295 ਹੋਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਭਾਰਤ ਸਰਕਾਰ ਨੇ ਇਹ ਜਾਣਕਾਰੀ ਪਾਰਲੀਮੈਂਟ ਵਿੱਚ ਦਿੱਤੀ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਜਦੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਅਤੇ ਹੱਥਕੜੀ ਲਗਾਉਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਅਮਰੀਕਾ ਅੱਗੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 15 ਅਤੇ 16 ਫਰਵਰੀ ਨੂੰ ਅਮਰੀਕਾ ਤੋਂ ਭਾਰਤ ਆਈਆਂ ਉਡਾਣਾਂ ਵਿੱਚ ਮਹਿਲਾ ਪ੍ਰਵਾਸੀਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ।
ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਸੀਪੀਐਮ ਦੇ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਸਰਕਾਰ ਤੋਂ ਪੁੱਛਿਆ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀ ਲਗਾ ਕੇ ਭਾਰਤ ਭੇਜੇ ਜਾਣ ਵਿਰੁੱਧ ਕੀ ਕਦਮ ਚੁੱਕੇ ਗਏ ਹਨ। ਇਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਅਜਿਹੇ ਵਿਵਹਾਰ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਨੇ ਭਰੋਸਾ ਦਿੱਤਾ ਹੈ ਕਿ 15 ਅਤੇ 16 ਫਰਵਰੀ ਨੂੰ ਆਈਆਂ ਉਡਾਣਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ ਅਤੇ ਭਾਰਤ ਪਹੁੰਚਣ ‘ਤੇ ਅਧਿਕਾਰੀਆਂ ਨੇ ਖੁਦ ਪ੍ਰਵਾਸੀਆਂ ਨਾਲ ਗੱਲ ਕਰਕੇ ਇਸਦੀ ਪੁਸ਼ਟੀ ਕੀਤੀ ਸੀ।
ਸਰਕਾਰ ਨੇ ਇਹ ਵੀ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਹਾਲ ਹੀ ਵਿੱਚ ਭਾਰਤ ਨੂੰ ਸੂਚਿਤ ਕੀਤਾ ਹੈ ਕਿ 295 ਹੋਰ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਹ ਸਾਰੇ ਅਮਰੀਕੀ ਅਧਿਕਾਰੀਆਂ ਦੀ ਗ੍ਰਿਫਤਾਰ ਕੀਤੇ ਹੋਏ ਹਨ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਇਹ ਵੀ ਪੁੱਛਿਆ ਕਿ ਅਮਰੀਕਾ ਵਿੱਚ ਕਿੰਨੇ ਭਾਰਤੀ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ ਅਤੇ ਕਿੰਨੇ ਲੋਕਾਂ ਨੂੰ ਭਾਰਤ ਭੇਜਣ ਦੀ ਯੋਜਨਾ ਹੈ। ਇਸ ‘ਤੇ ਸਰਕਾਰ ਨੇ ਕਿਹਾ ਕਿ ਅਮਰੀਕਾ ਨੇ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ, 5 ਫਰਵਰੀ ਤੋਂ ਬਾਅਦ 388 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜ ਦਿੱਤਾ ਗਿਆ ਹੈ।
ਇਹ ਵੀ ਸਵਾਲ ਉਠਾਏ ਗਏ ਕਿ ਅਮਰੀਕਾ ਤੋਂ ਵਾਪਸ ਆਉਣ ਵਾਲੀਆਂ ਉਡਾਣਾਂ ਸਿਰਫ਼ ਅੰਮ੍ਰਿਤਸਰ ਵਿੱਚ ਹੀ ਕਿਉਂ ਉਤਰ ਰਹੀਆਂ ਹਨ। ਇਸ ਸਬੰਧੀ ਸਰਕਾਰ ਨੇ ਸਪੱਸਟ ਕੀਤਾ ਹੈ ਕਿ 40ਫੀਸਦੀ ਗੈਰ-ਕਾਨੂੰਨੀ ਪ੍ਰਵਾਸੀ ਪੰਜਾਬ ਤੋਂ ਹਨ ਅਤੇ 34 ਫੀਸਦੀ ਹਰਿਆਣਾ ਤੋਂ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਨਜ਼ਦੀਕੀ ਸਥਾਨ ‘ਤੇ ਲਿਆਉਣਾ ਸੁਖਾਲਾ ਹੈ। ਕੇਂਦਰ ਸਰਕਾਰ ਦੇ ਅਨੁਸਾਰ 2009 ਤੋਂ 2024 ਦੇ ਵਿਚਕਾਰ 15,564 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਨਵੰਬਰ 2012 ਤੋਂ ਅਮਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਇੱਕ ਸਪੱਸ਼ਟ ਨੀਤੀ ਅਪਣਾਈ ਹੈ, ਜਿਸ ਵਿੱਚ ਆਮ ਤੌਰ ‘ਤੇ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਜਾਂਦੀ ਪਰ ਅੰਤਿਮ ਫੈਸਲਾ ਉਡਾਣ ਅਧਿਕਾਰੀਆਂ ਦੁਆਰਾ ਲਿਆ ਜਾਂਦਾ ਹੈ।