
ਚਿਰਾਗ ਪਿਛਲੇ ਦੋ ਸਾਲਾਂ ਤੋਂ ਦਿੱਲੀ ਵਿੱਚ ਰਹਿ ਕੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ । ਉਹ ਬਹੁਤ ਘੱਟ ਕਦੇ ਕਦਾਈਂ ਛੇ ਮਹੀਨੇ ਵਿੱਚ ਇੱਕ ਵਾਰ ਘਰੇ ਗੇੜਾ ਮਾਰਦਾ ਸੀ । ਇਸ ਤੋਂ ਪਹਿਲਾਂ ਵੀ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਉਸ ਨੇ ਘਰੋਂ ਬਾਹਰ ਰਹਿ ਕੇ ਹੀ ਕੀਤੀ ਸੀ । ਚਿਰਾਗ ਦੀ ਮਾਂ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਰਹਿ ਰਹੀ ਸੀ । ਆਪਣੀ ਮਾਂ ਦੀ ਬਿਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਚਿਰਾਗ ਤਾਂ ਬਾਹਰ ਜਾ ਕੇ ਪੜ੍ਹਨਾ ਹੀ ਨਹੀਂ ਚਾਹੁੰਦਾ ਸੀ ਪ੍ਰੰਤੂ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਕਹਿਣ ਤੇ ਉਹ ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਲਈ ਦਿੱਲੀ ਚਲਾ ਗਿਆ ਸੀ । ਮਾਂ ਚਿਰਾਗ ਨੂੰ ਕਈ ਵਾਰ ਕਹਿੰਦੀ ਕਿ ਕੁਝ ਸਮਾਂ ਘਰ ਵਿੱਚ ਉਸ ਨਾਲ ਬਿਤਾਏ ਪਰ ਚਿਰਾਗ ਦੀ ਪੜ੍ਹਾਈ ਦਾ ਰੁਝਾਨ ਅਤੇ ਦਿੱਲੀ ਦੀ ਮੌਜ ਮਸਤੀ ਉਸ ਨੂੰ ਘਰ ਬੈਠਣ ਨਹੀਂ ਸੀ ਦਿੰਦੀ । ਮਾਂ ਹਮੇਸ਼ਾਂ ਉਸ ਦੀ ਉਡੀਕ ਕਰਦੀ ਰਹਿੰਦੀ ਪਰ ਚਿਰਾਗ ਪੰਜ – ਛੇ ਮਹੀਨੇ ਬਾਅਦ ਆਉਂਦਾ। ਜਦੋ ਵੀ ਘਰ ਆਉਂਦਾ ਤਾਂ ਆਪਣੇ ਦੋਸਤਾਂ ਨਾਲ ਹੀ ਘੁੰਮਦਾ ਰਹਿੰਦਾ ਤੇ ਘਰ ਬਹੁਤ ਹੀ ਘੱਟ ਸਮਾਂ ਬਤੀਤ ਕਰਦਾ । ਉਹ ਜਦ ਦਿੱਲੀ ਹੁੰਦਾ ਤਾਂ ਆਪਣੀ ਮਾਂ ਤੋਂ ਵਾਰ ਵਾਰ ਨੂੰ ਫੋਨ ਕਰਕੇ ਦਵਾਈਆਂ ਦਾ ਅਤੇ ਤਬੀਅਤ ਦਾ ਪੁੱਛਦਾ ਰਹਿੰਦਾ ਪਰ ਜਦ ਉਸ ਦੀ ਮਾਂ ਉਸ ਨੂੰ ਘਰ ਆਉਣ ਨੂੰ ਕਹਿੰਦੀ ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ । ਚਿਰਾਗ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮਾਂ ਦੀ ਬਿਮਾਰੀ ਦਾ ਸਭ ਤੋਂ ਵਧੀਆ ਇਲਾਜ ਉਸ ਵੱਲੋਂ ਆਪਣੀ ਮਾਂ ਨਾਲ ਗੁਜ਼ਰਿਆ ਸਮਾਂ ਹੈ।