ਨਵੀਂ ਦਿੱਲੀ – ਤਿ੍ਰਪੁਰਾ ’ਚ ਹਿੰਸਾ ਖ਼ਤਮ ਕਰਨ ਅਤੇ ਸ਼ਾਂਤੀ ਲਿਆਉਣ ਲਈ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ’ਚ ਕੇਂਦਰ, ਪ੍ਰਦੇਸ਼ ਸਰਕਾਰ ਅਤੇ ਰਾਜ ਦੇ 2 ਕੱਟੜਪੰਥੀ ਸਮੂਹਾਂ ਵਿਚਾਲੇ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਸਮਝੌਤਾ ਮੰਗ ਪੱਤਰ ’ਤੇ ਦਸਤਖ਼ਤ ਦੌਰਾਨ ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਤਿ੍ਰਪੁਰਾ (ਐੱਨ.ਐੱਲ.ਐੱਫ.ਟੀ.) ਅਤੇ ਆਲ ਤਿ੍ਰਪੁਰਾ ਟਾਈਗਰਜ਼ ਫੋਰਸ (ਏ.ਟੀ.ਟੀ.ਐੱਫ.) ਦੇ ਪ੍ਰਤੀਨਿਧੀਆਂ ਨਾਲ ਤਿ੍ਰਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਅਤੇ ਗ੍ਰਹਿ ਮੰਤਰਾਲਾ ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਗ੍ਰਹਿ ਮੰਤਰੀ ਸ਼ਾਹ ਨੇ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਪੂਰਬ-ਉੱਤਰ ਖੇਤਰ ’ਚ ਸ਼ਾਂਤੀ ਅਤੇ ਵਿਕਾਸ ਨੂੰ ਸਰਵਉੱਚ ਪਹਿਲ ਦਿੱਤੀ ਹੈ।
ਉਨ੍ਹਾਂ ਕਿਹਾ,’’ਸਰਕਾਰ ਨੇ ਪੂਰਬ-ਉੱਤਰ ’ਚ ਦਸਤਖ਼ਤ ਕੀਤੇ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਲਾਗੂ ਕੀਤਾ ਹੈ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਲਾਨ 2,500 ਕਰੋੜ ਰੁਪਏ ਦੇ ਵਿਕਾਸ ਪੈਕੇਜ ਨੂੰ ਪੂਰਬ-ਉੱਤਰ ’ਚ ਲਾਗੂ ਕੀਤਾ ਗਿਆ ਹੈ। ਸਮਝੌਤਾ ਮੰਗ ਪੱਤਰ ’ਤੇ ਭਾਰਤ ਸਰਕਾਰ, ਤਿ੍ਰਪੁਰਾ ਸਰਕਾਰ ਅਤੇ ਐੱਨ.ਐੱਲ.ਐੱਫ.ਟੀ. ਅਤੇ ਏ.ਟੀ.ਟੀ.ਐੱਫ. ਦੇ ਪ੍ਰਤੀਨਿਧੀਆਂ ਨੇ ਦਸਤਖ਼ਤ ਕੀਤੇ। ਸ਼ਾਹ ਨੇ ਕਿਹਾ ਕਿ ਅੱਤਵਾਦ, ਹਿੰਸਾ ਅਤੇ ਸੰਘਰਸ਼ ਤੋਂ ਮੁਕਤ ਵਿਕਸਿਤ ਪੂਰਬ-ਉੱਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਗ੍ਰਹਿ ਮੰਤਰਾਲਾ ਅਥੱਕ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਨੇ ਪੂਰਬ-ਉੱਤਰ ਖੇਤਰ ’ਚ ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਉਣ ਲਈ 12 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ’ਚੋਂ ਤਿੰਨ ਤਿ੍ਰਪੁਰਾ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਕਾਰਨ ਕਰੀਬ 10,000 ਲੋਕ ਹਥਿਆਰ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ।