International

ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ’ਚ ਨਸ਼ੇ ਦਾ ਕਹਿਰ, ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ

ਓਟਾਵਾ – ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ (ਬੀ.ਸੀ.) ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਹਨ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ 1,158 ਜਣਿਆਂ ਨੇ ਜਾਨ ਗਵਾਈ। ਬੀ.ਸੀ. ਕੌਰੋਨਰਜ਼ ਸਰਵਿਸ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ 181 ਜਣਿਆਂ ਦੀ ਜਾਨ ਗਈ ਅਤੇ ਜੂਨ ਵਿਚ 185 ਜਣਿਆਂ ਨੇ ਦਮ ਤੋੜਿਆ। ਭਾਵੇਂ ਕੁਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ 9 ਫ਼ੀਸਦੀ ਘਟੀ ਹੈ ਪਰ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕਾਰਜਕਾਰੀ ਚੀਫ਼ ਕੌਰੋਨਰ ਜੌਹਨ ਮੈਕਨਮੀ ਦਾ ਕਹਿਣਾ ਸੀ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ। ਮਈ ਅਤੇ ਜੂਨ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਅੱਧੇ 30 ਸਾਲ ਤੋਂ 49 ਸਾਲ ਉਮਰ ਵਾਲੇ ਸਨ। ਮੌਜੂਦਾ ਵਰ੍ਹੇ ਦੌਰਾਨ 72 ਫ਼ੀਸਦੀ ਪੁਰਸ਼ਾਂ ਨੇ ਜਾਨ ਗਵਾਈ ਜਦਕਿ ਔਰਤਾਂ ਦੀ ਗਿਣਤੀ 28 ਫ਼ੀਸਦੀ ਦਰਜ ਕੀਤੀ ਗਈ। ਸੱਭ ਤੋਂ ਜ਼ਿਆਦਾ ਜਾਨੀ ਨੁਕਸਾਨ ਫ਼ੈਂਟਾਨਿਲ ਕਰ ਕੇ ਹੋਇਆ ਅਤੇ 82 ਫ਼ੀਸਦੀ ਟੈਸਟਾਂ ਵਿਚ ਇਹ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤਕ ਪੁੱਜ ਚੁੱਕੀ ਹੈ ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖ਼ਤਰੇ ਦੇ ਘੇਰੇ ਵਿਚ ਆਉਂਦੇ ਹਨ। ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖ਼ੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿਛੇ 23 ਔਰਤਾਂ ਦੀ ਜਾਨ ਜਾ ਰਹੀ ਹੈ।ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫ਼ਰ ਵਾਈਟਸਾਈਡ ਵਲੋਂ ਤਾਜ਼ਾ ਅੰਕੜਿਆਂ ਨੂੰ ਖ਼ਤਰਨਾਕ ਕਰਾਰ ਦਿਤਾ ਗਿਆ ਹੈ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin