੇ। ‘ਸੋਨਮ ਮੌਸਮ’ ਜੀ ਨੇ ਜੀਵਨ ਵਿੱਚ ਇੱਕ ਮੁਸ਼ਕਲ ਰਾਹ ਅਖਤਿਆਰ ਕੀਤਾ ,ਜਿਨ੍ਹਾਂ ਨੂੰ ਪਰਿਵਾਰ ਦੁਆਰਾ ਸਹਿਯੋਗ ਨਹੀ ਦਿੱਤਾ ਗਿਆ, ਉਹ ਸਕੂਲ ਜਾਣ ਦੇ ਯੋਗ ਨਹੀ ਸੀ, ਫਿਰ ਵੀ ਇੰਨ੍ਹਾਂ ਨੇ 12 ਵੱਖੋ ਵੱਖਰੀਆਂ ਭਾਸ਼ਾਵਾਂ ਸਿੱਖੀਆਂ।
• ‘ਸਾਬੀ’ ਜੀ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਸਿਪਾਹੀ ਬਣੇ।
• ‘ਜੀਆਦਾਸ’ ਜੀ ਭਾਰਤ ਦੇ ਪਹਿਲੇ ਟ੍ਰਾਂਸਜੈਂਡਰ ਅਪ੍ਰੇਸ਼ਨ ਥੀਏਪਰ ਜਾਂ ਓਟੀ ਟੈਕਨੀਸ਼ੀਅਨ ਬਣੇ। ਇਸਤੋਂ ਪਹਿਲਾ ‘ਜੀਆਦਾਸ’ ਜੀ ਨੇ ਉੱਤਰ ਭਾਰਤ ਵਿੱਚ ਬੰਦੂਕ ਦੀ ਨੋਕ ਤੇ ਡਾਂਸ ਵੀ ਕੀਤਾ।
ਇਹ ਸਨ ਪੱਥਰਾਂ ਦਾ ਛੀਨਾ ਪਾੜ ਕਿ ਉੱਗਣ ਵਾਲੇ ਟ੍ਰਾਂਸਜੈਂਡਰ। ਪੂਰੇ ਵਿਸ਼ਵ ਵਿੱਚ 20 ਨਵੰਬਰ ਨੂੰ ਉਨ੍ਹਾਂ ਲੋਕਾਂ ਦੀ ਯਾਦ ਦਿਵਸ ਵੱਜੋਂ ਮਨਾਇਆ ਜਾਂਦਾ ਹੈ, ਜਿੰਨ੍ਹਾ ਦਾ ਟ੍ਰਾਂਸਜੈਂਡਰ ਜਾਂ ਟ੍ਰਾਂਸੈਕਸੁਅਲ ਦੇ ਵਿਰੁੱਧ ਨਾਪਸੰਦ ਜਾਂ ਪੱਖਪਾਤ ਦੇ ਨਤੀਜੇ ਵੱਜੋਂ ਕਤਲ ਕੀਤਾ ਗਿਆ।
“ਸੋਚ ਬਦਲੋ ਤਾਂ ਜਹਾਨ ਬਦਲੇ” ਇਹ ਕਥਨ ਅਸੀ ਬਹੁਤ ਕਿਹਾ ਸੁੰਨਿਆ ਪੜ੍ਹਿਆ ਹੋਵੇਗਾ ਆਓ ਸਾਰੇ ਮਿਲਕੇ ਇਸ ਕੱਥਨ ਤੇ ਅਮਲ ਵੀ ਕਰੀਏ ਤੇ ਵਡੇਰੇ ਸਕਾਰਾਤਮਕ ਪਰਿਵਰਤਨ ਲਿਆਈਏ।