
ਜ਼ਿੰਦਗੀ ਦੇ ਹਰ ਪੜਾਅ ਦੀ ਆਪਣੀ ਇੱਕ ਮਹੱਤਤਾ ਹੈ। ਪਰ ਜ਼ਿੰਦਗੀ ਦਾ ਸਭ ਤੋਂ ਅਣਮੁੱਲਾ ਸਫ਼ਰ ਬਚਪਨ ਦਾ ਹੁੰਦਾ ਹੈ। ਜਿਸ ਵਿੱਚ ਕੋਈ ਫ਼ਿਕਰ, ਚਿੰਤਾ, ਡਰ ਨਹੀਂ ਹੁੰਦਾ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ। ਕੋਈ ਬਹੁਤੀਆਂ ਖਵਾਹਿਸ਼ਾ ਵੀ ਨਹੀਂ ਹੁੰਦੀਆਂ। ਕਿਸੇ ਵੱਲੋਂ ਦਿੱਤਾ ਇੱਕ ਰੁਪਇਆ ਵੀ ਅਜਿਹੀ ਖੁਸ਼ੀ ਦੇ ਜਾਂਦਾ ਜਿਸ ਦੀ ਕੋਈ ਸੀਮਾ ਨਾ ਹੁੰਦੀ। ਬਚਪਨ ਹੈ ਹੀ ਏਨਾ ਪਿਆਰਾ। ਪਰ ਜੇਕਰ ਦੇਖਿਆ ਜਾਵੇ ਤਾਂ ਬਚਪਨ ਨੀਂਹ ਪੱਥਰ ਵੀ ਹੈ। ਜੀਵਨ ਦਾ ਅਧਾਰ ਵੀ ਹੈ ਬਚਪਨ। ਇੱਕ ਬੱਚਾ ਜਦੋਂ ਤੋਂ ਹੋਸ਼ ਸੰਭਾਲਦਾ ਹੈ , ਉਦੋਂ ਤੋਂ ਉਹ ਆਪਣੇ ਆਲੇ ਦੁਆਲੇ ਦਾ ਪ੍ਰਭਾਵ ਕਬੂਲਣ ਲੱਗਦਾ ਹੈ। ਉਸਦੇ ਇਰਦ ਗਿਰਦ ਘਟਨ ਵਾਲੀ ਹਰ ਘਟਨਾ ਦਾ ਉਸ ਉੱਪਰ ਬਹੁਤ ਤੀਬਰ ਅਸਰ ਹੁੰਦਾ ਹੈ। ਮੈਂ ਅਕਸਰ ਸੋਚਦਾ ਹੁੰਦਾ ਹਾਂ ਕਿ ਕਈ ਬਿੱਲਕੁਲ ਛੋਟੀ ਉਮਰ ਦੇ ਬੱਚੇ ਗਾਲ੍ਹਾਂ ਕੱਢਦੇ ਹੁੰਦੇ ਹਨ, ਉਸ ਸਮੇਂ ਮੇਰੀ ਹੈਰਾਨਗੀ ਦੀ ਕੋਈ ਸੀਮਾ ਨਹੀਂ ਰਹਿੰਦੀ ਜਦੋਂ ਮਾਪਿਆਂ ਵੱਲੋਂ ਬੱਚਿਆਂ ਨੂੰ ਰੋਕਣ ਟੋਕਣ ਦੀ ਬਜਾਇ ਅੱਗੋਂ ਹੱਸ ਕੇ ਦਿਖਾਇਆ ਜਾਂਦਾ ਹੈ। ਬੱਚੇ ਨੂੰ ਸਹੀ ਗਲਤ ਦੀ ਕੋਈ ਸਮਝ ਨਹੀਂ ਹੁੰਦੀ, ਮਾਪਿਆਂ ਦੇ ਹਾਸੇ ਤੋਂ ਉਸਦੇ ਦਿਮਾਗ ਨੂੰ ਇਹ ਸੰਕੇਤ ਜਾਂਦਾ ਹੈ ਕਿ ਸ਼ਾਇਦ ਜੋ ਉਹ ਕਰ ਰਿਹਾ ਹੈ ਉਹ ਬਿਲਕੁਲ ਸਹੀ ਹੈ।