ArticlesIndia

ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਰਾਜ ‘ਚ ਕਿਸਦੀ ਬਣੇਗੀ ਸਰਕਾਰ ?

ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਰਾਜ ‘ਚ ਪਈਆਂ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪੱਛਮੀ ਬੰਗਾਲ ਵਿੱਚ ਵੋਟਿੰਗ ਦੇ ਦੂਜੇ ਪੜਾਅ ਦੇ ਲਈ ਪਈਆਂ ਵੋਟਾਂ ਦੇ ਨਾਲ ਭਾਰਤ ਦੇ ਚਾਰ ਸੂਬਿਆਂ ਪੱਛਮੀ ਬੰਗਾਲ, ਅਸਾਮ, ਤਾਮਿਲਨਾਡ, ਕੇਰਲ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਸਮਾਪਤ ਹੋ ਗਈ ਹੈ। ਭਾਰਤ ਦੇ ਸੂਬਿਆਂ ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪ੍ਰੈਲ ਨੂੰ ਇੱਕ ਹੀ ਪੜਾਅ ਵਿੱਚ ਵੋਟਾਂ ਪਈਆਂ ਸਨ। ਤਾਮਿਲਨਾਡੂ ਵਿੱਚ ਵੀ 23 ਅਪ੍ਰੈਲ ਨੂੰ ਇੱਕ ਹੀ ਪੜਾਅ ਵਿੱਚ ਵੋਟਾਂ ਪਈਆਂ ਸਨ। ਪੱਛਮੀ ਬੰਗਾਲ ਵਿੱਚ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਵੋਟਾਂ ਪਈਆਂ ਸਨ। ਇਨ੍ਹਾਂ ਸਾਰੇ ਸੂਬਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ। ਵੋਟਿੰਗ ਦੇ ਨਾਲ-ਨਾਲ ਇਨ੍ਹਾਂ ਸਾਰੀਆਂ ਵਿਧਾਨ ਸਭਾਵਾਂ ਲਈ ਵੱਖਰੇ ਚੋਣ ਸਰਵੇਖਣਾਂ ਦੇ ਨਤੀਜੇ ਵੀ ਸ੍ਹਾਮਣੇ ਆ ਰਹੇ ਹਨ।

ਪੱਛਮੀ ਬੰਗਾਲ ਵਿੱਚ ਦੂਜੇ ਪੜਾਅ ਦੀ ਵੋਟਿੰਗ ਸਮਾਪਤ ਹੋਣ ਤੋਂ ਬਾਅਦ ਬੁੱਧਵਾਰ ਨੂੰ ਜਾਰੀ ਕੀਤੇ ਗਏ ਹੁਣ ਤੱਕ ਦੇ ਸੱਤ ਚੋਣ ਸਰਵੇਖਣਾਂ ਦੇ ਵਿੱਚੋਂ ਪੰਜਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰ ਬੰਗਾਲ ਵਿੱਚ ਸਰਕਾਰ ਬਣਾਉਂਦੇ ਹੋਏ ਦਿਖਾਇਆ ਗਿਆ ਹੈ। ਇਹਨਾਂ ਸੱਤਾਂ ਵਿੱਚੋਂ ਸਿਰਫ਼ ਦੋ ਚੋਣ ਸਰਵੇਖਣਾਂ ਵਿੱਚ ਮਮਤਾ ਬੈਨਰਜੀ ਨੂੰ ਚੌਥੀ ਵਾਰ ਸੱਤਾ ਵਿੱਚ ਵਾਪਸੀ ਦੀ ਭਵਿੱਖਬਾਣੀ ਕੀਤੀ ਗਈ ਹੈ।

ਪੱਛਮੀ ਬੰਗਾਲ 

ਪੱਛਮੀ ਬੰਗਾਲ ਦੇ ਚੋਣ ਸਰਵੇਖਣ ਸਾਰਿਆਂ ਨੂੰ ਹੈਰਾਨ ਕਰਨ ਵਾਲੇ ਹਨ ਅਤੇ ਆਓ ਜਾਣਦੇ ਹਾਂ ਕਿ ਕਿਸ ਸਰਵੇਖਣ ਅਨੁਸਾਰ ਸਰਕਾਰ ਕੌਣ ਬਣਾ ਰਿਹਾ ਹੈ। ਪੱਛਮੀ ਬੰਗਾਲ ਦੇ ਲਈ ਕਈ ਚੋਣ ਸਰਵੇਖਣਾਂ ਦੇ ਵਿੱਚ ਬਹੁਤ ਦਿਲਚਸਪ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ।

ਪੱਛਮੀ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਵਾਲੇ ਸੂਬੇ ਵਿੱਚ ਸਰਕਾਰ ਬਨਾਉਣ ਵਾਸਤੇ ਬਹੁਮਤ ਲਈ 148 ਸੀਟਾਂ ਦੀ ਲੋੜ ਹੁੰਦੀ ਹੈ। ਚਾਣਕਿਆ ਚੋਣ ਸਰਵੇਖਣ ਟੀਐਮਸੀ ਨੂੰ 130-140, ਭਾਜਪਾ ਨੂੰ 150-160 ਅਤੇ ਹੋਰਾਂ ਨੂੰ 6-10 ਸੀਟਾਂ ਦਿੰਦਾ ਹੈ। ਮੈਟ੍ਰਾਈਜ਼ ਚੋਣ ਸਰਵੇਖਣ ਨੇ ਟੀਐਮਸੀ ਨੂੰ 125-140, ਭਾਜਪਾ ਨੂੰ 146-161 ਅਤੇ ਹੋਰਾਂ ਨੂੰ 6-10 ਸੀਟਾਂ ਦਿੱਤੀਆਂ ਹਨ। ਪੀਪਲਜ਼ ਪਲਸ ਚੋਣ ਸਰਵੇਖਣ ਨੇ ਟੀਐਮਸੀ ਨੂੰ 177-187, ਭਾਜਪਾ ਨੂੰ 95-110, ਕਾਂਗਰਸ ਨੂੰ 1-3 ਅਤੇ ਖੱਬੇ ਪੱਖੀਆਂ ਨੂੰ 0-1 ਸੀਟਾਂ ਦਿੱਤੀਆਂ ਹਨ। ਪੀ-ਮਾਰਕ ਚੋਣ ਸਰਵੇਖਣ ਨੇ ਟੀਐਮਸੀ ਨੂੰ 118-138, ਭਾਜਪਾ ਨੂੰ 150-175 ਅਤੇ ਹੋਰਾਂ ਨੂੰ 2-6 ਸੀਟਾਂ ਦਿੱਤੀਆਂ ਹਨ।

ਅਸਾਮ 

ਅਸਾਮ ਵਿੱਚ 9 ਅਪ੍ਰੈਲ ਨੂੰ ਵੋਟਿੰਗ ਹੋਈ ਸੀ ਅਤੇ ਅਸਾਮ ਵਿਧਾਨ ਸਭਾ ਵਿੱਚ 126 ਸੀਟਾਂ ਹਨ। ਸੂਬੇ ਵਿੱਚ ਸਰਕਾਰ ਬਨਾਉਣ ਦੇ ਲਈ ਬਹੁਮਤ ਦਾ ਅੰਕੜਾ 64 ਬਣਦਾ ਹੈ। ਜ਼ਿਆਦਾਤਰ ਚੋਣ ਸਰਵੇਖਣਾਂ ਨੇ ਭਾਜਪਾ ਗਠਜੋੜ ਨੂੰ ਅੱਗੇ ਦਿਖਾਇਆ ਹੈ। ਐਕਸਿਸ ਮਾਈ ਇੰਡੀਆ ਦਾ ਚੋਣ ਸਰਵੇਖਣ ਭਾਜਪਾ ਗਠਜੋੜ ਨੂੰ 88-100 ਸੀਟਾਂ, ਕਾਂਗਰਸ ਗਠਜੋੜ ਨੂੰ 24-36 ਸੀਟਾਂ ਅਤੇ ਹੋਰਾਂ ਨੂੰ 0-3 ਸੀਟਾਂ ਦਿੰਦਾ ਹੈ। ਮੈਟ੍ਰਾਈਜ਼ ਦਾ ਚੋਣ ਸਰਵੇਖਣ ਭਾਜਪਾ ਗੱਠਜੋੜ ਨੂੰ 85-95 ਸੀਟਾਂ, ਕਾਂਗਰਸ ਗੱਠਜੋੜ ਨੂੰ 25-32 ਸੀਟਾਂ ਅਤੇ ਹੋਰਾਂ ਨੂੰ 6-12 ਸੀਟਾਂ ਦਿੰਦਾ ਹੈ। ਪੀਪਲਜ਼ ਪਲਸ ਦਾ ਚੋਣ ਸਰਵੇਖਣ ਭਾਜਪਾ ਗੱਠਜੋੜ ਨੂੰ 68-72 ਸੀਟਾਂ, ਕਾਂਗਰਸ ਗੱਠਜੋੜ ਨੂੰ 22-26 ਸੀਟਾਂ ਅਤੇ ਹੋਰਾਂ ਨੂੰ 19-28 ਸੀਟਾਂ ਦਿੰਦਾ ਹੈ। ਜੇਵੀਸੀ ਦਾ ਚੋਣ ਸਰਵੇਖਣ ਭਾਜਪਾ ਗੱਠਜੋੜ ਨੂੰ 88-101 ਸੀਟਾਂ, ਕਾਂਗਰਸ ਗੱਠਜੋੜ ਨੂੰ 23-33 ਸੀਟਾਂ ਅਤੇ ਹੋਰਾਂ ਨੂੰ 2-5 ਸੀਟਾਂ ਦਿੰਦਾ ਹੈ। ਪੋਲ ਡਾਇਰੀ ਦਾ ਚੋਣ ਸਰਵੇਖਣ ਭਾਜਪਾ ਗੱਠਜੋੜ ਨੂੰ 86-101 ਸੀਟਾਂ, ਕਾਂਗਰਸ ਗੱਠਜੋੜ ਨੂੰ 15-26 ਸੀਟਾਂ ਅਤੇ ਹੋਰਾਂ ਨੂੰ 3-7 ਸੀਟਾਂ ਦਿੰਦਾ ਹੈ। ਪੀ-ਮਾਰਕ ਦਾ ਚੋਣ ਸਰਵੇਖਣ ਭਾਜਪਾ ਗੱਠਜੋੜ ਨੂੰ 82-94 ਸੀਟਾਂ, ਕਾਂਗਰਸ ਗੱਠਜੋੜ ਨੂੰ 30-40 ਸੀਟਾਂ ਅਤੇ ਹੋਰਾਂ ਨੂੰ 1-5 ਸੀਟਾਂ ਦੀ ਭਵਿੱਖਬਾਣੀ ਕਰਦਾ ਹੈ।

ਤਾਮਿਲਨਾਡੂ

ਤਾਮਿਲਨਾਡੂ ਵਿਧਾਨ ਸਭਾ ਦੀਆਂ 234 ਸੀਟਾਂ ਲਈ ਵੋਟਿੰਗ 23 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਅਤੇ ਸੂਬੇ ਵਿੱਚ ਸਰਕਾਰ ਬਨਾਉਣ ਦੇ ਲਈ ਬਹੁਮਤ ਦਾ ਅੰਕੜਾ 118 ਬਣਦਾ ਹੈ। ਚਾਣਕਿਆ ਦੇ ਚੋਣ ਸਰਵੇਖਣ ਵਿੱਚ ਡੀਐਮਕੇ ਗੱਠਜੋੜ ਨੂੰ 145–160, ਏਆਈਏਡੀਐਮਕੇ ਗੱਠਜੋੜ ਨੂੰ 50–65, ਟੀਵੀਕੇ ਨੂੰ ਜ਼ੀਰੋ ਅਤੇ ਹੋਰਾਂ ਨੂੰ 18–26 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਐਕਸਿਸ ਮਾਈ ਇੰਡੀਆ ਦੇ ਚੋਣ ਸਰਵੇਖਣ ਵਿੱਚ ਡੀਐਮਕੇ ਗੱਠਜੋੜ ਨੂੰ 92-110, ਏਆਈਏਡੀਐਮਕੇ ਗੱਠਜੋੜ ਨੂੰ 22-32 ਅਤੇ ਟੀਵੀਕੇ ਨੂੰ 98-120 ਸੀਟਾਂ ਦਿੱਤੀਆਂ ਗਈਆਂ ਹਨ। ਮੈਟ੍ਰਾਈਜ਼ ਦੇ ਚੋਣ ਸਰਵੇਖਣ ਵਿੱਚ ਡੀਐਮਕੇ ਗੱਠਜੋੜ ਨੂੰ 122-132 ਸੀਟਾਂ, ਏਆਈਏਡੀਐਮਕੇ ਗੱਠਜੋੜ ਨੂੰ 87-110, ਟੀਵੀਕੇ ਨੂੰ 10-12, ਅਤੇ ਹੋਰਾਂ ਨੂੰ 0-6 ਸੀਟਾਂ ਦਿੱਤੀਆਂ ਹਨ। ਪੀਪਲਜ਼ ਪਲਸ ਚੋਣ ਸਰਵੇਖਣ ਵਿੱਚ ਡੀਐਮਕੇ ਗੱਠਜੋੜ ਨੂੰ 125-145 ਸੀਟਾਂ, ਏਆਈਏਡੀਐਮਕੇ ਗੱਠਜੋੜ ਨੂੰ 65-80, ਟੀਵੀਕੇ ਨੂੰ 18-24, ਅਤੇ ਹੋਰਾਂ ਨੂੰ 2-6 ਸੀਟਾਂ ਦਿੱਤੀਆਂ ਹਨ। ਪੀ-ਮਾਰਕ ਚੋਣ ਸਰਵੇਖਣ ਵਿੱਚ ਡੀਐਮਕੇ ਗੱਠਜੋੜ ਨੂੰ 125-145 ਸੀਟਾਂ, ਏਆਈਏਡੀਐਮਕੇ ਗੱਠਜੋੜ ਨੂੰ 65-85, ਟੀਵੀਕੇ ਨੂੰ 16-26, ਅਤੇ ਹੋਰਾਂ ਨੂੰ 1-6 ਸੀਟਾਂ ਦਿੱਤੀਆਂ ਹਨ।

ਕੇਰਲ 

ਕੇਰਲ ਸੂਬੇ ਦੇ ਵਿੱਚ 140 ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇੱਕ ਪੜਾਅ ਵਿੱਚ ਹੋਈ ਸੀ। ਇੱਥੇ ਸਰਕਾਰ ਬਨਾਉਣ ਲਈ ਬਹੁਮਤ ਦਾ ਅੰਕੜਾ 71 ਬਣਦਾ ਹੈ। ਐਕਸਿਸ ਮਾਈ ਇੰਡੀਆ ਚੋਣ ਸਰਵੇਖਣ ਵਿੱਚ ਐਲਡੀਐਫ ਨੂੰ 49-62 ਸੀਟਾਂ, ਯੂਡੀਐਫ ਨੂੰ 78-90 ਅਤੇ ਭਾਜਪਾ ਗੱਠਜੋੜ ਨੂੰ 0-3 ਸੀਟਾਂ ਦਿੱਤੀਆਂ ਹਨ। ਮੈਟ੍ਰਾਈਜ਼ ਚੋਣ ਸਰਵੇਖਣ ਵਿੱਚ ਐਲਡੀਐਫ਼ ਨੂੰ 60-65 ਸੀਟਾਂ, ਯੂਡੀਐਫ਼ ਨੂੰ 70-75, ਭਾਜਪਾ ਗਠਜੋੜ ਨੂੰ 3-5 ਅਤੇ ਹੋਰਾਂ ਨੂੰ 2-4 ਸੀਟਾਂ ਦਿੱਤੀਆਂ ਹਨ। ਪੀਪਲਜ਼ ਪਲਸ ਚੋਣ ਸਰਵੇਖਣ ਵਿੱਚ ਐਲਡੀਐਫ਼ ਨੂੰ 55-65 ਸੀਟਾਂ, ਯੂਡੀਐਫ਼ ਨੂੰ 75-85 ਅਤੇ ਭਾਜਪਾ ਗਠਜੋੜ ਨੂੰ 0-3 ਸੀਟਾਂ ਦਿੱਤੀਆਂ ਹਨ। ਪੀ-ਮਾਰਕ ਚੋਣ ਸਰਵੇਖਣ ਵਿੱਚ ਐਲਡੀਐਫ਼ ਨੂੰ 62-69 ਸੀਟਾਂ, ਯੂਡੀਐਫ਼ ਨੂੰ 71-79 ਅਤੇ ਭਾਜਪਾ ਗਠਜੋੜ ਨੂੰ 1-4 ਸੀਟਾਂ ਅਤੇ ਹੋਰਾਂ ਨੂੰ 0-3 ਸੀਟਾਂ ਦਿੱਤੀਆਂ ਹਨ।

ਪੁਡੂਚੇਰੀ 

9 ਅਪ੍ਰੈਲ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀ ਵੋਟਿੰਗ ਹੋਈ ਸੀ। ਰਾਜ ਦੀਆਂ 30 ਸੀਟਾਂ ਲਈ ਸਰਕਾਰ ਬਨਾਉਣ ਲਈ ਬਹੁਮਤ ਦਾ ਅੰਕੜਾ 16 ਬਣਦਾ ਹੈ। ਐਕਸਿਸ ਮਾਈ ਇੰਡੀਆ ਦੇ ਚੋਣ ਸਰਵੇਖਣ ਵਿੱਚ ਭਾਜਪਾ ਗਠਜੋੜ ਨੂੰ 16–20 ਸੀਟਾਂ, ਕਾਂਗਰਸ ਗਠਜੋੜ ਨੂੰ 6–8 ਅਤੇ ਹੋਰਾਂ ਨੂੰ 3–7 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੀਪਲਜ਼ ਪਲਸ ਚੋਣ ਦੇ ਸਰਵੇਖਣ ਵਿੱਚ ਭਾਜਪਾ ਗਠਜੋੜ ਨੂੰ 16–19 ਸੀਟਾਂ, ਕਾਂਗਰਸ ਗਠਜੋੜ ਨੂੰ 10–12 ਅਤੇ ਹੋਰਾਂ ਨੂੰ 1–2 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ।

Related posts

ਆਸਟ੍ਰੇਲੀਆ ਲਈ ਹੋਰ ਈਂਧਨ ਸੁਰੱਖਿਅਤ ਕਰਨਾ ਪਹਿਲਾ ਕਦਮ – ਵਿਦੇਸ਼ ਮੰਤਰੀ ਵੌਂਗ

admin

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin