BollywoodArticlesLatest NewsPollywood

24 ਨਵੰਬਰ ਨੂੰ ਪਹਿਲੀ ਬਰਸੀ ਲਈ: “ਬੌਲੀਵੁੱਡ ਦੇ ਐਡੋਨਿਸ ਧਰਮਿੰਦਰ ਨਾਲ ਇੱਕ ਅਭੁੱਲ ਮਿਲਣੀ”

ਬੌਲੀਵੁੱਡ ਦੇ ਐਡੋਨਿਸ ਧਰਮਿੰਦਰ।
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਪਿਛਲੇ ਸਾਲ 24 ਨਵੰਬਰ ਨੂੰ ਸੁਨੱਖਾ ਤੇ ਸਦਾਬਹਾਰ ਬੌਲੀਵੁੱਡ ਸੁਪਰਸਟਾਰ ਧਰਮਿੰਦਰ (ਧਰਮ ਭਾਜੀ) ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ।

ਉਦੋਂ ਇਸ ਤੋਂ ਪਹਿਲਾਂ ਉਸ ਦੇ ਅਕਾਲ ਚਲਾਣੇ ਦੀ ਅਫਵਾਹ ਵੀ ਫੇਲ ਗਈ ਸੀ ਪਰ ਉਹ ਉਸ ਅਫਵਾਹ ਤੋਂ ਦੋ ਹਫਤੇ ਬਾਅਦ ਤਕ ‘ਸੋਨਾ ਨਹੀਂ ਅਭੀ, ਘੜੀ ਸੋਨੇ ਕੀ ਆਈ ਨਹੀਂ’ ਵਾਲੀ ਆਪਣੀ ਸ਼ਾਇਰੀ ਦੀ ਸਤਰ ਉਪਰ ਡਟਿਆ ਰਿਹਾ। ਉਸ ਦੀਆਂ ਇਹ ਕਾਵਿ-ਲਾਈਨਾਂ ਉਸ ਦੇ ਚਲੇ ਜਾਣ ਤੋਂ ਬਾਅਦ ਬਹੁਤ ਵਾਇਰਲ ਹੋਈਆਂ ਹਨ-

“ਚੱਲ ਉੱਠ ਕਹੀਂ ਚੱਲ/ਕਹੀਂ ਭੀ ਚੱਲ/ਬੈਠੇ ਬੈਠੇ ਸੋ ਜਾਏਗਾ/ਸੋਨਾਂ ਨਹੀਂ ਅਭੀ/ਘੜੀ ਸੋਨੇ ਕੀ ਆਈ ਨਹੀਂ”!

ਧਰਮਿੰਦਰ,ਜਿਸ ਨੂੰ ਪਿਆਰ ਨਾਲ ਸਭ ‘ਧਰਮ ਭਾਜੀ’ ਸਦਦੇ ਸਨ, ਆਪਣੇ ਸੁਨੱਖੇਪਨ ਸਦਕਾ ਬੌਲੀਵੁੱਡ ਦਾ ‘ਐਡੋਨਿਸ’ ਮੰਨਿਆਂ ਜਾਂਦਾ ਸੀ। ‘ਐਡੋਨਿਸ’ ਯੂਨਾਨੀ ਮਿਥਿਹਾਸ ਦਾ ਇੱਕ ਬਹੁਤ ਹੀ ਰੂਪਵਾਨ ਨੌਜਵਾਨ ਸੀ, ਜੋ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਸੁੰਦਰਤਾ ਦਾ ਮੈਟਾਫਰ ਬਣ ਗਿਆ।

ਧਰਮਿੰਦਰ ਇੱਕ ਰੂਹਦਾਰ ਤੇ ਦਿਲਦਾਰ ਅਦਾਕਾਰ ਸੀ। ਬੇਸ਼ਕ ਉਹ ਇੱਕ ਬ੍ਰਹਿਮੰਡੀ ਬਾਸ਼ਿੰਦਾ ਸੀ ਪਰ ਪੰਜਾਬ ਦਾ ਪੇਂਡੂ ਪਿਛੋਕੜ ਉਸ ਦੀ ਅੰਤਰ-ਆਤਮਾਂ ‘ਚ ਰਮਿਆਂ ਹੋਇਆ ਸੀ ਅਤੇ ਪੰਜਾਬ ਉਸ ਦੀ ਰਗ ਰਗ ‘ਚ।

ਸੁਹਣਾ, ਸਦਾਬਹਾਰ ਸਟਾਰ ਅਤੇ ਦਿਉਲ ਪਰਿਵਾਰ ਦਾ ਪਿਤਾਮਾਂ ਧਰਮ ਸਿੰਘ ਦਿਉਲ (8 ਦਸੰਬਰ, 1935-24ਨਵੰਬਰ 2025) ਜੜ੍ਹ,ਜ਼ਮੀਨ ਅਤੇ ਆਪਣੇ ਪਿਛੋਕੜ ਨਾਲ ਜੁੜਿਆ ਬੌਲੀਵੁੱਡ ਅਭਿਨੇਤਾ ਸੀ। ਠੇਠ ਪੰਜਾਬੀ ਬੋਲਣਾ ਉਸ ਦਾ ਸੁਭਾਅ ਤੇ ਉਰਦੂ ਸ਼ਾਇਰੀ ਉਸ ਦਾ ਸ਼ੌਕ ਸੀ। ਉਹ ਫਿਲਮ ਨਗਰੀ ਮੁੰਬਈ ਵਿੱਚ ਜਾ ਕੇ ਅਤੇ ਸੁਪਰਸਟਾਰ ਬਣ ਕੇ ਵੀ ਪੰਜਾਬ ਦੀ ਮਿੱਟੀ ਦੇ ਮੋਹ, ਸਧਾਰਨ ਕਿਸਾਨੀ ਪਰਿਵਾਰ ਦੇ ਪਿਛੋਕੜ ਅਤੇ ਆਪਣੇ ਆਮ ਪੇਂਡੂ ਜੀਵਨ ਨੂੰ ਕਦੀ ਨਹੀਂ ਸੀ ਭੁੱਲਿਆ। ਰੁਝੇਵਿਆਂ ਕਾਰਨ ਬੇਸ਼ਕ ਉਹ ਬਹੁਤੀ ਵਾਰ ਆਪਣੇ ਬਚਪਨ, ਲੜਕਪਨ ਅਤੇ ਜਵਾਨੀ ਵੇਲੇ ਦੇ ਪਿੰਡਾਂ ਨਸਰਾਲੀ, ਡਾਂਗੋ, ਸਾਹਨੇਵਾਲ (ਜ਼ਿਲਾ ਲੁਧਿਆਣਾ), ਫਗਵਾੜਾ (ਜ਼ਿਲਾ ਕਪੂਰਥਲਾ) ਅਤੇ ਮਲੇਰਕੋਟਲਾ ਸਮੇਤ ਹੋਰ ਸਥਾਨਾਂ ‘ਚ ਨਾ ਆ ਸਕਿਆ ਹੋਵੇ ਪਰ ਜਦ ਕਦੀ ਵੀ ਉਸ ਨੂੰ ਮੌਕਾ ਮਿਲਿਆ ਤਾਂ ਉਹ ਸਗਵੇਂ ਦਾ ਸਗਵਾਂ ਆਇਆ ਅਤੇ ਆਪਣੇ ਪੁਰਾਣੇ ਮਿੱਤਰਚਾਰੇ ਵਿੱਚ ਖੁਲ੍ਹ ਕੇ ਵਿਚਰਿਆ।
ਉਸ ਦਾ ਇਹ ਮੰਨਣਾਂ ਸੀ ਕਿ ‘ਜੋ ਆਪਣਾ ਪਿਛੋਕੜ (‘ਰੂਟਸ’) ਭੁੱਲ ਗਿਆ,ਸਮਝੋ ਆਪਣਾ ਪਿਉ ਭੁੱਲ ਗਿਆ’!

12 ਜਨਵਰੀ 2006 ਨੂੰ ਧਰਮਿੰਦਰ ਫਗਵਾੜਾ ਸ਼ਹਿਰ ਵਿੱਚ 3 ਘੰਟੇ ਲਈ ਘੁੰਮਿਆਂ-ਫਿਰਿਆ,ਆਪਣੇ ਰਿਸ਼ਤੇਦਾਰਾਂ, ਯਾਰਾਂ-ਦੋਸਤਾਂ, ਹਮਜਮਾਤੀਆਂ ਨੂੰ ਗਲਵੱਕੜੀਆਂ ਪਾ-ਪਾ ਮਿਲਿਆ, ਭਾਵੁਕ ਹੋ ਹੋ ਅੱਖਾਂ ਨਮ ਕੀਤੀਆਂ ਤੇ ਹਰ ਕਿਸੇ ਨੂੰ ਆਪਣੇ ਨਾਲ  ਬੇਰੋਕ ਟੋਕ ਫੋਟੋਆਂ ਖਿਚਵਾਉਣ ਦਿਤੀਆਂ।

ਉਸ ਨੇ ਮੀਡੀਆ ਨਾਲ ਵੀ ਬੇਬਾਕ ਗੱਲਬਾਤ ਕੀਤੀ। ਪੌਣਾ ਘੰਟਾ ਲੰੰਮੀ ਇਹ ਮੁਲਾਕਾਤ ਮੀਡੀਆ ਕਰਮੀਆਂ ਲਈ ਇੱਕ ਯਾਦਗਾਰੀ ਮੁਲਾਕਾਤ ਹੋ ਨਿਬੜੀ।ਇਸ ਵਾਰੇ ਵਿਸਥਾਰ ਨਾਲ ਦਸਣ ਤੋਂ ਪਹਿਲਾਂ ਅਸੀਂ ਧਰਮਿੰਦਰ ਦੇ ਫਗਵਾੜਾ ਸ਼ਹਿਰ ਨਾਲ ‘ਕੁਨੈਕਸ਼ਨ’ ਦੀ ਗੱਲ ਕਰਦੇ ਹਾਂ।

ਧਰਮਿੰਦਰ ਦੇ ਪੁਰਖਿਆਂ ਦਾ ਜੱਦੀ ਪਿੰਡ ਤਾਂ ਡਾਂਗੋ ਹੈ ਅਤੇ ਉਸ ਦਾ ਜਨਮ ਅਸਥਾਨ ਨਸਰਾਲੀ (ਲੁਧਿਆਣਾ)। ਉਹ ਬਹੁਤ ਲੰਮਾ ਸਮਾਂ ਸਾਹਨੇਵਾਲ ਰਿਹਾ ਕਿਉਂਕਿ ਉਸ ਦੇ ਪਿਤਾ ਚੌਧਰੀ ਕੇਵਲ ਕ੍ਰਿਸ਼ਨ ਉਥੇ ਸਕੂਲ ‘ਚ ਪੜ੍ਹਾਉਂਦੇ ਸਨ। ਧਰਮਿੰਦਰ ਵੀ ਉਥੇ ਪੜ੍ਹਦਾ ਰਿਹਾ। ਫਿਰ ਮਾਸਟਰ ਜੀ ਫਗਵਾੜੇ ਦੇ ਆਰੀਆ ਹਾਈ ਸਕੂਲ ਵਿੱਚ ਪੜ੍ਹਾਉਣ ਲਗ ਪਏ। ਉਹ ਇਥੇ ਗਣਿਤ ਅਤੇ ਸਮਾਜਿਕ ਵਿਗਿਆਨ ਦੇ ਅਧਿਆਪਕ ਸਨ। ਧਰਮਿੰਦਰ ਇਥੇ ਵੀ ਪੜ੍ਹਦਾ ਰਿਹਾ। ਮਾਸਟਰ ਜੀ ਦੀ ਸੁਪਤਨੀ ਸਤਵੰਤ ਕੌਰ ਪ੍ਿਰਸੱਧ ਹਕੀਮ ਗੁਰਦਾਸ ਰਾਮ ਦੀ ਭੈਣ ਸੀ। ਹਕੀਮ ਗੁਰਦਾਸ ਰਾਮ ਹਿਕਮਤ ਕਾਰਨ ਫਗਵਾੜੇ ਦੇ ਸਰਾਫਾਂ ਬਜ਼ਾਰ ਵਿੱਚ ਰਹਿੰਦੇ ਸਨ। ਉਹਨਾਂ ਦਾ ਲੜਕਾ ਹਕੀਮ ਸੱਤਪਾਲ, ਭਾਵ ਧਰਮਿੰਦਰ ਦੀ ਭੂਆ ਦਾ ਬੇਟਾ, ਧਰਮਿੰਦਰ ਦਾ ਹਾਣੀ ਸੀ ਅਤੇ ਦੋਵਾਂ ਵਿਚਕਾਰ ਬਹੁਤ ਪਿਆਰ ਸੀ। ਧਰਮਿੰਦਰ ਅਕਸਰ ਹਕੀਮ ਸੱਤਪਾਲ ਕੋਲ ਆਉਂਦਾ ਜਾਂਦਾ ਰਹਿੰਦਾ। ਧਰਮਿੰਦਰ ਦੀ ਭੂਆ ਦਾ ਦੂਸਰਾ ਬੇਟਾ ਸੁਭਾਸ਼ ਕੁਮਾਰ ‘ਭਾਸ਼ੀ'(ਵਰਿੰਦਰ) ਪੰਜਾਬੀ ਫਿਲਮਾਂ ਦਾ ਅਭਿਨੇਤਾ ਸੀ।ਉਹ ਵੀ ਫਗਵਾੜੇ ਹੀ ਰਹਿੰਦਾ ਸੀ।

ਮੇਰੇ ਇੱਕ ਕੁਲੀਗ ਪ੍ਰੋæਸੀਤਲ ਸਿੰਘ ਰਿਆਤ ਦੀ ਪਤਨੀ ਪ੍ਰੋæ ਮਨਜੀਤ ਕੌਰ ਰਿਆਤ ਖੋਜੀਆਂ ਮੁਹੱਲਾ ਸਰਾਫਾਂ ਬਜ਼ਾਰ ਵਿੱਚ ਮਾਸਟਰ ਕੇਵਲ ਕ੍ਰਿਸ਼ਨ ਚੌਧਰੀ ਦੇ ਘਰ ਕਿਰਾਏ Ḕਤੇ ਰਹਿੰਦੀ ਰਹੀ ਹੈ। ਉਸ ਦੇ ਦੱਸਣ ਅਨੁਸਾਰ ਮਾਸਟਰ ਜੀ ਨੇ ਇਹ ਘਰ ਧਰਮਿੰਦਰ ਦੀ ਪਹਿਲੀ ਫਿਲਮ ਦੀ ਕਮਾਈ ਉਪਰੰਤ ਖ੍ਰੀਦਿਆ ਸੀ। ਧਰਮਿੰਦਰ ਇਸ ਘਰ ਵਿੱਚ ਆਪਣੇ ਪਿਤਾ, ਜਿਸ ਨੂੰ ਉਹ ‘ਬਾਬੂ ਜੀ’ ਕਹਿੰਦਾ ਸੀ, ਨੂੰ ਮਿਲਣ ਆਉਂਦਾ ਰਹਿੰਦਾ ਸੀ। ਸੇਵਾ-ਮੁਕਤ ਹੋਣ ਮਗਰੋਂ ਜਦੋਂ ਮਾਸਟਰ ਜੀ ਮੁੰਬਈ ਚਲੇ ਗਏ ਤਾਂ ਵੀ ਉਹ ਅਕਸਰ ਆਪਣੇ ਪੁਰਾਣੇ ਘਰ ਆਉਂਦੇ ਰਹਿੰਦੇ ਸਨ। ਪ੍ਰੋæ ਮਨਜੀਤ ਅਨੁਸਾਰ ‘ਇਥੇ ਇੱਕ ਵਾਰ ਅਸੀਂ ਵੀ ਉਹਨਾਂ ਨੂੰ ਮਿਲੇ ਸਾਂ’। ਬਾਅਦ ਵਿਚ ਇਹ ਘਰ ਪ੍ਰੋæ ਮਨਜੀਤ ਕੌਰ (ਰਿਆਤ) ਨੇ ਖਰੀਦ ਲਿਆ ਸੀ।

ਪ੍ਰੋæ ਮਨਜੀਤ ਕੌਰ (ਹੁਣ ਸੇਵਾ-ਮੁਕਤ) ਦੱਸਦੀ ਹੈ ਕਿ ਧਰਮਿੰਦਰ ਇੱਕ ਵਾਰ ‘ਝੀਲ ਕੇ ਉਸ ਪਾਰ’, ਜਿਸ ਦੀ ਸ਼ੂਟਿੰਗ ਨੰਗਲ ਹੋ ਰਹੀ ਸੀ, ਦੀ ਕਾਸਟ ਨਾਲ ਆਪਣੇ ਬਾਊ ਜੀ ਦੇ ਘਰ ਆਇਆ ਸੀ। ਉਸ ਦਾ ਭਰਾ ਅਜੀਤ ਸਿੰਘ ਦਿਉਲ ਵੀ ਇਥੇ ਰਿਹਾ।

“ਮੈਂ ਤੇ ਮੇਰੇ ਪਤੀ ਸੀਤਲ ਸਿੰਘ ਜੀ ਜਦ ਧਰਮਿੰਦਰ ਨੂੰ ਮੁੰਬਈ ਇਕ ਸਮਾਗਮ ਵਿਚ ਮਿਲੇ ਤਾਂ ਉਸ ਨੇ ਕਿਹਾ ਕਿ ‘ਫਗਵਾੜੇ ਨਾਲ ਤਾਂ ਮੇਰੀਆਂ ਜੜ੍ਹਾਂ ਜੁੜੀਆਂ ਹਨ’!

ਧਰਮਿੰਦਰ ਗਾਹੇ-ਬਗਾਹੇ ਫਗਵਾੜੇ ਆਉਂਦਾ ਰਹਿੰਦਾ ਸੀ। ਇੱਕ ਵਾਰ 2001 ‘ਚ ਉਹ ਅੱਧੀ ਰਾਤ ਨੂੰ ‘ਚੁਪਕੇ ਚੁਪਕੇ’ ਸ਼ਹਿਰ ਆਇਆ ਸੀ ਅਤੇ ਆਪਣੇ ਸਕੂਲ ਵਾਲੇ ਬਿਰਖ ਦੇ ਗਲ ਲਗ ਰੋਇਆ ਸੀ! ਫਗਵਾੜਾ ਦੇ ਇਸ ਸਕੂਲ ਤੋਂ ਉਸ ਨੇ ਮੈਟਰਿਕ ਪਾਸ ਕੀਤੀ ਸੀ, ਤੇ ਇਸ ਤੋਂ ਪਹਿਲਾਂ ਮਿਡਲ ਸਾਹਨੇਵਾਲ ਤੋਂ।

ਪਰ 12 ਜਨਵਰੀ 2006 ਨੂੰ ਉਹ ਜਨਤਕ ਤੌਰ Ḕਤੇ ਆਇਆ। ਅਜਿਹਾ ਉਸ ਨੇ 30 ਸਾਲਾਂ ਬਾਅਦ ਕੀਤਾ ਸੀ। ਖੁੱਲੀ ਜੀਪ ਵਿੱਚ ਘੁੰਮਿਆਂ। ਉਹ ਉਹਨਾਂ ਤੰਗ ਭੀੜੀਆਂ ਗਲੀਆਂ ਵਿਚ ਵੀ ਗਿਆ ਜਿਹਨਾਂ ‘ਚ ਉਹ ਲੜਕਪਨ ਦੇ ਦਿਨਾਂ ‘ਚ ਖੇਡਦਾ ਰਿਹਾ ਸੀ। ਬੀਤੇ ਦੀਆਂ ਅਭੁੱਲ ਯਾਦਾਂ ਦੇ ਸੁਨਹਿਰੀ ਸਫਰ ‘ਚ ਖੁੱਭਿਆ ਸਭ ਤੋਂ ਪਹਿਲਾਂ ਉਹ ਸਰਾਫਾਂ ਬਜ਼ਾਰ ਗਿਆ ਅਤੇ ਆਪਣੀ ਭਰਜਾਈ ਸ਼੍ਰੀਮਤੀ ਸੁਨੀਤਾ (ਪਤਨੀ ਹਕੀਮ ਸੱਤਪਾਲ) ਨੂੰ ਮਿਲ ਕੇ ਅੱਤ-ਭਾਵੁਕ ਹੋ ਗਿਆ। ਉਹ ਉਸ ਘਰ ਦੀ ਰੌਂਸ ਉੱਪਰ ਵੀ ਬੈਠਾ ਜਿਥੇ ਉਹ ਲੜਕਪਨ ਵੇਲੇ ਬੈਠਦਾ ਸੀ। ਬਾਅਦ ‘ਚ ਉਸ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਘਰ ਦੇ ਬਾਹਰ ਵਾਲੀ ਪਾਈਪ ਰਾਹੀਂ ਉਹ ਰਾਤ ਨੂੰ ਚੋਰੀ ਹੇਠਾਂ ਉਤਰ ਕੇ ਦੇਰ ਰਾਤ ਦੀ ਫਿਲਮ ਦੇਖਿਆ ਕਰਦਾ ਸੀ। ਚੋਰੀ ਇਸ ਲਈ ਕਿ ‘ਬਾਬੂ ਜੀ’ ਫਿਲਮਾਂ ਦੇਖੇ ਜਾਣ ਨੂੰ ਬਹੁਤਾ ਪਸੰਦ ਨਹੀਂ ਸਨ ਕਰਦੇ। “ਪਹਿਲਾਂ ਫਗਵਾੜੇ ਦੇ ਟਾਊਨਹਾਲ ਦੇ ਜਗਤਜੀਤ ਟਾਕੀਜ਼ ਵਿਚ ਤੇ ਫਿਰ ਪੈਰਾਡਾਈਜ਼ ਥੀਏਟਰ, ਫਗਵਾੜਾ ਵਿੱਚ ਬੜੀਆਂ ਫਿਲਮਾਂ ਦੇਖੀਆਂ, “ਉਸ ਨੇ ਦਸਿਆ ਸੀ।

ਬਾਅਦ ਵਿਚ ਉਸ ਨੇ ਫਗਵਾੜਾ ਤੋਂ ਸਾਈਕਲ Ḕਤੇ ਜਾਂ ਬਸ ਰਾਹੀਂ ਜਲੰਧਰ ਜਾ ਕੇ ਸੰਤ ਅਤੇ ਜਯੋਤੀ ਸਿਨੇਮਾ ਘਰਾਂ ਵਿਚ ਵੀ ਫਿਲਮਾਂ ਦੇਖੀਆਂ। ਸਾਈਕਲ ਤੇ ਆਉਣ-ਜਾਣ ਕਰੀਬ 50 ਕਿæਮੀæ ਪੈ ਜਾਂਦਾ ਸੀ।

ਸਰਾਫਾਂ ਬਜ਼ਾਰ ਤੋਂ ਧਰਮਿੰਦਰ ਕਟਿਹਰਾ ਚੌਂਕ ਦੀ ਸ਼ਹਿਰ ਦੀ ਸਭ ਤੋਂ ਪੁਰਾਣੀ ਹਲਵਾਈ ਦੀ ਦੁਕਾਨ ‘ਸੁਧੀਰ ਸਵੀਟਜ਼’ Ḕਤੇ ਗਿਆ ਅਤੇ ਆਪਣੀ ਮਨਪਸੰਦ ‘ਪਿੰਨੀ’ ਖਾਧੀ।

ਫਿਰ ਉਹ ਆਪਣੇ ਪੁਰਾਣੇ ਦੋਸਤਾਂ ਹਰਜੀਤ ਸਿੰਘ ਪਰਮਾਰ ਅਤੇ ਸੁਖਜੀਤ ਸਿੰਘ ਪਰਮਾਰ (ਤਾਰੀ) ਦੇ ਘਰ ਗਿਆ। ਧਰਮਿੰਦਰ ਨੇ ਆਪ ਮੰਨਿਆਂ ਕਿ ਉਸ ਨੇ ਬਹੁਤੀਆਂ ਫਿਲਮਾਂ ‘ਦਾਰਜੀ'(ਗੁਰਬਚਨ ਸਿੰਘ ਪਰਮਾਰ, ਭਾਵ ਪਰਮਾਰ ਭਰਾਵਾਂ ਦੇ ਪਿਤਾ ਜੀ) ਦੇ ਸਿਨਮੇਂ ਪੈਰਾਡਾਈਜ਼ ‘ਚ ਹੀ ਦੇਖੀਆਂ। ਇਥੋਂ ਹੀ ਉਸ ਨੂੰ ਫਿਲਮਾਂ ਵਾਰੇ ਚੇਟਕ ਲਗੀ ਤੇ ਉਹ ਅਦਾਕਾਰ ਦਲੀਪ ਕੁਮਾਰ ਦੀ ਫਿਲਮ ‘ਸ਼ਹੀਦ’ ਤੋਂ ਪ੍ਰਭਾਵਤ ਹੋ ਕੇ ਆਪਣੀ ਕਿਸਮਤ ਬੌਲੀਵੁੱਡ ਵਿਚ ਅਜ਼ਮਾਉਣ ਨਿਕਲ ਪਏ।

ਪਰਮਾਰ ਭਰਾਂਵਾਂ ਦੇ ਘਰ ਧਰਮਿੰਦਰ ਅਤੇ ਪਰਕਾਸ਼ ਕੌਰ ਨੇ ‘ਸਟੱਫਡ’ ਪ੍ਰੌਂਠੇ, ਤਾਜ਼ਾ ਮੱਖਣ ਅਤੇ ਦਹੀਂ ਦੇ ਨਾਸ਼ਤੇ ਦਾ ਅਨੰਦ ਮਾਣਿਆਂ। ਉਂਝ ਉਹ ਸਾਗ ਤੇ ਮੱਕੀ ਦੀ ਰੋਟੀ ਦਾ ਵੀ ਬਹੁਤ ਸ਼ੌਕੀਨ ਹੈ। ਸ਼੍ਰੀਮਤੀ ਮਹਿੰਦਰ ਕੌਰ ਪਰਮਾਰ, ਸੁਪਤਨੀ ਸਵæਗੁਰਬਚਨ ਸਿੰਘ ਪਰਮਾਰ, ਨੇ ਉਸ ਨੂੰ ‘ਪਿਆਰ’ ਦਿਤਾ, ਭਾਵ ਬਜ਼ੁਰਗੀ ਅਸ਼ੀਰਵਾਦ ਵਜੋਂ ਕੁਝ ਸੰਕੇਤਕ ਨਕਦੀ ਦਿਤੀ ਜਿਸ ਨੂੰ ਧਰਮਿੰਦਰ ਨੇ ‘ਬੀ ਜੀ’ ਦੇ ਪੈਰੀਂ ਹੱਥ ਲਾ ਕੇ ਸਵੀਕਾਰ ਕੀਤਾ। ਵਿਸ਼ਵ-ਵਿਆਪੀ ਪ੍ਰਸਿੱਧੀ ਹਾਸਲ ਕਰਨ ਅਤੇ ਮਾਇਆ ਨਾਲ ਮਾਲਾ ਮਾਲ ਧਰਮਿੰਦਰ ਆਪਣੇ ਸੰਸਕਾਰ, ਸੱਭਿਆਚਾਰ ਅਤੇ ਸੰਸਕ੍ਰਿਤੀ ਨਹੀਂ ਸੀ ਭੁੱਲਿਆ।

ਇਥੇ ਹੀ ਉਸ ਨੇ ਮੀਡੀਆ ਨਾਲ ਨਿੱਠ ਕੇ ਗੱਲਬਾਤ ਕੀਤੀ। ਉਸ ਨੇ ਸਭ ਕੋਲੋਂ ਕੌਲਾਂਵਾਲੇ ਤਲਾਬ ਅਤੇ ਸੋਢਾਵਾਟਰ ਵਾਲੇ ਖੋਖੇ ਵਾਰੇ ਬੜੀ ਉਤਸੁਕਤਾ ਨਾਲ ਪੁਛਿਆ। ਉਸ ਨੇ ਦੱਸਿਆ ਕਿ ਉਹ ਤਲਾਬ ਵਿੱਚ ਤਾਰੀਆਂ ਲਾਇਆ ਕਰਦੇ ਸਨ। ‘ਬੋਹੜ ਦੇ ਬਿਰਖ Ḕਤੇ ਚੜ੍ਹ ਕੇ ਛਾਲ ਮਾਰਨੀ ਤੇ ਤਲਾਬ ‘ਚ ਤਰਨਾਂ’ ਉਹਨਾਂ ਦੀ ਮਨ-ਪਸੰਦ ਖੇਡ ਸੀ। ਉਹਨਾਂ ਇਹ ਵੀ ਦਸਿਆ ਕਿ ਉਹ ਅਖਾੜਿਆਂ ਵਿੱਚ ਕੁਸ਼ਤੀ ਵੀ ਲੜਿਆ ਕਰਦੇ ਸਨ। ਸਕੂਲ ਵਿੱਚ ਹਾਕੀ ਤੇ ਬਾਸਕਟਬਾਲ ਖੇਡਿਆ ਕਰਦੇ ਸਨ। “ਜੇ ਮੈਂ ਬੌਲੀਵੁੱਡ ਨਾ ਗਿਆ ਹੁੰਦਾ ਤਾਂ ਇੱਕ ਵਡਾ ਸਪੋਰਟਸਮੈਨ (ਖਿਡਾਰੀ) ਬਣਦਾ, ਉਲਿੰਪਿਕ ਤੱਕ ਅੱਪੜਦਾ,’ ਉਸ ਨੇ ਭਰੋਸੇ ਨਾਲ ਕਿਹਾ।

ਉਹਨਾਂ ਦੱਸਿਆ ਕਿ ਉਹ ਪੁਰਾਣੇ ਬੱਸ ਅੱਡੇ ਦੇ ਖੇੜਾ ਰੋਡ ਦੇ ਮੋੜ Ḕਤੇ ਸਥਿਤ ਖੋਖੇ ਚੋਂ ਸੋਢਾ ਵਾਟਰ ਪੀਂਦੇ ਸਨ। ਇਥੇ ਕਿਸੇ ਵੇਲੇ ਨਾਮਵਰ ਨਾਥ/ਸਾਹਬ ਮਿਲਕ ਬਦਾਮ ਦੀ ਮਸ਼ਹੂਰ ਦੁਕਾਨ ਹੁੰਦੀ ਸੀ। ਪਰ ਜਦੋਂ ਧਰਮਿੰਦਰ ਨੂੰ ਦਸਿਆ ਕਿ ਸੋਢੇ ਦੀ ਦੁਕਾਨ ਤਾਂ ਉਥੇ ਨਹੀਂ ਰਹੀ Ḕਤੇ ਕੌਲਾਂਵਾਲਾ ਤਲਾਬ ਵੀ ਥੋੜਾ ਬਹੁਤਾ ਈ ਬਚਿਐ ਤਾਂ ਉਸ ਦਾ ਹਉਕਾ ਜਿਹਾ ਨਿਕਲ ਗਿਆ! ਪਰ ਉਸ ਨੇ ਇਸ ਗੱਲ Ḕਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਭਾਂਵੇਂ ਫਗਵਾੜਾ ਸ਼ਹਿਰ ਬਹੁਤ ਬਦਲ ਗਿਐ ਪਰ ਇਸ ਦੀਆਂ ਤੰਗ ਭੀੜੀਆਂ ਗਲੀਆਂ ਅਜੇ ਵੀ ਉਵੇਂ ਈ ਹਨ ਤੇ ਉਹ ਇਹਨਾਂ ਨਾਲ ਭਾਵੁਕ ਸਾਂਝ ਤੇ ਇਕਮਿਕਤਾ ਮਹਿਸੂਸ ਕਰਦੈ।

“ਐੇਨੇ ਅਰਸੇ ਬਾਅਦ ਵੀ ਮੈਂ ਇਹਨਾਂ ਗਲੀਆਂ ਤੇ ਪੁਰਾਣੇ ਘਰਾਂ ਨੂੰ ਪਛਾਣ ਸਕਿਆਂ, “ਉਸ ਨੇ ਤਸੱਲੀ ਜਿਹੀ ਨਾਲ ਕਿਹਾ।

“ਇਥੋਂ ਦੇ ਸਿਨਮਾਂ ਘਰ ਮੇਰੇ ਲਈ ਮੰਦਰ ਸਮਾਨ ਹਨ ਤੇ ਇਸ ਮਿੱਟੀ ਦਾ ਜ਼ੱਰਾ ਜ਼ਰਾ ਮੇਰੇ ਲਈ ਪੂਜਣਯੋਗ ਹੈ, “ਉਸ ਨੇ ਭਾਵੁਕ ਹੁੰਦਿਆਂ ਕਿਹਾ।

ਉਹਨਾਂ ਦਸਿਆ ਕਿ ਇਥੋਂ ਹੀ ਉਹਨਾਂ 1950 ਵਿਚ ਦਸਵੀਂ ਕੀਤੀ ਅਤੇ ਇਥੋਂ ਦੇ ਰਾਮਗੜੀਆ ਕਾਲਜ ‘ਚੋਂ 1952 ‘ਚ ਇੰਟਰਮੀਡੀਏਟ। ਇਥੇ ਕੰਮ ਵੀ ਕੀਤਾ, ਮਲੇਰਕੋਟਲੇ ਟਿਊਬਵੈਲ ਕਾਰਪੋਰੇਸ਼ਨ ਵਿਚ ਨੌਕਰੀ ਵੀ ਕੀਤੀ। 1954 ‘ਚ ਬਨਭੌਰਾ ਪਿੰਡ (ਸੰਗਰੂਰ/ਮਲੇਰਕੋਟਲਾ) ਦੀ ਪਰਕਾਸ਼ ਕੌਰ (ਸੋਹੀ) ਨਾਲ ਸ਼ਾਦੀ ਹੋ ਗਈ। 1958 ‘ਚ ਫਿਲਮਫੇਅਰ ਮੈਗਜ਼ੀਨ ਵਿੱਚ ਟੈਲੈਂਟ ਹੰਟ ਦੇ ਮੁਕਾਬਲਿਆ ਵਾਰੇ ਪੜ੍ਹ ਕੇ ਮਲੇਰਕੋਟਲੇ ਦੇ ਫੋਟੋਗਰਾਫਰ ਜਾਨ ਮੁਹੰਮਦ ਕੋਲੋਂ ਫੋਟੋਆਂ ਖਿਚਵਾ ਕੇ ਮੁਕਾਬਲੇ ਲਈ ਭੇਜ ਦਿਤੀਆਂ ਤੇ ਚੁਣਿਆਂ ਗਿਆ। 1959 ਵਿੱਚ ਮਾਂ ਨੂੰ ਭਰੋਸੇ ਵਿਚ ਲੈ ਕੇ ਮੁੰਬਈ ਪੁੱਜ ਗਿਆ।’ਬਾਬੂ ਜੀ ਨੂੰ ਦੱਸਿਆ ਨਹੀਂ ਕਿਉਂਕਿ ਉਹ ਇਸ ਗੱਲ ਦੇ ਹੱਕ ਵਿਚ ਨਹੀਂ ਸਨ’। ਸੰਘਰਸ਼ ਕੀਤਾ ਤੇ 1960 ‘ਚ ਪਹਿਲੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਸ਼ੁਰੂਆਤ ਕੀਤੀ।

ਕਰੀਬ 65 ਸਾਲਾਂ ਦੇ ਫਿਲਮੀ ਜੀਵਨ ‘ਚ 300 ਤੋਂ ਵਧ ਫਿਲਮਾਂ ‘ਚ ਕੰੰਮ ਕੀਤਾ। ਕਈ ਫਿਲਮਾਂ ਸੁਪਰ/ਡੁਪਰ ਹਿੱਟ ਹੋਈਆਂ। ‘ਹੀ-ਮੈਨ’, ‘ਗਰਮ-ਧਰਮ’, ‘ਧਰਮਭਾਜੀ’ ਵਰਗੇ ਅੁੱਪਨਾਮ ਹਾਸਲ ਕੀਤੇ। ‘ਫੁਲ ਔਰ ਪੱਥਰ’, ‘ਸੱਤਿਆਕਾਮ’, ‘ਪ੍ਰਤਿੱਗਿਆ’, ‘ਸ਼ੋਲੇ’ ਵਰਗੀਆਂ ਫਿਲਮਾਂ ਸਮੇਤ ਅਨੇਕਾਂ ਹੋਰ ਫਿਲਮਾਂ ਵਿਚ ਯਾਦਗਾਰ ਕਿਰਦਾਰ ਨਿਭਾਏ। ਸ਼ੋਲੇ ਦਾ ‘ਵੀਰੂ’ ਭਲਾ ਕਦੀ ਕਿਸੇ ਨੂੰ ਭੁੱਲ ਸਕਦੈ। ਬੌਲੀਵੁੱਡ ਸਟਾਰ ਰਾਜੇਸ਼ ਖੰਨਾਂ ਦੀ ਰੁਮਾਂਟਿਕ ਸੁਨਾਮੀ ਅਤੇ ‘ਐਂਗਰੀ ਯੰਗ ਮੈਨ’ ਅਮਿਤਾਬ ਬਚਨ ਦੀ ਹਨੇਰੀ ਵੇਲੇ ਵੀ ਉਹ ਟਿਕਿਆ ਰਿਹਾ।

ਉਸ ਨੇ ਕੁਝ ਪੰਜਾਬੀ ਫਿਲਮਾਂ ਵਿਚ ਵੀ ਕੰਮ ਕੀਤਾ। ਆਪਣੀ ਵੱਡੀ ਬੇਟੀ ਦੇ ਨਾਮ ਤੇ ‘ਵਿਜੇਤਾ ਫਿਲਮਜ਼’ ਦੀ ਪਰੋਡਕਸ਼ਨ ਕੰਪਨੀ ਬਣਾਈ ਅਤੇ ਇਸ ਬੈਨਰ ਥੱਲੇ ਕੁੱਝ ਫਿਲਮਾਂ ਵੀ ਬਣਾਈਆਂ। ਸਿਆਸਤ ਵੀ ਕੀਤੀ ‘ਜੋ ਬਹੁਤੀ ਰਾਸ ਨਾ ਆਈ’। ਆਖਿਰ ਤੱਕ ਫਿਲਮਾਂ ‘ਚ ਕੰਮ ਕੀਤਾ। ਉਸ ਦੀ ਆਖਰੀ ਫਿਲਮ ‘ਇੱਕੀਸ’ ਹੈ।

ਆਪਣੇ ਦੋਵੇਂ ਅਦਾਕਾਰਾਂ ਪੁੱਤਰਾਂ ਸੰਨੀ ਦਿਉਲ ਅਤੇ ਬੌਬੀ ਦਿਉਲ ਨਾਲ ਰਲ ਕੇ ਵੀ ਕੰਮ ਕੀਤਾ। ‘ਜੱਟ ਯਮਲਾ ਪਗਲਾ ਦੀਵਾਨਾਂ’ ਵਜੋਂ ਮਸ਼ਹੂਰ ਹੋਇਆ। ਐਕਸ਼ਨ, ਰੋਮਾਂਟਿਕ ਅਤੇ ਕਾਮੇਡੀ ਰੋਲ ਬਾਖੂਬੀ ਨਿਭਾਏ। ਹੇਮਾ ਮਾਲਿਨੀ ਨਾਲ 28 ਫਿਲਮਾਂ ਕੀਤੀਆਂ ਤੇ ਫਿਰ 1980 ‘ਚ ਦੂਜੀ ਸ਼ਾਦੀ ਵੀ ਉਸ ਨਾਲ ਹੀ ਕਰ ਲਈ। ਧਰਮ-ਹੇਮਾ ਜੋੜੀ ਬੌਲੀਵੁੱਡ ਦੀ ਸਭ ਤੋਂ ਵਧੇਰੇ ਸਫਲ ਅਤੇ ‘ਕੱਠਿਆਂ ਵਧੇਰੇ ਫਿਲਮਾਂ ਕਰਨ ਵਾਲੀ ਜੋੜੀ ਬਣੀ। ਇਸ ਤੋਂ ਪਹਿਲਾਂ ਕਾਮਯਾਬ ਫਿਲਮੀ ਜੋੜੀਆਂ ਰਾਜ ਕਪੂਰ-ਨਰਗਿਸ ਨੇ ਕ੍ਰਮਵਾਰ 16 ਅਤੇ ਰਾਜੇਸ਼ ਖੰਨਾਂ-ਸ਼ਰਮੀਲਾ ਟੈਗੋਰ ਨੇ 12 ਫਿਲਮਾਂ ‘ਕੱਠਿਆਂ ਕੀਤੀਆਂ।

ਧਰਮਿੰਦਰ ਨੂੰ ਆਪ ਸੱਤਿਆਕਾਮ, ਸ਼ੋਲੇ ਤੇ ਪ੍ਰਤਿੱਗਿਆ ਫਿਲਮਾਂ ਵਿਚਲੇ ਆਪਣੇ ਕਿਰਦਾਰ ਬਹੁਤ ਪਸੰਦ ਸਨ।

ਅਨੇਕਾਂ ਲੀਡ ਰੋਲਾਂ ਮਗਰੋਂ ਕੁਝ ਫਿਲਮਾਂ ‘ਚ ਕਰੈਕਟਰ ਆਰਟਿਸਟ ਵਜੋਂ ਵੀ ਕੰਮ ਕੀਤਾ।

ਧਰਮਿੰਦਰ ਨੂੰ ਅਨੇਕਾਂ ਸਨਮਾਨ ਮਿਲੇ। ਇਹਨਾਂ ‘ਚ ‘ਪਦਮ ਭੂਸ਼ਨ’ ਸਨਮਾਨ ਸ਼ਾਮਲ ਹੈ। ‘ਟਾਈਮ’ ਮੈਗਜ਼ੀਨ ਨੇ ਉਹਨਾਂ ਨੂੰ ਉੱਪ-ਗ੍ਰਹਿ (ਪਲ਼ੈਨੇਟ) ਦੇ 10 ਸਭ ਤੋਂ ‘ਸੁਹਣਿਆਂ’ ਦੀ ਸੂਚੀ ‘ਚ ਅੰਕਿਤ ਕੀਤਾ। ਉਸ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਪੁਰਸਕਾਰ ਵੀ ਮਿਲਿਆ।

ਉਹਨਾਂ ਮਹਾਰਾਸ਼ਟਰ ਦੇ ਲੋਨਾਵਾਲਾ ਵਿਚਲੇ ਆਪਣੇ ਫਾਰਮ-ਹਾਊਸ ‘ਚ ਖੇਤੀ-ਕਿਸਾਨੀ-ਪਿੰਡ ਨਾਲ ਸਬੰਧਤ ਮਹੌਲ ਸਿਰਜਿਆ ਅਤੇ ਸਬਜ਼ੀਆਂ ਆਦਿ ਦੀ ਖੇਤੀ ਕੀਤੀ/ਕਰਵਾਈ। ਆਖਰੀ ਸਮਾਂ ਬਹੁਤਾ ਇਸ ਫਾਰਮ ਹਾਊਸ ਵਿਚਲੇ ਸ਼ਾਂਤ, ਕੁਦਰਤੀ ਤੇ ਸਰਲ-ਸਾਦੇ ਵਾਤਾਵਰਨ ‘ਚ ਹੀ ਬਤੀਤ ਕੀਤਾ।

ਇੱਕ ਪ੍ਰਸ਼ਨ ਦੇ ਜਵਾਬ ਵਿਚ ਉਹਨਾਂ ਮੰਨਿਆਂ ਕਿ ਉਹ ਫਿਲਮਾਂ ਵਿਚਲੇ ਅਜੋਕੇ ਟ੍ਰੈਂਡ, ਜਿਸ ਵਿੱਚ ਜਿਸਮ ਨੂੰ ਬਹੁਤਾ ਦਿਖਾਉਣ ਦਾ ਰੁਝਾਨ ਵਧ ਰਿਹਾ ਹੈ, ਨੂੰ ਪਸੰਦ ਨਹੀਂ ਕਰਦੇ। “ਇਹ ਸਭ ‘ਸਟੱਫ’ ਮੈਨੂੰ ਉਦਾਸ ਕਰ ਦਿੰਦਾ ਹੈ। ਇਸ ‘ਚ ਡੂੰਘਾਈ ਕੋਈ ਨਹੀਂ, ਬਸ ਸਭ ਕੁਝ ਸਤਹੀ ਹੀ ਹੈ। ਮੈਨੂੰ ਨਹੀਂ ਪਤਾ ਕਿ ਨਸਲਾਂ ਬਦਲ ਗਈਆਂ ਹਨ ਕਿ ਫਿਲਮਾਂ’। ਫਿਰ ਆਪ ਹੀ ਆਪਣੇ ਪ੍ਰਸ਼ਨ ਦਾ ਉਤਰ ਦਿੰਦਿਆਂ ਉਹਨਾਂ ਕਿਹਾ, ‘ਹਾਂ, ਮੌਜੂਦਾ ਪੀੜ੍ਹੀ ਹਾਈ-ਟੈਕ ਤੇ ਕੰਪਿਊਟਰੀਕ੍ਰਿਤ ਵਧੇਰੇ ਹੈ”।

ਜਦੋਂ ਇਹ ਪੁੱਛਿਆ ਕਿ ਉਹਨਾਂ ਦੇ ਬੇਟੇ ਉਹਨਾਂ ਨੂੰ ਘਰ ‘ਚ ‘ਖੂੰਡੇਵਾਲਾ ਬਾਬਾ’ ਮੰਨਦੇ ਐ ਕਿਉਂਕਿ ਘਰ ‘ਚ ਉਹਨਾਂ ਦੀ ਹੀ ਚੱਲਦੀ ਹੈ ਤਾਂ ਉਹਨਾਂ ਝਟਪਟ ਜਵਾਬ ਦਿਤਾ, “ਬਾਬੇ ਦਾ ਖੂੰਡਾ ਸਾਡੀ ਸਭਿੱਅਤਾ ਦਾ ਸੂਚਕ ਖੂੰਡਾ ਹੈ ਅਤੇ ਇਸ ਖੂੰਡੇ ਦੀ ਚੜ੍ਹਤ ਰਹਿਣੀ ਹੀ ਚਾਹੀਦੀ ਹੈ”।

ਧਰਮਿੰਦਰ ਨੇ ਇੱਕ ਗੱਲ ਹੋਰ ਦਸੀ ਕਿ ‘ਬੀ’ ਅੱਖਰ ਉਹਨਾਂ ਨੂੰ ਬੜਾ ਰਾਸ ਆਉਂਦੈ। “ਫਗਵਾੜਾ ਤੋਂ ਮੈਂ ਸਿੱਧਾ ‘ਬੰਬੇ'(ਹੁਣ ਮੁੰਬਈ) ਗਿਆ ਤੇ ਗਿਆ ਵੀ ‘ਬੌਲੀਵੁੱਡ’ ‘ਚ। ਫਿਰ ਸਿਆਸਤ ‘ਚ ਆਇਆ ਤੇ ਆਇਆ ਵੀ ‘ਬੀæਜੇæਪੀæ’ਵਿਚ ਤੇ ਚੋਣ ਵੀ ਲੜੀ ‘ਬੀਕਾਨੇਰ’ ਤੋਂ। ਇਹਨਾਂ ਸਭਨਾਂ ‘ਚ ‘ਬੀ’ ਅੱਖਰ ਪ੍ਰਧਾਨ ਹੈ। ਬੇਸ਼ਕ ਸਿਆਸਤ ਮੈਨੂੰ ਬਹੁਤੀ ਰਾਸ ਨਹੀਂ ਆਈ’।

ਉਹਨਾਂ ਇੱਕ ਹੋਰ ਬੜੀ ਦਿਲਚਸਪ ਗੱਲ ਸੁਣਾਈ। ਉਹਨਾਂ ਦੱਸਿਆ ਕਿ ਕੌਮੀ ਸੇਵਕ ਡਰਾਮਾਟਿਕ ਕਲੱਬ ਫਗਵਾੜਾ ਰਾਮ ਲੀਲਾ ਕਰਿਆ ਕਰਦਾ ਸੀ। ਰਾਮ ਲੀਲਾ ਮਗਰੋਂ ਇਸ ਕਲੱਬ ਵਲੋਂ ਦੋ ਨਾਟਕਾਂ ‘ਸਿਕੰਦਰ’ ਅਤੇ ‘ਸੋਨੇ ਕੀ ਜ਼ੰਜੀਰ’ ਦਾ ਮੰਚਨ ਕੀਤਾ ਜਾਂਦਾ ਸੀ। ਇਹਨਾਂ ਦਾ ਨਿਰਦੇਸ਼ਨ ਧਰਮਿੰਦਰ ਦਾ ਇੰਟਰਮੀਡੀਏਟ ਦਾ ਜਮਾਤੀ ਕੁਲਵੰਤ ਸਿੰਘ ਪਰਮਾਰ,ਜੋ ਬਾਅਦ ਵਿੱਚ ਕੈਨੇਡਾ ਸੈਟਲ ਹੋ ਗਿਆ ਤੇ ਉਰਦੂ ਸ਼ਾਇਰ ‘ਨਦੀਮ ਪਰਮਾਰ’ ਵਜੋਂ ਪ੍ਰਸਿੱਧ ਹੋਇਆ, ਕਰਦਾ ਸੀ। ਰਾਮ ਲੀਲਾ ਕਲੱਬ ਵਲੋਂ ‘ਸਿਕੰਦਰ’ ਨਾਟਕ ਵਿਚਲੇ ਹੀਰੋ ਦਾ ਰੋਲ ਧਰਮਿੰਦਰ ਨੂੰ ਨਹੀਂ ਸੀ ਦਿਤਾ ਗਿਆ ਕਿਉਂਕਿ ‘ਇੱਕ ਮੁੰਡੇ ਨੇ ਇਸ ਰੋਲ ਵਾਰੇ ਉਸ ਨੂੰ ਕਾਬਲ ਨਹੀਂ ਸੀ ਸਮਝਿਆ’। ਧਰਮਿੰਦਰ ਨੇ ਵਿਅੰਗਮਈ ਲਹਿਜੇ ‘ਚ ਪੱਤਰਕਾਰਾਂ ਨੂੰ ਕਿਹਾ ਕਿ ‘ਉਸ ਮੁੰਡੇ ਨੂੰ ਪੁੱਛਿਉ ਕਿ ਕੀ ਮੈਂ ਹੁਣ ਉਸ ਰੋਲ ਦੇ ਕਾਬਿਲ ਹਾਂ ਕਿ ਨਹੀਂ’!

ਮੀਡੀਆ ਮਿਲਣੀ ਮਗਰੋਂ ਉਸ ਨੇ ‘ਗੁਰਬਚਨ ਸਿੰਘ ਪਰਮਾਰ ਕੰਪਲੈਕਸ’ ਦਾ ਉਦਘਾਟਨ ਕੀਤਾ। ਇਹ ਕੰਪਲੈਕਸ ਪੈਰਾਡਾਈਜ਼ ਥੀਏਟਰ ਦੀ ਥਾਂ ਬਣਿਐ, ਜਾਣੀ ਜਿਸ ਸਿਨਮਾਂ ਘਰ ‘ਚ ਧਰਮਿੰਦਰ ਲੜਕਪਨ ਵੇਲੇ ਫਿਲਮਾਂ ਦੇਖਦਾ ਰਿਹਾ ਸੀ!

ਅਸੀਂ ਸੰਖੇਪ ਜਿਹੀ ਗੈਰ-ਰਸਮੀ ਗੱਲਬਾਤ ਪਰਕਾਸ਼ ਕੌਰ ਨਾਲ ਵੀ ਕੀਤੀ। ਜਦੋਂ ਅਸੀਂ ਪੁੱਛਿਆ ਕਿ ਕੀ ਉਹ ਪਹਿਲਾਂ ਵੀ ਧਰਮਿੰਦਰ ਨਾਲ ਪੰਜਾਬ ਆਏ ਹਨ, ਤਾਂ ਉਹਨਾਂ ਝੱਬਦੇ ਜਵਾਬ ਦਿਤਾ ਕਿ ਉਹ ਲਗਭਗ ਹਰ ਵਾਰ ਹੀ ਉਹਨਾਂ ਨਾਲ ਪੰਜਾਬ ਆਉਂਦੇ ਹਨ। ਫਿਰ ਉਹਨਾਂ ਥੋੜਾ ਹਲਕੇ-ਫੁਲਕੇ ਲਹਿਜੇ ‘ਚ ਕਿਹਾ,” ਮੈਂ ਆਉਂਦੀ ਤਾਂ ਹਰ ਵਾਰ ਹਾਂ ਪਰ ਮੇਰਾ ਕੋਈ ਨੋਟਿਸ ਈ ਨਹੀਂ ਲੈਂਦਾ”!

ਧਰਮਿੰਦਰ ਉਦੋਂ ਫਿਲਮ ‘ਅਪਨੇ’ ਦੀ ਸ਼ੁਟਿੰਗ ਦੇ ਸਬੰਧ ‘ਚ ਪੰਜਾਬ ਆਇਆ ਹੋਇਆ ਸੀ। ਇਹ ਫਿਲਮ ਉਹ ਆਪਣੇ ਦੋਵੇਂ ਪੁੱਤਰਾਂ ਨਾਲ ਕਰ ਰਿਹਾ ਸੀ। ਪਿਛੋਂ ਸੰਨੀ ਦਿਉਲ ਆਪਣੀ ਮਾਂ ਨੂੰ  ਫੋਨ ਕਰਕੇ ਉਹਨਾਂ ਦੋਵਾਂ ਦਾ ਹਾਲ-ਚਾਲ ਪੁੱਛ ਰਿਹਾ ਸੀ।

ਖੈਰ, ਧਰਮਿੰਦਰ ਦੇ ਆਉਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਸ ਦੇ ਚਾਹੁਣ ਵਾਲੇ ਉਸ ਦੀ ਇਕ ਝਲਕ ਪਾਉਣ ਲਈ ਤਰਲੋ ਮੱਛੀ ਹੋ ਰਹੇ ਸਨ। ਲੋਕਾਂ ਦਾ ਉਤਸ਼ਾਹ ਦੇਖ ਕੇ ਭਾਵੁਕ ਹੋਏ ਧਰਮਿੰਦਰ ਨੇ ਦੋਵੇਂ ਬਾਹਵਾਂ ਉੱਪਰ ਚੁੱਕ ਕੇ ਨਾਹਰਾ ਲਾਇਆ ‘ਫਗਵਾੜਾ ਜ਼ਿੰਦਾਬਾਦ’! ਅੱਗੋਂ ਵੀ ਮੋੜਵਾਂ ਜੋਸ਼ੀਲਾ ਜਵਾਬ ਮਿਲਿਆ। ਇਸ ਤੇ ਧਰਮਿੰਦਰ ਨੇ ਕਿਹਾ, “ਖੁਸ਼ ਰਹੋ”!

ਇਹ ਸਭ ਕੁਝ ਸੁਣ ਕੇ ਭੀੜ ‘ਚੋਂ ਇੱਕ ਪ੍ਰਸ਼ੰਸਕ ਬੋਲਿਆ-‘ਬਹੁਤ ਸੱਜਨ ਆਦਮੀ ਹੈ, ਧਰਮਿੰਦਰ’!’
ਤੇ ਇਹ ‘ਸੱਜਨ ਆਦਮੀ’ 24 ਨਵੰਬਰ ਨੂੰ ‘ਰਾਂਗਲਾ ਸੱਜਨ’ ਬਣ ਅਨੰਤ ‘ਚ ਅਭੇਦ ਹੋ ਗਿਆ!

Related posts

ਪੌਪ ਸਟਾਰ ਜਸਟਿਨ ਬੀਬਰ ਦਿੱਲੀ ’ਚ ਕਰਨਗੇ ਸ਼ੋਅ

Bunty

ਸਰਕਾਰ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਭਟਕਾਉਣ ਲਈ ਹੋਰ ਮੁੱਦੇ ਉਛਾਲ ਰਹੀ – ਐਡਵੋਕੇਟ ਕਲੇਰ

admin

ਵੈਕਸੀਨ ਲੱਗਣ ਤੋਂ ਬਾਅਦ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਰਹੇਗਾ ਘੱਟ

Bunty