
ਹੁਣ ਉੱਤਰ ਪ੍ਰਦੇਸ਼ ਵਿੱਚ ਨਾਅਰਾ ਬਦਲ ਗਿਆ ਹੈ, ਕਿਉਂਕਿ ਚੋਣਾਂ ਆ ਗਈਆਂ ਹਨ। ਸੱਤਰ ਸਾਲ ਵੰਚਤਾਂ ਦਾ ਰਾਮਬਾਣ ਸੀ– “ਸੌਗੰਧ ਰਾਮ ਕੀ ਖਾਤੇ ਹੈਂ, ਮੰਦਿਰ ਵਹੀਂ ਬਨਾਏਂਗੇ।” ਪਰ ਸੱਤਾ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ, ਤਾਂ ਫਿਰ ਤੁਸੀਂ ਹੀ ਦੱਸੋ ਰਾਮਬਾਣ ਬੇ-ਮਿਆਦਾ ਕਿਵੇਂ ਰਹਿੰਦਾ! ਲਓ ਥੋੜ੍ਹਾ ਮੁਹਾਵਰਾ ਹੀ ਬਦਲਿਆ ਹੈ, ਇਹ ਨਾਅਰਾ ਰਾਧਾ ਬਾਣ ਦੀ ਤਰ੍ਹਾਂ ਕੰਮ ਕਰੇਗਾ, ਕਿਉਂਕਿ ਹੁਣ ਨਾਅਰਾ ਲੱਗ ਰਿਹਾ ਹੈ– “ਰਾਧੇ-ਰਾਧੇ ਕਮਲ ਖਿਲਾ ਦਿਓ।”
ਸਮਝਿਆ ਜਾ ਰਿਹਾ ਹੈ ਕਿ ਜੋ ਰਾਮ ਨੂੰ ਲਿਆਏ ਸੀ, ਉਹ ਕ੍ਰਿਸ਼ਨ ਨੂੰ ਵੀ ਲਿਆਉਣਗੇ! ਜਦੋਂ ਸਿਆਸੀ ਮੈਦਾਨ ਵਿੱਚ ਪੁਰਾਣੇ ਨਾਅਰਿਆਂ ਦੀ ਧਾਰ ਕੁਝ ਮੱਠੀ ਪੈਂਦੀ ਦਿਖਦੀ ਹੈ, ਤਾਂ ਨਵੇਂ ਧਾਰਮਿਕ ਅਤੇ ਭਾਵਨਾਤਮਕ ਪ੍ਰਤੀਕਾਂ ਦਾ ਸਹਾਰਾ ਲੈਣਾ ਸਿਆਸਤ ਦੀ ਪੁਰਾਣੀ ਚਾਲ ਬਣ ਚੁੱਕਿਆ ਹੈ, ਪਰ ਕੀ ਹਰ ਵਾਰ ਆਸਥਾ ਦਾ ਸਹਾਰਾ ਲੈ ਕੇ ਅਸਲੀ ਮੁੱਦਿਆਂ ਤੋਂ ਨਜ਼ਰ ਚੁਰਾਈ ਜਾ ਸਕਦੀ ਹੈ?
ਦੋ ਲੋਕ ਸਭਾ ਮੈਂਬਰਾਂ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਫ਼ਰ, ਜਿਨ੍ਹਾਂ ਲਈ ਕਦੇ ‘ਹਮ ਦੋ, ਹਮਾਰੇ ਦੋ’ ਦਾ ਇੱਕ ਸਿਆਸੀ ਮਜ਼ਾਕ ਬਣਿਆ ਸੀ, ਉਹ ਭਾਰਤੀ ਜਨਤਾ ਪਾਰਟੀ ਸੱਤਾ ਪ੍ਰਾਪਤੀ ਲਈ ਗੰਭੀਰ ਸੀ। 1984 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਿਰਫ਼ 2 ਸੀਟਾਂ ’ਤੇ ਸਿਮਟ ਗਈ ਸੀ, ਪਰ ਉੱਥੋਂ ਉੱਠ ਕੇ ਸਿਆਸਤ ਦੇ ਸਿਖਰ ਤੱਕ ਪਹੁੰਚਣ ਦਾ ਸਫ਼ਰ ਲੰਮਾ ਅਤੇ ਯੋਜਨਾਬੱਧ ਰਿਹਾ। ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ “ਮੰਦਿਰ ਉੱਥੇ ਹੀ ਬਣਾਵਾਂਗੇ” ਯਾਨੀ ਅਯੁੱਧਿਆ ’ਚ ਮਸਜਿਦ ਵਾਲੀ ਥਾਂ ਉੱਤੇ ਨਾਅਰਾ ਤੇਜ਼ ਹੋਇਆ, ਜੋ 2014 ਤੱਕ ਲਗਾਤਾਰ ਗੂੰਜਿਆ, ਪੂਰੀ ਚਰਮ ਸੀਮਾ ’ਤੇ ਪਹੁੰਚਿਆ।
ਆਖ਼ਰ 2024 ’ਚ ਮੰਦਿਰ ਬਣਿਆ, ਨਰਿੰਦਰ ਮੋਦੀ ਦੀ ਭਾਜਪਾ ਨੇ ਡੰਕੇ ਦੀ ਚੋਟ ’ਤੇ ਇਸ ਦੇ ਨਿਰਮਾਣ ਦਾ ਹੋਕਾ ਤੇ ਸਿਹਰਾ ਲਿਆ ਕਿ ਇਹ ਉਨ੍ਹਾਂ ਨੇ ਬਣਾਇਆ ਹੈ। ਹਿੰਦੂਆਂ ਨੂੰ ਇਤਿਹਾਸਕ ਪੂੰਜੀ ਸੌਂਪੀ ਗਈ ਹੈ, ਇਸ ਆਸ ਨਾਲ ਕਿ ਉਹ ਰਾਮ ਮੰਦਿਰ ’ਤੇ ਆਸਥਾ ਨੂੰ ਅਟੱਲ ਰੱਖਣਗੇ। ਪਰ ਇਹ ਆਸਥਾ ਮਿਆਦੀ ਨਾ ਰਹੀ! ਮਿਆਦੀ ਤਾਰੀਖ਼ ਯਾਨੀ ਯੂ.ਪੀ. ਚੋਣਾਂ ਤੋਂ ਪਹਿਲਾਂ ਹੀ ਮੰਦਿਰ ’ਚ ਚੜ੍ਹਾਵਾ ਚੋਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ। ਦਿੱਲੀ ਦਰਬਾਰ ਨੇ ਚੋਰੀ ਦੇ ਮੁੱਦੇ ’ਤੇ ਰਾਮ ਦਰਬਾਰ ਤੋਂ ਦੂਰੀ ਬਣਾਈ। ਪੂਰੀ ਸ਼ਰਧਾ ਬੁਖ਼ਾਰ ਰਹੇ ਰਾਮ ਭਗਤਾਂ ਵਿੱਚ ਇਮਾਨਦਾਰ ਅਤੇ ਪਹਿਰੇਦਾਰ ਸਰਕਾਰ ਪ੍ਰਤੀ ਵੱਡੇ ਸ਼ੰਕਾ ਉੱਠਣ ਲੱਗੇ। ਇਹ ਗੱਲ ਸਰਕਾਰਾਂ ’ਤੇ ਚੌਧਰੀ ਕਦੇ ਪਸੰਦ ਨਹੀਂ ਕਰਦੇ, ਖ਼ਾਸ ਤੌਰ ’ਤੇ ਉਸ ਹਾਲਤ ਵਿੱਚ ਜਦੋਂ ਜ਼ਬਰਦਸਤ ਸਿਆਸੀ ਧਰੁਵੀਕਰਨ ਹੋ ਰਿਹਾ ਹੋਵੇ।
ਜਦੋਂ ਪਹਿਰੇਦਾਰੀ ਉੱਤੇ ਸਵਾਲ ਉੱਠੇ ਹਨ, ਤਾਂ ਲੋਕਾਂ ਦਾ ਧਿਆਨ ਖਿੱਚਣ ਲਈ ਸ਼ਿਆਮ ਦੀ ਗੱਲ ਹੋਣ ਲੱਗੀ ਹੈ– “ਰਾਧੇ-ਰਾਧੇ ਕਾਮ ਬਣਾ ਦਿਓ, ਅਬ ਕੀ ਬਾਰੀ ਬਾਂਕੇ ਬਿਹਾਰੀ।” ਜਿਹੜੀ ਪਾਰਟੀ ਆਪਣੇ ਆਪ ਨੂੰ ਸਭ ਤੋਂ ਵੱਧ ਅਨੁਸ਼ਾਸਿਤ ਅਤੇ ਨੈਤਿਕ ਪਹਿਰੇਦਾਰ ਦੱਸਦੀ ਸੀ, ਉਸ ਦੇ ਰਾਜ ਵਿੱਚ ਪਵਿੱਤਰ ਅਸਥਾਨਾਂ ਦੀ ਸੁਰੱਖਿਆ ਅਤੇ ਪ੍ਰਬੰਧਨ ’ਤੇ ਉੱਠਦੇ ਸਵਾਲ ਆਮ ਲੋਕਾਂ ਦੇ ਮਨਾਂ ਵਿੱਚ ਕਿਹੋ ਜਿਹੀ ਦੁਬਿਧਾ ਪੈਦਾ ਕਰਦੇ ਹਨ?
ਆਓ ਜ਼ਰਾ ਯੂ.ਪੀ. ਦਾ ਸਿਆਸੀ ਦ੍ਰਿਸ਼ ਪਰਖੀਏ। ਲਗਭਗ 15.5 ਕਰੋੜ ਤੋਂ ਵੱਧ ਵੋਟਰਾਂ ਅਤੇ 75 ਜ਼ਿਲ੍ਹਿਆਂ ਵਾਲਾ ਉੱਤਰ ਪ੍ਰਦੇਸ਼ ਦੇਸ਼ ਦੀ ਸਿਆਸਤ ਦੀ ਧੁਰੀ ਮੰਨਿਆ ਜਾਂਦਾ ਹੈ, ਜਿੱਥੇ ਵਿਧਾਨ ਸਭਾ ਦੀਆਂ 403, ਲੋਕ ਸਭਾ ਦੀਆਂ 80 ਅਤੇ ਰਾਜ ਸਭਾ ਦੀਆਂ 31 ਸੀਟਾਂ ਹਨ। ਮੋਦੀ ਸਾਹਿਬ ਅਤੇ ਭਾਜਪਾ ਲਈ ਯੂ.ਪੀ. ਜਿੱਤਣਾ ਸਿਰਫ਼ ਇੱਕ ਸੂਬੇ ਦੀ ਜਿੱਤ ਨਹੀਂ, ਬਲਕਿ ਪੂਰੇ ਦੇਸ਼ ਦੀ ਸਿਆਸੀ ਤਾਕਤ ਅਤੇ ਭਵਿੱਖ ਦੇ ਵੱਡੇ ਫ਼ੈਸਲਿਆਂ ਦੀ ਚਾਬੀ ਮੰਨਿਆ ਜਾਂਦਾ ਹੈ।
ਕਿਉਂਕਿ ਪਿਛਲੇ ਲੋਕ ਸਭਾ ਚੋਣ ਨਤੀਜਿਆਂ ਵਿੱਚ ਭਾਜਪਾ ਆਪਣੇ ਬਲਬੂਤੇ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਗਈ ਅਤੇ ਗੱਠਜੋੜ ਦੀ ਸਰਕਾਰ ਬਣਾਉਣੀ ਪਈ, ਇਸ ਲਈ ਕੇਂਦਰ ਦੀ ਸੱਤਾ ਅਤੇ ਵੱਡੇ ਏਜੰਡਿਆਂ ਲਈ ਯੂ.ਪੀ. ਦੀ ਮਜ਼ਬੂਤ ਜਿੱਤ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਸੀਟਾਂ ਵਧਾਉਣ ਤੇ ਹੱਦਬੰਦੀ ਵਰਗੇ ਮਸਲੇ, ਔਰਤਾਂ ਦੇ ਰਾਖਵੇਂਕਰਨ (ਰਿਜ਼ਰਵੇਸ਼ਨ) ਬਿੱਲ ਨੂੰ ਅਮਲੀ ਰੂਪ ਦੇਣ ਵਰਗੇ ਵੱਡੇ ਕਾਨੂੰਨੀ ਅਤੇ ਸੰਵਿਧਾਨਕ ਕਦਮ ਸਰਕਾਰ ਦੇ ਏਜੰਡੇ ’ਤੇ ਹਨ। ਪਰ ਜਦੋਂ ਸਰਕਾਰ ਗੱਠਜੋੜ ਦੇ ਸਹਾਰੇ ਚੱਲਦੀ ਹੈ, ਤਾਂ ਕਈ ਵਾਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਬਿਹਾਰ ਜਾਂ ਦੱਖਣ ਦੇ ਸਹਿਯੋਗੀ ਦਲਾਂ ਦੀਆਂ ਆਪਣੀਆਂ ਸ਼ਰਤਾਂ, ਖੇਤਰੀ ਹਿੱਤਾਂ ਅਤੇ ਸਹਿਮਤੀ-ਅਸਹਿਮਤੀ ਕਾਰਨ ਕੇਂਦਰ ਕਈ ਥਾਵਾਂ ’ਤੇ ਬੇਵੱਸ ਜਾਂ ਸੰਕੋਚ ਵਿੱਚ ਦਿਖਾਈ ਦਿੰਦਾ ਹੈ। ਸ਼ਾਇਦ ਇਸੇ ਲਈ ਧਰਮ ਅਧਾਰਿਤ ਰਾਜਨੀਤੀ ਅਤੇ ਵੱਡੇ ਭਾਵਨਾਤਮਕ ਮੁੱਦਿਆਂ ਰਾਹੀਂ ਆਪਣੀ ਵੋਟ ਬੈਂਕ ਅਤੇ ਸਿਆਸੀ ਪਕੜ ਨੂੰ ਮੁੜ ਪੱਕਾ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਜੋ ਸਿਆਸੀ ਸਮੀਕਰਨਾਂ ਦਾ ਦਬਾਅ ਘੱਟ ਕੀਤਾ ਜਾ ਸਕੇ।
ਚੋਣਾਂ ’ਚ ਗੱਠਜੋੜ ਤੈਅ ਹੋ ਚੁੱਕੇ ਹਨ। ਪਹਿਲਾ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗੱਠਜੋੜ ਹੈ, ਦੂਜਾ ਗੱਠਜੋੜ ਭਾਜਪਾ ਅਤੇ ਐੱਨ.ਡੀ.ਏ. ਦਾ ਹੈ, ਤੀਸਰਾ ਗੱਠਜੋੜ ਸਭ ਤੋਂ ਵੱਧ ਚਰਚਿਤ ਚੰਦਰਸ਼ੇਖਰ ਆਜ਼ਾਦ ਦੀ ਆਜ਼ਾਦ ਸਮਾਜ ਪਾਰਟੀ ਅਤੇ ਅਸਦੁਦੀਨ ਓਵੈਸੀ ਦੀ ਏ.ਆਈ.ਐੱਮ.ਆਈ.ਐੱਮ. ਦਾ ਹੈ। ਕਿਧਰੇ-ਕਿਧਰੇ ਬਸਪਾ ਵੀ ਦਿਖਾਈ ਦਿੰਦੀ ਹੈ।
ਸੀਟਾਂ ਦਾ ਹਾਲੀ ਆਪਸੀ ਬਟਵਾਰਾ ਨਹੀਂ ਹੋਇਆ, ਇਹ ਦਸੰਬਰ ਦੇ ਅੰਤ ਤੱਕ ਤੈਅ ਹੋਣਗੇ ਕਿਉਂਕਿ ਹਾਲੇ ਤੱਕ ਤਾਂ ਸਾਰੇ ਗੱਠਜੋੜ ਸੀਟਾਂ ਦੀ ਗਣਤ ਉਲਝੇ ਹੋਏ ਹਨ। ਚੋਣਾਂ ’ਚ ਭਾਜਪਾ ਕਾਨੂੰਨ ਵਿਵਸਥਾ, ਵਿਕਾਸ ਤੇ ਯੋਜਨਾਵਾਂ ਨੂੰ ਮੁੱਦਾ ਬਣਾਏਗੀ। ਇੰਡੀਆ ਗੱਠਜੋੜ ਮਹਿੰਗਾਈ, ਬੇਰੁਜ਼ਗਾਰੀ, ਚੰਦਾ ਚੋਰੀ ਨੂੰ ਮੁੱਦਾ ਬਣਾਏਗਾ ਤੇ 12 ਸਾਲ ਦਾ ਹਿਸਾਬ ਵੀ ਮੰਗੇਗਾ! ਇੱਕ ਪਾਸੇ ਕਾਨੂੰਨ ਵਿਵਸਥਾ ਅਤੇ ਵੱਡੇ ਪ੍ਰੋਜੈਕਟਾਂ ਦੇ ਦਾਅਵੇ ਹਨ, ਤਾਂ ਦੂਜੇ ਪਾਸੇ ਰਸੋਈ ਦੇ ਬਜਟ, ਨੌਜਵਾਨਾਂ ਦੇ ਹੱਥਾਂ ਵਿੱਚ ਰੁਜ਼ਗਾਰ ਅਤੇ ਪਾਰਦਰਸ਼ਤਾ ਦੇ ਸਵਾਲ ਹਨ– ਆਖ਼ਰ ਆਮ ਵੋਟਰ ਇਨ੍ਹਾਂ ਦੋਵਾਂ ਧਰੁਵਾਂ ਵਿੱਚੋਂ ਕਿਸ ਨੂੰ ਆਪਣੇ ਰੋਜ਼ਮਰ੍ਹਾ ਦੇ ਜੀਵਨ ਨਾਲ ਸਭ ਤੋਂ ਨੇੜੇ ਪਾਉਂਦਾ ਹੈ?
ਸੂਬੇ ਵਿੱਚ ਕੁੱਲ ਮਿਲਾ ਕੇ 403 ਸੀਟਾਂ ਹਨ। 2022 ਚੋਣਾਂ ’ਚ ਕਾਂਗਰਸ 399 ਸੀਟਾਂ ’ਤੇ ਚੋਣ ਲੜੀ ਤੇ ਸਿਰਫ਼ ਦੋ ਜਿੱਤ ਸਕੀ, ਬਾਕੀ 397 ਸੀਟਾਂ ’ਤੇ ਜ਼ਮਾਨਤਾਂ ਜ਼ਬਤ ਹੋਈਆਂ। ਸਮਾਜਵਾਦੀ ਪਾਰਟੀ 347 ਸੀਟਾਂ ਲੜੀ ਤੇ 101 ਸੀਟਾਂ ’ਤੇ ਜਿੱਤੀ। ਸਾਲ 2024 ’ਚ ਲੋਕ ਸਭਾ ਸੀਟਾਂ ਉਸ ਨੇ 62 ਲੜੀਆਂ ਤੇ 37 ’ਤੇ ਜਿੱਤ ਪ੍ਰਾਪਤ ਕੀਤੀ ਤੇ 182 ਵਿਧਾਨ ਸਭਾ ਸੀਟਾਂ ’ਤੇ ਅੱਗੇ ਰਹੇ, ਜਦਕਿ ਕਾਂਗਰਸ ਨੇ 2024 ’ਚ ਲੋਕ ਸਭਾ ਸੀਟਾਂ ਜਿੱਤੀਆਂ ਤੇ 39 ਵਿਧਾਨ ਸਭਾ ਸੀਟਾਂ ’ਚ ਅੱਗੇ ਰਹੀ। ਭਾਜਪਾ ਨੇ 2022 ’ਚ 255 ਸੀਟਾਂ ਜਿੱਤੀਆਂ ਤੇ ਉਸ ਦੀ ਹਮਾਇਤੀਆਂ ਨੇ 25 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ। 2022 ਤੋਂ 2024 ਦੇ ਵਿੱਚਕਾਰ ਸਿਰਫ਼ ਦੋ ਸਾਲਾਂ ਵਿੱਚ ਵੋਟਾਂ ਦੇ ਰੁਝਾਨ ਵਿੱਚ ਆਇਆ ਇਹ ਵੱਡਾ ਉਤਰਾਅ-ਚੜ੍ਹਾਅ ਇਹ ਸਾਬਤ ਕਰਦਾ ਹੈ ਕਿ ਯੂ.ਪੀ. ਦਾ ਵੋਟਰ ਪੂਰੀ ਤਰ੍ਹਾਂ ਸਥਿਰ ਨਹੀਂ ਹੈ, ਬਲਕਿ ਜ਼ਮੀਨੀ ਹਕੀਕਤਾਂ ਅਤੇ ਸਥਾਨਕ ਸਮੀਕਰਨਾਂ ਮੁਤਾਬਕ ਆਪਣਾ ਫ਼ੈਸਲਾ ਬਦਲਣ ਦੀ ਸਮਰੱਥਾ ਰੱਖਦਾ ਹੈ।
ਯੂ.ਪੀ. ’ਚ ਵੋਟਾਂ ਦਾ ਹਿਸਾਬ-ਕਿਤਾਬ ਅਵੱਲਾ ਹੈ। ਭਾਜਪਾ ਦੀ ਗਣਿਤ ਚੁਣੌਤੀ ਗ਼ੈਰ-ਯਾਦਵ ਓ.ਬੀ.ਸੀ. ਅਤੇ ਗ਼ੈਰ-ਯਾਦਵ ਦਲਿਤ ਵੋਟ ਬਣਾਉਣ ਦੀ ਹੈ। ਸਪਾ ਦਾ ਇਮਤਿਹਾਨ ਕੁਰਮੀ, ਮੌਰੀਆ, ਨਿਸ਼ਾਦ, ਰਾਜਭਰ ਅਤੇ ਪਾਸੀ ਸਮੁਦਾਏ ਹੈ। ਕੁਰਮੀ-ਪਟੇਲ ਵੋਟਾਂ ਉੱਤੇ ਦੋਨਾਂ ਦਲਾਂ ਦੀ ਨਜ਼ਰ ਹੈ। ਯੂ.ਪੀ. ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਜਾਤੀ, ਧਰਮ, ਸਿਆਸਤ ਸਦਾ ਹੀ ਗਰਮਾਈ ਰਹਿੰਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਐੱਨ.ਡੀ.ਏ. (ਭਾਜਪਾ) ਸਵਰਨ, ਕੁਰਮੀ ਕਬੀਲਿਆਂ ਦੀ ਵੱਧ ਵੋਟ ਲੈ ਕੇ ਗਈ, ਜਦਕਿ ਇੰਡੀਆ ਗੱਠਜੋੜ ਯਾਦਵ, ਗ਼ੈਰ-ਜਾਟਵ ਅਤੇ ਮੁਸਲਿਮ ਵੋਟ ਵੱਧ ਲੈ ਕੇ ਗਿਆ। ਮੁਸਲਮਾਨਾਂ ਦੀਆਂ 92 ਫ਼ੀਸਦ ਵੋਟਾਂ ਇੰਡੀਆ ਗੱਠਜੋੜ ਦੇ ਹਿੱਸੇ ਆਈਆਂ, ਜਦਕਿ ਬਸਪਾ ਨੇ 44 ਫ਼ੀਸਦ ਜਾਟਵ, 15 ਫ਼ੀਸਦ ਗ਼ੈਰ-ਜਾਟਵ ਵੋਟ ਪ੍ਰਾਪਤ ਕੀਤਾ। ਮਾਇਆਵਤੀ ਦੀ ਅਸਥਿਰਤਾ ਵੋਟਾਂ ਦਾ ਗਣਤ ਖ਼ਰਾਬ ਕਰਦੀ ਹੈ।
ਇਹ ਇੱਕ ਕੰਧ ’ਤੇ ਲਿਖਿਆ ਸੱਚ ਹੈ ਕਿ ਯੂ.ਪੀ. ’ਚ ਜਾਤ, ਧਰਮ ਦੇ ਨਾਂ ’ਤੇ ਵੋਟਾਂ ਦੀ ਭੂਮਿਕਾ ਵੱਡੀ ਕਰ ਦਿੱਤੀ ਗਈ ਹੈ। ਬ੍ਰਾਹਮਣ, ਠਾਕੁਰ ਵੋਟਾਂ ’ਤੇ ਭਾਜਪਾ ਦੀ ਪਕੜ ਭਾਜਪਾ ਲਈ ਰਾਮਬਾਣ ਹੈ। ਮੁਸਲਮ ਵੋਟਰ ਸਪਾ-ਕਾਂਗਰਸ ਨੂੰ ਮਿਲਦੇ ਹਨ। ਉਂਝ ਵੀ ਦੇਸ਼ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਅਰੇ ਨੇ ਸੱਤਾ ਧਿਰ ਦੀ ਧਰਮ ਆਧਾਰਤ ਸਿਆਸਤ ਨੂੰ ਸਪਸ਼ਟ ਰੂਪ ਵਿੱਚ ਲੋਕਾਂ ਸਾਹਮਣੇ ਲਿਆਂਦਾ ਜਾ ਚੁੱਕਾ ਹੈ। ਘੱਟ ਗਿਣਤੀਆਂ ਇਸ ਧਰਮ ਆਧਾਰਤ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਜਦੋਂ ਚੋਣਾਂ ਵਿੱਚ ਵਿਕਾਸ ਅਤੇ ਸਿੱਖਿਆ-ਸਿਹਤ ਦੇ ਮੁੱਦਿਆਂ ਦੀ ਥਾਂ ਜਾਤੀ ਅਤੇ ਧਰਮ ਦੇ ਸਮੀਕਰਨ ਭਾਰੂ ਹੋ ਜਾਂਦੇ ਹਨ, ਤਾਂ ਕੀ ਲੋਕਤੰਤਰ ਵਿੱਚ ਜਨਤਾ ਦੀ ਅਸਲ ਤਾਕਤ ਕਮਜ਼ੋਰ ਨਹੀਂ ਪੈਂਦੀ?
ਸੂਬੇ ਦਾ ਗ਼ਰੀਬ ਵਰਗ ਇਸ ਢੰਗ ਨਾਲ ਧਰਮ ’ਤੇ ਉਲਝਾ ਦਿੱਤਾ ਗਿਆ ਹੈ ਕਿ ਉਸ ਨੂੰ ਆਪਣੀ ਅਸਲੀ ਆਰਥਿਕ ਸਥਿਤੀ ਦਾ ਗਿਆਨ ਹੀ ਭੁੱਲ ਗਿਆ ਹੈ। ਉਹ ਦੋ ਟੁੱਕ ਰੋਟੀ ’ਤੇ ਆਧਾਰਤ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਗ਼ਰੀਬਾਂ ਦੀ ਅਵਸਥਾ ਖ਼ਰਾਬ ਹੋ ਚੁੱਕੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ 12 ਸਾਲਾਂ ’ਚ 50 ਕਰੋੜ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢਿਆ ਗਿਆ ਦਰਸਾ ਰਹੇ ਹਨ, ਤਾਂ ਫਿਰ ਸਵਾਲ ਉੱਠਦਾ ਹੈ ਕਿ 80 ਕਰੋੜ ਲੋਕਾਂ ਨੂੰ ਕਣਕ, ਚਾਵਲ ਮੁਫ਼ਤ ਮੁਹੱਈਆ ਕਿਉਂ ਕੀਤੇ ਜਾਂਦੇ ਹਨ? ਕੀ ਗ਼ਰੀਬਾਂ ਦੇ ਮੱਥੇ ਉੱਤੇ ਇਹ ਕਲੰਕ ਦਾ ਇੱਕ ਟੀਕੇ ਸਮਾਨ ਹੀ ਨਹੀਂ ਹੈ?
ਜਦੋਂ ਇੱਕ ਪਾਸੇ ਗ਼ਰੀਬੀ ਘਟਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ 80 ਕਰੋੜ ਦੀ ਆਬਾਦੀ ਮੁਫ਼ਤ ਅਨਾਜ ’ਤੇ ਨਿਰਭਰ ਦੱਸੀ ਜਾਂਦੀ ਹੈ, ਤਾਂ ਆਰਥਿਕ ਖੁਸ਼ਹਾਲੀ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ! ਕੀ ਕਿਸੇ ਸਮਾਜ ਦੀ ਤਰੱਕੀ ਇਸ ਗੱਲ ਨਾਲ ਮਾਪੀ ਜਾਣੀ ਚਾਹੀਦੀ ਹੈ ਕਿ ਕਿੰਨੇ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਜਾਂ ਇਸ ਗੱਲ ਨਾਲ ਕਿ ਕਿੰਨੇ ਲੋਕਾਂ ਕੋਲ ਪੱਕਾ ਰੁਜ਼ਗਾਰ, ਚੰਗੀ ਸਿਹਤ ਅਤੇ ਮਿਆਰੀ ਸਿੱਖਿਆ ਹੈ?
ਅਸਲ ਵਿੱਚ ਕੁਝ ਲੋਕ ਧਰਮ ਆਧਾਰਤ ਸਿਆਸਤ ਕਰਨ ਨਾਲ ਕੁਝ ਲੋਕ ਪੂਰੇ ਦੇਸ਼ ਨੂੰ ਹਨੇਰੇ ’ਚ ਸੁੱਟਣ ਦੀ ਕੋਸ਼ਸ਼ ਕਰ ਰਹੇ ਹਨ। ਦੇਸ਼ ’ਚ ਵਾਪਰ ਰਹੀਆਂ ਫ਼ਿਰਕੂ ਘਟਨਾਵਾਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਹਨ। ਗ਼ਰੀਬੀ ਦੇ ਦਰਦ, ਅਵਿਸ਼ਵਾਸ ਵਾਲੀ ਸਥਿਤੀ ਨਾਲ ਜੂਝ ਰਹੇ ਆਮ ਲੋਕ ਕੱਟੜਵਾਦੀ ਸੋਚ ਵਾਲੇ ਲੋਕਾਂ ਦੇ ਸ਼ਿਕਾਰ ਹੋਏ, ਉਮਰੋਂ ਪਹਿਲਾਂ ਬੁੱਢੇ ਹੋ ਰਹੇ, ਨਰਕ ਜੀਵਨ ਜਿਊਣ ’ਤੇ ਮਜਬੂਰ ਕਰ ਦਿੱਤੇ ਗਏ ਹਨ। ਅਤੇ ਦੇਸ਼ ਦੀ ਸੱਤਾ ਧਿਰ ਸੰਭਾਲਣ ਵਾਲੀ ਪਾਰਟੀ ਸੰਕੀਰਨ ਸੋਚ ਨਾਲ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਿੱਧ ਕੇ ਧਰਮ ਦੇ ਨਾਂ ਉੱਤੇ ਪੂਰੇ ਦੇਸ਼ ਵਿੱਚ, ਖ਼ਾਸ ਕਰਕੇ ਯੂ.ਪੀ. ’ਚ ਅਸਾਧਾਰਨ ਹਾਲਤ ਪੈਦਾ ਕਰਦਿਆਂ ਬੁਲਡੋਜ਼ਰ ਦੀ ਰਾਜਨੀਤੀ ਨਾਲ ਵਿਰੋਧੀਆਂ ਨੂੰ ਕੁਚਲਣ ਦੇ ਰਾਹ ’ਤੇ ਹੈ ਅਤੇ ਧਰਮ ਦੀ ਆੜ ’ਚ ਉਹ ਜਿਸ ਢੰਗ ਨਾਲ ਨਿਸ਼ਾਨਾ ਸੇਧਤ ਹੈ, ਹਰ ਹਾਲਤ ਵਿੱਚ ਉਸ ਨੂੰ ਜਿੱਤ ਪ੍ਰਾਪਤ ਹੋਵੇ।
ਕਾਨੂੰਨ ਅਤੇ ਨਿਆਂ ਦੀ ਪ੍ਰਕਿਰਿਆ ਤੋਂ ਬਾਹਰ ਨਿਕਲ ਕੇ ਦਿਖਾਈ ਜਾਣ ਵਾਲੀ ਸਖ਼ਤੀ ਕਈ ਵਾਰ ਤੁਰੰਤ ਭਾਵਨਾਤਮਕ ਸੰਤੁਸ਼ਟੀ ਤਾਂ ਦੇ ਸਕਦੀ ਹੈ, ਪਰ ਲੰਮੇ ਸਮੇਂ ਵਿੱਚ ਇਹ ਸੰਵਿਧਾਨ ਅਤੇ ਕਾਨੂੰਨ ਦੇ ਰਾਜ ਲਈ ਕਿੰਨੀ ਖ਼ਤਰਨਾਕ ਸਾਬਤ ਹੋ ਸਕਦੀ ਹੈ? ਅਸਲ ਵਿੱਚ ਜਜ਼ਬਾਤੀ ਹਿੰਦੁਸਤਾਨੀਆਂ ਦਾ ਮਨ ਇੰਨੀ ਜਲਦੀ ਧਰਮ-ਮਜ਼ਹਬ ਦੇ ਨਾਮ ’ਤੇ ਬੇਹਾਲ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਹੱਕਾਂ-ਅਧਿਕਾਰਾਂ ਦੀ ਸੁੱਧ-ਬੁੱਧ ਹੀ ਨਹੀਂ ਹੁੰਦੀ। ਉੱਤਰ ਪ੍ਰਦੇਸ਼ ਵਿੱਚ ਵੋਟਰਾਂ ਨੂੰ ਭਗਤ ਭਰਮਿਤ ਕਰਨ ਲਈ ਅਯੁੱਧਿਆ ਤੋਂ ਬਾਅਦ ਮਥੁਰਾ ਵਿੱਚ ਸ੍ਰੀ ਕ੍ਰਿਸ਼ਨ ਦੇ ਲਈ ਇੱਕ ਸ਼ਾਨਦਾਰ ਮੰਦਿਰ ਦੀ ਉਸਾਰੀ ਦੀ ਚਰਚਾ ਜ਼ੋਰਾਂ ’ਤੇ ਹੈ।
ਇਹ ਨਾਅਰਾ “ਰਾਧੇ-ਰਾਧੇ ਕਮਲ ਖਿਲਾ ਦਿਓ” ਕਾਮਯਾਬ ਵੀ ਹੋ ਸਕਦਾ ਹੈ, ਲੇਕਿਨ ਜਿਹੜਾ ਨੁਕਸਾਨ ਹੋ ਰਿਹਾ ਹੈ ਦੇਸ਼ ਵਿੱਚ ਗ਼ਲਤ ਚੀਜ਼ਾਂ ਨੂੰ ਪਹਿਲ ਦੇ ਕੇ, ਕੀ ਉਸ ਦਾ ਖ਼ਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਭੁਗਤਣਗੀਆਂ? ਨੇਤਾ ਨਾਅਰੇ ਲਾਉਂਦੇ ਹਨ ਅਤੇ ਉਨ੍ਹਾਂ ਦੇ ਭਗਤ, ਪੈਰੋਕਾਰ ਉਨ੍ਹਾਂ ਨਾਅਰਿਆਂ ਨੂੰ ਪ੍ਰਫੁੱਲਤ ਕਰਦੇ ਹਨ, ਪਰ ਆਮ ਲੋਕ ਉਨ੍ਹਾਂ ਤੋਂ ਜਵਾਬਦੇਹੀ ਨਹੀਂ ਮੰਗਦੇ, ਉਨ੍ਹਾਂ ਦੇ ਵਹਿਣ ਵਿੱਚ ਵਹਿ ਤੁਰਦੇ ਹਨ।
ਕੀ ਇਹ ਨਾਅਰੇ ਦੇਸ਼ ਹਿੱਤ ਵਿੱਚ ਹਨ? ਕੀ ਇਹ ਨਾਅਰੇ ਲੋਕ ਹਿੱਤ ਵਿੱਚ ਹਨ? ਕੀ ਇਹ ਨਾਅਰੇ ਕਿਸੇ ਧਰਮ ਦੇ ਹਿੱਤ ਵਿੱਚ ਹਨ? ਤੇ ਕੀ ਇਹ ਨਾਅਰੇ ਖ਼ਾਸ ਕਰਕੇ ਉਸ ਜਨਤਾ ਦੇ ਹਿੱਤ ਵਿੱਚ ਹਨ ਜਿਹੜੀ ਪਿਛਲੇ ਦੋ ਸਾਲਾਂ ਤੋਂ ਸਭ ਤੋਂ ਉੱਚੀ ਮਹਿੰਗਾਈ ਦਰ ਹੰਢਾ ਰਹੀ ਹੈ, ਜਿਸ ਦੀ ਕਮਾਈ ਕਈ ਸਾਲਾਂ ਤੋਂ ਲਗਭਗ ਠਹਿਰੀ ਹੋਈ ਹੈ?
ਜਦੋਂ ਆਮ ਆਦਮੀ ਆਪਣੀ ਮਿਹਨਤ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਚਲਾਉਣ ਲਈ ਜੂਝ ਰਿਹਾ ਹੋਵੇ, ਤਾਂ ਕੀ ਨਾਅਰਿਆਂ ਦੀ ਚਮਕ ਉਸ ਦੇ ਚਿਹਰੇ ਦੀ ਉਦਾਸੀ ਮਿਟਾ ਸਕਦੀ ਹੈ?
