ਅਮਰੀਕਾ ਦੀ ਸਰਕਾਰ ਨੇ ਭਾਰਤੀਆਂ ਨੂੰ ਨਵਾਂ ਝਟਕਾ ਦਿਤਾ ਹੈ। ਅਮਰੀਕਾ ’ਚ ਵਸਦੇ ਭਾਰਤੀਆਂ ਨੂੰ ਹੁਣ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪੈ ਸਕਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕੀ ਸੰਸਦ ’ਚ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਦੇ ਮੁਤਾਬਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਟ੍ਰਾਂਸਫ਼ਰ ਕਰਨ ’ਤੇ 5 ਫ਼ੀ ਸਦੀ ਦਾ ਵਾਧੂ ਟੈਕਸ ਲੱਗੇਗਾ।
ਇਸ ਬਿੱਲ ਦੇ ਪਾਸ ਹੋਣ ਦੇ ਨਾਲ ਅਮਰੀਕਾ ’ਚ ਵਸਦੇ ਭਾਰਤੀਆਂ ਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਿੱਲ ਦਾ ਨਾਮ ‘ਦਿ ਵਨ ਬਿਗ ਬਿਊਟੀਫੁਲ ਬਿੱਲ’ ਹੈ, ਜਿਸਨੂੰ ਹਾਲ ਹੀ ’ਚ ਅਮਰੀਕੀ ਸੰਸਦ ਦੀ ਹਾਊਸ ਵੇਜ਼ ਐਂਡ ਮੀਨਜ਼ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਹੈ। ਇਸ 389 ਪੰਨਿਆਂ ਦੇ ਦਸਤਾਵੇਜ਼ ਦੇ ਪੰਨਾ 327 ’ਤੇ ਦਸਿਆ ਗਿਆ ਹੈ ਕਿ ਅਮਰੀਕਾ ਤੋਂ ਦੂਜੇ ਦੇਸ਼ਾਂ ’ਚ ਪੈਸੇ ਭੇਜਣ ’ਤੇ 5 ਫ਼ੀਸਦੀ ਟ੍ਰਾਂਸਫਰ ਟੈਕਸ ਲਗਾਇਆ ਜਾਵੇਗਾ। ਭਾਰਤ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਸਮੇਂ ਅਮਰੀਕਾ ’ਚ ਲਗਭਗ 45 ਲੱਖ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲ ਦੇ ਹਨ।