ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੁੰਦਿਆਂ ਹੀ, ਸੰਘਰਸ਼ ਖਿਲਾਫ਼ ਕੂੜ ਪ੍ਰਚਾਰ ਵੀ ਆ ਗਿਆ। ਹਾਕਮਾਂ ਦਾ ਕਹਿਣੈ, ਕਿਸਾਨਾਂ ਨੂੰ ਕੋਈ ਗੁੰਮਰਾਹ ਕਰ ਰਿਹੈ।ਪੁੱਠੀ ਪੱਟੀ ਪੜ੍ਹਾ ਰਿਹੈ।ਕਨੂੰਨ ਤਾਂ ਕਿਸਾਨਾਂ ਦੇ ਭਲੇ ਦੇ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਨੇ, ਦੇਸ਼ ਦਾ ਵਿਕਾਸ ਕਰਨਗੇ। ਹਾਕਮ ਨਾ ਕੂੜ ਦੀ ਰਟ ਛੱਡਦੈ,ਨਾ ਹੱਠ। ਕਦੇ ਸਿਆਸੀ ਸ਼ਰੀਕਾਂ ਵੱਲ ਇਸ਼ਾਰੇ ਕਰਦੈ। ਕਦੇ ਬੁੱਧੀਜੀਵੀਆਂ ‘ਤੇ ਉਂਗਲ ਠਾਉਂਦੈ। ਕਦੇ ਨਕਸਲੀਆਂ ਸਿਰ ਦੋਸ਼ ਲਾਉਂਦੈ।
ਛਲਾਵਿਆਂ ਦੇ ਤੰਤਰ ਵਿੱਚ ਕੂੜ ਦਾ ਮੰਤਰ ਖੂਬ ਫਲਦਾ ਫੁਲਦਾ। ਏਸ ਹਾਕਮ ਦੀ ਹਾਕਮੀ ਤਾਂ ਟਿਕੀ ਈ ਕੂੜ-ਕੁਫ਼ਰ ‘ਤੇ ਐ। ਬਕਾਇਦਾ ਆਈ ਟੀ ਸੈੱਲ ਬਣਾਇਆ। ਪੂਰੀ ਰਾਜ ਮਸ਼ੀਨਰੀ ਝੋਕਦੈ। ਫਿਰਕੂ ਟੋਲੇ ਵਰਤਦੈ।ਹਰ ਹਾਕਮ ਦਾ ਇਹੀ ਹਾਕਮੀ-ਰਵੀਰਾ। ਲੋਕਾਂ ਦਾ ਸੰਘਰਸ਼ ਜਮ੍ਹਾਂ ਨੀਂ ਪੋਂਹਦਾ। ਡੱਕਿਆ ਜਾਂਦੈ।ਕਦੇ ਵਹਿਮਾਂ ਭਰਮਾਂ ਨਾਲ, ” ਰਾਜਾ ਰੱਬ ਦਾ ਦੂਤ ਐ “, ” ਰਾਜਾ ਸਰਾਪ ਦੇ ਦੇਵੇਗਾ “, ” ਘਾਂਹੀਆਂ ਦੇ ਪੁੱਤਾਂ ਨੇ ਘਾਹ ਈ ਖੋਤਣਾ “। ਕਦੇ ” ਡਾਕੂ/ਲੁਟੇਰਾ ” ਕਹਿਕੇ ਮਾਰ ਮੁਕਾਉਣਾ।ਲੋਥਾਂ ਦਰਵਾਜ਼ਿਆਂ ਉੱਤੇ ਲਟਕਾ ਦੇਣੀਆਂ। ਸਮੇਂ ਨਾਲ ਰਵੀਰੇ ਵਿੱਚ ਤੇਜ਼ੀ-ਠੰਡਕ ਆਉਂਦੀ ਰਹਿੰਦੀ ਐ। ਨਿਹੱਥੇ ਕੱਠਾਂ ‘ਤੇ ਗੋਲੀਆਂ ਦੀ ਵਾਛੜ। ਅਦਾਲਤੀ ਢਕਵੰਜ ਰਾਹੀਂ ਫਾਂਸੀਆਂ। ਹੁਣ ਪੁਲਸ ਫ਼ੌਜ ਨੂੰ ਖੁੱਲਾਂ।ਬੰਦਾ ਮਾਰਨ ਦੇ ਅਧਿਕਾਰ। ” ਰਾਸ਼ਟਰ-ਵਿਰੋਧੀ” ਬਿੱਲਾ, ਵੱਡਾ ਹਥਿਆਰ ਐ।
ਕਿਸਾਨਾਂ ਦੀ ਪੁਜੀਸ਼ਨ ਸਪਸ਼ਟ ਐ। ਕੱਲਾ ਕੱਲਾ ਕਿਸਾਨ ਬੋਲਦੈ, “ਇਹ ਸਾਡੀਆਂ ਜ਼ਮੀਨਾਂ ਹਥਿਆਉਣਗੇ।” ਆਗੂਆਂ ਦੇ ਬਿਆਨ ਨੇ, “ਸਰਕਾਰ ਨਾਲ ਮੀਟਿੰਗਾਂ ਵਿੱਚ ਕਨੂੰਨਾਂ ਦੀ ਕੱਲੀ ਕੱਲੀ ਧਾਰਾ ਰੱਦ ਕਰ ਚੁੱਕੇ ਹਾਂ। ਕਨੂੰਨ ਮੰਡੀ ਨਾਲ ਜੁੜਵਾਂ ਹਰ ਤਰ੍ਹਾਂ ਦਾ ਰੁਜ਼ਗਾਰ ਖੋਹਣਗੇ। ਸਰਕਾਰੀ ਖਰੀਦ ਏਜੰਸੀਆਂ ਦਾ ਬਿਸਤਰਾ ਗੋਲ ਕਰਨਗੇ। ਨਵੇਂ ਰੁਜ਼ਗਾਰ ਨੂੰ ਮੋਂਦਾ ਲਾਉਣਗੇ। ਅਨਾਜ ਦੀ ਪੈਦਾਵਾਰ, ਸਾਂਭ ਸੰਭਾਲ ਤੇ ਸਪਲਾਈ ਦੇਸੀ ਬਦੇਸ਼ੀ ਕਾਰਪੋਰੇਟ ਕੰਪਨੀਆਂ ਦੀ ਮੁੱਠੀ ਵਿੱਚ ਦੇਣਗੇ। ਖੇਤੀ ਲਾਗਤਾਂ ਰਾਹੀਂ ਲੁੱਟ ਮਚਾਉਣ ਵਾਲਿਆਂ ਮੂਹਰੇ ਜਿਣਸਾਂ ਤੇ ਜ਼ਮੀਨਾਂ ਪਰੋਸਣਗੇ।ਇਉਂ ਜ਼ਮੀਨ ਦੀ ਹੱਥ ਬਦਲੀ ਕਰਨਗੇ।” ਹਾਕਮ ਖੁਦ ਵੀ ਮੰਨ ਚੁੱਕਿਆ, ਨੁਕਸ ਹੈਗਾ, ਸੋਧ ਦਿੰਨੇ ਆ। ਕੁਝ ਸਾਲਾਂ ਲਈ ਕਨੂੰਨ ਰੋਕ ਲੈਨੇ ਆ।
ਤਕਨੀਕ ਦਾ ਜ਼ੋਰ ਐ। ਗਲੀ ਗਲੀ ਸ਼ੋਰ ਐ।ਹਾਕਮਾਂ ਦੇ ਗੁਪਤ ਅਜੰਡੇ, ਲੋਕਾਂ ਲਈ ਗਲ ਦੇ ਫੰਦੇ, ਸਭ ਲੀਕ ਨੇ।ਜੱਗ ਜ਼ਾਹਿਰ ਨੇ।ਬੋਧ-ਸੂਝ ਵੰਡਦੇ ਬੁੱਧੀਜੀਵੀਆਂ ਦੀ ਬਹੁਤਾਤ ਐ। ਹਾਕਮਾਂ ‘ਤੇ ਬੇਵਿਸ਼ਵਾਸੀ।ਆਵਦੇ ਏਕੇ ‘ਤੇ ਭਰੋਸਾ। ਸੰਘਰਸ਼ ‘ਤੇ ਟੇਕ ਐ।
ਸੰਘਰਸ਼ੀ ਘੁਲਾਟੀਆਂ ਨੂੰ ਕੌਣ ਗੁੰਮਰਾਹ ਕਰ ਸਕਦੈ ? ਜਿਹਨਾਂ ਨੂੰ ਪਤੈ, ਕਿ ਉਸ ਤੋਂ ਸਭ ਕੁਝ ਖੋਹਿਆ ਜਾ ਰਿਹੈ; ਕੌਣ ਖੋਹ ਰਿਹੈ?; ਕਾਹਦੇ ਲਈ ਖੋਹ ਰਿਹੈ? ਤੇ ਕੀਹਦੇ ਲਈ ਖੋਹ ਰਿਹੈ? ਜੀਹਨੂੰ ਪਤਾ ਹੋਵੇ :
ਖੇਤੀ, ਆਰਥਿਕਤਾ ਦਾ ਬੇਸ-ਸਹਾਰਾ। ਵੱਡੀ ਵਸੋਂ ਦਾ ਜਿਉਣ-ਗੁਜ਼ਾਰਾ।ਪਰ ਹਾਕਮਾਂ ਵੱਲੋਂ ਤਵੱਜੋਂ ਕਦੇ ਵੀ ਨਹੀਂ। ਤਰਜੀਹ ਨਹੀਂ।ਸਰਕਾਰੀ ਖ਼ਜ਼ਾਨੇ ਦੀ ਛੱਲ, ਕਿਸਾਨਾਂ ਦੀ ਥਾਂ ਕਾਰਪੋਰੇਟਾਂ ਵੱਲ।
ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਨਾ। ਪੈਦਾਵਾਰ ਵਧਾਈ ਜਾਨਾਂ।ਕਮਾਈ ਫਲਦੀ ਨੀਂ। ਕਰਜ਼ਾ ਅਮਰਵੇਲ ਬਣ ਵਲੀ ਜਾਂਦੈ।
ਜ਼ਮੀਨ ਦੀ ਕਾਣੀ ਵੰਡ ਐ। ਵੱਡੀ ਢੇਰੀ ਮੁੱਠੀ ਭਰ ਕੋਲ। ਬਾਕੀ ਬਹੁਤਿਆਂ ਕੋਲ ਮਸਾਂ ਚਾਰ ਸਿਆੜ। ਅੱਧਿਆਂ ਕੋਲ ਤਾਂ ਓਰਾ ਵੀ ਨੀਂ।
ਖੇਤੀ ਲਾਗਤਾਂ ਦੇਸ਼-ਵਿਦੇਸ਼ ਦੇ ਕਾਰਪੋਰੇਟਾਂ ਦੀ ਮੁੱਠੀ ‘ਚ ਐ।ਅੱਤ ਦੀ ਮਹਿੰਗ।ਖੇਤੀ ਆਮਦਨ ਨੂੰ ਸੜਾਕੇ ਮਾਰ ਜਾਂਦੇ ਐ।
ਭਾਅ ਲਾਗਤ ਦੇ ਪਾਸਕੂ ਵੀ ਨੀਂ। ਕਿਸਾਨੀ ਪੱਲੇ ਕਰਜ਼ਾ ਤੇ ਕੰਗਾਲੀ। ਇਹ ਹਾਲਤ ਬਦਲਣ ਦੇ ਨਾਹਰੇ ਤਾਂ ਬਥੇਰੇ, ਪਰ ਅਮਲ ਭੋਰਾ ਵੀ ਨੀਂ।
ਰੁਜ਼ਗਾਰ ਦਾ ਕੋਈ ਬਦਲਵਾਂ ਭਰੋਸੇਯੋਗ ਪ੍ਰਬੰਧ (ਸਨਅਤੀਕਰਨ)ਨਹੀਂ ਐ। ਖੇਤੀ ‘ਚੋਂ ਵਾਧੂ ਜਾਂ ਵੇਹਲੇ ਹੋਇਆਂ ਦਾ ਪ੍ਰਬੰਧ ਨਹੀਂ।
ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਸਾਮਰਾਜੀ ਮੁਲਕਾਂ ਦੀਆਂ ਸ਼ਰਤਾਂ-ਸੰਧੀਆਂ।ਖੇਤੀ ਖੇਤਰ ਦੀ ਢਲਾਈ ਕਰੋ। ਮਰੀਕਨ ਬੀਅ, ਮਰੀਕਨ ਸੁੰਡੀ, ਮਰੀਕਨ ਸਪਰੇਅ, ਮਰੀਕਨ ਮਸ਼ੀਨਰੀ।
ਫੇਰ ਸੰਸਾਰ ਵਪਾਰ ਸੰਗਠਨ ਆ ਗਿਐ। ਹਦਾਇਤਾਂ ਦਾ ਪਲਥੋਰਾ ਲੈ ਕੇ। ਢਾਂਚਾ ਢਲਾਈ ਦਾ ਡੰਡਾ ਲੈ ਕੇ। ਸਬਸਿਡੀਆਂ ਬੰਦ ਕਰੋ। ਸਰਕਾਰੀ ਖਰੀਦ ਤੋਂ ਖਹਿੜਾ ਛੁਡਾਓ। ਐਫ. ਸੀ. ਆਈ. ਦਾ ਭੋਗ ਪਾਓ। ਅਨਾਜੀ-ਜਿਣਸਾਂ ਦੀ ਉਪਜ ਘਟਾਓ। ਦਰਾਮਦਾਂ ਬਰਾਮਦਾਂ ਤੋਂ ਰੋਕਾਂ ਹਟਾਓ।ਹਾਕਮ ਜੀ ਹਜ਼ੂਰੀਏ। ਝੱਟ ਰਾਗ ਦਰਬਾਰੀ ਬਣ ਗਏ।
ਨੀਤੀ ਆਯੋਗ ਦਾ ਮੁਖੀ ਬੋਲੀ ਹੋਰ ਬੋਲਦੈ, “ਕਰੋਨਾ ਵਾਇਰਸ ਨੇ ਮੌਕਾ ਦਿੱਤੈ।ਕਿਰਤ ਮੰਡੀਆਂ ਵਿੱਚ ਸੁਧਾਰ ਕਰਨ ਦਾ ਮੌਕਾ। ਇਹ ਸ਼ਾਂਤ ਸਮਿਆਂ ਵਿੱਚ ਮੁਸ਼ਕਲ ਹੁੰਦੈ।”
ਪੀ.ਐਮ. ਨੇ ਕਰੋਨਾ ਪੈਕੇਜ਼ ਐਲਾਨਿਆ। ਜ਼ਮੀਨ ਤੇ ਕਿਰਤ ਦਾ ਵਿਸ਼ੇਸ਼ ਜ਼ਿਕਰ ਕੀਤੈ। ਮੁੱਖ ਵਿੱਤ ਸਲਾਹਕਾਰ ਨੇ ਵਿਆਖਿਆ ਕੀਤੀ, “ਜ਼ਮੀਨ ਤੇ ਕਿਰਤ ਯਕੀਨਨ ਹੀ ਮੰਡੀ ਸੁਧਾਰਾਂ ਦੇ ਕਾਰਕ ਹਨ।” ਕਰਨਾਟਕ ਦੀ ਹਕੂਮਤ ਨੇ ਜ਼ਮੀਨ ਅਧਿਗ੍ਰਹਿਣ ਕਾਨੂੰਨ ਸੋਧ ਦਿੱਤੈ। ਹੁਣ ਜ਼ਮੀਨ ਕਿਸਾਨਾਂ ਤੋਂ ਸਿੱਧੀ ਖਰੀਦੀ ਜਾ ਸਕੇਗੀ। ਕਾਰਪੋਰੇਟਾਂ ਨੇ ਸੁਆਗਤ ਕੀਤੈ।
ਕੌਮਾਂਤਰੀ ਏਜੰਸੀਆਂ ਤੇ ਹਾਕਮਾਂ ਦਾ ਕਹਿਣੈ, ਜ਼ਮੀਨ ਦਾ ਛੋਟਾ ਟੋਟਾ, ਨਿਰਬਾਹ ਯੋਗ ਨਹੀਂ। ਜ਼ਮੀਨ ਹੱਥ ਬਦਲੀ ਲਈ ਕਿਰਿਆਸ਼ੀਲ ਭੌਂ-ਵੇਚ ਮੰਡੀਆਂ ਦੇ ਨਿਰਮਾਣ ਦੀ ਕੀਤੀ ਜਾ ਰਹੀ ਤਿਆਰੀ।
ਜ਼ਮੀਨ ਦੀ ਨਿਰਣਾਇਕ ਮਾਲਕੀ ਨਿਰਧਾਰਨ ਦਾ ਬਣਾਇਆ ਜਾ ਰਿਹਾ ਢਾਂਚਾ।ਨੀਤੀ ਆਯੋਗ ਨੇ ਰਾਜਾਂ ‘ਤੇ ਸਖ਼ਤ ਦਬਾਅ ਬਣਾਇਆ।
ਕੌਮਾਂਤਰੀ ਪੱਧਰ ‘ਤੇ ਖੇਤੀ ਕਾਰੋਬਾਰੀਆਂ ਤੇ ਖੇਤੀ ਨਿਵੇਸ਼ਕਾਂ ਦੀ ਜ਼ਮੀਨਾਂ ਉਪਰ ਕਬਜ਼ਿਆਂ ਦੀ ਧੁੱਸ।
ਪ੍ਰਚੂਨ ਖੇਤਰ ਤੇ ਭੋਜਨ ਢਾਂਚਿਆਂ ਨੂੰ ਕਾਰਪੋਰੇਟਾਂ ਵੱਲੋਂ ਕਬਜ਼ੇ ਹੇਠ ਲੈਣਾ। ਪ੍ਰਮੁੱਖ ਫਸਲਾਂ ਦੀ ਥਾਂ ਫਲਾਂ ਸਬਜ਼ੀਆਂ ਵੱਲ ਢਾਲਣਾ। ਆਪਣੇ ਵਰਗੇ ਮੁਲਕਾਂ ਦੀ ਅਨਾਜ ਦਰਾਮਦਾਂ ‘ਤੇ ਨਿਰਭਰਤਾ ਦਾ ਵਧਣਾ। ਜ਼ਮੀਨ ਦੇ ਇਕੱਤਰੀਕਰਨ ਤੇ ਵਿਦੇਸ਼ੀਕਰਨ ਵਿੱਚ ਤੇਜ਼ੀ ਦਾ ਆਉਣਾ।
ਸਰਕਾਰੀ ਖਰੀਦ ਦਾ ਬੰਦ ਹੋਣਾ, ਜਨਤਕ ਵੰਡ ਪ੍ਰਣਾਲੀ ਦਾ ਬੰਦ ਹੋਣਾ ਨਿਸ਼ਚਿਤ ਹੋਣਾ।
ਨਿੱਜੀਕਰਨ ਵਿੱਚ ਤੇਜ਼ੀ। ਸਿਖਿਆ, ਸਿਹਤ, ਪਾਣੀ, ਬਿਜਲੀ, ਸੜਕਾਂ, ਬੱਸਾਂ, ਅੱਡੇ, ਰੇਲਾਂ, ਟੇਸ਼ਣ, ਜਹਾਜ਼, ਅੱਡੇ, ਬੰਦਰਗਾਹਾਂ, ਖਾਣਾਂ, ਪਾਰਕ ਸਭ ਸੇਲ ‘ਤੇ। ਨੌਕਰੀਆਂ ਦੀ ਬੰਦੀ।ਕਿਰਤ ਕਾਨੂੰਨ ਸੋਧੇ।ਕੋਡ ਬਣਾ ਦਿੱਤੈ। ਕੰਮ ਦੇ ਘੰਟੇ ਵਧਾਏ, ਉਜਰਤ ਘਟਾਈ, ਕਨੂੰਨੀ ਚਾਰਾਜੋਈ ਤੇ ਰੋਕ ਲਾਈ।
ਆਹ ਖੇਤੀ ਕਨੂੰਨ ਬਣਾਉਣ ਦਾ ਡਰਾਮਾ। ਲੋਕਾਂ ਤੋਂ ਓਹਲੇ। ਕਿਸਾਨਾਂ ਤੋਂ ਚੋਰੀਂਓਂ। ਦੱਸਿਆ ਸਕਿਆਂ-ਸ਼ਰੀਕਾਂ ਨੂੰ ਵੀ ਨੀਂ।ਅੰਨ੍ਹੀ ਕਾਹਲੀ। ਕਨੂੰਨ ਗਲਤ ਮੰਨ ਕੇ ਵੀ ਰੱਦ ਨਾ ਕਰਨਾ। ਦਲੀਲ ਕੋਈ ਨੀਂ। ਹਾਕਮੀ ਹੱਠ ਐ। ਹੰਕਾਰ ਐ। ਇਸ ਤੋਂ ਵਧ ਕੇ ਦੁਸ਼ਮਣੀ ਵਿਹਾਰ ਝਲਕਦੈ। ਖੁਦ ਲੋਕਾਂ ਦੇ ਪੈਸੇ ‘ਤੇ ਪਲਦੇ ਨੇ। ਕਿਸਾਨ ਨੂੰ ਪਰਜੀਵੀ ਦੱਸਦੇ ਨੇ। ਮਸਲੇ ਗੱਲਬਾਤ ਨਾਲ ਹੱਲ ਹੁੰਦੇ ਨੇ ਕਹਿਣ ਵਾਲੇ ਗੱਲਬਾਤ ਤੋਂ ਭੱਜਦੇ ਨੇ। ਕੰਕਰੀਟ, ਕੰਡਿਆਲੀਆਂ ਤਾਰਾਂ, ਨੋਕੀਲੇ ਕਿੱਲਾਂ ਤੇ ਪੁਲਸੀ ਧਾੜਾਂ ਨਾਲ ਘੇਰਾਬੰਦੀ ਕਰਦੇ ਨੇ। ਰੋਸ ਪ੍ਰਗਟਾਉਂਦਿਆਂ ਉਪਰ ਕੇਸ ਪਾਉਂਦੇ ਨੇ। ਸਿਰ ਪਾੜ੍ਹਦੇ ਨੇ।
ਗੁੰਮਰਾਹ ਕਰਨਾ, ਹਾਕਮਾਂ ਦੀ ਲੋੜ ਹੁੰਦੀ ਐ।ਰਾਜ ਚਲਾਉਣਾ ਹੁੰਦੈ। ਸੰਘਰਸ਼ਾਂ ਨੂੰ ਕੁਚਲਣਾ ਹੁੰਦੈ। ਸੰਘਰਸ਼ਸ਼ੀਲ ਤਾਂ ਆਪਣਾ ਸਿਰੜ ਤੇ ਸਿਦਕ ਨਿਭਾਉਂਦੇ ਆ। ਕਿਸਾਨੀ ਸੰਘਰਸ਼ ਇਹੀ ਦਿਖਾ ਰਿਹੈ। ਸੰਘਰਸ਼ ਦੀ ਨਿਰੰਤਰਤਾ ਤੇ ਤਹੱਮਲਭਰੀ ਦਲੀਲਬਾਜ਼ੀ ਪੈਰ ਗੱਡੀ ਖੜ੍ਹੀ ਐ।ਹਾਕਮਾਂ ਦੇ ਕੂੜ ਪ੍ਰਚਾਰ ਨੂੰ ਛੰਡਦਾ ਹੋਇਆ, ਸੰਘਰਸ਼ ਸੱਤ ਮਹੀਨੇ ਪਾਰ ਕਰ ਰਿਹੈ। ਇਤਿਹਾਸ ਸਿਰਜ ਰਿਹੈ।ਕੰਕਰੀਟ ਭਰੇ ਬੈਰੀਕੇਟ, ਕੰਡਿਆਲੀਆਂ ਤਾਰਾਂ ਤੇ ਨੁਕੀਲੀਆਂ ਕਿੱਲਾਂ ਟੱਪ ਮੁਲਕ ਦੀਆਂ ਚਾਰੋਂ ਦਿਸ਼ਾਵਾਂ ਵਿਚ ਪਹੁੰਚ ਗਿਐ। ਹਰ ਪਾਸੇ ਸੰਘਰਸ਼ ਦੇ ਝੰਡੇ ਝੂਲ ਰਹੇ ਨੇ। ਨਾਹਰੇ ਗੂੰਜ ਰਹੇ ਨੇ। ਮਹਾਂ ਰੈਲੀਆਂ/ ਮਹਾਂ ਪੰਚਾਇਤਾਂ ਦਾ ਵੱਡਾ ਪਸਾਰ ਹੈ। ਔਰਤ ਸ਼ਮੂਲੀਅਤ ਨੇ ਹਾਕਮਾਂ ਨੂੰ ਝੋਰਾ ਲਾਇਆ ਹੈ। ਸ਼ਹੀਦ ਭਗਤ ਸਿੰਘ ਦੇ ਸਾਮਰਾਜਵਾਦ – ਮੁਰਦਾਬਾਦ ਦੇ ਨਾਅਰੇ ‘ਤੇ ਆਈ ਜਵਾਨੀ ਨੇ ਸੰਘਰਸ਼ ਦੀ ਤਾਕਤ ਨੂੰ ਜਰਬਾਂ ਦਿੱਤੀਆਂ ਨੇ।
– ਜਗਮੇਲ ਸਿੰਘ
next post