ਐਬਟਸਫੋਰਡ – ਕੈਨੇਡਾ ਵਿਖੇ ਬਿ੍ਰਟਿਸ਼ ਕੋਲੰਬੀਆ (ਬੀ.ਸੀ.) ਦੇ ਲੋਅਰ ਮੇਨਲੈਂਡ ਵਿੱਚ ਦਰਜਨਾਂ ਉੱਦਮੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਬਰੀ ਵਸੂਲੀ ਦੀ ਮੰਗ ਜਾ ਰਹੀ ਹੈ। ਇਹਨਾਂ ਜਬਰੀ ਵਸੂਲੀ ਪੱਤਰਾਂ ਦੀਆਂ ਰਿਪੋਰਟਾਂ ਦੇ ਵਿਚਕਾਰ ਹੁਣ ਵਧੇਰੇ ਪੁਲਸ ਕਾਰਵਾਈ ਲਈ ਦਬਾਅ ਵਧ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਤਰ ਇੱਕ “ਭਾਰਤੀ ਗਿਰੋਹ” ਵੱਲੋਂ ਭੇਜੇ ਗਏ ਹਨ ਅਤੇ ਇਹਨਾਂ ਵਿਚ 2 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ। ਪ੍ਰਾਪਤਕਰਤਾਵਾਂ ਨੂੰ ਜਵਾਬੀ ਕਾਰਵਾਈ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਪੁਲਸ ਕੋਲ ਜਾਂਦੇ ਹਨ ਤਾਂ ਅਗਲੀ ਵਾਰ ਕੋਈ “ਹੋਰ ਕੋਈ ਪੱਤਰ ਨਹੀਂ ਸਿਰਫ਼ ਗੋਲੀ ਹੋਵੇਗੀ।”ਉੱਧਰ ਇਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਧਮਕੀਆਂ ਨੇ ਦੱਖਣ ਏਸ਼ੀਆਈ ਭਾਈਚਾਰੇ ਅਤੇ ਇਸ ਤੋਂ ਬਾਹਰ ਦੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਉਸਨੇ ਕਿਹਾ,„ਕੁਝ ਚੀਨੀ ਕਾਰੋਬਾਰੀ ਹਨ, ਜਿਨ੍ਹਾਂ ਨੂੰ ਕਾਲਾਂ ਜਾਂ ਪੱਤਰ ਭੇਜੇ ਗਏ ਹਨ। ਇਹ ਸਿਰਫ ਇੱਕ ਭਾਈਚਾਰੇ ਤੱਕ ਸੀਮਤ ਨਹੀਂ ਹੈ”। ਪੱਤਰਕਾਰ ਨੇ ਕਿਹਾ ਕਿ ਉਸਨੇ ਐਬਟਸਫੋਰਡ, ਲੈਂਗਲੇ ਅਤੇ ਸਰੀ ਵਿੱਚ ਕਾਰੋਬਾਰਾਂ ਨੂੰ ਭੇਜੇ ਗਏ ਅਜਿਹੇ 100 ਤੱਕ ਜਬਰੀ ਵਸੂਲੀ ਪੱਤਰਾਂ ਬਾਰੇ ਸੁਣਿਆ ਹੈ। ਐਬਟਸਫੋਰਡ ਪੁਲਸ ਮੀਮੋ ਵਿੱਚ ਜਾਂਚਕਰਤਾਵਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸ਼ੱਕੀ ਭਾਰਤ ਵਿੱਚ ਸਥਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਸਨ।ਪੱਤਰਕਾਰ ਨੇ ਕਿਹਾ,„ਇਹ ਗਿਰੋਹ ਬਹੁਤ ਖਤਰਨਾਕ ਹੈ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਲੋਕਾਂ ਨੂੰ ਮਾਰਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਕੈਨੇਡਾ ਦੀ ਧਰਤੀ ‘’ਤੇ ਵਿਨੀਪੈਗ ਵਿੱਚ ਕਿਸੇ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ”। ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਦੱਸਿਆ ਕਿ ਪੁਲਸ ਧਮਕੀਆਂ ਨੂੰ „ਬਹੁਤ ਗੰਭੀਰਤਾ ਨਾਲ” ਲੈ ਰਹੀ ਹੈ।