
ਯਾਦ ਕਰੋ, ਜਦੋ ਆਪਾਂ ਨਿੱਕੇ ਹੁੰਦੇ ਸੀ ਤਾਂ ਸਾਡੇ ਚਾਅ ਬਹੁਤ ਵੱਡੇ ਹੁੰਦੇ ਸੀ। ਅਸੀਂ ਆਪ ਵੱਡੇ ਹੋਏ ਤਾਂ ਸਾਡੇ ਚਾਅ ਨਿੱਕੇ ਤਾਂ ਕੀ ਬੌਣੇ ਹੋ ਕੇ ਗਏ ਨੇ। ਅਸੀਂ ਕਰਦੇ ਤਾਂ ਸਾਰਾ ਕੁਝ ਹਾਂ ਪਰ ਦਿਲ ਵਿੱਚ ਉਹ ਪਹਿਲਾਂ ਵਾਂਗ ਰੱਜਵੀ ਖੁਸ਼ੀ ਨਹੀ ਆਉਂਦੀ, ਜੋ ਕਦੇ ਤਿਉਹਾਰ ਤੋਂ ਮਹੀਨਾਂ, ਦੋ ਮਹੀਨੇ ਪਹਿਲਾਂ ਹੀ ਘਰ ਵਿੱਚ ਤਿਓਹਾਰਾਂ ਵਾਲਾ ਮਾਹੌਲ ਬਣ ਜਾਣਾ। ਯਾਦ ਕਰੋ ਜਦੋ ਦੀਵਾਲੀ ਵਾਸਤੇ ਬਜ਼ਾਰ ਸਜਣੇ, ਰੰਗ -ਬਿਰੰਗੀਆਂ ਮਠਿਆਈਆਂ ਨਾਲ, ਪਟਾਕੇ, ਫੁੱਲਝੜੀਆਂ, ਅਨਾਰ, ਅਤੇ ਹੋਰ ਨਿੱਕ -ਸੁੱਕ। ਉਦੋ ਉਸ ਬਜ਼ਾਰ ਦਾ ਗੇੜਾ ਲਾਉਣਾ ਤੇ ਆਪਣੇ ਮਨਪਸੰਦ ਦੀਆਂ ਚੀਜ਼ਾਂ ਨੂੰ ਵੇਖ ਕੇ ਖੁਸ਼ ਹੋਈ ਜਾਣਾ। ਜਦੋ ਆਪਣੇ ਹਿੱਸੇ ਦਾ ਸਮਾਨ ਮਿਲਣਾ ਤਾਂ ਮੰਨੋ ਕਿ ਅੱਜ ਉਨੀ ਖੁਸ਼ੀ ਘਰ ਅਤੇ ਕਾਰ ਖ਼ਰੀਦਣ ‘ਤੇ ਵੀ ਨਹੀਂ ਹੁੰਦੀ ਜਿੰਨੀ ਉਦੋਂ ਪਟਾਕੇ ਤੇ ਮਿਠਾਈਆਂ ਨੂੰ ਬਜ਼ਾਰੋਂ ਘਰੇ ਚੁੱਕ ਕੇ ਘਰ ਲੈ ਕੇ ਜਾਣ ਵਿੱਚ ਹੁੰਦੀ ਸੀ। ਰਾਤ ਨੂੰ ਚੱਲੇ ਪਟਾਕਿਆਂ ਵਿੱਚੋਂ ਜਦ ਸਵੇਰੇ ਕੋਈ ਪਟਾਕਾ, ਫੇਰ ਚਲਾੳਣ ਜੋਗਾ ਬਚ ਜਾਣਾ ਤਾਂ ਫੇਰ ਤਾਂ ਮੌਜਾਂ ਹੋ ਜਾਣੀਆਂ। ਸਮੇਂ ਦੇ ਨਾਲ ਪਤਾ ਨਹੀਂ ਅਸੀਂ ਜ਼ਿਆਦਾ ਅੱਗੇ ਦੌੜ ਆਏ ਹਾਂ ਅਤੇ ਸਾਡੇ ਸਾਰੇ ਚਾਅ ਪਿੱਛੇ ਰਹਿ ਗਏ ਨੇ ਜਾਂ ਉਹ ਵਕਤ ਹੀ ਨਹੀਂ ਰਿਹਾ। ਵਕਤ ਤਾਂ ਹੈ ਪਰ ਸਾਨੂੰ ਜਿਉਣਾ ਨਹੀਂ ਆ ਰਿਹਾ। ਪਰ ਜੋ ਵੀ ਹੈ ਬਿਨਾ ਮਤਲਬ ਦੇ ਖੁਸ਼ ਹੋਣ ਦੀ ਆਦਤ ਪਾਈਏ, ਜ਼ਿੰਦਗੀ ਹਰ ਰੋਜ਼ ਮਿਲਦੀ ਏ, ਇਸਨੂੰ ਰੋਜ਼ ਜਿਉਣਾ ਸਿੱਖੀਏ ਅਤੇ ਕਿਸੇ ਦੇ ਮੁਸਕਰਾਉਣ ਦੀ ਵਜ੍ਹਾ ਬਣੀਏ।
ਖੁਸ਼ੀਆਂ ਦੇ ਦੀਵੇ ਬਨੇਰਿਆਂ ‘ਤੇ ਬਾਲ
ਖੁਸ਼ੀ ਤੇਰੇ ਅੰਦਰ ਹੈ, ਇਸਨੂੰ ਬਾਹਰੋਂ ਨਾ ਭਾਲ ।