Punjab

‘ਏ ++ ਗ੍ਰੇਡ’ ਮਿਲਣ ਵਾਲਾ ਉੱਤਰੀ ਭਾਰਤ ਦਾ ਪਹਿਲਾ ਐਜੂਕੇਸ਼ਨ ਕਾਲਜ : ਪ੍ਰਿੰ: ਡਾ. ਖੁਸ਼ਵਿੰਦਰ ਕੁਮਾਰ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨਾ, ਸ: ਅਜ਼ਮੇਰ ਸਿੰਘ ਹੇਰ, ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੈਕ ਦੀ ਟੀਮ ’ਚ ਡਾ. ਕਲਪੇਸ਼ ਕੁਮਾਰ ਪਾਠਕ, ਡਾ. ਆਦਰਸ਼ਲਤਾ ਸਿੰਘ ਤੇ ਪ੍ਰਿੰਸੀਪਲ ਡਾ. ਸਿਵਾ ਕੁਮਾਰ ਨਾਲ ਗੱਲਬਾਤ ਕਰਦੇ ਹੋਏ।

ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਨੂੰ ਨੈਸ਼ਨਲ ਅਸਸਮੈਂਟ ਅਤੇ ਅਕਰੈਂਡੀਟੇਸ਼ਨ ਕੌਸਲ ਵੱਲੋਂ ‘ਏ ++ ਗਰੇਡ’ ਨਾਲ ਨਿਵਾਜਿਆ ਗਿਆ। ਕੌਂਸਲ ਅਧੀਨ ਸੰਨ 1954 ’ਚ ਸਥਾਪਿਤ ਕੀਤਾ ਗਿਆ ਉਕਤ ਕਾਲਜ ‘ਏ++ ਗਰੇਡ’ ਹਾਸਲ ਕਰਨ ਵਾਲਾ ਉਤਰੀ ਭਾਰਤ ਦਾ ਪਹਿਲਾ ਐਜ਼ੂਕੇਸ਼ਨ ਕਾਲਜ ਬਣ ਗਿਆ ਹੈ। ਨੈੱਕ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ ਬਾਰੀਕੀ ਨਾਲ ਘੋਖਣ, ਵਾਚਣ ਅਤੇ ਆਪਣੀ ਨਿਰੀਖਣ ਪ੍ਰੀਕ੍ਰਿਆ ਨੂੰ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਉਕਤ ਸਰਬੋਤਮ ਗ੍ਰੇਡ ਪ੍ਰਦਾਨ ਕੀਤਾ ਗਿਆ।

ਇਸ ਸਬੰਧੀ ਕੌਂਸਲ ਦੇ ਪ੍ਰਧਾਨ ਸ: ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ ਰਾਹੀਂ ਕਾਲਜ ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਸਮੂੰਹ ਸਟਾਫ਼ ਅਤੇ ਵਿਦਿਆਰਥੀਆਂ ਨੂੰ  ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਵਾਲਾ ਅਜਿਹਾ ਹਰਮਨ ਪਿਆਰਾ ਕਾਲਜ ਹੈ, ਜਿਸ ਨੂੰ ਨੈਕ ਵੱਲੋਂ ‘ਏ ++ ਗਰੇਡ’ ਪ੍ਰਾਪਤ ਹੋਣ ’ਤੇ ਉੱਤਰ ਭਾਰਤ ਦੀ ਪਹਿਲੀ ਐਜੂਕੇਸ਼ਨ ਸੰਸਥਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਮੂੰਹ ਖਾਲਸਾ ਸੰਸਥਾਵਾਂ ਦਾ ਕੱਦ ਪੂਰੇ ਦੇਸ਼ ’ਚ ਹੋਰ ਉੱਚਾ ਹੋਇਆ ਹੈ ਤੇ ਇਸਦਾ ਸਿਹਰਾ ਪ੍ਰਿੰ: ਡਾ. ਕੁਮਾਰ ਦੀ ਯੋਗ ਅਗਵਾਈ, ਦੂਰ ਅੰਦੇਸ਼ੀ ਸੋਚ, ਕਾਲਜ ’ਚ ਪ੍ਰਦਾਨ ਕਰਨ ਵਾਲੀ ਮਿਆਰੀ ਸਿੱਖਿਆ ਅਤੇ ਸਮੂੰਹ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ।

ਇਸ ਮੌਕੇ ਪ੍ਰਿੰ: ਡਾ. ਕੁਮਾਰ ਨੇ ਕਿਹਾ ਕਿ 3 ਵਾਰ ‘ਏ ਗ੍ਰੇਡ’ ਪ੍ਰਾਪਤ ਕਰਨ ਉਪਰੰਤ ਚੌਥੀ ਵਾਰ ਮੁਲਾਂਕਣ ਲਈ ਨਿਰਧਾਰਿਤ 3 ਮੈਬਰੀ ਨੈੱਕ ਟੀਮ ’ਚ ਇੰਡੀਅਨ ਇੰਸਟੀਚਿਊਟ ਆਫ ਟੀਚਰ ਐਜੂਕੇਸ਼ਨ ਉੱਪ ਕੁਲਪਤੀ ਡਾ. ਕਲਪੇਸ਼ ਕੁਮਾਰ ਪਾਠਕ ਨੇ  ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਮਹਾਰਾਸ਼ਟਰ ਪ੍ਰੋਫੈਸਰ (ਚੇਅਰਪਰਸਨ) ਡਾ. ਆਦਰਸ਼ਲਤਾ ਸਿੰਘ ਨੇ ਮੈਂਬਰ ਕੋ-ਆਰਡੀਨੇਟਰ ਅਤੇ ਥ੍ਰੀਵਲੂਵਰ ਟੀਚਰ ਐਜੂਕੇਸ਼ਨ, ਤਾਮਿਲਨਾਡੂ ਪ੍ਰਿੰਸੀਪਲ ਡਾ. ਸਿਵਾ ਕੁਮਾਰ ਨੇ ਟੀਮ ਮੈਂਬਰ ਦੇ ਤੌਰ ’ਤੇ ਨੈੱਕ ਦੁਆਰਾ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ ਬਹੁਤ ਬਾਰੀਕੀ ਦੇ ਨਾਲ ਘੋਖਿਆ, ਵਾਚਿਆ ਅਤੇ ਆਪਣੇ ਸੁਝਾਆਂ ਨਾਲ ਭਵਿੱਖ ’ਚ ਵਧੇਰੇ ਸੁਧਾਰਾਂ ਦੀ ਆਸ ਨਾਲ ਆਪਣੀ ਨਿਰੀਖਣ ਪ੍ਰੀਕ੍ਰਿਆ ਨੂੰ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਇਸ ਸਰਬੋਤਮ ਗ੍ਰੇਡ ਦੇ ਨਾਲ ਨਿਵਾਜਿਆ।

ਉਨ੍ਹਾਂ ਕਿਹਾ ਕਿ ਟੀਮ ਨੇ ਦੌਰੇ ਦੌਰਾਨ ਕਾਲਜ ਦੀ ਅਧਿਆਪਨ ਸਿੱਖਣ ਪ੍ਰਣਾਲੀ ਅਤੇ ਸਕਿੱਲ-ਇਨ-ਟੀਚਿੰਗ ਨੂੰ ਜਾਣਨ ਦੇ ਲਈ ਚੁਣੇ ਹੋਏ ਸਕੂਲਾਂ ਦਾ ਦੌਰਾ ਕੀਤਾ ਅਤੇ ਇਸ ਤੋਂ ਇਲਾਵਾ ਕਾਲਜ ਮੈਨਜਮੈਂਟ, ਵਿਦਿਆਰਥੀਆਂ, ਅਧਿਆਪਕਾਂ, ਅਲੂਮਨੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਣੀ ਕਰਕੇ ਅਦਾਰੇ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਕਾਲਜ ਦੀ ਇੰਟਰਨਲ ਕੁਆਲਟੀ ਅਸ਼ੋਰੇਸ ਸੈੱਲ, ਰਿਸਰਚ ਸੈਲ, ਲਾਇਬ੍ਰੇਰੀ ਅਤੇ ਆਈ. ਸੀ. ਟੀ. ਸਮੇਤ ਹਰੇਕ ਕਲੱਬ ਅਤੇ ਕਮੇਟੀ ਦੇ ਰਿਕਾਰਡ ਚੈਕ ਕੀਤੇ।

ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਰਗਮ ਨਾਮ ਤਹਿਤ ਵਿਰਸੇ ਅਤੇ ਵਿਰਾਸਤ ਨਾਲ ਸਬੰਧਿਤ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆ ਸ: ਮਜੀਠੀਆ ਅਤੇ ਸ: ਛੀਨਾ ਅਤੇ ਸਮੂੰਹ ਮੈਨੇਜ਼ਮੈਂਟ ਦੁਆਰਾ ਦਿੱਤੇ ਗਏ ਹਰੇਕ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੰਸਥਾ ਨੂੰ ਜੋ ਵੱਕਾਰੀ ਮੁਕਾਮ ਹਾਸਲ ਹੋਇਆ ਹੈ ਉਸ ’ਚ ਕਾਲਜ ਮੈਨੇਜ਼ਮੈਂਟ ਦੇ ਸਹਿਯੋਗ, ਸਮੂੰਹ ਸਟਾਫ ਦੀ ਮਿਹਨਤ ਦਾ ਅਹਿਮ ਰੋਲ ਹੈ ਅਤੇ ਕਾਲਜ ਭਵਿੱਖ ’ਚ ਵੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin