Literature Articles

ਗੀਤਕਾਰੀ, ਸਾਹਿਤਕਾਰੀ ਅਤੇ ਇੰਜੀਨੀਅਰਿੰਗ ਦੀ ਤ੍ਰਿਮੂਰਤੀ: ਇੰਜੀ. ਸਤਨਾਮ ਸਿੰਘ ਮੱਟੂ 

ਹਿੰਮਤੀ, ਦ੍ਰਿੜ ਇਰਾਦੇ ਵਾਲਾ ਅਤੇ ਕਰੜੀ ਮਿਹਨਤ ਦਾ ਮੁਦੱਈ ਇੰਜੀ ਸਤਨਾਮ ਸਿੰਘ ਮੱਟੂ ਹੈ।
ਲੇਖਕ: ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ

ਜਿਸ ਇਨਸਾਨ ਨੇ ਬਚਪਨ ਤੋਂ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਹਿੰਮਤ ਨੂੰ ਯਾਰ ਬਣਾ ਕੇ ਮਿਹਨਤ ਦਾ ਪੱਲਾ ਫੜ ਲਿਆ ਹੁੰਦਾ ਹੈ, ਉਹ ਇੱਕ ਦਿਨ ਜ਼ਰੂਰ ਬੁਲੰਦੀਆਂ ਦੀਆਂ ਮੰਜ਼ਿਲਾਂ ਸਰ ਕਰਦਾ ਹੈ। ਅਜਿਹੇ ਹੀ ਇਨਸਾਨਾਂ ਵਿੱਚ ਹਿੰਮਤੀ, ਦ੍ਰਿੜ ਇਰਾਦੇ ਵਾਲਾ ਅਤੇ ਕਰੜੀ ਮਿਹਨਤ ਦਾ ਮੁਦੱਈ ਇੰਜੀ ਸਤਨਾਮ ਸਿੰਘ ਮੱਟੂ ਹੈ। ਉਸਨੇ ਆਪਣੀਆਂ ਲਿਖਤਾਂ ਰਾਹੀਂ ਹਰ ਪਾਠਕ ਦੇ ਮਨ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬੀ ਲੋਕ ਗਾਇਕ ਹਾਕਮ ਬਖਤੜੀਵਾਲਾ ਦੇ ਇਸ ਲਾਡਲੇ ਸ਼ਾਗਿਰਦ ਇੰਜੀ. ਸਤਨਾਮ ਸਿੰਘ ਮੱਟੂ ਨੂੰ ਗੀਤਕਾਰੀ ਅਤੇ ਸਾਹਿਤਕ ਖੇਤਰ ਵਿੱਚ ਕੀਤੇ ਪ੍ਰਸੰਸਾਯੋਗ ਕੰਮਾਂ ਸਦਕਾ 10 ਮਈ 2025 (ਸ਼ਨੀਵਾਰ) ਨੂੰ ਪੰਜਾਬੀ ਫਿਲਮ ਮਿਊਜ਼ਿਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਨਮਾਨ ਕੀਤਾ ਜਾਣਾ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਖੁਸ਼ੀ ਅਤੇ ਉਪਲਬਧੀ ਹੁੰਦੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਬਤੌਰ ਉੱਪ ਮੰਡਲ ਇੰਜੀਨੀਅਰ ਦੀ ਸੇਵਾਵਾਂ ਨਿਭਾ ਰਹੇ ਇੰਜੀ. ਸਤਨਾਮ ਸਿੰਘ ਮੱਟੂ ਨੇ ਪੰਜਾਬ ਦੇ ਮਾਲਵੇ ਜ਼ਿਲੇ ਸੰਗਰੂਰ ਦੇ ਚੜ੍ਹਦੇ ਵੱਲ ਮਾਰੂਥਲ ਵਰਗੇ ਰੇਤੀਲੇ ਟਿੱਬਿਆਂ ਚ ਵਸੇ ਪਿੰਡ ਬੀਂਬੜ ਵਿਚ (ਨੇੜੇ ਭਵਾਨੀਗੜ੍ਹ ) ਇੱਕ ਗਰੀਬ ਪਰਿਵਾਰ ਚ ਪਿਤਾ ਸ੍ਰ ਸੇਵਾ ਸਿੰਘ ਅਤੇ ਮਾਤਾ ਸ੍ਰੀਮਤੀ ਬਲਵੀਰ ਕੌਰ ਦੇ ਘਰ 25 ਫ਼ਰਵਰੀ 1970 ਨੂੰ ਜਨਮ ਲਿਆ। ਹੱਡ ਭੰਨਵੀਂ ਮਿਹਨਤ ਕਰਦੇ ਪਿਤਾ ਨੂੰ ਇੱਕ ਸਰਕਾਰੀ ਵਕੀਲ ਨੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਨਸੀਹਤ ਦੇ ਕੇ ਦ੍ਰਿੜਚਿੱਤ ਕਰ ਦਿੱਤਾ। ਪਿਤਾ ਦੀ ਖ਼ੂਨ ਪਸੀਨੇ ਦੀ ਕਮਾਈ, ਮਾਂ ਦੀਆਂ ਸਿਖਰ ਦੁਪਹਿਰੇ ਚੁੱਲ੍ਹੇ ਉੱਪਰ ਮੰਜਾ ਖੜ੍ਹਾ ਕਰਕੇ ਚੋਂਦੇ ਪਸੀਨੇ ਨਾਲ ਪਕਾ ਕੇ ਖੁਆਈਆਂ ਰੋਟੀਆਂ ਦੇ ਨਤੀਜੇ ਅਤੇ ਇੰਜੀ. ਸਤਨਾਮ ਸਿੰਘ ਮੱਟੂ ਦੀ ਕੀਤੀ ਅਣਥੱਕ ਮਿਹਨਤ ਨਾਲ ਸਾਰੀਆਂ ਜਮਾਤਾਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ, ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਤੋਂ ਈਟੀਟੀ, ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਅਤੇ ਇੰਜੀਨੀਅਰਿੰਗ ਵਿਚ ਗ੍ਰੈਜੂਏਸ਼ਨ ਕੀਤੀ। 1998 ਤੋਂ ਉਹ ਕਰੀਬ ਤਿੰਨ ਕੁ ਸਾਲ  ਅਧਿਆਪਨ ਕਿੱਤੇ ਨੂੰ ਸਮਰਪਿਤ ਰਿਹਾ ਅਤੇ ਦਸੰਬਰ 2001 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਭਰਤੀ ਹੋ ਗਿਆ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੇਵਾਵਾਂ ਨਿਭਾਉਂਦਿਆਂ ਜੁਲਾਈ 2023 ਵਿੱਚ ਉੱਪ ਮੰਡਲ ਇੰਜੀਨੀਅਰ ਪ੍ਰਮੋਟ ਹੋਕੇ ਅੱਜਕੱਲ੍ਹ ਹਿਮਾਲਿਆ ਪਰਬਤ ਦੀ ਬੁੱਕਲ ‘ਚ ਵੱਸੇ ਸ਼ਹਿਰ ਰੋਪੜ ਵਿਖੇ ਸੇਵਾਵਾਂ ਨਿਭਾ ਰਿਹਾ ਹੈ।
ਸਾਹਿਤਕ ਸਰਗਰਮੀਆਂ ਵਿੱਚ ਦਿਲਚਸਪੀ ਦੀ ਸ਼ੁਰੂਆਤ ਉਸਨੇ 1992 ਵਿੱਚ ਸੰਪਾਦਕ ਦੀ ਡਾਕ ਤੋਂ ਕੀਤੀ। ਉਪਰੰਤ ਉਸਦੀਆਂ ਰਚਨਾਵਾਂ, ਕਵਿਤਾਵਾਂ,ਗੀਤ, ਲੇਖ, ਕਹਾਣੀਆਂ ਆਦਿ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਅਤੇ  ਰਸਾਲਿਆਂ ਦਾ ਸ਼ਿੰਗਾਰ ਬਣਨ ਲੱਗ ਪਏ। ਸਾਥੀ ਲੇਖਕਾਂ ਨੇ ਉਤਸ਼ਾਹੀ ਹੁੰਗਾਰਾ ਦੇ ਕੇ ਪ੍ਰੇਰਿਤ ਕੀਤਾ। ਉਹਨੇ ਪ੍ਰਤੀਨਿਧ ਅਖ਼ਬਾਰਾਂ ‘ਚ ਧੜੱਲੇਦਾਰ ਪੱਤਰਕਾਰੀ ਵੀ ਕੀਤੀ ਹੈ। ਪਰ ਜ਼ਿਆਦਾਤਰ ਝੁਕਾਅ ਸਾਹਿਤ ਰਚਨਾ ਵੱਲ ਕੇਂਦ੍ਰਿਤ ਰਿਹਾ। ਸਮਾਜਿਕ ਕੁਰੀਤੀਆਂ, ਦਰਿੰਦਗੀ, ਸਮੱਸਿਆਵਾਂ, ਕਦਰਾਂ ਕੀਮਤਾਂ ਦੇ ਘਾਣ, ਮੁਖੌਟਾਧਾਰੀ ਚੌਧਰੀਆਂ ਦੇ ਤਸ਼ੱਸਦ ਆਦਿ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ ਅਤੇ ਹੱਕ-ਸੱਚ, ਵਾਤਾਵਰਣ ਬਚਾਉਣ ਲਈ ਇੱਕਜੁੱਟ ਹੋ ਕੇ ਕਾਰਜ ਕਰਨ ਦਾ ਸੁਨੇਹਾ ਦਿੱਤਾ। ਪਰਿਵਾਰਕ ਰਿਸ਼ਤਿਆਂ, ਸਮਾਜਿਕ ਪਹਿਲੂਆਂ ਅਤੇ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਗੀਤ ਰਚੇ, ਜੋ ਵੱਖ ਵੱਖ ਗਾਇਕਾਂ ਰਵੀ ਢਿੱਲੋਂ, ਲੱਕੀ ਦੁਰਗਾਪੁਰੀਆ, ਕਰੀਨਾ ਸ਼ਰਮਾ, ਕਮਲ ਬਠਿੰਡਾ, ਜੇ ਰਿਆਜ਼, ਜੱਸ ਜਸਵਿੰਦਰ, ਬਿੱਟੂ ਬਹਾਦਰ ਆਦਿ ਦੀ ਆਵਾਜ਼ ਵਿੱਚ ਵੀ ਰਿਕਾਰਡ ਹੋਏ ਅਤੇ ਅਜੇ ਵੀ ਹੋ ਰਹੇ ਹਨ। ਕਲਮ ਕਾਫ਼ਲਾ, ਚੰਨ ਰਿਸ਼ਮਾਂ, ਸ਼ਬਦਾਂ ਦੀ ਜਾਦੂਗਰੀ, ਕਲਮਾਂ ਬੋਲਦੀਆਂ ਆਦਿ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਉਸਦੀਆਂ ਰਚਨਾਵਾਂ ਛਪੀਆਂ ਹਨ ਅਤੇ ਪਾਠਕਾਂ ਵੱਲੋਂ ਖ਼ੂਬ ਸਲਾਹੀਆਂ ਗਈਆਂ ਹਨ।
ਉਸਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਹਫ਼ਤੇ ਦੀਆਂ ਦਰਦਨਾਕ ਅਤੇ ਖੌਫਨਾਕ ਘਟਨਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਤੇ ਢਾਹੇ ਅੱਤਿਆਚਾਰ ਅਤੇ ਤਸ਼ੱਸਦ ਤੇ ਆਧਾਰਿਤ ਖੂਨ ਭਿੱਜੇ ਇਤਿਹਾਸਕ ਪੰਨਿਆਂ ਨੂੰ “ਯਖ਼ ਰਾਤਾਂ ਪੋਹ ਦੀਆਂ” (6 ਤੋਂ 13 ਪੋਹ) ਕਾਵਿ ਸੰਗ੍ਰਹਿ ਦੇ ਰੂਪ ਵਿੱਚ ਕਲਮਬੱਧ ਕੀਤਾ ਹੈ। ਇਸ ਧਾਰਮਿਕ ਅਤੇ ਇਤਿਹਾਸਕ ਕਾਵਿ ਰਚਨਾ ਨੂੰ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿਚ ਖ਼ੂਬ ਸਤਿਕਾਰ ਮਿਲਿਆ ਹੈ।
“ਹੇਮਕੁੰਟ ਪਰਬਤ ਹੈ ਜਹਾਂ” ਸਫ਼ਰਨਾਮਾ ਨਾਲ ਉਸਨੇ ਸਾਹਿਤਕ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟੀ ਹੈ ਅਤੇ ਸਾਹਿਤਕ ਹਲਕਿਆਂ ਚ ਖੂਬ ਚਰਚਾ ਛੇੜੀ ਹੈ। ਇਸ ਸਫ਼ਰਨਾਮੇ ਦੀ ਖਾਸੀਅਤ ਇਹ ਹੈ ਕਿ ਇਸ ਪੁਸਤਕ ਵਿੱਚ ਹਰਿਦੁਆਰ, ਰਿਸ਼ੀਕੇਸ਼, ਪੰਜ ਪ੍ਰਯਾਗ, ਸ੍ਰੀਨਗਰ, ਚਮੋਲੀ, ਜੋਸ਼ੀਮੱਠ ਆਦਿ ਸ਼ਹਿਰਾਂ ਦੀ ਭੂਗੋਲਿਕ, ਸਮਾਜਿਕ, ਧਾਰਮਿਕ, ਰਾਜਨੀਤਕ ਸਥਿਤੀ ਉੱਪਰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।
ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਲੇਖਾਂ ਰਾਹੀਂ ਉਸਨੇ ਕੜਾਹ ਪ੍ਰਸ਼ਾਦ ਦੀ ਮਹੱਤਤਾ, ਪਿਆਰ ਜ਼ਿੰਦਗੀ ਦੀ ਖੂਬਸੂਰਤ ਚੀਜ਼ ਹੈ, ਸਿੰਧੂ ਘਾਟੀ ਦੇ ਇਤਿਹਾਸਕ ਜ਼ਖੀਰੇ ਦਾ ਸ਼ਹਿਰ ਰੋਪੜ, ਭਾਰਤੀ ਕਰੰਸੀ ਦਾ ਇਤਿਹਾਸ, ਜੀਅ ਭਰਕੇ ਜੀਓ ਸਮੇਤ ਅਨੇਕਾਂ ਲੇਖ ਧਾਰਮਿਕ, ਨੈਤਿਕ, ਸਮਾਜਿਕ, ਸੱਭਿਆਚਾਰਕ, ਇਤਿਹਾਸਕ ਪਿਛੋਕੜ, ਵਾਤਾਵਰਨ, ਜਲ ਹੀ ਜੀਵਨ ਹੈ, ਪ੍ਰਦੂਸ਼ਣ ਆਦਿ ਵਿਸ਼ਿਆਂ ਤੇ ਖੂਬਸੂਰਤ ਚਾਨਣਾ ਪਾਇਆ ਹੈ, ਜੋ ਉਸਦੀ ਡੂੰਘੀ ਸੂਝ ਦਾ ਪ੍ਰਤੀਕ ਹਨ।
ਇੰਜੀ. ਮੱਟੂ ਨੇ ਸਰਕਾਰੀ ਮਹਿਕਮੇ ਚ ਸੇਵਾਵਾਂ ਨਿਭਾਉਂਦੇ ਹੋਏ ਵੀ ਆਪਣੇ ਵਡਮੁੱਲੇ ਯੋਗਦਾਨ ਸਦਕਾ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਤੇ ਸਨਮਾਨ ਹਾਸਲ ਕੀਤੇ ਹਨ। ਸਵੱਛ ਭਾਰਤ ਮੁਹਿੰਮ ਚ ਫ਼ਤਹਿਗੜ੍ਹ ਸਾਹਿਬ ਨੂੰ ਪਹਿਲਾ ਸਵੱਛ ਜ਼ਿਲ੍ਹਾ ਬਣਾਉਣ ਲਈ ਕੀਤੇ ਕਾਰਜਾਂ ਸਦਕਾ ਪੰਜਾਬ ਸਰਕਾਰ ਨੇ ਉਸਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ।
ਸਾਡੀ ਦੁਆ ਹੈ ਕਿ ਇੰਜੀ. ਸਤਨਾਮ ਸਿੰਘ ਮੱਟੂ ਸਾਹਿਤਕ ਖੇਤਰ ਵਿੱਚ ਇਸੇ ਤਰ੍ਹਾਂ ਹੋਰ ਬੁਲੰਦੀਆਂ ਛੋਹੇ ਅਤੇ ਪ੍ਰਗਤੀ ਦੇ ਮਾਰਗ ਤੇ ਨਿਰੰਤਰ ਗਤੀਸ਼ੀਲ ਰਹੇ! ਆਮੀਨ!!

Related posts

ਅੱਜ ਟਸਮਾਨੀਆ ਵਿੱਚ 16 ਮਹੀਨਿਆਂ ‘ਚ ਦੂਜੀ ਵਾਰ ਵੋਟਾਂ ਪੈ ਰਹੀਆਂ !

admin

ਜਿਸੁ ਡਿਠੇ ਸਭਿ ਦੁਖਿ ਜਾਇ !

admin

ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ !

admin